ਖਾਸ ਖਬਰਾਂ

ਨਵੰਬਰ 1984 ਵਿਚ ਸਿਖਾਂ ਦੇ ਕਤਲੇਆਮ ਦੌਰਾਨ ਨਿਭਾਈ ਭੂਮਿਕਾ ਲਈ ਅਮਿਤਾਭ ਬਚਨ ਖਿਲਾਫ ਆਸਟਰੇਲੀਆ ਵਿਚ ਫੌਜਦਾਰੀ ਸ਼ਿਕਾਇਤ ਦਰਜ

October 21, 2011 | By

ਆਸਟ੍ਰੇਲੀਆ (18 ਅਕਤੂਬਰ 2011): ਨਵੰਬਰ 1984 ਵਿਚ ਭਾਰਤ ਦੀ ਸਿਖ ਅਬਾਦੀ ’ਤੇ ਸੰਗਠਿਤ ਹਮਲੇ ਕਰਵਾਉਣ, ਭੜਕਾਉਣ, ਸ਼ਮੂਲੀਅਤ ਕਰਨ, ਸਾਜਿਸ਼ ਰਚਣ, ਸ਼ਹਿ ਦੇਣ ਦੇ ਦੋਸ਼ਾਂ ਤਹਿਤ ਭਾਰਤ ਦੇ ਫਿਲਮ ਸਟਾਰ ਅਮਿਤਾਭ ਬਚਨ ਖਿਲਾਫ ਆਸਟਰੇਲੀਆ ਦੇ ਕਾਮਨਵੈਲਥ ਡਾਇਰੈਕਟਰ ਆਫ ਪਬਲਿਕ ਪ੍ਰੋਸੀਕਿਊਸ਼ਨਸ ਕੋਲ ਅਪਰਾਧਕ ਸ਼ਿਕਾਇਤ ਦਰਜ ਕੀਤੀ ਗਈ ਹੈ। ਅਮਿਤਾਭ ਬਚਨ ਇਸ ਵੇਲੇ ਆਸਟਰੇਲੀਆ ਵਿਚ ਹੈ ਜਿਥੇ ਉਸ ਨੇ ਕੁਈਨਸਲੈਂਡ ਯੂਨੀਵਰਸਿਟੀ ਆਫ ਟੈਕਨੋਲਾਜੀ ਬ੍ਰਿਸਬੇਨ ਤੋਂ ਆਨਰੇਰੀ ਡਿਗਰੀ ਹਾਸਿਲ ਕਰਨੀ ਹੈ ਤੇ ਉਸਨੇ ਹਾਲੀਵੁੱਡ ਫਿਲਮ ‘ਗ੍ਰੇਟ ਗੇਟਸਬੀ’ ਦੀ ਅਦਾਕਾਰ ਲੀਓਨਾਰਡੋ ਡੀ ਕਾਪਰੀਓ ਦੇ ਨਾਲ ਸ਼ੂਟਿੰਗ ਕਰਨੀ ਹੈ।

ਅਮਿਤਾਭ ਬਚਨ ਦੇ ਖਿਲਾਫ ਇਹ ਸ਼ਿਕਾਇਤ ਨਵੰਬਰ 1984 ਸਿਖ ਨਸਲਕੁਸ਼ੀ ਦੀਆਂ ਵਿਧਵਾਵਾਂ ਤੇ ਪੀੜਤਾਂ ਦੀ ਤਰਫੋਂ ਅਮਰੀਕਾ ਸਥਿਤ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ, ਨੈਸ਼ਨਲ 1984 ਵਿਕਟਿਮਸ ਜਸਟਿਸ ਐਂਡ ਵੈਲਫੇਅਰ ਸੁਸਾਇਟੀ ਤੇ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਵਲੋਂ ਦਰਜ ਕਰਵਾਈ ਗਈ ਹੈ।

ਅਮਿਤਾਬ ਬੱਚਨ ਖਿਲਾਫ ਕੀਤੀ ਗਈ ਸ਼ਿਕਾਇਤ ਦਾ ਜੋ ਪੰਜਾਬੀ ਤਰਜ਼ਮਾ ਸਿੱਖਸ ਫਾਰ ਜਸਟਿਸ ਵੱਲੋਂ ਪੰਜਾਬ ਨਿਊਜ਼ ਨੈਟਵਰਕ ਨੂੰ ਭੇਜਿਆ ਗਿਆ ਹੈ, ਉਹ ਹੇਠਾਂ ਛਾਪਿਆ ਜਾ ਰਿਹਾ ਹੈ:

ਅਪਰਾਧਕ ਸ਼ਿਕਾਇਤ

ਇਕ ਭਾਰਤੀ ਨਾਗਰਿਕ ਅਮਿਤਾਭ ਬਚਨ ਦੇ ਖਿਲਾਫ

ਕ੍ਰਿਮੀਨਲ ਕੋਡ ਐਕਟ 1995 ਦੀਆਂ ਧਾਰਾਵਾਂ 268.8,268.9,268.117, 15.4 ਅਤੇ 16.1 ਤਹਿਤ)

ਸੇਵਾ ਵਿਖੇ-ਮਾਨਯੋਗ ਕ੍ਰਿਸਟੋਫਰ ਕਰੈਗੀ ਅਸੈ ਸੀ

ਕਾਮਨਵੈਲਥ ਡਾਇਰੈਕਟਰ ਆਫ ਪਬਲਿਕ ਪ੍ਰੋਸੀਕਿਊਸ਼ਨਸ

4 ਮਾਰਕਸ ਕਲਾਰਕ ਸਟਰੀਟ, ਕੈਨਬਰਾ ਸਿਟੀ ਏ ਸੀ ਟੀ 2601

ਫੋਨ-(02) 6206 5666 ਫੈਕਸ (02) 6257 5709

ਵਲੋਂ- ਗਰਪਤਵੰਤ ਸਿੰਘ ਪੰਨੂ

ਕਾਨੂੰਨੀ ਸਲਾਹਕਾਰ ਸਿਖਸ ਫਾਰ ਜਸਟਿਸ

ਬਾਬੂ ਸਿੰਘ ਦੁਖੀਆ

ਪ੍ਰਧਾਨ ਨੈਸ਼ਨਲ 1984 ਵਿਕਟਿਮਸ ਜਸਟਿਸ ਐਂਡ ਵੈਲਫੇਅਰ ਸੁਸਾਇਟੀ

ਕਰਨੈਲ ਸਿੰਘ ਪੀਰ ਮੁਹੰਮਦ

ਪ੍ਰਧਾਨ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ

ਮੁੱਦਾ- ਨਵੰਬਰ 1984 ਵਿਚ ਸਿਖਾਂ ਦੇ ਵਿਆਪਕ ਕਤਲੇਆਮ ਨੂੰ ਭੜਕਾਉਣ ਵਿਚ ਭਾਰਤੀ ਫਿਲਮ ਸਟਾਰ ਅਮਿਤਾਭ

ਬਚਨ ਦੀ ਭੂਮਿਕਾ
ਵਿਸ਼ਾ- ਕ੍ਰਿਮੀਨਲ ਕੋਡ ਐਕਟ 1995 ਤੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਐਕਟ 2002 ਅਨੁਸਾਰ

ਮਨੁੱਖਤਾ ਖਿਲਾਫ ਅਪਰਾਧਾਂ ਲਈ ਅਮਿਤਾਭ ਬਚਨ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਉਸ ’ਤੇ

ਮੁਕੱਦਮਾ ਚਲਾਇਆ ਜਾਵੇ ਜੋ ਕਿ ਇਸ ਵੇਲੇ ਆਸਟਰੇਲੀਆ ਵਿਚ ਹੈ

ਮਿਤੀ-17 ਅਕਤੂਬਰ 2011-

————————————-

ਸਿਖਸ ਫਾਰ ਜਸਟਿਸ ਅਮਰੀਕਾ ਸਥਿਤ ਕੌਮਾਂਤਰੀ ਮਨੁੱਖੀ ਅਧਿਕਾਰ ਸੰਸਥਾ ਹੈ ਜੋ ਕਿ ਸਿਖਾਂ ਦੀ ਨਸਲਕੁਸ਼ੀ (1984-1998) ਨਾਲ ਸਬੰਧਤ ਖਾਸ ਕਰਕੇ ਨਵੰਬਰ 1984 ਦੀਆਂ ਨਸਲਕੁਸ਼ੀ ਘਟਨਾਵਾਂ ਬਾਰੇ ਸਹੀ ਤੇ ਸਚੀ ਜਾਣਕਾਰੀ, ਤੱਥ ਤੇ ਅੰਕੜੇ ਇਕੱਠੇ ਕਰਨ ਲਈ ਜਦੋ ਜਹਿਦ ਕਰ ਰਹੀ ਹੈ।

