ਸਿੱਖ ਖਬਰਾਂ

ਕਨਵੈਨਸ਼ਨ ਵਿੱਚ ਸਰਬੱਤ ਖਾਲਸਾ ਬੁਲਾ ਕੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਦਾ ਵਿਧਾਨ ਬਣਾਉਣ ਤੇ ਜ਼ੋਰ ਦਿੱਤਾ

October 12, 2015 | By

ਨਵੀ ਦਿੱਲੀ (11 ਅਕਤੂਬਰ): ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋ ਬੁਲਾਈ ਗਈ ਕਨਵੈਨਸ਼ਨ ਦੌਰਾਨ ਸੰਗਤਾਂ ਨੇ ਹੱਥ ਖੜੇ ਕਰੜੇ ਸੌਦਾ ਸਾਧ ਦੀ ਮੁਆਫੀ ਨੂੰ ਰੱਦ ਕਰਨ ਨੂੰ ਪ੍ਰਵਾਨਗੀ ਦੇਣ ਦੇ ਨਾਲ ਨਾਲ ਪੰਥਕ ਧਿਰਾਂ ਨੂੰ ਏਕਤਾ ਕਰਨ ਦੀ ਅਪੀਲ ਕਰਦਿਆ ਸਰਬੱਤ ਖਾਲਸਾ ਬੁਲਾ ਕੇ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਦਾ ਵਿਧੀ ਵਿਧਾਨ ਤਿਆਰ ਕਰਨ ਦੇ ਐਲਾਨ ਨੂੰ ਪਰਵਾਨਗੀ ਦਿੱਤੀ ਗਈ।

ਦਿੱਲੀ ਦੇ ਕਾਂਸਟੀਚਿਊਸ਼ਨ ਕਲੱਬ ਦੇ ਹਾਲ ਵਿੱਚ ਸੰਗਤਾਂ ਦੀ ਭਾਰੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਤੇ ਸਕਤੱਰ ਜਨਰਲ ਸ੍ਰ ਹਰਵਿੰਦਰ ਸਿੰਘ ਸਰਨਾ ਦੀ ਅਗਵਾਈ ਹੇਠ ਦਲ ਵੱਲੋ ਵੱਖ ਵੱਖ ਪੰਥਕ ਜਥੇਬੰਦੀਆ ਨੂੰ ਸੱਦਾ ਦੇ ਕੇ ਬੁਲਾਈ ਗਈ ਪੰਥਕ ਕਨਵੈਨਸ਼ਨ ਨੂੰ ਸੰਬੋਧਨ ਕਰਦਿਆ ਵੱਖ ਵੱਖ ਬੁਲਾਰਿਆ ਨੇ ਸਿੱਖ ਪੰਥ ਨਾਲ ਸਬੰਧਿਤ ਮਸਲੇ ਹੱਲ ਕਰਨ ਲਈ ਪੰਥਕ ਏਕਤਾ ਤੇ ਜ਼ੋਰ ਦਿੰਦਿਆ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਨੂੰ ਬਣਾਏ ਰੱਖਣ ਦੇ ਲਈ ਪੰਥਕ ਏਕਤਾ ਦੀ ਪਹਿਲ ਕਦਮੀ ਕੀਤੀ ਜਾਣੀ ਬਹੁਤ ਜਰੂਰੀ ਹੈ ਅਤੇ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਲਈ ਵਿਧੀ ਵਿਧਾਨ ਤਿਆਰ ਕਰਨ ਤੇ ਪੰਥਕ ਮਰਿਆਦਾ ਤੇ ਪਰੰਪਰਾਵਾਂ ਨੂੰ ਲਾਗੂ ਕਰਨ ਲਈ ਸਰਬੱਤ ਖਾਲਸਾ ਉਸ ਸਥਾਨ ਤੇ ਬੁਲਾਇਆ ਜਾਵੇ ਜਿਸ ਜਗ੍ਹਾ ਤੇ ਉਹਨਾਂ ਸਿੱਖ ਜਥੇਬੰਦੀਆ ਦੇ ਨੁੰਮਾਇਦੇ ਵੀ ਪਹੁੰਚ ਸਕਣ ਜਿਹੜੀਆ ਸਰਕਾਰ ਦੀ ਕਾਲੀ ਸੂਚੀ ਵਿੱਚ ਸ਼ਾਮਲ ਹਨ। ਸਿੱਖ ਪੰਥ ਦੀ ਹੋਣੀ ਦਾ ਫੈਸਲਾ ਕਰਨ ਦਾ ਆਰ.ਐਸ.ਐਸ ਬਨਾਮ ਪ੍ਰਕਾਸ਼ ਸਿੰਘ ਬਾਦਲ ਨੂੰ ਕੋਈ ਅਧਿਕਾਰ ਨਹੀ ਹੈ ਤੇ ਸੌਦਾ ਸਾਧ ਵੱਲੋ ਭੇਜੇ ਗਏ ਅਖੌਤੀ ਸਪੱਸ਼ਟੀਕਰਨ ਨੂੰ ਦਰਕਿਨਾਰ ਕਰਦਿਆ ਉਸ ਦੀ ਮੁਆਫੀ ਨੂੰ ਰੱਦ ਕਰਨ ਦੇ ਐਲਾਨ ‘ਤੇ ਵੀ ਬੁਲਾਰਿਆ ਨੇ ਜੋਸ਼ੋ ਖਰੋਸ਼ ਨਾਲ ਮੋਹਰ ਲਗਾਈ।

ਪਰਮਜੀਤ ਸਿੰਘ ਸਰਨਾ

ਪਰਮਜੀਤ ਸਿੰਘ ਸਰਨਾ

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਅੱਜ ਪੰਥਕ ਹਿਤੈਸ਼ੀਆ ਨੂੰ ਅਕਾਲ ਤਖਤ ਤੇ ਦੋਸ਼ੀ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਤੇ ਦੋਖੀਆ ਨੇ ਆਪਣਾ ਕਬਜ਼ਾ ਜਮਾਇਆ ਹੋਇਆ ਹੈ। ਉਹਨਾਂ ਕਿਹਾ ਕਿ 2013 ਵਿੱਚ ਦਿੱਲੀ ਕਮੇਟੀ ਦੀਆ ਚੋਣਾਂ ਦੌਰਾਨ ਬਾਦਲਾਂ ਨੇ ਦਿੱਲੀ ਕਮੇਟੀ ਤੇ ਕਬਜ਼ਾ ਕਰਨ ਲਈ ਹਰ ਪ੍ਰਕਾਰ ਦੇ ਹੱਥਕੰਡੇ ਅਪਨਾਏ ਅਤੇ ਪੰਜਾਬ ਦਾ ਬਾਦਲ ਮਾਰਕਾ ਸਾਧ ਲਾਣਾ ਵੀ ਉਹਨਾਂ ਦੇ ਹੱਕ ਵਿੱਚ ਭੁਗਤਿਆ। ਇਥੋ ਤੱਕ ਕਿਸੇ ਵੇਲੇ ਸਿੱਖਾਂ ਦੀ ਧਾਰਮਿਕ ਯੂਨੀਵਰਸਿਟੀ ਮੰਨੀ ਜਾਂਦੀ ਦਮਦਮੀ ਟਕਸਾਲ ਦੇ ਬਾਦਲ ਪੱਖੀ ਮੁੱਖੀ ਅਤੇ ਤਖਤਾਂ ਦੇ ਜਥੇਦਾਰਾਂ ਨੇ ਵੀ ਉਹਨਾਂ ਦੇ ਵਿਰੁੱਧ ਰੱਜ ਕੇ ਕੂੜ ਪ੍ਰਚਾਰ ਕੀਤਾ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਤੇ ਬਾਦਲਾਂ ਨੇ ਕਬਜ਼ਾ ਜ਼ਰੂਰ ਕਰ ਲਿਆ ਪਰ ਜਿਹੜਾ ਹਸ਼ਰ ਉਹਨਾਂ ਨੇ ਦਿੱਲੀ ਦੇ ਗੁਰਧਾਮਾਂ ਤੇ ਗੁਰੂ ਦੀ ਗੋਲਕ ਦਾ ਕੀਤਾ ਹੈ ਉਹ ਸਭ ਦੇ ਸਾਹਮਣੇ ਹੈ। ਉਹਨਾਂ ਕਿਹਾ ਕਿ ਉਹ ਸਰਬੱਤ ਖਾਲਸਾ ਬੁਲਾ ਕੇ ਉਹਨਾਂ ਸਾਰੇ ਪੰਥਕ ਮੁੱਦਿਆ ਤੇ ਵਿਚਾਰ ਚਰਚਾ ਕਰਨਾ ਚਾਹੁੰਦੇ ਹਨ ਜਿਹੜੇ ਇਸ ਵੇਲੇ ਵਿਵਾਦਤ ਬਣੇ ਹੋਏ ਹਨ। ਉਹਨਾਂ ਕਿਹਾ ਕਿ ਸੌਦਾ ਸਾਧ ਨੂੰ ਮੁਆਫੀ ਸਿੱਖ ਪੰਥ ਨੇ ਨਾ ਪ੍ਰਵਾਨ ਕੀਤੀ ਹੈ ਅਤੇ ਨਾ ਹੀ ਕਰੇਗਾ ਜਿੰਨਾ ਚਿਰ ਤੱਕ ਉਹ ਮਰਿਆਦਾ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਨਹੀ ਹੁੰਦਾ।

