ਆਮ ਖਬਰਾਂ

ਵਟਸਐਪ ਵੱਲੋਂ ਆਉਂਦੇ ਦਿਨਾਂ ਵਿੱਚ ਪੇਸ਼ ਕੀਤੀਆਂ ਜਾਣ ਵਾਲੀਆਂ ਤਿੰਨ ਨਵੀਆਂ ਸਹੂਲਤਾਂ ਬਾਰੇ ਜਾਣੋ

July 5, 2018 | By

ਪਟਿਆਲਾ: ਮੱਕੜਜਾਲ ਰਾਹੀਂ ਸੁਨੇਹੇ ਭੇਜਣ ਅਤੇ ਗੱਲਬਾਤ ਕਰਨ ਵਾਲੇ ਪਰਬੰਧ “ਵਟਸਐਪ” ਵੱਲੋਂ ਆਉਂਦੇ ਦਿਨਾਂ ਵਿੱਚ ਤਿੰਨ ਨਵੀਆਂ ਸਹੂਲਤਾਂ ਜਾਰੀ ਕੀਤੀਆਂ ਜਾਣੀਆਂ ਹਨ। ਇਹ ਸਹੂਲਤਾਂ ਹਾਲੀ ਸਿਰਫ ਵਟਸਐਪ ਦੀ ਅਗਾਊ ਪਰਖ ਕਰਨ ਵਾਲੇ ਪਾਰਖੂਆਂ ਦੇ ਖਾਤਿਆਂ ਨੂੰ ਹੀ ਮਿਲੀਆਂ ਹੋਈਆਂ ਹਨ ਪਰ ਉਮੀਦ ਹੈ ਕਿ ਫੇਸਬੁੱਕ ਦੀ ਮਾਲਕੀ ਵਾਲੀ ਵਟਸਐਪ ਵੱਲੋਂ ਛੇਤੀ ਹੀ ਇਹ ਸਹੂਲਤਾਂ ਆਮ ਵਰਤੋਂਕਾਰਾਂ ਲਈ ਵੀ ਜਾਰੀ ਕੀਤੀਆਂ ਜਾਣਗੀਆਂ।

ਕੋਈ ਵਰਤੋਂਕਾਰ ਵਟਸਐਪ ਤੇ ਸੁਨੇਹੇ ਭੇਜਦਾ ਹੋਇਆ (ਪਰਾਣੀ ਤਸਵੀਰ)

ਸਿੱਖ ਸਿਆਸਤ ਨੇ ਅਗਾਊਂ ਪਰਖ ਵਾਲੇ ਵਟਸਐਪ ਖਾਤੇ ਰਾਹੀਂ ਇਨ੍ਹਾਂ ਤਿੰਨਾਂ ਸਹੂਲਤਾਂ ਦੀ ਪਰਖ ਕੀਤੀ ਹੈ, ਜਿਸਦੇ ਵੇਰਵੇ ਹੇਠਾਂ ਸਾਂਝੇ ਕਰ ਰਹੇ ਹਾਂ:

