ਲੇਖ

ਕਿਸਾਨੀ ਜੱਦੋਜਹਿਦ: ਪੰਜਾਬ ਦੀ ਲੜਾਈ ਕਿਸ ਨਾਲ?

November 26, 2020 | By

Mere subjugation did not satisfy Aryan lust for power; they instituted caste isolation so that they and their descendants, the Brahmins, could continue to oppress the indigenous population.

– Dorthy M. Figuria

– – – – –

For the oppressors, “human beings” refers only to themselves; other people are “things.” For the oppressors, there exists only one right: their right to live in peace, over against the right, not always even recognized, but simply conceded, of the oppressed to survival. And they make this concession only because the existence of the oppressed is necessary to their own existence.

– Paulo Freire, a Brazilian Educationist

ਡਾ. ਸਿਕੰਦਰ ਸਿੰਘ

ਭਾਰਤ ਸਰਕਾਰ ਵਲੋਂ ਜੂਨ 2020 ਵਿਚ ਕਿਸਾਨੀ ਨਾਲ ਸਬੰਧਤ ਤਿੰਨ ਕਾਨੂੰਨ ਬਣਾਏ ਗਏ ਅਤੇ ਮਨਜੂਰ ਕਰ ਦਿੱਤਾ ਗਿਆ। ਇਸ ਕਵਾਇਦ ਵਿਚ ਵੱਖ-ਵੱਖ ਰਾਜਾਂ ਦੀਆਂ ਸਰਕਾਰਾਂ, ਲੋਕਾਂ ਦੇ ਨੁਮਾਇੰਦੇ ਦਿਰਕਿਨਾਰ ਹੋਏ। ਇਸ ਕਵਾਇਦ ਬਾਰੇ ਅਸਹਿਮਤ ਧਿਰਾਂ ਦੀਆਂ ਮੁੱਖ ਧਾਰਨਾਵਾਂ ਬਣੀਆਂ ਕਿ ਇਕ ਤਾਂ ਇਨ੍ਹਾਂ ਕਾਨੂੰਨਾਂ ਨੂੰ ਬਣਾਉਣ ਅਤੇ ਲਾਗੂ ਕਰਨ ਵਿਚ ਭਾਰਤ ਸਰਕਾਰ ਨੇ ਨਿੱਜਵਾਦੀ (ਐਕਸਲੂਸਿਵ) ਤਰੀਕਾ ਅਪਣਾਇਆ ਹੈ। ਦੂਜਾ, ਪਰਾਏ ਹਾਕਮਾਂ ਵਾਂਗ ਸਰਕਾਰ ਨੇ ਮਹਾਂਮਾਰੀ ਵਿਚ ਫਸੇ ਲੋਕਾਂ ਨੂੰ ਮੁਸੀਬਤ ਵਿਚ ਜਾਣ ਕੇ ਆਪਣਾ ਸੁਆਰਥ ਸਿੱਧ ਕੀਤਾ ਹੈ। ਚੋਰ ਮੋਰੀਆਂ ਵਰਤਣ ਦੀ ਇਹ ਸਰਕਾਰ ਦੀ ਲੋਕ ਵਿਰੋਧੀ ਨੀਤੀ ਸੀ। ਇਸ ਦੇ ਮੋੜੇ ਵਜੋਂ ਥੋੜ੍ਹੇ ਸਮੇਂ ਬਾਅਦ ਹੀ ਕਿਸਾਨ ਅੰਦੋਲਨ ਕਈ ਰੂਪਾਂ ਵਿਚ ਚੱਲ ਪਿਆ ਨਾਲ ਹੀ ਕਾਨੂੰਨਾਂ ਬਾਰੇ ਅਤੇ ਅੰਦੋਲਨ ਬਾਰੇ ਚਰਚਾਵਾਂ ਚੱਲ ਪਈਆਂ। ਕਾਨੂੰਨਾਂ ਅਤੇ ਇਨ੍ਹਾਂ ਨੂੰ ਲਾਗੂ ਕਰਨ ਵੇਲੇ ਹੋਰਾਂ ਨੂੰ ਬਸਤੀਆਂ ਦੇ ਬਸ਼ਿੰਦੇ ਜਾਣ ਕੇ ਕੀਤੇ ਤਾਨਾਸ਼ਾਹੀ ਰਵੱਈਏ ਬਾਰੇ ਸਰਕਾਰ ਦੀ ਵੱਖੋ-ਵੱਖ ਵਰਗਾਂ ਵਲੋਂ ਵੱਖੋ ਵੱਖ-ਪੱਖਾਂ ਤੋਂ ਆਲੋਚਨਾ ਹੋਈ। ਅੰਦੋਲਨਾਂ ਦੇ ਆਗੂਆਂ ਅਤੇ ਬੁਲਾਰਿਆਂ ਤੇ ਕਿਸਾਨਾਂ ਦੇ ਹਮਦਰਦ ਲੇਖਕਾਂ ਵਿਦਵਾਨਾਂ ਨੇ ਆਪਣੀ ਗੱਲ ਰੱਖਣੀ ਸ਼ੁਰੂ ਕਰ ਦਿੱਤੀ। ਪਹਿਲਾ ਜੋਰ ਦਾ ਪ੍ਰਤੀਕਰਮ ਇਹ ਆਇਆ ਕਿ ਇਹ ਕਾਨੂੰਨ ਵਿਸ਼ਵ ਵਪਾਰ, ਕਾਰਪੋਰੇਟ ਪੂੰਜੀਵਾਦ ਦੇ ਬਾਂਹ ਮਰੋੜਨ ਕਰ ਕੇ ਭਾਰਤ ਸਰਕਾਰ ਲੈ ਕੇ ਆਈ ਹੈ, ਭਾਰਤ ਸਰਕਾਰ ਕਾਰਪੋਰੇਟ ਪੂੰਜੀਵਾਦ ਵੱਲ ਝੁਕਦੀ ਜਾ ਰਹੀ ਹੈ, ਬਾਕੀ ਬਹੁਤੇ ਖੇਤਰਾਂ ਵਿਚ ਕਾਰਪੋਰੇਟ ਪੂੰਜੀਵਾਦ ਕਬਜਾ ਕਰ ਗਿਆ ਹੈ ਖੇਤੀ ਪੈਦਾਵਰ ਦੇ ਖੇਤਰ ਵਿਚ ਕਾਰਪੋਰੇਟ ਪੂੰਜੀਵਾਦ ਨੂੰ ਉਤਾਰਨ ਲਈ ਇਹ ਕਾਨੂੰਨ ਲਿਆਂਦੇ ਗਏ ਹਨ। ਇਹ ਖਦਸ਼ੇ ਬਣੇ ਕਿ ਪੂੰਜੀਵਾਦੀ ਲੁੱਟ ਕਿਸਾਨੀ ਦੀਆਂ ਜਮੀਨਾਂ ‘ਤੇ ਕਾਬਜ ਹੋ ਜਾਵੇਗੀ ਅਤੇ ਕਿਸਾਨੀ ਦਾ ਉਜਾੜਾ ਹੋ ਜਾਵੇਗਾ। ਕੁਝ ਦੇਸਾਂ/ ਸੰਸਥਾਵਾਂ ਵਲੋਂ ਅਨਾਜ ਦੇ ਭਾਅ ਨੂੰ ਕਾਬੂ ਕਰਨ ਵਿਚ ਵੱਡੇ ਅੜਿਕੇ, ਭਾਰਤ ਵਿਚ ਘੱਟੋ-ਘੱਟ ਸਮਰਥਨ ਮੁੱਲ, ਖਿਲਾਫ ਕੌਮਾਂਤਰੀ ਸੰਸਥਾਵਾਂ ਕੋਲ ਕੀਤੀ ਸ਼ਿਕਾਇਤ ਦੇ ਹਵਾਲੇ ਨਾਲ ਇਹ ਗੱਲ ਵੀ ਸਾਹਮਣੇ ਆਈ ਕਿ ਇਨ੍ਹਾਂ ਕਾਨੂੰਨਾਂ ਦਾ ਸਿਲਸਿਲਾ ਕਾਫੀ ਪਹਿਲਾਂ ਸ਼ੁਰੂ ਹੋ ਗਿਆ ਸੀ।

