ਸਿੱਖ ਖਬਰਾਂ

ਮਸਲਾ ਮੰਦਰਾਂ ਨੂੰ ਉਡਾਉਣ ਦੀ ਧਮਕੀ ਦਾ: ਮੀਡੀਆ ਗੈਰ-ਜ਼ਿੰਮੇਵਾਰ ਖਬਰਸਾਜ਼ੀ ਤੋਂ ਕਿਨਾਰਾ ਕਰੇ – ਯੂਥ ਖਾਲਸਾ ਫੈਡਰੇਸ਼ਨ

March 10, 2010 | By

ਲੁਧਿਆਣਾ (10 ਮਾਰਚ, 2010): ਬੀਤੇ ਦਿਨਾਂ ਤੋਂ ਟੀਵੀ ਚੈਨਲ ਉੱਪਰ ਇੱਕ ਖਬਰ ਸਾਰਾ ਦਿਨ ਦਿਖਾਈ ਜਾਂਦੀ ਰਹੀ ਅਤੇ ਜਿਸ ਬਾਰੇ ਕਈ ਅਖਬਾਰਾਂ ਨੇ ਵੀ ਇਹ ਖਬਰ ਛਾਪੀ ਹੈ ਕਿ ‘ਬੱਬਰ ਖਾਲਸਾ’ ਜੱਥੇਬੰਦੀ ਨੇ ਹਿਮਾਚਲ ਦੇ ਮੰਦਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇ ਕਾਗਜ ਅਤੇ ਪੋਸਟਰ ਹਿਮਾਚਲ ਵਿੱਚ ਕਈ ਥਾਵਾਂ ਤੇ ਲਗਾਏ ਹਨ। ਯੂਥ ਖਾਲਸਾ ਫੈਡਰੇਸ਼ਨ ਨਾਂ ਦੀ ਇੱਕ ਸਥਾਨਕ ਜਥੇਬੰਦੀ ਨੇ ਵੱਖ-ਵੱਖ ਪ੍ਰੈਸ ਰਿਪੋਟਰਾਂ ਨੂੰ ਭੇਜੇ ਇੱਕ ਪੱਤਰ ਵਿੱਚ ਦਾਅਵਾ ਕੀਤਾ ਹੈ ਕਿ ਇਹ ਪੋਸਟਰ ਜਾਂ ਕਾਗਜ ਕਿਸ ਨੇ ਲਗਾਏ ਹਨ ਇਸ ਦੀ ਪੁਸ਼ਟੀ ਕੀਤੇ ਬਿਨਾ ਕਿਸੇ ਜੱਥੇਬੰਦੀ ਦੇ ਨਾਂ ਉੱਪਰ ਇਹ ਮੜ੍ਹ ਦੇਣਾ ਕਿ ਇਹ ਲੋਕ ਮੰਦਰਾਂ ਨੂੰ ਉਡਾਉਣਾ ਚਾਹੁੰਦੇ ਹਨ ਅਤੇ ਇਸ ਖਬਰ ਨੂੰ ਪੂਰੇ ਮੀਡੀਏ ਰਾਹੀਂ ਫੇਲਾ ਦੇਣਾ ਬਹੁਤ ਹੀ ਮੰਦਭਾਗੀ ਗੱਲ ਹੈ।
ਜਥੇਬੰਦੀ ਅਨੁਸਾਰ ਜਿੱਥੇ ਸ਼ਬਦ ‘ਖਾਲਸਾ’ ਵਰਤਿਆ ਜਾਂਦਾ ਹੈ ਉਥੇ ਗੱਲ ਸਿੱਖਾਂ ਉੱਪਰ ਆਉਂਦੀ ਹੈ। ਕੋਈ ਵੀ ਖਬਰ ਦਿਖਾਉਣ ਜਾਂ ਛਾਪਣ ਤੋਂ ਪਹਿਲਾਂ ਉਸ ਦੀ ਪੁਸ਼ਟੀ ਕਰਨੀ ਬਹੁਤ ਜਰੂਰੀ ਹੈ। ਇਹ ਇਲਜਾਮ ਸਰੇਆਮ ਸਿੱਖਾਂ ਉੱਪਰ ਆ ਜਾਂਦਾ ਹੈ ਕਿ ਸਿੱਖ ਇਸ ਤਰਾਂ ਦੀ ਕੋਈ ਕਾਰਵਾਹੀ ਕਰਨਾ ਚਾਹੁੰਦੇ ਹਨ। ਇਸ ਤਰਾਂ ਦੀਆਂ ਕੋਝੀਆਂ ਚਾਲਾਂ ਸਮੇ ਦੀਆਂ ਸਰਕਾਰਾਂ ਸਮੇ-ਸਮੇ ਤੇ ਸਿੱਖਾਂ ਨੂੰ ਬਦਨਾਮ ਕਰਨ ਲਈ ਮੀਡੀਏ ਦੀ ਗਲਤ ਵਰਤੋਂ ਕਰਕੇ ਚੱਲਦੀਆਂ ਆਈਆਂ ਹਨ। ਜਦੋਂ ਕਿ ਸਾਡਾ ਸਦੀਆਂ ਪੁਰਾਣਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ “ਤਿਲਕ ਜੰਝੂ ਕਾਇਮ ਹੈ ਇੱਕ ਰਹਿਮਤੇ ਕਾਦਿਰ ਕਾ ਸਦਕਾ, ਯੇ ਮੰਦਰੋਂ ਕੇ ਝੰਡੇ ਝੂਲ ਰਹੇ ਇੱਕ ਹਿੰਦ ਕੀ ਚਾਦਰ ਕਾ ਸਦਕਾ”
ਜਥੇਬੰਦੀ ਦੇ ਆਗੂ ਸੁਖਦੀਪ ਸਿੰਘ ਵੱਲੋਂ ਲਿਖੇ ਇਸ ਪੱਤਰ, ਜਿਸ ਦੀ ਇੱਕ ਕਾਪੀ ਸਿੱਖ ਸਿਆਸਤ ਨੂੰ ਵੀ ਬਿਜਲ ਸੁਨੇਹੇਂ ਰਾਹੀਂ ਭੇਜੀ ਗਈ ਹੈ, ਵਿੱਚ ਕਿਹਾ ਗਿਆ ਹੈ ਕਿ ਸਾਡੇ ਗੁਰੂ ਸਾਹਿਬਾਨ ਨੇ ਤਾਂ ਆਪਾ ਵਾਰ ਕੇ ਇਹਨਾਂ ਮੰਦਰਾਂ ਦੀ ਰੱਖਿਆ ਕੀਤੀ ਹੈ ਪਰ ਅਫਸੋਸ ਦੀ ਗੱਲ ਹੈ ਇਹ ਮੰਦਰਾਂ ਵਾਲੇ ਲੋਕ ਫੇਰ ਵੀ ਉਸੇ ਕੌਮ ਦੀਆਂ ਜੜ੍ਹਾਂ ਪੁੱਟਣ ਲੱਗੇ ਹੋਏ ਹਨ। ਉਨ੍ਹਾਂ ਕਿਹਾ ਹੈ ਕਿ “ਮੈਂ ਇੱਕ ਗੱਲ ਸਪਸ਼ਟ ਦੱਸਣਾ ਚਾਹੁੰਦਾ ਹਾਂ ਕਿ ਖਾਲਸੇ ਦਾ ਇਹ ਅਸੂਲ ਰਿਹਾ ਹੈ ਕਿ “ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨਿ”। ਇਕ ਸਿੱਖ ਨਾਂ ਕਿਸੇ ਨੂੰ ਡਰ ਦਿੰਦਾ ਹੈ ਅਤੇ ਨਾਂ ਹੀ ਕਿਸੇ ਦਾ ਡਰ ਮੰਨਦਾ ਹੈ। ਇਕ ਸਿੱਖ ਕਦੇ ਵੀ ਉਸ ਥਾਂ ਤੇ ਹਮਲਾ ਨਹੀਂ ਕਰ ਸਕਦਾ ਜਿੱਥੇ ਉਸ ਅਕਾਲ ਪੁਰਖ ਦੀ ਪੂਜਾ ਹੁੰਦੀ ਹੋਵੇ ਚਾਹੇ ਉਹ ਕਿਸੇ ਵੀ ਰੂਪ ਵਿੱਚ ਹੀ ਲੋਕ ਕਿਉਂ ਨਾਂ ਕਰਦੇ ਹੋਵਣ।”
