ਖਾਸ ਖਬਰਾਂ

ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਯੂਨੀਵਰਸਿਟੀਆਂ ਤੱਕ ਫੈਲਿਆ; ਪੁਲਿਸ ਕਾਰਵਾਈ ਨੇ ਬਲਦੀ ਤੇ ਤੇਲ ਪਾਇਆ

December 16, 2019 | By

ਦਿੱਲੀ: ਸੋਧੇ ਹੋਏ ਨਾਗਰਿਕਤਾ ਕਾਨੂੰਨ ਦੇ ਵਿਰੁੱਧ ਦਿੱਲੀ ਵਿਚ ਹੋਏ ਵਿਰੋਧ ਵਿਖਾਵਿਆਂ ਨੇ ਉਸ ਸਮੇਂ ਹਿੰਸਕ ਰੂਪ ਧਾਰਨ ਕਰ ਲਿਆ ਜਦੋਂ ਪੁਲਿਸ ਨੇ ਐਤਵਾਰ ਨੂੰ ਜਾਮੀਆ ਮਿਲੀਆ ਦੀ ਲਾਇਬ੍ਰੇਰੀ ਦੇ ਅੰਦਰ ਅੱਥਰੂ ਗੈਸ ਦੇ ਗੋਲੇ ਵਰਤੇ। ਖਬਰਾਂ  ਹਨ ਕਿ ਪੁਲਿਸ ਵਾਲੇ ਯੂਨੀਵਰਸਿਟੀ ਅਧਿਕਾਰੀਆਂ ਦੀ ਇਜਾਜ਼ਤ ਤੋਂ ਬਿਨਾ ਅਦਾਰੇ ਦੇ ਅੰਦਰ ਦਾਖਲ ਹੋਏ ਸਨ। ਇਸ ਕਾਰਵਾਈ ਵਿਚ 60 ਦੇ ਕਰੀਬ ਵਿਦਿਆਰਥੀ ਜ਼ਖਮੀ ਹੋਣ ਦੀਆਂ ਖਬਰਾਂ ਹਨ। ਸਾਥੀ ਵਿਦਿਆਰਥੀਆਂ ਦੇ ਜ਼ਖਮੀ ਹੋਣ ਦੀ ਖਬਰ ਮਿਲਦਿਆਂ ਹੀ ਵੱਡੀ ਗਿਣਤੀ ਵਿਚ ਵਿਦਿਆਰਥੀ ਨਹਿਰੂ ਮੈਡੀਕਲ ਕਾਲਜ ਦੇ ਟਰੌਮਾ ਸੈਂਟਰ ਪੁੱਜੇ। ਮੁੱਖ ਮੈਡੀਕਲ ਅਫਸਰ ਡਾ. ਨਿਸਾਰ ਅਹਿਮਦ ਨੇ ਦੱਸਿਆ ਕਿ ਲਗਭਗ 60 ਵਿਦਿਆਰਥੀ ਪੱਥਰਾਂ ਅਤੇ ਡੰਡਿਆਂ ਨਾਲ ਜ਼ਖਮੀ ਹੋਏ ਹਨ ਅਤੇ ਕੁਝ ਨੂੰ ਹੰਝੂ ਗੈਸ ਕਾਰਨ ਅੱਖਾਂ ਦੀ ਪਰੇਸ਼ਾਨੀ ਹੋਈ ਹੈ।

ਯੂਨੀਵਰਸਿਟੀ ਦੇ ਵਿਦਿਆਰਥੀ

ਪ੍ਰਸ਼ਾਸਨ ਨੇ ਟਕਰਾਅ ਤੋਂ ਬਾਅਦ ਪ੍ਰਭਾਵਿਤ ਇਲਾਕਿਆਂ ਵਿਚ ਇੰਟਰਨੈੱਟ ਸੇਵਾਵਾਂ ਸੋਮਵਾਰ ਰਾਤ 12 ਵਜੇਂ ਤੱਕ ਬੰਦ ਕਰ ਦਿੱਤੀਆਂ ਹਨ।

ਇਸੇ ਦੌਰਾਨ ਅੱਜ (ਸੋਮਵਾਰ ਨੂੰ) ਸੈਂਕੜੇ ਵਿਦਿਆਰਥੀ ਪੂਰੇ ਘਟਨਾਕ੍ਰਮ ਦੀ ਜਾਂਚ ਦੀ ਮੰਗ ਨੂੰ ਲੈ ਕੇ ਦਿੱਲੀ ਦੀਆਂ ਸੜਕਾਂ ‘ਤੇ ਉੱਤਰ ਆਏ। ਜਾਮੀਆ ਦੇ ਵਿਦਿਆਰਥੀਆਂ ਨਾਲ ਏਕਤਾ ਦਿਖਾਉਣ ਲਈ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਪ੍ਰੀਖਿਆਵਾਂ ਦਾ ਬਾਈਕਾਟ ਕੀਤਾ।