ਇਨ੍ਹਾਂ ਗੱਲਾਂਬਾਤਾਂ ਵਿਚੋਂ ਬਹੁਤਾ ਦੋਸ਼ ਭਾਜਪਾ ਸਰਕਾਰ, ਕਾਰਪੋਰੇਟ ਪੂੰਜੀਵਾਦ ਅਤੇ ਕੁਝ ਕ ਖਾਸ ਪੂੰਜੀਪਤੀਆਂ ‘ਤੇ ਆਉਂਦਾ ਰਿਹਾ ਹੈ। ਕਾਰਪੋਰੇਟ ਪੂੰਜੀਵਾਦ ਪੂੰਜੀਵਾਦ ਦਾ ਨਵਾਂ ਰੂਪ ਹੈ ਜਿਸ ਦਾ ਮੁੱਖ ਰੂਪ ਵੱਡੀਆਂ ਕਾਰਪੋਰੇਸ਼ਨਾਂ ਹਨ। ਕਾਰਪੋਰੇਟ ਪੰਜੀਵਾਦ ਆਪਣੇ ਮੁਨਾਫੇ ਲਈ ਸਰਕਾਰਾਂ ‘ਤੇ ਹਰ ਖੇਤਰ ਨੂੰ ਨਿੱਜੀ ਬਣਾ ਦੇਣ ਲਈ ਜੋਰ ਪਾ ਰਿਹਾ ਹੈ। ਇਹ ਸਿਹਤ, ਸਿੱਖਿਆ ਅਤੇ ਹੋਰ ਖੁੱਲ੍ਹੇ ਬਜਾਰ ਵਾਂਗ ਖੇਤੀ ਨੂੰ ਵੀ ਕਾਰਪੋਰੇਟ ਰੂਪ ਵਿਚ ਬਦਲ ਲੈਣਾ ਚਾਹੁੰਦਾ ਹੈ। ਬਲਕਿ ਇਹ ਹੁਣ ਕਾਰਪਰੇਟ ਤੰਤਰ (ਕਾਰਪੋਰੇਟਕਰੇਸੀ) ਬਣਦਾ ਜਾ ਰਿਹਾ ਹੈ। ਅਰਥਾਤ ਕਾਰਪੋਰੇਟ ਜਗਤ ਰਾਜ ਦੀ ਥਾਂ ਘੇਰਦਾ ਜਾ ਰਿਹਾ ਹੈ। ਇਸ ਨੇ ਕਨੇਡਾ ਅਤੇ ਯੂਰਪ ਵਰਗੇ ਖੇਤਰਾਂ ਦੀ ਵੈਲਫੇਅਰ ਸਟੇਟ ਨੂੰ ਕਮਜੋਰ ਕੀਤਾ ਹੈ। ਖੇਤੀ ਕਾਨੂੰਨਾਂ ਦੇ ਬਣਨ ਨਾਲ ਸਾਡੇ ਸਾਹਮਣੇ ਕਾਰਪੋਰੇਟ ਤੰਤਰ ਦੇ ਤਾਕਤਵਰ ਹੋਣ ਦਾ ਅਤੇ ਕਿਸਾਨੀ ਮੁਸ਼ਕਲਾਂ ਵਧਣ ਖਦਸ਼ਾ ਹੈ। ਖੇਤੀ ਵਿਚ ਨਵਉਦਾਰਵਾਦੀ ਨੀਤੀਆਂ ਕਰ ਕੇ ਅਮਰੀਕਾ ਦੇ ਰਾਜ ਨਬਾਰਸਕਾ ਵਿਚ ਕੁਝ ਕਿਸਾਨਾਂ ਦੇ ਖੁਦਕੁਸ਼ੀਆਂ ਲਈ ਮਜਬੂਰ ਹੋ ਜਾਣ ਦੇ ਸ਼ੱਕ ਕੀਤੇ ਜਾਂਦੇ ਹਨ। ਪਰ ਫਿਰ ਵੀ ਇਹ ਤੱਥ ਵਿਚਾਰਨਯੋਗ ਹੈ ਕਿ ਯੂਰਪ ਅਤੇ ਪੱਛਮ ਦੇ ਅਨੇਕਾਂ ਦੇਸਾਂ ਵਿਚ ਕਾਰਪੋਰੇਟ ਪੂੰਜੀਵਾਦ ਭਾਰਤ ਨਾਲੋਂ ਕਿਤੇ ਮਜਬੂਤ ਹੈ। ਉਥੇ ਖੇਤੀ ਪਹਿਲਾਂ ਹੀ ਕਾਰਪੋਰੇਟ ਘਰਾਣਿਆਂ ਕੋਲ ਚਲੀ ਗਈ ਹੈ ਪਰ ਉਥੇ ਅਜਿਹਾ ਕੁਝ ਖਾਸ ਨਹੀਂ ਸਾਹਮਣੇ ਆਇਆ ਜਿਵੇਂ ਭਾਰਤ ਵਿਚ ਕਾਰਪੋਰੇਟ ਖੇਤੀ ਪ੍ਰਬੰਧ ਲਾਗੂ ਹੋਣ ਤੋਂ ਪਹਿਲਾਂ ਹੈ ਹਜਾਰਾਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਹੋ ਚੁੱਕੀਆਂ ਹਨ। ਪੱਛਮੀ ਦੇਸਾਂ ਦੇ ਕਾਰਪੋਰੇਟ ਪੂੰਜੀਵਾਦ ਅਤੇ ਵੈਲਫੇਅਰ ਰਾਜ (ਬੇਸ਼ਕ ਇਹ ਬਹੁਤ ਕਮਜੋਰ ਹੋਈ ਜਾ ਰਿਹਾ ਹੈ) ਨੇ ਆਪਣੇ ਲੋਕਾਂ ਨੂੰ ਖਾਸਾ ਸੁਰੱਖਿਅਤ ਰੱਖਿਆ ਹੋਇਆ ਹੈ। ਉੱਤਰੀ ਅਮਰੀਕਾ ਅਤੇ ਯੂਰਪ ਦੇ ਦੇਸਾਂ ਦੀ ਮਿਸਾਲ ਲਈ ਜਾ ਸਕਦੀ ਹੈ। ਦੂਜੀ ਗੱਲ ਉਥੇ ਸਰਕਾਰ ਵਲੋਂ ਆਪਣੇ ਵੱਡੀ ਗਿਣਤੀ ਲੋਕਾਂ ਖਿਲਾਫ ਅਜਿਹਾ ਰਵੱਈਆ ਅਪਣਾਉਣ ਦੀਆਂ ਬਹੁਤੀਆਂ ਮਿਸਾਲਾਂ ਨਹੀਂ ਹਨ ਜਿਵੇਂ ਭਾਰਤ ਵਿਚ ਵਾਪਰ ਰਿਹਾ ਹੈ। ਕਿਸੇ ਖਾਸ ਜਮਾਤ, ਪਛਾਣ, ਨਸਲ ਬਾਬਤ ਪੱਛਮੀ ਮੁਲਕਾਂ ਦਾ ਨਸਲਘਾਤੀ ਰਵੱਈਆ ਸਾਹਮਣੇ ਆਉਂਦਾ ਰਿਹਾ ਹੈ।

ਪਰ ਜਿਸ ਤਰ੍ਹਾਂ ਭਾਰਤ ਸਰਕਾਰ ਨੇ ਕਿਸਾਨੀ ਖਿਲਾਫ ਫੈਸਲਾ ਲਿਆ ਹੈ ਜੋ ਬਹੁਗਿਣਤੀ ਵੀ ਹੈ ਅਤੇ ਅਤੇ ਹਰੇਕ ਖਿੱਤੇ ਵਿਚ ਵੀ ਹੈ, ਇਹ ਕੇਵਲ ਕਾਰਪੋਰੇਟ ਪੂੰਜੀਵਾਦੀ ਰਵੱਈਆ ਨਹੀਂ ਹੈ। ਇਹ ਪੂੰਜੀਵਾਦੀ ਤਾਕਤ ਤੋਂ ਵੱਖਰਾ ਹੈ। ਇਨ੍ਹਾਂ ਕਾਨੂੰਨਾਂ ਤੋਂ ਬਾਅਦ ਵੱਡੇ ਜੁਰਮਾਨੇ ਵਾਲੇ ਪ੍ਰਦੂਸ਼ਣ ਕਾਨੂੰਨ ਵਿਚ ਪਰਾਲੀ ਫੂਕਣ ਨੂੰ ਵੀ ਸ਼ਾਮਲ ਕੀਤਾ ਗਿਆ। ਪ੍ਰਤੀਕਰਮੀਆਂ ਨੇ ਇਸ ਨੂੰ ਤੁਗਲਕੀ ਫੈਸਲਾ, ਅਸੰਵੇਦਨਸ਼ੀਲ ਵਤੀਰਾ, ਅਲੋਕਾਰੀਆਂ ਘਟਨਾਵਾਂ ਵਾਪਰਨ ਦਾ ਯੁਗ ਆਦਿ ਕਿਹਾ। ਫਿਰ ਕਿਸਾਨ ਆਗੂਆਂ ਨੂੰ ਗੱਲਬਾਤ ਲਈ ਬੁਲਾ ਕੇ ਠਿੱਠ ਕਰਨ ਦੀ ਘਟਨਾ ਸਾਹਮਣੇ ਆਈ। ਇਹ ਕੁਝ-ਕੁਝ ਵਿਦੇਸੀ ਬਸਤੀਵਾਦੀ ਤਾਕਤਾਂ ਨਾਲ ਮਿਲਦਾ ਜੁਲਦਾ ਹੈ ਪਰ ਇਹ ਕੇਵਲ ਪੂੰਜੀਵਾਦੀ ਤਰੀਕਾਕਾਰ ਨਹੀਂ। ਕੁਝ ਵਿਦਵਾਨਾਂ ਨੇ ਇਹ ਸਮਝਿਆ ਹੈ ਕਿ ਇਹ ਬਿਪਰਵਾਦੀ ਤਰੀਕਾਕਾਰ ਹੈ। ਇਹ ਗੱਲ ਸਮਝ ਆਉਂਦੀ ਹੈ ਕਿ ਦਿੱਲੀ ਹਕੂਮਤ ਉੱਪਰ ਕਾਰਪੋਰੇਟ ਪੂੰਜੀਵਾਦ ਨਹੀਂ ਬਲਕਿ ਬਿਪਰਵਾਦੀ ਕਾਰਪੋਰੇਟ ਪੂੰਜੀਵਾਦ ਕਾਬਜ ਹੈ। ਇਹ ਠੀਕ ਰੂਪ ਵਿਚ ਸਮਝਣ ਦੀ ਲੋੜ ਹੈ ਕਿ ਇਨ੍ਹਾਂ ਕਾਨੂੰਨਾਂ ਦੀ ਜੜ੍ਹ ਨਿਰੋਲ ਕਾਰਪੋਰੇਟ ਪੂੰਜੀਵਾਦ ਨਹੀਂ ਹੈ। ਜੇ ਕਾਰਪੋਰੇਟ ਪੂੰਜੀਵਾਦ ਦਾ ਦਬਾਅ ਨਾ ਹੋਵੇ ਤਾਂ ਕੀ ਦਿੱਲੀ ਦੀ ਹਕੂਮਤ ਦਾ ਮੂਲ ਸਿਧਾਂਤ ਕਿਸਾਨ ਦਾ ਕਦਰਦਾਨ ਹੈ ਜਿਵੇਂ ‘ਜੈ ਜਵਾਨ ਜੈ ਕਿਸਾਨ’ ਦਾ ਨਾਅਰਾ ਦਿੱਤਾ ਗਿਆ ਸੀ? ਕਿਸਾਨ ਜੱਦੋਜਹਿਦ ਲਈ ਇਹ ਸਵਾਲ ਸਮਝਣਾ ਲਾਜਮੀ ਹੈ।