ਨੈਸ਼ਨਲ 1984 ਵਿਕਟਿਮਸ ਜਸਟਿਸ ਐਂਡ ਵੈਲਫੇਅਰ ਸੁਸਾਇਟੀ ਨਵੰਬਰ 1984 ਸਿਖ ਨਸਲਕੁਸ਼ੀ ਦੀਆਂ ਵਿਧਵਾਵਾਂ, ਪੀੜਤਾਂ ਦਾ ਇਕ ਗਰੁੱਪ ਹੈ ਜੋ ਕਿ ਇਨਸਾਫ ਹਾਸਿਲ ਕਰਨ ਲਈ ਕੰਮ ਕਰ ਰਿਹਾ ਹੈ।

ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਇਕ ਰਜਿਸਟਰਡ ਸੰਗਠਣ ਹੈ ਜੋ ਕਿ ਸਿਖ ਭਾਈਚਾਰੇ ਦੀ ਬਿਹਤਰੀ, ਸਿਖ ਧਰਮ ਦਾ ਪ੍ਰਚਾਰ ਕਰਨ ਅਤੇ ਸਿਖ ਭਾਈਚਾਰੇ ਨਾਲ ਸਬੰਧਤ ਮੁੱਦਿਆਂ ’ਤੇ ਆਵਾਜ਼ ਬੁਲੰਦ ਕਰਨ ਲਈ ਵਚਨਬਧ ਹੈ।

ਅਸੀਂ ਉਪਰੋਕਤ ਨਵੰਬਰ 1984 ਸਿਖ ਨਸਲਕੁਸ਼ੀ ਦੀਆਂ ਵਿਧਵਾਵਾਂ , ਪੀੜਤਾਂ ਦੀ ਤਰਫੋਂ ਬੇਨਤੀ ਕਰਦੇ ਹਾਂ ਕਿ ਨਵੰਬਰ 1984 ਵਿਚ ਭਾਰਤ ਦੀ ਸਿਖ ਅਬਾਦੀ ’ਤੇ ਸੰਗਠਿਤ ਹਮਲੇ ਕਰਵਾਉਣ, ਭੜਕਾਉਣ, ਸ਼ਮੂਲੀਅਤ ਕਰਨ, ਸਾਜਿਸ਼ ਰਚਣ, ਸ਼ਹਿ ਦੇਣ ਲਈ ਭਾਰਤ ਦੇ ਫਿਲਮ ਸਟਾਰ ਅਮਿਤਾਭ ਬਚਨ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਉਸ ’ਤੇ ਮੁਕੱਦਮਾ ਚਲਾਇਆ ਜਾਵੇ ਜੋ ਕਿ ਇਸ ਵੇਲੇ ਆਸਟਰੇਲੀਆ ਵਿਚ ਹੈ।

ਨਵੰਬਰ 1984 ਦੇ ਪਹਿਲੇ ਹਫਤੇ ਦੌਰਾਨ ਭਾਰਤ ਵਿਚ ਘਟ ਗਿਣਤੀ ਭਾਈਚਾਰਾ ਸਿਖਾਂ ਨੂੰ ਸਮੁੱਚੇ ਦੇਸ਼ ਵਿਚ ਕਤਲ ਕੀਤਾ ਗਿਆ। ਜ਼ਿਆਦਾਤਰ ਸਿਖਾਂ ਦੇ ਗਲਾਂ ਵਿਚ ਟਾਇਰ ਪਾਕੇ ਸਾੜਿਆ ਗਿਆ, ਹਜ਼ਾਰਾਂ ਔਰਤਾਂ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ, ਬੱਚਿਆਂ ਦਾ ਕਤਲ ਕੀਤਾ ਗਿਆ, ਸਿਖ ਗੁਰਦੁਆਰਿਆਂ ਕੇ ਜਾਇਦਾਦਾਂ ਨੂੰ ਹਮਲਾਵਰਾਂ ਵਲੋਂ ਸਾੜ ਦਿੱਤਾ ਗਿਆ ਜਿਨ੍ਹਾਂ ਦੀ ਅਗਵਾਈ ਇੰਡੀਅਨ ਨੈਸ਼ਨਲ ਕਾਂਗਰਸ ਦੇ ਆਗੂ ਕਰ ਰਹੇ ਸੀ ਤੇ ਅਮਿਤਾਭ ਬਚਨ ਤੇ ਹੋਰਨਾਂ ਵਲੋਂ ਇਨ੍ਹਾਂ ਨੂੰ ਭੜਕਾਇਆ ਜਾ ਰਿਹਾ ਸੀ।