ਜਥੇਬੰਦੀ ਨੇ ਦੋਸ਼ ਲਾਇਆ ਹੈ ਕਿ ਮੰਦਰਾਂ ਨੂੰ ਢਾਹੁਣ ਦਾ ਕੰਮ ਹਿੰਦੋਸਤਾਨ ਸਰਕਾਰ ਦਾ ਹੈ ਜੋ ਆਪਣੇ ਸਿਆਸੀ ਫਾਇਦੇ ਵਾਸਤੇ ਕੁਝ ਵੀ ਕਰ ਸਕਦੀ ਹੈ। ਪਿਛਲੇ 62 ਸਾਲਾਂ ਦੇ ਅਜਾਦ ਹਿੰਦੋਸਤਾਨ ਦੀ ਸਰਕਾਰਾਂ ਦਾ ਇਤਿਹਾਸ ਵੇਖੀਏ ਤਾਂ ਪਤਾ ਲਗਦਾ ਹੈ ਕਿ ਇਹ ਹਿੰਦੋਸਤਾਨੀ ਸਰਕਾਰਾਂ ਨੇ ਕਿੰਨੇ ਹੀ ਪਵਿੱਤਰ ਥਾਵਾਂ ਨੂੰ ਗਿਰਾਇਆ ਹੈ। ਅਕਾਲ ਤਖਤ ਸਾਹਿਬ ਸਮੇਤ ਜੂਨ 84 ਵਿੱਚ ਹੀ 32 ਹੋਰਨਾਂ ਗੁਰੂ ਘਰਾਂ ਤੇ ਸਰਕਾਰੀ ਫੌਜ ਦੁਆਰਾ ਹੱਲਾ ਕੀਤਾ ਗਿਆ। ਫੇਰ 1984 ਵਿੱਚ ਹੀ ਇੰਦਰਾ ਦੇ ਮਰਨ ਪਿੱਛੋਂ ਅਨੇਕਾਂ ਗੁਰੂਘਰਾਂ ਤੇ ਭੰਨ ਤੋੜ ਕੀਤੀ ਗਈ। ਫੇਰ ਬਾਬਰੀ ਮਸਜਿਦ ਢਾਹੀ ਗਈ ਅਤੇ ਉਸ ਪਿੱਛੋਂ ਗੁਜਰਾਤ ਵਿੱਚ ਸਰਕਾਰੀ ਸ਼ਹਿ ਤੇ ਅਨੇਕਾਂ ਮਸਜਿਦਾਂ ਨੂੰ ਨਿਸ਼ਾਨਾ ਬਣਾਇਆ ਗਿਆ। 2009 ਵਿੱਚ ਦੱਖਣੀ ਭਾਰਤ ਵਿੱਚ ਅਨੇਕਾਂ ਚਰਚਾਂ ਤੇ ਹਮਲਾ ਅਤੇ ਭੰਨ ਤੋੜ ਹੋਈ। ਇਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਮੰਦਿਰਾਂ ਤੇ ਹਮਲੇ ਕਰਨਾ ਭਾਰਤੀ ਸਰਕਾਰਾਂ ਦਾ ਕੰਮ ਹੈ ਨਾ ਕਿ ਸਿੱਖਾਂ ਦਾ। ਇੰਨਾਂ ਹੀ ਨਹੀ ਜਦੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਨੇ ਧਰਮ ਯੁੱਧ ਮੋਰਚਾ ਲਗਾਇਆ ਜੋ ਕਿ ਉਹਨਾਂ ਨੇ ਸਮੁੱਚੇ ਪੰਜਾਬ ਦੇ ਭਲੇ ਲਈ ਲਗਾਇਆ ਸੀ ਉਸ ਨੂੰ ਸਮੇਂ ਦੀ ਰਾਣੀ ਇੰਦਰਾ ਨੇ ਮੀਡੀਏ ਅਤੇ ਫੋਰਸ ਦੀ ਦੁਰਵਰਤੋਂ ਨਾਲ ਹਿੰਦੁ ਸਿੱਖ ਮਸਲਾ ਬਣਾ ਕੇ ਰੱਖ ਦਿੱਤਾ ਅਤੇ ਇੱਕ ਸੱਚੇ ਸੰਤ ਸਿਪਾਹੀ ਨੂੰ ਅੱਤਵਾਦੀ ਸਾਬਿਤ ਕਰ ਦਿੱਤਾ। ਇੰਦਰਾ ਦੇ ਇਸ਼ਰੇ ਤੇ ਧਰਮ ਯੁੱਧ ਮੋਰਚੇ ਨੂੰ ਢਾਹ ਲਗਾਉਣ ਲਈ ਬੱਸਾਂ ਅੰਦਰੋਂ ਨਿਰਦੋਸ਼ੇ ਹਿੰਦੂ ਕੱਢ ਕੇ ਮਾਰਨ ਦਾ ਕੰਮ ਵੀ ਸਰਕਾਰੀ ਮਸ਼ੀਨਰੀ ਨਾਲ ਕੀਤਾ ਗਿਆ ਅਤੇ ਨਾਂ ਸਿੱਖਾਂ ਦਾ ਬਦਨਾਮ ਕੀਤਾ ਗਿਆ। ਪਰ ਇਸ ਵਾਰ ਸਿੱਖ ਸੁਚੇਤ ਹੋ ਕੇ ਇਹਨਾਂ ਚਾਲਾਂ ਦਾ ਜਵਾਬ ਦੇਣ, ਕਿਸੇ ਤੋਂ ਡਰਨ ਦੀ ਲੋੜ ਨਹੀ ਹੈ। ਇਹ ਲੋਕ ਅਜਿਹੀਆਂ ਅਫਵਾਹਾਂ ਫੈਲਾ ਕੇ ਸਿੱਖ ਨੌਜਵਾਨੀ ਜੋ ਹੁਣ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਜਾ ਰਹੀ ਹੈ ਨੂੰ ਤਸ਼ੱਦਦ ਦੇਣ ਅਤੇ ਪਰੇਸ਼ਾਨ ਕਰਕੇ ਨਸਲਕੁਸ਼ੀ ਕਰਨ ਜਾਂ ਫੇਰ ਵਿਦੇਸ਼ਾਂ ਵਿੱਚ ਭੱਜ ਜਾਣ ਲਈ ਮਜਬੂਰ ਕਰਨਾ ਚਾਹੁੰਦੇ ਹਨ। ਇਹ ਲੋਕ ਦਿੱਲੀ ਰਾਜ ਸਭਾ ਵਿੱਚ ਬੈਠ ਕੇ ਗੱਲਾਂ ਕਰਦੇ ਹਨ ਕਿ ਸਿੱਖ ਅੱਤਬਾਦ ਫੇਰ ਤੋਂ ਸਿਰ ਚੁੱਕ ਰਿਹਾ ਹੈ। ਉਥੇ ਸਾਡੇ ਵੀ ਭੇਜੇ ਹੋਏ ਨੁਮਾਂਇਦੇ ਬੈਠੇ ਹੁੰਦੇ ਹਨ, ਜੋ ਉਹਨਾਂ ਦੀ ਹਾਂ ਵਿੱਚ ਹਾਂ ਮਿਲਾ ਕੇ ਵਾਪਿਸ ਆ ਜਾਂਦੇ ਹਨ।
ਜਥੇਬੰਦੀ ਦੇ ਆਗੂ ਨੇ ਸਵਾਲ ਉਠਏ ਹਨ ਕਿ ਉਹ ਲੋਕ ਉੱਥੇ ਬੋਲਦੇ ਕਿਉਂ ਨਹੀ ਹਨ। ਕੀ ਪੰਜਾਬ ਦੀ ਜੰਤਾ ਨੇ ਇਹੋ ਜਿਹੀਆਂ ਗੱਲਾਂ ਸੁਨਣ ਵਾਸਤੇ ਆਪ ਨੂੰ ਚੁਣ ਕੇ ਰਾਜ ਸਭਾ ਤੱਕ ਪਹੁੰਚਾਇਆ ਹੈ? ਆਪ ਉਹਨਾਂ ਲੋਕਾਂ ਨੂੰ ਕਹਿੰਦੇ ਕਿਉਂ ਨਹੀ ਕਿ ਇਹ ਸਭ ਗਲਤ ਹੈ। ਪੰਜਾਬ ਵਿੱਚ ਹੋ ਰਹੇ ਸਿੱਖਾਂ ਨਾਲ ਥੱਕੇ ਬਾਰੇ ਰਾਜ ਸਭਾ ਵਿੱਚ ਅਸਲ ਗੱਲ ਕਿਉਂ ਨਹੀ ਕਰਦੇ?
ਬਿਆਨ ਦੇ ਅਖੀਰ ਵਿੱਚ ਮੀਡੀਆ ਨੂੰ ਬੇਨਤੀ ਕੀਤੀ ਗਈ ਹੈ ਕਿ ਅਜਿਹੀਆਂ ਬੇਬੁਨਿਆਦ ਖਬਰਾਂ ਨੂੰ ਵਧਾ ਚੜਾ ਕੇ ਨਾਂ ਦਿਖਾਉਣ ਅਤੇ ਜਿੰਮੇਵਾਰੀ ਨਾਲ ਸੱਚ ਦੇ ਰਾਹ ਨੂੰ ਦਿਖਾਉਣ ਦਾ ਯਤਨ ਕਰਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,