– – – – –

ਪੰਜਾਬ ਵਿਚੋਂ ਇਨ੍ਹਾਂ ਕਾਨੂੰਨਾਂ ਦਾ ਜਿਸ ਪੱਧਰ ‘ਤੇ ਅਤੇ ਜਿਸ ਤਰੀਕੇ ਵਿਰੋਧ ਹੋ ਰਿਹਾ ਹੈ ਉਸ ਨੂੰ ਕੇਵਲ ਸਮਕਾਲੀ ਭਾਜਪਾ ਸਰਕਾਰ ਅਤੇ ਕਾਰਪੋਰੇਟ ਪੂੰਜੀਵਾਦ ਦੇ ਵਿਰੋਧ ਵਜੋਂ ਵੇਖ ਕੇ ਪੂਰਾ ਨਹੀਂ ਸਮਝਿਆ ਜਾ ਸਕਦਾ। ਭਾਜਪਾ ਸਰਕਾਰ ਅਤੇ ਸਿਆਸੀ ਧਿਰ ਵਜੋਂ ਪੰਜਾਬ ਵਿਚ ਪਹਿਲਾਂ ਵੀ ਹਾਜਰ ਹੈ। ਕਾਰਪੋਰੇਟ ਪੂੰਜੀਵਾਦ ਵੀ ਹਾਜਰ ਹੈ। ਖੇਤੀ ਕਾਨੂੰਨਾਂ ਨਾਲ ਪੰਜਾਬ ਕੋਈ ਪਹਿਲੀ ਵਾਰ ਕਾਰਪੋਰੇਟ ਪੂੰਜੀਵਾਦ ਹੇਠਾਂ ਨਹੀਂ ਜਾ ਰਿਹਾ ਸਗੋਂ ਹੋਰ ਬਹੁਤ ਕੁਝ ਇਸ ਤੋਂ ਪਹਿਲਾਂ ਪੂੰਜੀਵਾਦੀ ਹੋ ਗਿਆ ਹੈ ਜਿਵੇਂ ਸਿਹਤ, ਸਿੱਖਿਆ, ਥੋਕ ਤੋਂ ਪਰਚੂਨ ਤੱਕ ਆਮ ਬਜਾਰ ਆਦਿ ਦੀਆਂ ਅਨੇਕਾਂ ਮਿਸਾਲਾਂ ਹਨ। ਮਸਲਾ ਇਹ ਹੈ ਕਿ ਕਿਸਾਨੀ ਕਾਨੂੰਨਾਂ ਦੇ ਮਾਮਲੇ ਵਿਚ ਟੱਕਰ ਇੰਨੀ ਫਸਵੀਂ ਕਿਉਂ ਹੋ ਗਈ ਹੈ? ਇਸ ਦਾ ਸੌਖਾ ਜਿਹਾ ਅਨੁਮਾਨ ਇਹ ਹੋ ਸਕਦਾ ਹੈ ਕਿ ਬਿਪਰ ਅਤੇ ਕਿਸਾਨ ਆਪਸ ਵਿਚ ਟੱਕਰਵੇਂ ਜੱਦੀ ਵਿਰੋਧੀ ਹਨ ਜਿਵੇਂ ਬਿਪਰ ਅਤੇ ਸ਼ੂਦਰ ਹਨ। ਕਿਸਾਨੀ ਦੇ ਅਵਚੇਤਨ ਵਿਚ ਬਿਪਰ ਤੋਂ ਅਸੁਰੱਖਿਅਤ ਹੋਣ ਦੀ ਗੰਢ ਪਈ ਹੋ ਸਕਦੀ ਹੈ ਜਿਸ ਕਰ ਕੇ ਜਿੱਤ-ਹਾਰ ਦੀ ਜੰਗ ਸ਼ੁਰੂ ਹੋ ਗਈ ਹੈ। ਇਸ ਸਵਾਲ ਦੇ ਉੱਤਰ ਨੂੰ ਉਨ੍ਹਾਂ ਬਿਪਰਵਾਦੀ-ਗ੍ਰੰਥਾਂ ਦੇ ਹਵਾਲਿਆਂ ਨਾਲ ਸਮਝਿਆ ਜਾ ਸਕਦਾ ਹੈ ਜਿਥੋਂ ਦਿੱਲੀ ਤਾਕਤ ਦੀ ਸਮਝ ਬਣਦੀ ਹੈ।

ਕਿਸਾਨੀ ਹੱਥੀਂ ਕਿਰਤ ਹੈ। ਪੂੰਜੀਵਾਦ ਵਿਚ ਕਿਰਤ ਦੀ ਪੈਦਾਵਰ ਦੀ ਲੁੱਟ ਹੁੰਦੀ ਹੈ, ਬਿਪਰਵਾਦ ਵਿਚ ਲੁੱਟ ਦੇ ਨਾਲ ਨਾਲ ਕਿਰਤੀ ਪ੍ਰਤੀ ਨਫਰਤ, ਦੁਰਕਾਰ ਅਤੇ ਨਿਰਦਇਤਾ ਵੀ ਸ਼ਾਮਲ ਹੈ। ਪੱਛਮੀ ਪੂੰਜੀਵਾਦ ਵਿਚ ਕਿਰਤੀ/ ਨਾਗਰਿਕ ਦੀ ਘੱਟੋ-ਘੱਟ ਸੁਰੱਖਿਆ ਹੈ। ਜੇ ਉਹ ਮਸ਼ੀਨਕਰਣ ਜਾਂ ਕਿਸੇ ਹੋਰ ਵਜਾਹ ਕਰ ਕੇ ਵਿਹਲਾ ਹੋ ਗਿਆ ਤਾਂ ਉਸ ਦੀ ਘੱਟੋ-ਘੱਟ ਸੁਰੱਖਿਆ ਦਾ ਇੰਤਜਾਮ ਹੈ ਪਰ ਬਿਪਰਵਾਦ ਵਿਚ ਇਹ ਨਹੀਂ ਹੈ। ਬਿਪਰਵਾਦ ਕਿਰਤੀ ਨੂੰ ਘੱਟੋ-ਘੱਟ ਸੁਰੱਖਿਆ ਦੇ ਕੇ ਨਹੀਂ ਰੱਖਦਾ ਸਗੋਂ ਸਖਤ ਸਜਾਵਾਂ (ਮਨੂੰ ਦੇ ਕਾਨੂੰਨ) ਅਨੁਸਾਰ ਚਲਦਾ ਹੈ ਪਰ ਵਿਡਾਣ ਇਹ ਹੈ ਕਿ ਕੁਝ ਕੁ ਅਪਵਾਦਾਂ ਨੂੰ ਛੱਡ ਕੇ ਪੱਛਮੀ ਵਿਦਵਾਨਾਂ ਦੀ ਰਾਇ ਅਨੁਸਾਰ ਬਿਪਰ ਅਹਿੰਸਕ ਹੈ। ਕਾਰਪੋਰੇਟ ਪੂੰਜੀਵਾਦ ਆਪਣੇ ਹੱਕ/ ਹਿਤ ਰਾਖਵੇਂ ਰੱਖ ਕੇ ਚਲਦਾ ਹੈ ਪਰ ਬਿਪਰਵਾਦ ਵਿਚ ਰਾਖਵਾਂਪਣ ਨਿਰੋਲ ਬਿਪਰ ਦੇ ਹੱਕਾਂ/ ਹਿਤਾਂ ਦਾ ਹੁੰਦਾ ਹੈ। ਉਸ ਦੇ ਹੱਕਾਂ/ ਹਿਤਾਂ ਬਲਕਿ ਇਛਾਵਾਂ ਸਾਹਮਣੇ ਦੂਜਿਆਂ ਦੇ ਹੱਕਾਂ ਦੀ ਕੋਈ ਮਾਨਤਾ/ ਅਹਿਮੀਅਤ ਨਹੀਂ ਹੈ। ਬੇਸ਼ਕ ਦੁਨੀਆ ਭਰ ਵਿਚ ਕਿਸਾਨੀ/ ਖੇਤੀ ਕਿਰਤ ਨੂੰ ਪਛਾੜਿਆ ਗਿਆ ਹੈ ਪਰ ਭਾਰਤ ਵਿਚ ਇਸ ਦੇ ਸਰੋਕਾਰ ਵੱਖਰੇ ਬਣਦੇ ਹਨ। ਬਿਪਰ ਦੇ ਕਾਨੂੰਨ ਵਿਚ ਕਿਰਤੀ ਕਾਰਪੋਰੇਟ ਪੂੰਜੀਵਾਦ ਦੇ ਕਿਰਤੀ ਵਾਂਗ ਚੁਪ ਚਾਪ ਕਿਰਤ ਕਰ ਕੇ ਗੁਜਰ-ਬਸਰ ਨਹੀਂ ਕਰ ਸਕਦਾ, ਉਸ ਨੂੰ ਅਪਮਾਨਤ ਹੋਣਾ ਪਊ ਜਾਂ ਮਰਨਾ ਪਊ।