31 ਅਕਤੂਬਰ 1984 ਨੂੰ ਕਾਂਗਰਸ ਦੀ ਆਗੂ ਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਸ ਦੇ ਦੋ ਅੰਗਰਖਿਅਕਾਂ ਵਲੋਂ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ ਜੋ ਕਿ ਸਿਖ ਸਨ। ਸ੍ਰੀਮਤੀ ਗਾਂਧੀ ਦੇ ਪੁੱਤਰ ਰਾਜੀਵ ਗਾਂਧੀ ਨੇ ਇਕਦਮ ਕਾਂਗਰਸ ਦੀ ਕਮਾਨ ਤੇ ਭਾਰਤ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਲਿਆ ਸੀ। 31 ਅਕਤੂਬਰ ਤੇ 1 ਨਵੰਬਰ ਦੀ ਦਰਮਿਆਨੀ ਰਾਤ ਨੂੰ ਕਾਂਗਰਸ ਪਾਰਟੀ ਦੀ ਇਕ ਮੀਟਿੰਗ ਹੋਈ ਜਿਸ ਵਿਚ ਸ੍ਰੀਮਤੀ ਗਾਂਧੀ ਦੀ ਮੌਤ ਦਾ ਬਦਲਾ ਲੈਣ ਲਈ ਸਿਖਾਂ ਦਾ ਕਤਲ ਕਰਨ ਦੀ ਯੋਜਨਾ ਬਣਾਈ ਗਈ।

ਸ੍ਰੀਮਤੀ ਗਾਂਧੀ ਨੂੰ ਮ੍ਰਿਤਕ ਐਲਾਨਣ ਤੋਂ ਬਾਅਦ ਅਮਿਤਾਭ ਬਚਨ ਸਰਕਾਰੀ ਨੈਸ਼ਨਲ ਟੈਲੀਵੀਜ਼ਨ ਆਫ ਇੰਡੀਆ (ਦੂਰਦਰਸ਼ਨ) ਤੇ ਆਲ ਇੰਡੀਆ ਰੇਡੀਓ ’ਤੇ ਸਾਹਮਣੇ ਆਏ ਤੇ ਭਾਰਤ ਦੀ ਸਿਖ ਅਬਾਦੀ ’ਤੇ ਹਮਲੇ ਕਰਨ ਲਈ ਸ਼ਰੇਆਮ ਭੜਕਾਇਆ ਤੇ ‘ਖੂਨ ਬਦਲੇ ਖੂਨ ’ ਦਾ ਕਾਤਲਾਨਾ ਸੱਦਾ ਦਿੱਤਾ ਤੇ ਕਿਹਾ ਕਿ ‘ਇੰਦਰਾ ਜੀ ਦੇ ਖੂਨ ਦੇ ਧਬੇ ਸਿਖਾਂ ਦੇ ਘਰਾਂ ਤਕ ਪਹੁੰਚਣੇ ਚਾਹੂੀਦੇ ਹਨ’। ਅਮਿਤਾਭ ਬਚਨ ਦੇ ਇਸ ਸੱਦੇ ਤੋਂ ਛੇਤੀ ਬਾਅਦ ਸਮੁੱਚੇ ਭਾਰਤ ਵਿਚ ਸਿਖਾਂ ’ਤੇ ਯੋਜਨਾਬਧ ਤਰੀਕੇ ਨਾਲ ਵਿਆਪਕ ਤੌਰ ’ਤੇ ਹਮਲੇ ਕੀਤੇ ਗਏ ਜਿਸ ਦੌਰਾਨ ਕੇਵਲ ਚਾਰ ਦਿਨਾਂ ਵਿਚ 30,000 ਤੋਂ ਵਧ ਸਿਖਾਂ ਦਾ ਕਤਲ ਕੀਤਾ ਗਿਆ ਸੀ।