(1) ਪਿਛੋਂ ਆਏ ਅਗਾਂਹ ਭੇਜੇ ਸੁਨੇਹੇ ਦੀ ਸ਼ਨਾਖਤ: ਜਦੋਂ ਕੋਈ ਵੀ ਵਟਸਐਪ ਵਰਤੋਂਕਾਰ ਕਿਸੇ ਵੱਲੋਂ ਮਿਲੇ ਸੁਨੇਹੇ ਨੂੰ ਉਸੇ ਤਰ੍ਹਾਂ ਅੱਗੇ ਭੇਜਿਆ ਕਰੇਗਾ ਤਾਂ ਜਿਸ ਨੂੰ ਅੱਗੇ ਇਹ ਸੁਨੇਹਾ ਮਿਲੇਗਾ ਉਸ ਨੂੰ ਪਤਾ ਲੱਗ ਸਕੇਗਾ ਕਿ ਭੇਜਣ ਵਾਲੇ ਨੇ ਇਹ ਸੁਨੇਹਾ ਆਪ ਨਹੀਂ ਲਿਿਖਆ ਬਲਕਿ ਕਿਸੇ ਵੱਲੋਂ ਆਏ ਸੁਨੇਹੇ ਨੂੰ ਹੀ ਅੱਗੇ ਭੇਜਿਆ ਹੈ। ਇਸ ਸਹੂਲਤ ਨੂੰ “ਫਾਰਵਰਡ ਟੈਗ” ਨਾ ਦਿੱਤਾ ਗਿਆ ਹੈ ਜਿਸ ਤਹਿਤ ਅਜਿਹੇ ਸੁਨੇਹੇ ਉੱਤੇ “ਅੱਗੇ ਭੇਜਿਆ” (ਫਾਰਵਰਡਿਡ) ਲਿਿਖਆ ਹੋਵੇਗਾ। ਭਾਵੇਂ ਕਿ ਨਵੇਂ ਪ੍ਰਬੰਧ ਦੀ ਪਰਖ ਕਈ ਦਿਨਾਂ ਤੋਂ ਚੱਲ ਰਹੀ ਹੈ ਪਰ ਅੱਜ ਦੇ ਅਖਬਾਰਾਂ ਵਿੱਚ ਇਸ ਦੀ ਚਰਚਾ ਇਸ ਕਰਕੇ ਹੋਈ ਕਿ ਵਟਸਐਪ ਨੇ ਭਾਰਤ ਸਰਕਾਰ ਦੇ ਨੁਮਾਇੰਦਿਆਂ ਨਾਲ ਇਸ ਨੂੰ ਵਟਸਐਪ ਰਾਹੀਂ ਫੈਲਦੀਆਂ ਅਫਵਾਹਾਂ ਖਿਲਾਫ ਇਕ ਸੰਦ ਵਜੋਂ ਪੇਸ਼ ਕੀਤਾ ਹੈ। ਵਟਸਐਪ ਦਾ ਤਰਕ ਹੈ ਕਿ ਜਦੋਂ ਕਿਸੇ ਵਿਅਕਤੀ ਨੂੰ ਪਤਾ ਲੱਗੇਗਾ ਕਿ ਜੋ ਸੁਨੇਹਾ ਉਸ ਨੂੰ ਮਿਿਲਆ ਹੈ ਅਸਲ ਵਿੱਚ ਉਹ ਭੇਜਣ ਵਾਲੇ ਨੇ ਆਪ ਨਹੀਂ ਲਿਿਖਆ ਤਾਂ ਉਹ ਉਸ ਸੁਨੇਹੇ ਨੂੰ ਅੱਗੇ ਭੇਜਣ ਤੋਂ ਪਹਿਲਾਂ ਜਰੂਰ ਦੁਬਾਰਾ ਸੋਚੇਗਾ। ਅਗਾਊਂ ਪਰਖ ਵਾਲੇ ਖਾਤੇ ਰਾਹੀਂ ਸਿੱਖ ਸਿਆਸਤ ਨੇ ਇਹ ਤਸਦੀਕ ਕੀਤਾ ਹੈ ਕਿ ਅਜਿਹੇ ਖਾਤਿਆਂ ਨੂੰ ਪਿੱਛੋਂ ਮਿਲੇ ਅੱਗੇ ਭੇਜੇ ਸੁਨੇਹੇ ਦੀ ਸਨਾਖਤ ਬਾਰੇ ਜਾਣਕਾਰੀ ਮਿਲ ਰਹੀ ਹੈ।

(2) ਟੋਲੇ ਨਾਲ ਵੀਡੀਓ ਗੱਲਬਾਤ: ਵਟਸਐਪ ਵੱਲੋਂ ਜਿਸ ਦੂਜੀ ਸਹੂਲਤ ਦੀ ਪਰਖ ਕੀਤੀ ਜਾ ਰਹੀ ਹੈ ਉਹ ਇਹ ਹੈ ਕਿ ਵਟਸਐਪ ਵਰਤੋਂਕਾਰ ਇਕ ਤੋਂ ਵੱਧ ਲੋਕਾਂ ਦੇ ਟੋਲੇ ਨਾਲ ਵੀਡੀਓ ਗੱਲਬਾਤ ਕਰ ਸਕਣਗੇ। ਹਾਲੀ ਦੀ ਘੜੀ ਸਿਰਫ ਅਗਾਊਂ ਪਰਖ ਵਾਲੇ ਖਾਤਿਆਂ ਦੇ ਵਰਤੋਂਕਾਰ ਹੀ ਇਕ ਦੂਜੇ ਨਾਲ ਟੋਲਾ ਬਣਾ ਕੇ ਇਕ ਤੋਂ ਵੱਧ ਲੋਕਾਂ ਨਾਲ ਵੀਡੀਓ ਗੱਲਬਾਤ ਕਰ ਸਕਦੇ ਹਨ।