ਬਿਪਰਵਾਦੀ ਦਿੱਲੀ ਹਕੂਮਤ ਸਾਹਮਣੇ ਕਿਸਾਨ ਦਾ ਰੁਤਬਾ ਅਤੇ ਹੱਕ/ ਹਿਤ ਕੀ ਅਹਿਮੀਅਤ ਰੱਖਦੇ ਹਨ? ਇਸ ਦੀ ਸ਼ਨਾਖਤ ਲਈ, ਪੰਜਾਬ ਤੋਂ ਬਾਹਰ ਭਾਰਤ ਅੰਦਰ ਪਦਾਰਥਕ ਨੁਕਤੇ ਤੋਂ ਜਾਂ ਜਾਤ ਵਿਤਕਰੇ ਅਧਾਰਤ ਟਕਰਾਅ ਦੇ ਨੁਕਤੇ ਤੋਂ ਵੇਖਿਆ ਜਾਵੇ ਤਾਂ ਵਰਣ ਪ੍ਰਬੰਧ ਦੀ ਵਿਆਕਰਣ ਵਿਚ ਵੈਸ਼ ਦੀ ਹਾਲਤ ਅਨਿਸ਼ਚਤ ਹੈ। ਵਰਤਮਾਨ ਪ੍ਰਵਚਨਾਂ ਵਿਚ ਸ਼ੂਦਰ ਦੀ ਹਾਲਤ ਸਪਸ਼ਟ ਹੈ ਕਿ ਬਿਪਰ ਉਸ ਦਾ ਦਮਨਕਾਰ ਹੈ। ਸ਼ੂਦਰ ਦੀ ਹਰੇਕ ਦੁਸ਼ਵਾਰੀ ਦਾ ਜਿੰਮੇਵਾਰ ਬਿਪਰ ਹੈ ਪਰ ਵੈਸ਼ ਦੇ ਪ੍ਰਸੰਗ ਵਿਚ ਇਹ ਸਪਸ਼ਟ ਨਹੀਂ ਹੈ। ਉਹ ਦਵਿਜ ਜਨਮਿਤ ਜਾਤਾਂ ਵਿਚ ਸ਼ਾਮਲ ਵੀ ਕਰ ਲਿਆ ਜਾਂਦਾ ਹੈ ਪਰ ਬਿਪਰ ਵਲੋਂ ਉਸ ਦਾ ਦਮਨ ਲਗਾਤਾਰ ਜਾਰੀ ਹੈ। ਉਸ ਦੀ ਹਾਲਤ ਅਸਪਸ਼ਟ ਅਤੇ ਲਟਕਵੀਂ ਹੈ। ਬਿਪਰ ਵਿਆਕਰਣ ਦੀਆਂ ਸਾਵੀਆਂ ਹਾਲਤਾਂ ਵਿਚ ਉਹਦਾ ਜੀਵਨ ਪੱਧਰ ਸ਼ੂਦਰ ਵਰਗਾ ਹੀ ਹੈ ਪਰ ਖਾਸ ਹਾਲਤਾਂ ਵਿਚ ਉਸ ਨੂੰ ਸ਼ੂਦਰ ਖਿਲਾਫ ਭੁਗਤਾ ਲਿਆ ਜਾਂਦਾ ਹੈ ਅਤੇ ਉਸ ਦਾ ਵੱਡਾ ਹਿੱਸਾ ਖੁਸ਼ੀ-ਖਸ਼ੀ ਭੁਗਤ ਵੀ ਜਾਂਦਾ ਹੈ। ਮਿੱਟੀ, ਪਾਣੀ, ਕਿਰਤ, ਪੈਦਾਵਰ ਦੇ ਨੁਕਤੇ ਤੋਂ ਵੈਸ਼ ਅਤੇ ਸ਼ੂਦਰ ਦੋਵੇਂ ਇਕ ਹੀ ਹਨ ਪਰ ਬਿਪਰ ਖਿਲਾਫ ਲੜਾਈ ਵਿਚ ਇਹ ਵੰਡੇ ਜਾਂਦੇ ਹਨ। ਇਕ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਬਿਪਰ ਦੀ ਨੀਤੀ ਅਤੇ ਸਿਧਾਂਤ ਹੀ ਅਜਿਹਾ ਹੈ ਜਿਸ ਵਿਚ ਇਹ ਦੋਵੇਂ ਤਾਂ ਕੀ ਬਲਕਿ ਇਨ੍ਹਾਂ ਦੋ ਹੇਠਲੇ ਵਰਣਾਂ ਅੰਦਰ ਆਉਂਦੀਆਂ ਬਰਾਬਰ ਦੇ ਰੁਤਬੇ ਦੀਆਂ ਜਾਤਾਂ ਵੀ ਬ੍ਰਾਹਮਣ ਖਿਲਾਫ ਇਕ ਨਹੀਂ ਹੁੰਦੀਆਂ।