ਨਵੰਬਰ 1984 ਸਿਖ ਨਸਲਕੁਸ਼ੀ ਦੀ ਭਿਆਨਕ ਘਟਨਾ ਜਨਤਾ ਦੇ ਧਿਆਨ ਵਿਚ ਹੈ ਤੇ ਸਰਕਾਰੀ ਰਿਕਾਰਡ ਵਿਚ ਦਰਜ ਹੈ (ਜਸਟਿਸ ਨਾਨਾਵਤੀ ਕਮਿਸ਼ਨ ਰਿਪੋਰਟ 2005)। 27 ਸਾਲ ਬੀਤ ਜਾਣ ਤੇ ਸਪਸ਼ਟ ਸਬੂਤ ਹੋਣ ਦੇ ਬਾਵਜੂਦ ਭਾਰਤ ਸਰਕਾਰ ਅਮਿਤਾਭ ਬਚਨ ’ਤੇ ਮੁਕੱਦਮਾ ਚਲਾਉਣ ਵਿਚ ਨਾ ਕੇਵਲ ਨਾਕਾਮ ਰਹੀ ਸਗੋਂ ਉਸ ਨੂੰ ਭਾਰਤ ਦੀ ਸੰਸਦ ਵਿਚ ਮੈਂਬਰ ਬਣਾ ਕੇ ਨਿਵਾਜਿਆ ਗਿਆ। ਭਾਰਤ ਸਰਕਾਰ ਵਲੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਮੁਕੱਦਮਾ ਚਲਾਉਣ ਵਿਚ ਨਾਕਾਮ ਰਹਿਣ ਅਤੇ ਇਨਸਾਫ ਦੇਣ ਤੋਂ ਇਨਕਾਰ ਕਰਨ ’ਤੇ ਪੀੜਤਾਂ ਕੋਲ ਭਾਰਤ ਤੋਂ ਬਾਹਰ ਇਨਸਾਫ ਹਾਸਿਲ ਕਰਨ ਤੋਂ ਸਿਵਾਏ ਕੋਈ ਚਾਰਾ ਨਹੀਂ ਰਹਿ ਜਾਂਦਾ।

ਕ੍ਰਿਮੀਨਲ ਕੋਡ ਐਕਟ 1995 ਤਹਿਤ ਦਰਜ ਕੀਤੀ ਗਈ ਹੈ ਜਿਸ ਵਿਚ ਇਹ ਵਿਵਸਥਾ ਹੈ ਕਿ ਮਨੁੱਖਤਾ ਖਿਲਾਫ ਅਪਰਾਧਾਂ ਵਰਗੇ ਕੇਸਾਂ ਨੂੰ ਚਲਾਉਣ ਲਈ ਆਸਟਰੇਲੀਆ ਦੀਆਂ ਅਦਾਲਤਾਂ ਨੂੰ ਨਿਆਂਇਕ ਅਧਿਕਾਰ ਹਨ ਚਾਹੇ ਉਹ ਅਪਾਰਧ ਆਸਟਰੇਲੀਆ (ਆਈ ਡੀ 268.117 (1) ਅਤੇ 15.4) ਵਿਚ ਹੋਵੇ ਜਾਂ ਨਹੀਂ। ਇਸ ਐਕਟ ਤਹਿਤ ਨਸਲਕੁਸ਼ੀ, ਜੰਗੀ ਅਪਰਾਧ ਤੇ ਮਨੁੱਖਤਾ ਖਿਲਾਫ ਅਪਰਾਧ ਵਿਚ ਨਿਭਾਈ ਭੂਮਿਕਾ ’ਤੇ ਮੁਕੱਦਮਾ ਚਲਾਉਣ ਦਾ ਨਿਆਂਇਕ ਅਧਿਕਾਰ ਲਈ ਇਕ ਵਿਦੇਸ਼ੀ ਦੀ ਆਸਟਰੇਲੀਆ ਵਿਚ ਕੇਵਲ ਮੌਜੂਦਗੀ ਨੂੰ ਹੀ ਆਧਾਰ ਮੰਨਣਾ ਕਾਫੀ ਹੈ। ਇਸ ਤਰਾਂ ਇਹ ਯੂਨੀਵਰਸਲ ਨਿਆਂਇਕ ਅਧਿਕਾਰ ਦੇ ਬਰਾਬਰ ਦਾ ਨਿਆਂਇਕ ਅਧਿਕਾਰ ਅਖਤਿਆਰ ਕਰਦਾ ਹੈ। (ਵੇਖੋ ਕ੍ਰਿਮੀਨਲ ਕੋਡ ਦੀਆਂ ਧਾਰਾਵਾਂ 268.117, 15.4 ਤੇ 16.1)।