(3) ਪ੍ਰਬੰਧਕ ਫੈਸਲਾ ਕਰਨਗੇ ਕਿ ਵਟਸਐਪ ਟੋਲਿਆਂ ਵਿੱਚ ਸੁਨੇਹੇ ਕੌਣ ਭੇਜ ਸਕੇਗਾ: ਤੀਜੀ ਸਹੂਲਤ ਜਿਸ ਬਾਰੇ ਵਟਸਐਪ ਵੱਲੋਂ ਪਰਖ ਕੀਤੀ ਜਾ ਰਹੀ ਹੈ ਉਹ ਇਹ ਹੈ ਕਿ ਵਟਸਐਪ ‘ਤੇ ਬਣੇ ਟੋਲਿਆਂ (ਗਰੁੱਪਾਂ) ਦੇ ਪ੍ਰਬੰਧਕਾਂ ਦੀਆਂ ਤਾਕਤਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਇਸ ਤਹਿਤ ਜੇਕਰ ਪ੍ਰਬੰਧਕ ਚਾਹੇ ਤਾਂ ਟੋਲੇ ਵਿੱਚ ਸ਼ਾਮਲ ਗੈਰ-ਪ੍ਰਬੰਧਕ ਜੀਆਂ ਤੋਂ ਟੋਲੇ ਵਿੱਚ ਸੁਨੇਹਾ ਭੇਜਣ ਦਾ ਹੱਕ ਵਾਪਸ ਲੈ ਸਕਦਾ ਹੈ। ਅਜਿਹੇ ਟੋਲੇ ਵਿੱਚ ਸਿਰਫ ਪ੍ਰਬੰਧਕ ਹੀ ਸੁਨੇਹੇ ਭੇਜ ਸਕਣਗੇ। ਇਸ ਸਹੂਲਤ ਦਾ ਫਾਇਦਾ ਜਾਣਕਾਰੀ ਦਾ ਪਰਸਾਰ ਕਰਨ ਵਾਲੀਆਂ ਸੇਵਾਵਾਂ ਦੇਣ ਵਾਲਿਆਂ ਨੂੰ ਵਧੇਰੇ ਹੋਵੇਗਾ। ਸਿੱਖ ਸਿਆਸਤ ਨੇ ਇਸ ਸਹੂਲਤ ਦਾ ਲਾਹਾ ਲੈਂਦਿਆਂ ਸਿੱਖ ਸਿਆਸਤ ਖਬਰਾਂ ਦਾ ਪਹਿਲਾ ਟੋਲਾ ਬਣਾਇਆ ਹੈ ਜਿਸ ਵਿੱਚ ਸਿੱਖ ਸਿਆਸਤ ਵੱਲੋਂ ਮੁੱਖ ਰੂਪ ਵਿੱਚ ਖਬਰਾਂ ਅਤੇ ਲੇਖਾਂ ਦੇ ਸੁਨੇਹੇ ਭੇਜੇ ਜਾਂਦੇ ਹਨ। ਟੋਲੇ ਵਿੱਚ ਸ਼ਾਮਲ ਹੋਣ ਦੇ ਚਾਹਵਾਨ ਪਾਠਕ ਇਸ ਤੰਦ ਨੂੰ ਛੂਹ ਕੇ ਇਸ ਟੋਲੇ ਵਿੱਚ ਸ਼ਾਮਲ ਹੋ ਸਕਦੇ ਹਨ – https://chat.whatsapp.com/5AfQiX6qi4MHbcjUUfwXoP

(ਜੇਕਰ ਇਸ ਟੋਲੇ ਵਿੱਚ ਜੀਆਂ ਦੀ ਗਿਣਤੀ ਪੂਰੀ ਹੋ ਜਾਣ ਕਾਰਨ ਤੁਹਾਨੂੰ ਇਸ ਟੋਲੇ ਦਾ ਹਿੱਸਾ ਬਣਨ ਵਿੱਚ ਅੜਿੱਕਾ ਆ ਰਿਹਾ ਹੈ ਤਾਂ ਤੁਸੀਂ ਸਾਨੂੰ ਆਪਣਾ ਨਾ ਵਟਸਐਪ ਰਾਹੀਂ ਭੇਜ ਸਕਦੇ ਹੋ, ਅਸੀਂ ਆਪ ਤੁਹਾਨੂੰ ਟੋਲੇ ਵਿੱਚ ਸ਼ਾਮਲ ਕਰ ਲਵਾਂਗੇ)।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,