ਦੂਜੀ ਗੱਲ ਇਹ ਹੈ ਕਿ ਦਮਿਤ ਖੁਦ-ਬਖੁਦ ਹੀ ਵੰਡੇ ਹੋਏ ਹੁੰਦੇ ਹਨ। ਦਮਨਾਕਾਰ ਸਦਾ ਇਕ ਹੋ ਜਾਂਦੇ ਹਨ ਜਿਵੇਂ ਇਸ ਪ੍ਰਸੰਗ ਵਿਚ ਬਿਪਰਵਾਦ ਅਤੇ ਕਾਰਪੋਰੇਟ ਪੂੰਜੀਵਾਦ ਇਕ ਹੋ ਗਏ ਹਨ। ਦਮਨਕਾਰ ਬੇਸ਼ਕ ਦਮਿਤਾਂ ਨੂੰ ਵੰਡ ਕੇ ਰੱਖਣ ਦੇ ਆਹਰ ਵਿਚ ਰਹਿੰਦੇ ਹਨ ਪਰ ਉਹ ਉਨ੍ਹਾਂ ਨੂੰ ਸਮਝਦੇ ਇਕੋ ਹਨ ਅਤੇ ਉਨ੍ਹਾਂ ਨੂੰ ਦਮਿਤ ਹਾਲ ਵਿਚ ਰੱਖਣ ਲਈ ਸਪਸ਼ਟ ਹੁੰਦੇ ਹਨ। ਬਿਪਰ ਵੈਸ਼ ਅਤੇ ਸ਼ੂਦਰ ਦੀ ਹੋਂਦ ਨੂੰ ਪਰਾਈ (ਦ ਅਦਰ) ਸਮਝਣ ਵਿਚ ਸਪਸ਼ਟ ਹੈ। ਜਾਤ ਪ੍ਰਣਾਲੀ ਦਾ ਵਿਚਾਰਕ ਜੀ. ਐਸ. ਗੁਰੀਏ ਦਸਦਾ ਹੈ ਕਿ ਬਹੁਤ ਸਾਰੇ ਮੌਕਿਆਂ ‘ਤੇ ਵੈਸ਼ਾਂ ਨੂੰ ਸ਼ੂਦਰਾਂ ਨਾਲ ਹੀ ਜੋੜਿਆ ਜਾਂਦਾ ਹੈ। ਇਨ੍ਹਾਂ ਦੋਹਾਂ ਸ਼੍ਰੇਣੀਆਂ ਦੁਆਰਾ ਧਾਰਨ ਕੀਤੇ ਪੇਸ਼ੇ ਤਕਰੀਬਨ ਤਕਰੀਬਨ ਇਕੋ ਜਿਹੇ ਹੀ ਸਨ। ਮਿਹਨਤ ਮਜਦੂਰੀ ਕਰ ਕੇ ਪੈਸੇ ਕਮਾਉਣੇ ਵੈਸ਼ਾਂ ਅਤੇ ਸ਼ੂਦਰਾਂ ਦੋਹਾਂ ਲਈ ਹੀ ਕਮਾਈ ਦਾ ਵਿਸ਼ੇਸ਼ ਸਾਧਨ ਸੀ। ਵੈਸ਼ਾਂ ਵਿਚ ਆਮ ਤੌਰ ‘ਤੇ ਮਜਦੂਰ ਲੋਕ ਸਨ। ਕੌਟਲਿਆ ਨੇ ਇਨ੍ਹਾਂ ਦੋਹਾਂ ਦੀਆਂ ਪੇਸ਼ੇਵਰ ਹਸਤੀਆਂ ਨੂੰ ਬਿਲਕੁਲ ਹੀ ਬਰਾਬਰ ਸਿੱਧ ਕੀਤਾ ਹੈ। ਵਿਆਹ, ਮੁਕਤੀ ਦੇ ਪ੍ਰਸੰਗ ਵਿਚ ਵੈਸ਼ ਅਤੇ ਸ਼ੂਦਰ ਦੋਵਾਂ ‘ਤੇ ਸਾਵੇਂ ਨੇਮ ਲਾਗੂ ਸਨ। ਪਰਸ਼ੂਰਾਮ ਦੁਆਰਾ ਕਸ਼ਤਰੀਆਂ ਨੂੰ ਕਤਲ ਕਰਨ ਕਾਰਨ ਹੋਈ ਮੰਨੀ ਜਾਂਦੀ ਗੜਬੜੀ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਕਿ ਸ਼ੂਦਰਾਂ ਅਤੇ ਵੈਸ਼ਾਂ ਦੋਹਾਂ ਨੇ ਬ੍ਰਾਹਮਣੀ ਅਨੁਸ਼ਾਸਨ-ਨੇਮਾਂ ਨੂੰ ਤਿਆਗ ਦਿੱਤਾ ਸੀ ਅਤੇ ਬ੍ਰਾਹਮਣ ਦੀਆਂ ਇਸਤਰੀਆਂ ਦਾ ਸਤ ਭੰਗ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਸਪਸ਼ਟ ਹੈ ਜਿਉਂ ਹੀ ਹਕੂਮਤ ਦਾ ਡੰਡਾ ਸਿਰੋਂ ਹਟਦਾ ਸੀ ਸ਼ੂਦਰਾਂ ਵਾਂਗ ਵੈਸ਼ ਵੀ ਬ੍ਰਾਹਮਣੀ ਆਚਾਰ ਨਿਯਮ ਵਿਰੁੱਧ ਬਗਾਵਤ ਕਰਨ ਲਈ ਤਿਆਰ ਹੋ ਜਾਂਦੇ ਸਨ। (ਗੁਰੀਏ 2003: 62) ਬਿਪਰ ਲਈ ਉਸ ਦਾ ਵਰਣ-ਆਸ਼ਰਮ ਆਚਾਰ ਨੇਮ ਪ੍ਰਬੰਧ ਸਰਵੋਤਮ ਹੈ। ਉਸ ਲਈ ਸ਼ੂਦਰ ਵਾਂਗ ਹੀ ਵੈਸ਼ ਵੀ ਉਸ ਦੇ ਆਚਾਰ ਨੇਮ ਦਾ ਵਿਰੋਧੀ ਹੈ। ਖੇਤੀ ਕਰਨ ਵਾਲੇ ਵੈਸ਼ ਤਾਂ ਬਿਲਕੁਲ ਸ਼ੂਦਰ ਹੀ ਸਨ ਬਸ ਇਹ ਫਰਕ ਸੀ ਕਿ ਇਨ੍ਹਾਂ ਦਾ ਅੰਨ ਖਾਣ ਯੋਗ ਮੰਨਿਆ ਜਾਂਦਾ ਸੀ। ਮਨੂੰ ਸਿਮਰਤੀ (4/253) ਵਿਚ ਲਿਖਿਆ ਹੈ ਖੇਤੀ ਕਰਨ ਵਾਲਾ, ਖਾਨਦਾਨ ਦਾ ਦੋਸਤ, ਗੋਪਾਲ, ਦਾਸ, ਨਾਈ ਅਤੇ ਜਿਸ ਨੇ ਆਪਣੇ ਆਪ ਨੂੰ ਸਮਰਪਣ ਕਰ ਦਿੱਤਾ ਹੈ; ਇਨ੍ਹਾਂ ਸ਼ੂਦਰਾਂ ਦਾ ਅੰਨ ਖਾਣ ਯੋਗ ਹੈ। ਖਾਸ ਗੁਣ ਇਹ ਹੋਣਾ ਚਾਹੀਦਾ ਹੈ ਕਿ ਇਨ੍ਹਾਂ ਦਾ ਸਮਰਪਣ ਹੋਣਾ ਜਰੂਰੀ ਸੀ। ਸਮਰਪਣ ਤੋਂ ਬਿਨ੍ਹਾ ਇਹ ਪਰਵਾਨ ਨਹੀਂ ਹਨ। ਬ੍ਰਾਹਮਣ ਦੀ ਵਿਆਕਰਣ ਵਿਚ ਕਿਰਸਾਨ ਜਾਂ ਹੱਥੀਂ ਕਿਰਤ ਕਰਨ ਵਾਲੇ ਵੈਸ਼ ਉਪਰ ਉਹ ਸਾਰੇ ਨੇਮ ਲਾਗੂ ਹਨ ਜੋ ਸ਼ੂਦਰ ‘ਤੇ ਹਨ। ਬਿਪਰ ਪ੍ਰਤੀ ਸਮਰਪਣ ਇਸ ਦੀ ਕੇਂਦਰੀ ਤੰਦ ਹੈ। ਐਤਰੀਯ ਬ੍ਰਾਹਮਣ ਵਿਚ ਸ਼ੂਦਰ ਨੂੰ ‘ਯਥਾਕਾਮਪਰੇਸ਼ਯ’ ਅਤੇ ‘ਯਥਾਕਾਮਵਸਯ’ ਮੰਨਿਆ ਗਿਆ ਹੈ। ਇਨ੍ਹਾਂ ਵਿਚੋਂ ਪਹਿਲੇ ਦੇ ਅਰਥ ਹਨ ਬ੍ਰਾਹਮਣ ਸ਼ੂਦਰ ਨੂੰ ਜਿੱਥੇ ਚਾਹੇ ਭੇਜ ਸਕਣ ਅਤੇ ਦੂਜੇ ਦੇ ਜਿੱਥੇ ਚਾਹੇ ਤਾੜਨਾ ਕਰ ਸਕਣ। (ਨਿਰਾਕਾਰੀ: 63) ਹੁਣ ਕਿਸਾਨਾਂ ਦੇ ਵਿਰੋਧ ਦੀ ਦਿੱਕਤ ਇਹ ਹੈ ਕਿ ਉਹ ਸਮਰਪਣ ਭੰਗ ਕਰ ਰਹੇ ਹਨ ਬਲਕਿ ਬਰਾਬਰੀ ਵਿਖਾ ਰਹੇ ਹਨ। ਉਨ੍ਹਾਂ ਨਾਲ ਸਖਤੀ ਨਾਲ ਨਜਿੱਠਣ ਦੀ ਹੀ ਸ਼ਾਸਤਰੀ ਮਾਨਤਾ ਹੈ। ਬਿਪਰ ਹਕੂਮਤ ਨੇ ਲੋਕਰਾਜ ਦਾ ਭੇਖ ਧਾਰਿਆ ਹੋਣ ਕਰ ਕੇ ਉਸ ਨੂੰ ਥੋੜ੍ਹਾ ਸੰਜਮ ਨਾਲ ਚੱਲਣਾ ਪੈ ਰਿਹਾ ਹੈ। ਕਿਸਾਨ ਜਦੋਜਹਿਦ ਨੂੰ ਦਿੱਲੀ ਤੱਕ ਲਿਜਾਣ ਵਿਰੁੱਧ ਦਿੱਲੀ ਹਕੂਮਤ ਨੇ ਆਪਣਾ ਬਿਪਰਵਾਦੀ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਕਿਸਾਨ ‘ਯਥਾਕਾਮਪਰੇਸ਼ਯ’ ਅਤੇ ‘ਯਥਾਕਾਮਵਸਯ’ ਹਨ।

ਕਿਸਾਨਾਂ ਨੂੰ ਇਸ ਗੱਲ ਦਾ ਰੋਸ ਹੈ ਕਿ ਸਰਕਾਰ ਨੇ ਪਹਿਲੀ ਵਾਰ ਉਨ੍ਹਾਂ ਨੂੰ ਦਿੱਲੀ ਬੁਲਾ ਕੇ ਸਤਿਕਾਰ ਨਾਲ ਗੱਲ ਨਹੀਂ ਕੀਤੀ ਅਤੇ ਦੂਜੀ ਵਾਰ ਬੁਲਾ ਕੇ ਆਪਣੀ ਗੱਲ ਮਨਵਾਉਣ ਲੱਗ ਗਏ। ਸ਼ਤਪਥ ਬ੍ਰਾਹਮਣ ਵਿਚ ਕਿਹਾ ਹੈ ਕਿ ਸ਼ੂਦਰ ਨਾਲ ਭਾਸ਼ਣ ਨਹੀਂ ਕਰਨਾ ਚਾਹੀਦਾ। ਬਿਪਰ ਦੇ ਨੇਮ ਪ੍ਰਬੰਧ ਵਿਚ ਵੈਸ਼/ਸ਼ੂਦਰ ਨੂੰ ਸਖਤੀ ਨਾਲ ਨਜਿੱਠਣਾ ਹੀ ਇਕੋ-ਇਕ ਵਿਧ ਹੈ। ਕਿਸਾਨੀ ਜੱਦੋਜਹਿਦ ਲਈ ਇਕ ਸਬਕ ਇਹ ਬਣਦਾ ਹੈ ਕਿ ਕਮਜੋਰ ਹੋਣ ਅਤੇ ਮੰਗਣ ਦੀ ਹਾਲਤ ਵਿਚ ਬਿਪਰ ਨਾਲ ਸੌਦੇਬਾਜੀ ਨਹੀਂ ਹੋ ਸਕਦੀ। ਕਾਰਪੋਰੇਟ ਪੂੰਜੀਵਾਦੀ ਨਾਲ ਇਸ ਤਰ੍ਹਾਂ ਦੇ ਸੌਦੇ ਦੀ ਸੰਭਾਵਨਾ ਰਹਿੰਦੀ ਹੈ ਕਿਉਂਕਿ ਦੁਵੱਲੇ ਲਾਹੇ ਵਿਚ ਕਾਰਪੋਰੇਟ ਨੂੰ ਕਿਸੇ ਨਾਲ ਵੀ ਸੌਦਾ/ਸੰਧੀ ਕਰਨ ਵਿਚ ਇਤਰਾਜ ਨਹੀਂ ਹੈ ਪਰ ਬਿਪਰ ਲਈ ਜੋ ਨੀਵਾਂ ਹੈ ਉਸ ਨਾਲ ਸੌਦਾ/ਸੰਧੀ ਦੀ ਕੋਈ ਸੰਭਾਵਨਾ ਨਹੀਂ। ਬਿਪਰ ਵਿਆਕਰਣ ਵਿਚ ਕਿਸਾਨ ਜਿਸ ਥਾਂ ‘ਤੇ ਹਨ ਉਨ੍ਹਾਂ ਨੂੰ ਮੰਗਣ ਦਾ ਵੀ ਹੱਕ ਨਹੀਂ। ਇਤਿਹਾਸ ਅਤੇ ਵਰਤਮਾਨ ਤੋਂ ਸਪਸ਼ਟ ਹੈ ਕਿ ਬਿਪਰ ਦਾ ਕਿਰਦਾਰ ਦਇਆਹੀਣ ਅਤੇ ਹੰਕਾਰੀ ਹੈ। ਉਸ ਤੋਂ ਮੰਗਿਆਂ ਹੱਕ ਦੀ ਥਾਂ ਜਲਾਲਤ ਮਿਲਦੀ ਹੈ। ਜੋ ਕੁਝ ਮਿਲਣਾ ਹੈ ਉਹ ਬਿਪਰ ਦਾ ਹੰਕਾਰ ਟੁੱਟਿਆਂ ਮਿਲਣਾ ਹੈ। ਇਸ ਲਈ ਇਹ ਜੱਦੋਜਹਿਦ ਬਿਪਰ ਦਾ ਹੰਕਾਰ ਤੋੜਨ ਦੇ ਸਮਰੱਥ ਹੁੰਦੀ ਹੈ ਕਿ ਨਹੀਂ, ਇਹ ਮਸਲਾ ਹੈ। ਅੱਜ ਇਹ ਜੱਦੋਜਹਿਦ ਜਿਹੜਾ ਰੂਪ ਧਾਰਦੀ ਜਾ ਰਹੀ ਹੈ ਉਸ ਵਿਚੋਂ ਜਾਪਦਾ ਹੈ ਕਿ ਇਹ ਲਹਿਰ ਦੀ ਅਸਲ ਟੱਕਰ ਹੀ ਬਿਪਰ ਦੀ ਹੈਂਕੜ ਨਾਲ ਬਣ ਰਹੀ ਹੈ। ਕਿਸਾਨਾਂ ਦੇ ਦਿੱਲੀ ਜਾਣ ਦੇ ਹੀਲੇ, ਉਪਰਾਲੇ ਅਤੇ ਸਿਦਕ ਇਹੀ ਸੁਨੇਹਾ ਦੇ ਰਿਹਾ ਹੈ।

ਬਿਪਰਵਾਦੀ ਢਾਂਚੇ ਵਿਚ ਹੱਥੀਂ ਕੀਤੀ ਕਿਰਤ ਅਤੇ ਕਿਰਤੀ ਦੀ ਥਾਂ ਨੀਵੀਂ ਹੈ। ਖੇਤੀ ਏਸ ਕਰ ਕੇ ਹਿੰਸਾ ਹੈ ਕਿਉਂਕਿ ਹਲ ਵਾਹੁਣ ਨਾਲ ਜੀਵ ਹੱਤਿਆ ਹੁੰਦੀ ਹੈ। ਬਿਪਰ ਦਰਸ਼ਨ ਆਪਣੇ ਮੁੱਢ ਤੋਂ ਹੀ ਹੱਥੀਂ ਕਿਰਤ ਨਾਲ ਟਕਰਾਅ ਵਿਚ ਰਿਹਾ ਹੈ। ਬ੍ਰਾਹਮਣ ਗ੍ਰੰਥਾਂ ਵਿਚ ਹੱਥੀਂ ਕਿਰਤ ਕਰਨ ਵਾਲੇ ਕਾਮਿਆਂ ਪ੍ਰਤੀ ਨਫਰਤ ਦਰਜ ਹੈ ਅਤੇ ਮਾਨਸਕ ਕੰਮ ਕਰਨ ਨੂੰ ਉਚਿਆਇਆ ਗਿਆ ਹੈ। (ਚਟੋਪਾਧਿਆ : 82) ਜਦ ਉਪਨਿਸ਼ਦਾਂ ਵੇਲੇ ਬ੍ਰਾਹਮਣੀ ਦਰਸ਼ਨ ਸਥਾਪਤ ਹੁੰਦਾ ਹੈ ਤਾਂ ਹੱਥੀਂ ਕੰਮ ਕਰਨ ਵਾਲੇ ਕਾਮੇ ਨੂੰ ਹਰ ਪ੍ਰਕਾਰ ਦੇ ਮਾਨ-ਸਨਮਾਨ ਅਤੇ ਸਹੂਲਤਾਂ ਤੋਂ ਵਾਂਝੇ ਕਰਨ ਦੀ ਕਲਪਨਾ ਹੈ। (ਚਟੋਪਾਧਿਆ :85) ਬਿਪਰ ਸਦਾ ਆਪਣੇ ਰਾਜ ਸ਼ਕਤੀ ਨਾਲ ਸਬੰਧਾਂ ਨੂੰ ਉਚਿਆਉਂਦਾ ਰਿਹਾ ਹੈ। ਭੂਤ ਵਿਚ ਜਦ ਵੀ ਹਕੂਮਤ ਬਿਪਰ ਨਾਲ ਸਹਿਚਾਰੀ ਹੋਈ ਹੈ ਤਾਂ ਬ੍ਰਾਹਮਣ ਆਮ ਕਰ ਕੇ ਕਰਾਂ ਤੋਂ ਮੁਕਤ ਰਿਹਾ ਹੈ। ਡੀ. ਐਨ. ਮਜੂਮਦਾਰ ਕਹਿੰਦਾ ਹੈ ਕਿ ਭਾਰਤ ਵਿਚ ਬ੍ਰਾਹਮਣਾਂ ਨੇ ਆਪਣੇ ਅਧਿਕਾਰਾਂ ਨੂੰ ਵਧੇਰੇ ਸਖਤੀ ਨਾਲ ਸੁਰੱਖਿਅਤ ਰੱਖਿਆ ਹੈ ਅਤੇ ਕੋਈ ਵੀ ਗੈਰ ਬ੍ਰਾਹਮਣ ਇਸ ਵਿਚ ਦਖਲ ਨਹੀਂ ਸੀ ਕਰ ਸਕਦਾ। (382-383) ਹੁਣ ਦੁਨੀਆ ਭਰ ਵਿਚ ਸਰਵੋਤਮ ਸੱਤਾ/ਤਾਕਤ ਕਾਰਪੋਰੇਟ ਪੂੰਜੀਵਾਦ ਹੈ। ਬਿਪਰ ਰਾਜ ਸੱਤਾ ਜਾਂ ਤਾਕਤ ਦਾ ਹਿੱਸੇਦਾਰ ਬਣੇ ਰਹਿਣ ਦਾ ਆਦੀ ਹੈ। ਇਸ ਦੇ ਸੰਕੇਤ ਰਿਗਵੇਦ (4/50/8-9) ਵਿਚੋਂ ਮਿਲਦੇ ਹਨ। ਇਤਿਹਾਸਕ ਤੌਰ ‘ਤੇ ਇਸਲਾਮੀ ਹਾਕਮਾਂ ਅਤੇ ਅੰਗਰੇਜ ਹਕੂਮਤ ਨਾਲ ਬਿਪਰ ਦੇ ਸਬੰਧ ਸਹੂਲਤਮਈ ਰਹੇ ਹਨ। (Swami Dharma Teertha: 149, Swami/ S. Bharmachari 209-220) ਬਲਕਿ ਇਤਿਹਾਸਕ ਹਵਾਲੇ ਹਨ ਕਿ ਜਦੋਂ ਕੋਈ ਜਰਵਾਣਾ ਆਉਂਦਾ ਹੈ ਤਾਂ ਬਿਪਰ ਜਰਵਾਣੇ ਨਾਲ ਸਾਂਝ ਬਣਾਉਂਦਾ ਰਿਹਾ ਹੈ। ਇਸ ਲਈ ਉਹ ਜਿਹੜਾ ਪ੍ਰਵਚਨ ਘੜਦਾ ਹੈ ਉਸ ਵਿਚ ਕਿਰਤ ਅਤੇ ਕਿਰਤੀ ਦੀ ਥਾਂ ਨੀਵੀਂ ਬਣਦੀ ਹੈ। ਉਹ ਕਿਰਤ ਅਤੇ ਕਿਰਤੀ ਨੂੰ ਤਾਕਤ ਅਨੁਸਾਰੀ ਰਹਿਣ ਦੀ ਸਿੱਖਿਆ ਦਿੰਦਾ ਹੈ। ਪੰਜਾਬ ਦੀ ਵਿਆਕਰਣ ਵਿਚ ਖੇਤੀ ਕੇਵਲ ਆਰਥਿਕਤਾ ਨਹੀਂ ਸਗੋਂ ਧਰਮ ਹੈ। ਸੱਚ ਹੈ। ਮੁਕੰਮਲ ਜੀਵਨ ਹੈ। ਇਥੇ ਖੇਤੀ ਤੋਂ ਟੁੱਟਿਆ ਜੀਵਨ ਨਿਹਫਲ ਹੈ। ਇਸ ਪੱਖ ਤੋਂ ਪੰਜਾਬ ਦੇ ਕਿਸਾਨ ਅਤੇ ਬਿਪਰਵਾਦੀ ਦਿੱਲੀ ਹਕੂਮਤ ਬਹੁਤ ਦੂਰ ਖੜ੍ਹੇ ਹਨ ਜਿਸ ਦਾ ਇਸ ਜੱਦੋਜਹਿਦ ਵਿਚੋਂ ਪਤਾ ਲੱਗ ਰਿਹਾ ਹੈ।

