ਸਿੱਖ ਖਬਰਾਂ

ਭਾਈ ਕਾਨ੍ਹ ਸਿੰਘ ਨਾਭਾ ਦਾ ਸਾਹਿਤ ਸਦੀਆਂ ਤੱਕ ਸਮਾਜ ਨੂੰ ਸੇਧ ਦੇਣ ਦੇ ਸਮਰੱਥ: ਡਾ. ਜਸਪਾਲ ਸਿੰਘ

September 1, 2015 | By

ਲੁਧਿਆਣਾ (31 ਅਗਸਤ, 2015): ਪੰਜਾਬੀ ਸਾਹਿਤ, ਪੰਜਾਬੀ ਭਾਸ਼ਾ ਅਤੇ ਸਿੱਖ ਦਰਸ਼ਨ ਦੀ ਪ੍ਰਫੁੱਲਤਾ ਲਈ ਜੋ ਯੋਗਦਾਨ ਭਾਈ ਕਾਨ੍ਹ ਸਿੰਘ ਨਾਭਾ ਨੇ ਪਾਇਆ ਉਸ ਨੂੰ ਝੁਠਲਾਇਆ ਨਹੀਂ ਜਾ ਸਕਦਾ। ਉਨ੍ਹਾਂ ਵਲੋਂ ਰਚਿਆ ਸਾਹਿਤ ਸਦੀਆਂ ਤੱਕ ਸਮਾਜ ਨੂੰ ਸੇਧ ਦੇਣ ਦੇ ਸਮਰੱਥ ਹੈ। ਇਹ ਗੱਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਸਾਂਝੀਆਂ ਕੀਤੀਆਂ।

ਭਾਈ ਕਾਨ੍ਹ ਸਿੰਘ ਨਾਭਾ ਦੇ ਜਨਮ ਦਿਵਸ ’ਤੇ ਕਰਵਾਏ ਸਮਾਗਮ ਦੀ ਇਕ ਝਲਕ

ਭਾਈ ਕਾਨ੍ਹ ਸਿੰਘ ਨਾਭਾ ਦੇ ਜਨਮ ਦਿਵਸ ’ਤੇ ਕਰਵਾਏ ਸਮਾਗਮ ਦੀ ਇਕ ਝਲਕ

ਉਹ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਭਾਈ ਕਾਨ੍ਹ ਸਿੰਘ ਨਾਭਾ ਦੇ ਜਨਮ ਦਿਵਸ ਸਬੰਧੀ ਕਰਵਾਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪਹੁੰਚੇ ਸਨ।

ਪੰਜਾਬੀ ਟ੍ਰਿਬਿਊਨ ਅਖਬਾਰ ਵਿੱਚ ਨਸ਼ਰ ਖ਼ਬਰ ਅਨੁਸਾਰ ਡਾ. ਸਿੰਘ ਨੇ ਕਿਹਾ ਕਿ ਭਾਈ ਕਾਨ੍ਹ ਸਿੰਘ ਵੱਲੋਂ ਲਿਖਿਆ ਸਾਹਿਤ ਗਿਣਨਾਤਮਕ ਅਤੇ ਗੁਣਨਾਤਮਕ ਦੋਹਾਂ ਪੱਖਾਂ ਤੋਂ ਪੰਜਾਬੀ ਸਾਹਿਤ ਦਾ ਘੇਰਾ ਵਿਸ਼ਾਲ ਕਰਦਾ ਹੈ।

ਇਸ ਤੋਂ ਪਹਿਲਾਂ ਸਰਕਲ ਦੇ ਵਧੀਕ ਚੀਫ਼ ਆਰਗੇਨਾਈਜ਼ਰ ਡਾ. ਬਲਵਿੰਦਰਪਾਲ ਸਿੰਘ ਨੇ ਕਿਹਾ ਕਿ ਪੰਜਾਬੀ ਸਾਹਿਤ ਦੇ ਇਸ ਮਹਾਨ ਵਿਦਵਾਨ, ਮਹਾਨ ਕੋਸ਼ਕਾਰ ਅਤੇ ਟੀਕਾਕਾਰ ਦਾ ਜਨਮ ਦਿਨ ਸਟੱਡੀ ਸਰਕਲ ਦੇ ਸਾਹਿਤਕਾਰ ਸਦਨ ਵਲੋਂ ਹਰ ਸਾਲ ਮਨਾਇਆ ਜਾਵੇਗਾ।