ਬਚਨ ਦੀਆਂ ਕਾਰਵਾਈਆਂ ਤੇ ਸਿਖਾਂ ਦੇ ਕਤਲੇਆਮ ਵਿਚ ਉਸ ਦੀ ਭੂਮਿਕਾ ਆਸਟਰੇਲੀਆ ਦੇ ਕ੍ਰਿਮੀਨਲ ਕੋਡ ਐਕਟ 1995 ਦੀਆਂ ਧਾਰਾਵਾਂ 268.8 ਅਤੇ 9 ਦੀ ਸਪਸ਼ਟ ਉਲੰਘਣਾ ਹੈ। ਜਿਸ ਵਿਚ ਵਿਵਸਥਾ ਹੈ-

268.8 ਮਨੁੱਖਤਾ ਖਿਲਾਫ ਅਪਰਾਧ-ਕਤਲ

ਇਕ ਵਿਅਕਤੀ (ਦੇਸ਼ੀ) ਅਪਰਾਧ ਕਰਦਾ ਹੈ ਜੇਕਰ-

(ਏ) ਦੋਸ਼ੀ ਇਕ ਜਾਂ ਵਧ ਵਿਅਕਤੀਆਂ ਦਾ ਕਤਲ ਕਰਦਾ ਹੈ ਅਤੇ

(ਬੀ) ਦੋਸ਼ੀ ਵਲੋਂ ਜਾਣ ਬੁਝ ਕੇ ਜਾਂ ਇਰਾਦੇ ਨਾਲ ਕੀਤੀ ਗਈ ਕਾਰਵਾਈ ਨੂੰ ਨਾਗਰਿਕ ਅਬਾਦੀ ਖਿਲਾਫ ਸੇਧਤ ਵਿਆਪਕ ਜਾਂ ਯੋਜਨਾਬਧ ਤਰੀਕੇ ਨਾਲ ਕੀਤੀ ਗਈ ਕਾਰਵਾਈ ਮੰਨੀ ਜਾਵੇਗੀ।

268.9 ਮਨੁੱਖਤਾ ਖਿਲਾਫ ਅਪਰਾਧ-‘ਐਕਸਟਰਮੀਨੇਸ਼ਨ’

(1) ਇਕ ਵਿਅਕਤੀ ਅਪਰਾਧ ਕਰਦਾ ਹੈ ਜੇਕਰ-

(ਏ) ਦੋਸ਼ੀ ਇਕ ਜਾਂ ਵਧ ਵਿਅਕਤੀਆਂ ਦਾ ਕਤਲ ਕਰਦਾ ਹੈ

(ਬੀ) ਦੋਸ਼ੀ ਦੇ ਕਾਰਵਾਈ ਨਾਗਰਿਕ ਅਬਾਦੀ ਦੇ ਮੈਂਬਰਾਂ ਦਾ ਵਿਆਪਕ ਕਤਲੇਆਮ ਮੰਨੀ ਜਾਵੇ ਅਤੇ

(ਸੀ) ਦੋਸ਼ੀ ਵਲੋਂ ਜਾਣ ਬੁਝ ਕੇ ਜਾਂ ਇਰਾਦੇ ਨਾਲ ਕੀਤੀ ਗਈ ਕਾਰਵਾਈ ਨੂੰ ਨਾਗਰਿਕ ਅਬਾਦੀ ਖਿਲਾਫ ਸੇਧਤ ਵਿਆਪਕ ਜਾਂ ਯੋਜਨਾਬਧ ਤਰੀਕੇ ਨਾਲ ਕੀਤੀ ਗਈ ਕਾਰਵਾਈ ਮੰਨੀ ਜਾਵੇਗੀ।

ਅਸੀ ਨਵੰਬਰ 1984 ਵਿਚ ਭਾਰਤ ਦੀ ਸਿਖ ਅਬਾਦੀ ’ਤੇ ਸੰਗਠਿਤ ਹਮਲੇ ਕਰਵਾਉਣ, ਭੜਕਾਉਣ, ਸ਼ਮੂਲੀਅਤ ਕਰਨ, ਸਾਜਿਸ਼ ਰਚਣ, ਸ਼ਹਿ ਦੇਣ ਲਈ ਭਾਰਤ ਦੇ ਫਿਲਮ ਸਟਾਰ ਅਮਿਤਾਭ ਬਚਨ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਉਸ ’ਤੇ ਮੁਕੱਦਮਾ ਚਲਾਇਆ ਜਾਵੇ ਜੋ ਕਿ ਇਸ ਵੇਲੇ ਆਸਟਰੇਲੀਆ ਵਿਚ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,