ਉਪਰ ਗੱਲ ਹੋਈ ਹੈ ਕਿ ਹੋਰਾਂ ਦੇਸਾਂ ਵਿਚ ਕਾਰਪੋਰੇਟ ਪੂੰਜੀਵਾਦ ਭਾਰਤ ਨਾਲੋਂ ਵਧੇਰੇ ਮਜਬੂਤ ਹੈ ਪਰ ਇਥੇ ਜਿਹੜੀ ਖੁੱਲ੍ਹ-ਖੇਡ ਨਿੱਜੀ ਅਦਾਰਿਆਂ ਨੂੰ ਦਿੱਤੀ ਜਾ ਰਹੀ ਹੈ ਉਹ ਪੱਛਮ ਨਾਲੋਂ ਵਧੇਰੇ ਹੈ। ਮਜਦੂਰ ਕਾਨੂੰਨ ਖਤਮ ਭੰਗ ਕੀਤੇ ਜਾ ਰਹੇ ਹਨ ਅਤੇ ਕਾਰਪੋਰੇਟ ਪੂੰਜੀਵਾਦ ਲਈ ਨਵੇਂ ਕਾਨੂੰਨ ਬਣਾਏ ਜਾ ਰਹੇ ਹਨ। ਇਹ ਜਿਸ ਕਦਰੇ ਬਣਾਏ ਜਾ ਰਹੇ ਹਨ ਅਤੇ ਜਿਸ ਵਿਧ ਲਾਗੂ ਕੀਤੇ ਜਾ ਰਹੇ ਹਨ ਉਸ ਵਿਚੋਂ ਸਪਸ਼ਟ ਹੋ ਰਿਹਾ ਹੈ ਕਿ ਹਕੂਮਤ ਕਿਰਤੀ ਬੰਦੇ ਦੀ ਕਦਰ ਘਟਾ ਰਹੀ ਹੈ। ਦੂਜਾ, ਨਿੱਜਵਾਦ (ਐਕਸਕਲੂਸਿਵ) ਨੂੰ ਸਥਾਪਤ ਕਰ ਰਹੀ ਹੈ ਜੋ ਬਿਪਰਵਾਦ ਦਾ ਅਨਖਿੜਵਾਂ ਲੱਛਣ ਹੈ। ਕਾਰਪੋਰੇਟ ਪੂੰਜੀਵਾਦ ਨੂੰ ਜਿਨ੍ਹਾਂ ਥਾਵਾਂ/ਦੇਸਾਂ ਵਿਚ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ ਜਾਂ ਪੈ ਰਿਹਾ ਹੈ ਉਥੇ ਉਨ੍ਹਾਂ ਨੇ ਮੂਲ ਲੋਕਾਂ ਵਿਚੋਂ ਕਾਰਿੰਦੇ ਬਣਾ ਕੇ ਤਾਕਤ ਦੇ ਕੇ ਮੋਹਰੀ ਕੀਤੇ ਹੋਏ ਹਨ ਪਰ ਉਹ ਆਪਣੇ ਮੂਲ ਨੈਤਿਕ ਪ੍ਰਬੰਧਾਂ ਵਿਚ ਖੁਦਗਰਜ ਜਾਂ ਵਿਕੇ ਹੋਏ ਆਗੂ ਮੰਨੇ ਜਾਂਦੇ ਹਨ। ਇਹ ਗੱਲ ਬਿਪਰਵਾਦ ‘ਤੇ ਲਾਗੂ ਨਹੀਂ ਹੁੰਦੀ। ਬਿਪਰਵਾਦ ਆਪਣੀ ਨੈਤਿਕਤਾ ਤੋਂ ਮੁਨਕਰ ਹੋ ਕੇ ਕਾਰਪੋਰੇਟ ਪੂੰਜੀਵਾਦ ਦਾ ਕਾਰਿੰਦਾ ਨਹੀਂ ਬਣ ਰਿਹਾ ਬਲਕਿ ਇਸ ਦਾ ਸਿਧਾਂਤਕ ਅਧਾਰ ਹੀ ਨਿੱਜਵਾਦੀ ਅਤੇ ਕਿਰਤ ਦੀ ਲੁੱਟ, ਅਪਮਾਨ ਦਾ ਹੈ।

ਇਕ ਸਵਾਲ ਇਹ ਹੈ ਕਿ ਹੋਰ ਰਾਜਾਂ ਦੇ ਕਿਸਾਨਾਂ ਨੂੰ ਵੀ ਸਾਵਾਂ ਹੀ ਖਤਰਾ ਹੈ ਪਰ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਪੰਜਾਬ ਵਿਚੋਂ ਹੀ ਸਖਤ ਕਿਉਂ ਹੈ? ਪੰਜਾਬੀ ਕਿਸਾਨ ਹੀ ਕਿਉਂ ਹਕੂਮਤ ਦੀਆਂ ਪਾਬੰਦੀਆਂ ਨੂੰ ਉਲੰਘ ਰਹੇ ਹਨ? ਰਾਜਨੀਤੀ ਵਿਗਿਆਨੀ ਹੈਰੋਲਡ ਜੇ ਲਾਸਕੀ ਕਹਿੰਦਾ ਹੈ ਕਿ ਜਿਸ ਨੇ ਇਕ ਵਾਰੀ ਰਾਜ ਸੱਤਾ ਮਾਣ ਲਈ ਉਹ ਮੁੜ ਰਾਜ ਸੱਤਾ ਤੋਂ ਬਿਨ੍ਹਾ ਨਹੀਂ ਰਹਿ ਸਕਦਾ। ਉਹ ਸੱਤਾਧਾਰੀ ਹੋਵੇਗਾ ਜਾਂ ਬਾਗੀ। ਇਹ ਗੱਲ ਅਜਾਦੀ ‘ਤੇ ਵੀ ਲਾਗੂ ਹੁੰਦੀ ਹੈ। ਜਿਸ ਪੱਧਰ ਦੀ ਅਜਾਦੀ ਕਿਸੇ ਬੰਦੇ/ ਸਮਾਜ ਨੇ ਮਾਣ ਲਈ ਹੈ ਉਸ ਨੂੰ ਉਸ ਪੱਧਰ ਤੋਂ ਹੇਠਲਾ ਜੀਵਨ ਕਬੂਲ ਨਹੀਂ ਹੁੰਦਾ। ਪੰਜਾਬ ਨੂੰ ਇਤਿਹਾਸ ਦੇ ਕੁਝ ਪੜਾਵਾਂ ਨੇ ਸਦੀਵੀ ਅਜਾਦੀ ਦਿੱਤੀ ਹੈ ਜਿਥੇ ਲੋਕ ਕਮਾਈ ਵੰਡ ਕੇ ਖੁਸ਼ ਹੁੰਦੇ ਹਨ। ਉਨ੍ਹਾਂ ਨੂੰ ਦੂਜਿਆਂ ਦੀ ਸੇਵਾ ਵਿਚ ਅਜਾਦੀ ਜਾਪਦੀ ਹੈ। ਬੇਸ਼ਕ ਪੰਜਾਬ ਵਿਚ ਬਹੁਤਾ ਸਮਾਂ ਪਰਾਏ ਹਾਕਮ ਜਾਂ ਪਰਾਏ ਹਾਕਮਾਂ ਦੇ ਪੰਜਾਬੀ ਸੂਬੇਦਾਰ ਰਹੇ ਹਨ ਪਰ ਇਹ ਅਜਾਦੀ ਪੰਜਾਬ ਦੇ ਡੂੰਘੇ ਜਿਹਨ ਅਚੇਤ ਵਿਚ ਵਸੀ ਹੋਈ ਹੈ। ਡੂੰਘਾ ਅਚੇਤ ਕੋਈ ਤਾਕਤ ਬਦਲ ਨਹੀਂ ਸਕਦੀ। ਇਹ ਕਿਸਾਨੀ ਜੱਦੋਜਹਿਦ ਉਸ ਡੂੰਘੇ ਅਚੇਤ ਦਾ ਪਰਤੌ ਮੰਨੀ ਜਾ ਸਕਦੀ ਹੈ। ਬਿਪਰਵਾਦ ਅਤੇ ਕਾਰਪੋਰੇਟ ਪੂੰਜੀਵਾਦ ਸਿਧਾਂਤਕ ਤੌਰ ‘ਤੇ ਅਜਿਹੀ ਅਜਾਦ ਜੀਵਨ ਸ਼ੈਲੀ ਨਾਲ ਟਕਰਾਉਂਦੇ ਹਨ ਅਤੇ ਪਦਾਰਥ ਭੋਗ ਦੀ ਜੀਵਨ ਸ਼ੈਲੀ ਸਥਾਪਤ ਕਰਦੇ ਹਨ। ਦੂਜੀ ਗੱਲ ਇਹ ਹੈ ਕਿ ਪੰਜਾਬ ਦਾ ਜਿਹਨ ਅਚੇਤ ਬਿਪਰ ਦੇ ਜਰਵਾਣੇ ਕਿਰਦਾਰ ਨੂੰ ਪਛਾਣ ਰਿਹਾ ਹੈ ਜਿਸ ਨੂੰ ਬਾਕੀ ਪਛਾਣਨ ਤੋਂ ਖੁੰਝ ਰਹੇ ਹਨ।