ਸਮਾਗਮ ਦੀ ਆਰੰਭਤਾ ਜੀ.ਜੀ.ਐਨ. ਪਬਲਿਕ ਸਕੂਲ ਦੇ ਵਿਦਿਆਰਥੀਆਂ ਦੇ ਸ਼ਬਦ ਗਾਇਣ ਨਾਲ ਹੋਈ। ਸਮਾਗਮ ਦੇ ਮੁੱਖ ਬੁਲਾਰੇ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਸਿੱਖ ਇਤਿਹਾਸ ਰਿਸਰਚ ਵਿਭਾਗ ਦੇ ਮੁਖੀ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਕਿਹਾ ਕਿ ਭਾਈ ਕਾਨ੍ਹ ਸਿੰਘ ਨਾਭਾ ਨੇ ਸਾਰੀ ਜ਼ਿੰਦਗੀ ਸੱਚ, ਸੱਚਾਈ ਦਾ ਪੱਲਾ ਨਹੀਂ ਛੱਡਿਆ। ਉਨ੍ਹਾਂ ਦੀਆਂ ਲਿਖਤਾਂ ਵਿਚ ਬ੍ਰਹਿਮੰਡੀ, ਰਾਜਨੀਤਕ, ਧਾਰਮਿਕ, ਸਮਾਜਿਕ, ਸਭਿਆਚਾਰਕ ਤੇ ਵਿਗਿਆਨਕ ਤੱਥਾਂ ਦਾ ਗਿਆਨ ਵੀ ਸਮੋਇਆ ਹੋਇਆ ਹੈ।

ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਭਾਈ ਕਾਨ੍ਹ ਸਿੰਘ ਨਾਭਾ ਦੇ ਪੜਪੋਤਰੇ ਮੇਜਰ ਅਦਰਸ਼ਪਾਲ ਸਿੰਘ ਨਾਭਾ, ਜਗਜੀਤ ਸਿੰਘ ਦਰਦੀ ਚੇਅਰਮੈਨ ਚੜ੍ਹਦੀ ਕਲਾ ਟਾਈਮ ਟੀ.ਵੀ. ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

ਸਰਕਲ ਦੇ ਵਧੀਕ ਚੀਫ਼ ਕੋਲੈਬੋਰੇਟਰ ਪ੍ਰੋ. ਆਪਿੰਦਰ ਸਿੰਘ ਮਾਹਿਲਪੁਰੀ ਨੇ ਪੰਜਾਬੀ ਦੇ ਸਮੂਹ ਵਿਦਵਾਨਾਂ ਨੂੰ ਮੋਢੇ ਨਾਲ ਮੋਢਾ ਜੋੜ ਕੇ ਨਵੇਂ ਯੁੱਗ ਦੀਆਂ ਵੰਗਾਰਾਂ ਦਾ ਸਾਹਮਣਾ ਕਰਨ ਦੀ ਅਪੀਲ ਕੀਤੀ।

ਸਟੱਡੀ ਸਰਕਲ ਦੇ ਮੁੱਖ ਪ੍ਰਬੰਧਕ ਗੁਰਮੀਤ ਸਿੰਘ ਨੇ ਦੱਸਿਆ ਕਿ ਸਟੱਡੀ ਸਰਕਲ ਕੰਪਲੈਕਸ ਵਿਚ ਭਾਈ ਕਾਨ੍ਹ ਸਿੰਘ ਨਾਭਾ ਦੇ ਨਾਮ ਦੇ ਇਕ ਆਧੁਨਿਕ ਆਡੀਟੋਰੀਅਮ ਦੀ ਉਸਾਰੀ ਕੀਤੀ ਜਾ ਰਹੀ ਹੈ।

ਇਸ ਮੌਕੇ ਡਾ. ਸਰਬਜੋਤ ਕੌਰ ਵਲੋਂ ਲਿਖੀ ਪੁਸਤਕ ‘ਭਾਈ ਕਾਨ੍ਹ ਸਿੰਘ ਨਾਭਾ-ਇਕ ਪਰਿਚੈ’ ਵੀ ਰਿਲੀਜ਼ ਕੀਤੀ ਗਈ। ਸਮਾਗਮ ਦੌਰਾਨ ਵੱਖ ਵੱਖ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੀਆਂ ਕਈ ਸ਼ਖਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,