July 21, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਵਟਸਐਪ ਰਾਹੀਂ ਫੈਲੀਆਂ ‘ਜੁਆਕ ਚੁੱਕਣ’ ਦੀਆਂ ਅਫਵਾਹਾਂ ਕਾਰਨ ਕਈਂ ਥਾਵਾਂ ਤੇ ‘ਝੁੰਡ ਕੁੱਟ’ ਦੇ ਮਾਮਲੇ ਸਾਹਮਣੇ ਆਉਣ ਉੱਤੇ ਭਾਰਤ ਸਰਕਾਰ ਦੇ ਦਬਾਅ ਹੇਤ, ਗੱਲਾਂ-ਬਾਤਾਂ ਲਈ ਸਭ ਤੋਂ ਵੱਧ ਵਰਤੇ ਜਾਣ ਵਾਲੇ ਸਾਧਨ ਵਟਸਐਪ ਨੇ ਮੈਸਜ ਨੂੰ ਅਗਾਂਹ ਤੋਰਨ ਲਈ ਗਿਣਤੀ ਸੀਮਤ ਕਰ ਦਿੱਤੀ ਹੈ।
ਨਵੀਆਂ ਤਬਦੀਲੀਆਂ ਕਰਦਿਆਂ ਵਟਸਐਪ ਨੇ ਇੱਕ ਮੈਸਜ ਨੂੰ ਅਗਾਂਹ ਸਿਰਫ 20 ਗੱਲਾਂ-ਬਾਤਾਂ(ਬੰਦਿਆਂ/ਸਮੂਹਾਂ) ਤੱਕ ਹੀ ਭੇਜ ਸਕਣ ਦੀ ਬੰਦਿਸ਼ ਲਾ ਦਿੱਤੀ ਹੈ,ਹੋਰਨਾਂ ਬਿਜਲ ਸੁਨੇਹਿਆਂ ਜਿਵੇਂ ਕਿ ਖਲੋਤੀਆਂ ਜਾਂ ਤੁਰਦੀਆਂ ਤਸਵੀਰਾਂ ਭੇਜਣ ਲਈ ਇਹ ਗਿਣਤੀ ਘਟਾ ਕੇ ਇੱਕ ਵਾਰ ਲਈ ਪੰਜ ਬੰਦਿਆਂ/ਸਮੂਹਾਂ ਤੱਕ ਕਰ ਦਿੱਤੀ ਗਈ ਹੈ।
ਏਸ ਬਦਲੋ ਬਾਰੇ ਜਾਣਕਾਰੀ ਦਿੰਦੇ ਆਪਣੇ ਸੁਨੇਹੇ ਵਿੱਚ ਭਾਵੇਂ ਵਟਸਐਪ ਦੇ ਮਾਲਕਾਂ ਨੇ ਭਾਰਤੀ ਸਰਕਾਰ ਦੇ ਕਿਸੇ ਦਬਾਅ ਦਾ ਜਿਕਰ ਨਹੀਂ ਕੀਤਾ, ਪਰ ਲਿਖਤ(ਹੇਠਾਂ ਵੇਖੋ) ਵਿਚੋਂ ਸਾਫ ਪਤਾ ਲੱਗਦੈ ਕਿ ਇਹ ਨਿਰਣਾ ਕਿਸੇ ‘ਖਾਸ ਮਾਮਲੇ’ ਨੂੰ ਮੂਹਰੇ ਰੱਖ ਕੇ ਲਿਆ ਗਿਆ ਹੈ।
ਫੇਸਬੁੱਕ ਦੀ ਮਾਲਕੀ ਵਾਲੇ ਵਟਸਐਪ ਦੇ ਪ੍ਰਸ਼ਾਸਕਾਂ ਵਲੋਂ ਜਾਰੀ ਕੀਤੀ ਲਿਖਤ-
ਅਸੀਂ ਵਟਸਐਪ ਨਿੱਜੀ ਸੁਨੇਹੇ ਭੇਜਣ ਲਈ ਸਾਦੇ, ਸੁਰੱਖਿਅਤ ਅਤੇ ਭਰਸੇਯੋਗ ਸਾਧਨ ਵਜੋਂ ਬਣਾਇਆ।
ਭਾਵੇਂ ਕਿ ਅਸੀਂ ਨਵੀਆਂ ਸਹੂਲਤਾਂ ਦਿੱਤੀਆਂ, ਪਰ ਅਸੀਂ ਏਸ ਗੱਲੋਂ ਪੂਰੇ ਪਾਬੰਦ ਹਾਂ ਕਿ ਜਿਸ ਨਿੱਜਤਾ ਲਈ ਲੋਕ ਸਾਨੂੰ ਪਿਆਰ ਕਰਦੇ ਹਨ ਉਹ ਕਾਇਮ ਰੱਖੀਏ।
ਥੋੜ੍ਹੇ ਚਿਰ ਪਹਿਲਾਂ ਅਸੀਂ ਸੁਨੇਹਿਆਂ ਨੂੰ ਅਗਾਂਹ ਹੋਰ ਵਧੇਰੇ ਗੱਲਾਂਬਾਤਾਂ ਤੱਕ ਇਕੱਠਿਆਂ ਭੇਜਣ ਦੀ ਖੁੱਲ੍ਹ ਦਿੱਤੀ ਸੀ।
ਅੱਜ ਅਸੀਂ ਭਾਰਤ-ਜਿੱਥੇ ਲੋਕ ਸਭ ਤੋਂ ਵੱਧ ਸੁਨੇਹੇ ਅੱਗੇ ਤੋਰਦੇ ਹਨ, ਵਿੱਚ ਸੁਨੇਹਿਆਂ ਨੂੰ ਅਗਾਂਹ ਹੋਰਾਂ ਤੱਕ ਭੇਜਣ ਦੀ ਗਿਣਤੀ ਘਟਾਉਣ ਲਈ ਇੱਕ ਨਿਰੀਖਣ ਕਰ ਰਹੇ ਹਾਂ ਨਾਲੋ-ਨਾਲ ਅਸੀਂ ਬਿਜਲ ਸੁਨੇਹਿਆਂ ਨੂੰ ਅਗਾਂਹ ਹੋਰਨਾਂ ਤੱਕ ਭੇਜ ਸਕਣ ਦੀ ਗਿਣਤੀ ਵੀ ਘਟਾ ਕੇ ਪੰਜ ਰੱਖ ਰਹੇ ਹਾਂ। ਸਾਨੂੰ ਭਰੋਸਾ ਹੈ ਕਿ ਇਹ ਤਬਦੀਲੀਆਂ ਵਟਸਐਪ ਨੂੰ ਇੱਕ ਨਿੱਜੀ ਸੁਨੇਹੇ ਭੇਜਣ ਦਾ ਸਾਧਨ ਬਣਾਈ ਰੱਖਣ ਵਿੱਚ ਸਹਾਈ ਹੋਣਗੀਆਂ।
ਅਸੀਂ ਤੁਹਾਡੀ ਨਿੱਜਤਾ ਅਤੇ ਸੁਰੱਖਿਆ ਲਈ ਪੂਰੇ ਲਾਮਬੰਦ ਹਾਂ।
Related Topics: Facebook, Information and Technology, Mob Lynching in India, WhatsApp