ਇਸ ਮਾਮਲੇ ਵਿਚ ਇਕ ਗੱਲ ਬੋਲੀ ਦੇ ਪਿਛੋਕੜ ਤੋਂ ਸਮਝਣ ਵਾਲੀ ਹੈ। ਮਨਜੂਰ ਏਜਾਜ ਕਹਿੰਦਾ ਹੈ ਕਿ ਸੰਥਾਲੀ, ਮੁੰਡਾ ਅਤੇ ਖਾਸੀ ਬੋਲੀਆਂ ਦੇ ਬੋਲ ਪੰਜਾਬੀ ਨਾਲ ਭਰਪੂਰ ਸਾਂਝੇ ਹਨ। ਖਾਸ ਕਰ ਉਹ ਸ਼ਬਦ ਜੋ ਖੇਤੀ ਦੀਆਂ ਚੀਜਾਂ ਦੇ ਹਨ। ਉਹ ਕਹਿੰਦਾ ਆਰੀਆਂ ਦੇ ਆਉਣ ਤੱਕ ਮੁੰਡਾ ਲੋਕਾਂ ਦੇ ਪੰਜਾਬ ਤੋਂ ਪਰਵਾਸ ਕਰਨ ਤੋਂ ਪਹਿਲਾਂ ਪੰਜਾਬ ਵਿਚ ਖੇਤੀ ਵਧੀਆ ਵਿਕਸਤ ਪੜਾਅ ‘ਤੇ ਸੀ। (ਏਜਾਜ: 90) ਗੰਗਾ-ਜਮਨਾ ਘਾਟੀ ਵਿਚ ਤਾਂ ਹੜੱਪਾ ਸੱਭਿਅਤਾ ਤੋਂ ਬਹੁਤ ਮਗਰੋਂ ਖੇਤੀ ਹੋਣ ਲੱਗੀ ਹੈ। ਇਹ ਤਾਂ ਆਰੀਆਂ ਦੇ ਆਉਣ ਤੋਂ ਬਹੁਤ ਮਗਰੋਂ ਹੋਣ ਲੱਗੀ ਹੈ ਜਦੋਂ ਲੋਹੇ ਦੀ ਵਰਤੋਂ ਹੋਣ ਲੱਗ ਗਈ ਸੀ। (ਏਜਾਜ: 108) ਸੰਭਾਵਨਾ ਇਹ ਹੈ ਕਿ ਪੰਜਾਬ ਵਿਚੋਂ ਕੱਢੇ ਮੂਲਵਾਸੀ ਗੰਗਾ-ਜਮਨਾ ਦੇ ਇਲਾਕਿਆਂ ਵਿਚ ਬਾਅਦ ਵਿਚ ਖੇਤੀ ਕਰਨ ਲੱਗੇ ਹੋਣ। ਏਜਾਜ ਕਹਿੰਦਾ ਹੈ ਕਿ ਚਰਵਾਹੇ ਆਰੀਆ ਤਾਂ ਖੇਤੀ ਅਤੇ ਵਾਹੀ ਵਾਲੇ ਸਮਾਜਾਂ ਨੂੰ ਨਫਰਤ ਕਰਦੇ ਸਨ। ਪੰਜਾਬੀ ਵਿਚ ਖੇਤੀ ਦੀ ਬੋਲੀ ਤਾਂ ਮੂਲ ਲੋਕਾਂ ਦੀ ਹੈ ਜੋ ਹੜੱਪਾ ਸਭਿਅਤਾ ਦੀ ਔਲਾਦ ਹਨ। ਆਰੀਆਂ ਦੇ ਆਉਣ ਤੋਂ ਪਹਿਲਾਂ ਪੰਜਾਬ ਵਿਚ ਖੇਤੀ ਦੀ ਵਾਧੂ ਪੈਦਾਵਰ ਸੀ। (ਏਜਾਜ: 107) ਬੋਲੀ ਕਿਸੇ ਸਮਾਜ ਦਾ ਸਭ ਤੋਂ ਡੂੰਘਾ ਅਚੇਤ ਹੁੰਦੀ ਹੈ। ਆਰੀਆ ਦੀ ਔਲਾਦ/ਦਾਅਵੇਦਾਰ ਬਿਪਰ ਦਾ ਖੇਤੀ ਨਾਲ ਕਦੀਮੀ ਟਕਰਾਅ ਹੈ। ਰਿਗਵੇਦ ਵਿਚ ਜਿਹੜੀਆਂ ਦੋ ਚੀਜਾਂ ਆਰੀਆਂ-ਅਨਾਰੀਆ ਦੀ ਟੱਕਰ ਦਾ ਕਾਰਨ ਬਣਦੀਆਂ ਹਨ ਉਹ ਪਾਣੀ ਅਤੇ ਗਊਆਂ ਸਨ। ਪਾਣੀ ਅੱਜ ਵੀ ਟੱਕਰ ਦਾ ਕਾਰਨ ਹੈ। ਪੰਜਾਬ ਪੂਰਵ-ਇਤਿਹਾਸ ਤੋਂ ਹੀ ਖੇਤੀ ਪੱਖ ਦਾ ਵਾਰਸ ਬਣਦਾ ਰਿਹਾ ਹੈ ਅਤੇ ਬਿਪਰ ਵਿਰੋਧੀ। ਅੱਜ ਵੀ ਬਿਪਰ ਕਾਰਪੋਰੇਟ ਪੂੰਜੀਵਾਦ ਨੂੰ ਤਰਕ ਬਣਾ ਕੇ ਖੇਤੀ ਨੂੰ ਢਾਹ ਲਾ ਰਿਹਾ ਹੈ।

ਉਪਰਲੀ ਚਰਚਾ ਤੋਂ ਸਿੱਟਾ ਨਿਕਲਦਾ ਹੈ ਕਿ ਕਾਰਪੋਰੇਟ ਪੂੰਜੀਵਾਦ ਬਹੁਤ ਖਤਰਨਾਕ ਹੈ ਪਰ ਬਿਪਰ ਉਸ ਤੋਂ ਵੀ ਵੱਧ ਖਤਰਨਾਕ ਹੈ। ਬਿਪਰ ਦਾ ਕਿਰਤ ਅਤੇ ਕਿਰਤੀ ਨਾਲ ਕਦੀਮੀ ਵਿਰੋਧ ਹੈ। ਦਿੱਲੀ ਹਕੂਮਤ ਬਿਪਰਵਾਦੀ ਤੇ ਕਾਰਪੋਰੇਟ ਪੂੰਜੀਵਾਦ ਦਾ ਸਾਂਝਾ ਤੰਤਰ ਹੈ। ਪੰਜਾਬ ਉਸ ਦੇ ਬਿਲਕੁਲ ਉਲਟ ਦੂਜੇ ਸਿਖਰ ਖੇਤੀ ਦਾ ਵਾਰਸ ਹੈ।

* ਲੇਖਕ ਡਾ. ਸਿਕੰਦਰ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਦੇ ਪੰਜਾਬੀ ਵਿਭਾਗ ਦੇ ਇੰਚਾਰਜ ਹਨ।

ਸਹਾਇਕ ਸਰੋਤ:

  • ਹੈਰੋਲਡ ਜੇ. ਲਾਸਕੀ, ਰਾਜਨੀਤੀ ਵਿਆਕਰਣ.
  • ਜੀ.ਐਸ. ਗੁਰੀਏ, ਭਾਰਤ ਵਿਚ ਜਾਤੀ ਅਤੇ ਨਸਲ.
  • ਡੀ.ਐਨ. ਮਜੂਮਦਾਰ, ਭਾਰਤੀ ਸੰਸਕ੍ਰਿਤੀਆਂ ਅਤੇ ਜਾਤੀਆ.
  • ਦੇਵੀਪ੍ਰਸਾਦ ਚਟੋਪਾਧਿਆ, ਭਾਰਤੀ ਫਲਸਫਾ: ਕੀ ਉਸਾਰੂ, ਕੀ ਭਟਕਾਊ.
  • ਮਨੂੰ ਸਿਮਰਤੀ .
  • Dorthy M. Figuria, Aryan, Jews, Brahmins.
  • Manzur Ejaz, Linguistic Follies of the Subcontinent.
  • Swami Dharma Teertha, History of Hindu Imperialism.
  • S. Bharmachari, “English Rule in India and India’s Unrest” The Journal of Race Development, Vol. 1, No. 2.

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,