ਹੈਦਰਾਬਾਦ ਦੀ ਮੌਲਾਨਾ ਆਜ਼ਾਦ ਨੈਸ਼ਨਲ ਉਰਦੂ ਯੂਨੀਵਰਸਿਟੀ ਦੇ ਵਿਦਿਆਰਥੀ

ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਦੀ ਮੌਲਾਨਾ ਆਜ਼ਾਦ ਨੈਸ਼ਨਲ ਉਰਦੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੀ ਸੋਮਵਾਰ ਨੂੰ ਪ੍ਰੀਖਿਆਵਾਂ ਦਾ ਬਾਈਕਾਟ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ। ਮੌਲਾਨਾ ਆਜ਼ਾਦ ਨੈਸ਼ਨਲ ਉਰਦੂ ਯੂਨੀਵਰਸਿਟੀ ਦੇ ਕੈਂਪਸ ਵਿੱਚ ਐਤਵਾਰ ਰਾਤ ਤੋਂ ਸ਼ੁਰੂ ਹੋਇਆ ਵਿਖਾਵਾ ਅੱਧੀ ਰਾਤ ਤੱਕ ਜਾਰੀ ਰਿਹਾ। ਇਸ ਸਮੇਂ ਦੌਰਾਨ ਬਹੁਤ ਸਾਰੇ ਵਿਦਿਆਰਥੀਆਂ ਨੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।

ਇਸੇ ਦੌਰਾਨ ਵਾਰਾਣਸੀ ਵਿਚ ਕਾਸ਼ੀ ਹਿੰਦੂ ਯੂਨੀਵਰਸਿਟੀ (ਬੀ.ਐੱਚ.ਯੂ) ਅਤੇ ਕੋਲਕਾਤਾ ਵਿਚ ਜਾਦਵਪੁਰ ਯੂਨੀਵਰਸਿਟੀ ਵਿਚ ਹੋਏ ਪ੍ਰਦਰਸ਼ਨਾਂ ਨੇ ਪੁਲਿਸ ਦੀ ‘ਗੁੰਡਾਗਰਦੀ’ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ।

ਮੁੰਬਈ ਦੇ ਟਾਟਾ ਇੰਸਟੀਚਿੰਊਟ ਆਫ ਸੋਸ਼ਲ ਸਾਇੰਸਿਜ਼ (ਟੀਆਈਐਸਐਸ-ਟਿਸ) ਦੇ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ ਅਤੇ ‘ਦਿੱਲੀ ਪੁਲਿਸ ਸ਼ਰਮ ਕਰੋ’ ਦੀ ਨਾਅਰੇਬਾਜ਼ੀ ਵੀ ਕੀਤੀ।

ਤਿੰਨ ਮਸ਼ਹੂਰ ਇੰਡੀਅਨ ਇੰਸਟੀਚਿਊਟ ਟੈਕਨਾਲੋਜੀ (ਆਈ.ਆਈ.ਟੀ.) ਦੇ ਵਿਦਿਆਰਥੀਆਂ ਨੇ ਵੀ ਜਾਮੀਆ ਮਿਲੀਆ ਇਸਲਾਮੀਆ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿਦਿਆਰਥੀਆਂ ਖਿਲਾਫ ਪੁਲਿਸ ਕਾਰਵਾਈ ਦਾ ਵਿਰੋਧ ਕੀਤਾ। ਆਈਆਈਟੀ ਕਾਨਪੁਰ, ਆਈਆਈਟੀ ਮਦਰਾਸ ਅਤੇ ਆਈਆਈਟੀ ਬੰਬੇ ਦੇ ਵਿਦਿਆਰਥੀਆਂ ਨੇ ਦਿੱਲੀ ਅਤੇ ਅਲੀਗੜ੍ਹ ਵਿਚ ਵਿਦਿਆਰਥੀਆਂ ਖਿਲਾਫ ਪੁਲਿਸ ਕਾਰਵਾਈ ਦਾ ਵਿਰੋਧ ਕੀਤਾ ਹੈ।

ਸਰਕਾਰ ਨੇ ਅਗਲੇ ਕੁਝ ਦਿਨਾਂ ਤੱਕ ਅਲੀਗੜ, ਮੇਰਠ ਅਤੇ ਸਹਾਰਨਪੁਰ ਵਿਚ ਇੰਟਰਨੈੱਟ ਸੇਵਾਵਾਂ ਬੰਦ ਕਰਨ ਦੇ ਹੁਕਮ ਦਿੱਤੇ ਹਨ।

ਦੂਜੇ ਪਾਸੇ ਕਾਸ਼ੀ ਹਿੰਦੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਐਨ.ਆਰ.ਸੀ. ਅਤੇ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰ ਰਹੇ ਏਐੱਮਯੂ ਵਿਦਿਆਰਥੀਆਂ ਦੇ ਹੱਕ ਵਿਚ ਪ੍ਰਦਰਸ਼ਨ ਕੀਤਾ।

ਲਖਨਊਂ ਸਥਿਤ ਨਦਵਾ ਕਾਲੇਜ ਦੇ ਵਿਦਿਆਰਥੀ

ਲਖਨਊਂ ਸਥਿਤ ਨਦਵਾ ਕਾਲੇਜ ਦੇ ਵਿਦਿਆਰਥੀ ਵੀ ਸੜਕਾਂ ਉੱਤੇ ਆ ਗਏ ਸਨ ਪਰ ਉਨ੍ਹਾਂ ਨੂੰ ਜਲਦੀ ਹੀ ਅਦਾਰੇ ਵਿਚ ਭੇਜ ਦਿੱਤਾ ਗਿਆ।

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਸਾਬਕਾ ਉਪਕੁਲਪਤੀ ਦਾ ਬਿਆਨ:

ਇਸ ਦੌਰਾਨ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਸਾਬਕਾ ਉਪ-ਕੁਲਪਤੀ ਜਮੀਰੂਓਦੀਨ ਸ਼ਾਹ ਨੇ ਕਿਹਾ ਕਿ ਪ੍ਰਦਰਸ਼ਨ ਇਸ ਲਈ ਸ਼ੁਰੂ ਹੋਏ ਹਨ ਕਿਉਂਕਿ ਮੁਸਲਮਾਨਾਂ ਨੂੰ ਡਰ ਹੈ ਕਿ ਉਨ੍ਹਾਂ ਨਾਲ ਨਾਗਰਿਕਤਾ ਸੋਧ ਬਿੱਲ ਅਤੇ ਕੌਮੀ ਰਜਿਸਟਰ ਆਫ਼ ਸਿਟੀਜ਼ਨਸ਼ਿਪ (ਐਨਆਰਸੀ) ਦੇ ਨਾਮ ਨਾਲ ਵਿਤਕਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਪ੍ਰਕਾਰ ਦੀ ਹਿੰਸਾ ਦੇ ਖ਼ਿਲਾਫ ਹਨ ਪਰ ਨਾਲ ਹੀ ਉਹ ਪੁਲਿਸ ਦੀ ਹਿੰਸਕ ਕਾਰਵਾਈ ਦਾ ਵਿਰੋਧ ਕਰਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਪ੍ਰਦਰਸ਼ਨਕਾਰੀ ਵਿਦਿਆਰਥੀ ਹਨ ਅਤੇ ਉਨ੍ਹਾਂ ਖ਼ਿਲਾਫ ਇਸ ਤਰ੍ਹਾਂ ਦਾ ਜਾਬਰ ਪੁਲਿਸ ਰਵੱਈਆ ਨਹੀਂ ਅਪਣਾਇਆ ਜਾਣਾ ਚਾਹੀਦਾ।

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ 5 ਜਨਵਰੀ ਤੱਕ ਬੰਦ ਕੀਤੀ:

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਰਜਿਸਟਰਾਰ ਅਬਦੁੱਲ ਹਮੀਦ ਨੇ ਕਿਹਾ ਕਿ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਯੂਨੀਵਰਸਿਟੀ ਨੂੰ 5 ਜਨਵਰੀ ਤੱਕ ਬੰਦ ਕਰ ਦਿੱਤਾ ਗਿਆ ਹੈ ਅਤੇ ਸਾਰੇ ਹੋਸਟਲ ਖਾਲੀ ਕਰਵਾਏ ਜਾ ਰਹੇ ਹਨ।

ਸਥਿਤੀ ਦੇ ਮੱਦੇਨਜ਼ਰ, ਸਰਦੀਆਂ ਦੀਆਂ ਛੁੱਟੀਆਂ ਇੱਕ ਹਫਤਾ ਪਹਿਲਾਂ ਐਲਾਨ ਕਰ ਦਿੱਤੀਆਂ ਗਈਆਂ ਹਨ। ਬਾਕੀ ਪ੍ਰੀਖਿਆਵਾਂ 5 ਜਨਵਰੀ ਤੋਂ ਬਾਅਦ ਲਈਆਂ ਜਾਣਗੀਆਂ।

ਏਐੱਮਯੂ ਰਜਿਸਟਰਾਰ ਨੇ ਜਿਲ੍ਹਾ ਅਧਿਕਾਰੀਆਂ ਨੂੰ ਗੁਜਾਰਿਸ਼ ਕੀਤੀ ਹੈ ਕਿ ਉਹ ਹੋਸਟਲਾਂ ਵਿਚ ਰਹਿਣ ਵਾਲੇ ਵਿਦਿਆਰਥੀਆਂ ਨੂੰ ਬੱਸਾਂ ਰਾਹੀ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਦਾ ਇੰਤਜਾਮ ਕਰਨ। ਇਸ ਲਈ ਰੇਲ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਗਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,