ਇਤਿਹਾਸਕਾਰ ਡਾਂ ਗੁਰਦਰਸ਼ਨ ਸਿੰਘ ਢਿਲੋ ਨੇ ਕਿਹਾ ਕਿ ਅੰਗਰੇਜ਼ ਵੀ ਪੰਥ ਵਿਰੋਧੀ ਸਨ ਤੇ ਉਸ ਤੋ ਬਾਅਦ ਜਿੰਨੀਆ ਵੀ ਸਰਕਾਰਾਂ ਕੇਂਦਰ ਜਾਂ ਪੰਜਾਬ ਵਿੱਚ ਬਣੀਆ ਹਨ ਸਾਰੀਆ ਹੀ ਪੰਥ ਨੂੰ ਬਰਬਾਦ ਕਰਨ ਲਈ ਹੀ ਬਣੀਆ ਹਨ । ਉਹਨਾਂ ਕਿਹਾ ਕਿ ਪੰਥਕ ਏਕਤਾ ਕੀਤੇ ਬਗੈਰ ਸਿੱਖਾਂ ਦੇ ਮਸਲੇ ਹੱਲ ਨਹੀ ਹੋ ਸਕਦੇ। ਉਹਨਾਂ ਕਿਹਾ ਕਿ ਸਰਕਾਰ ਤੇ ਪੰਥ ਵਿਰੋਧੀ ਜਮਾਤਾਂ ਨੇ ਹਮੇਸ਼ਾਂ ਹੀ ਬਾਬੇ ਨਾਨਕ ਦੇ ਇਨਸਾਫ ਪਸੰਦ ਸੰਕਲਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਆਰ.ਐਸ ਐਸ ਤੇ ਬਾਦਲ ਗ੍ਰੰਥ ਤੇ ਪੰਥ ਨੂੰ ਖਤਮ ਵਿੱਚ ਲੱਗੇ ਹੋਏ ਹਨ।

ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਗਿਆਨੀ ਕੇਵਲ ਸਿੰਘ ਤੇ ਪਰਮਜੀਤ ਸਿੰਘ ਸਰਨਾ ਸਮਾਗਮ ਦੌਰਾਨ ਕੋਈ ਨੁਕਤਾ ਵਿਚਾਰਦੇ ਹੋਏ

ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਗਿਆਨੀ ਕੇਵਲ ਸਿੰਘ ਤੇ ਪਰਮਜੀਤ ਸਿੰਘ ਸਰਨਾ ਸਮਾਗਮ ਦੌਰਾਨ ਕੋਈ ਨੁਕਤਾ ਵਿਚਾਰਦੇ ਹੋਏ

ਤਖਤ ਸ੍ਰੀ ਦਮਦਮਾ ਸਾਹਿਬ ਦ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਤੇ ਸਾਬਕਾ ਜਥੇਦਾਰ ਤੇ ਪੰਥਕ ਸੇਵਾ ਦਲ ਦੇ ਮੁੱਖੀ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਪੰਥ ਨੂੰ ਇਸ ਵੇਲੇ ਚਾਰੋ ਪਾਸਿਆ ਤੋ ਚੁਨੌਤੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੱਕ ਧਿਰ ਤੇ ਸਿੱਖ ਦੇ ਪੰਥ ਤੇ ਗ੍ਰੰਥ ਤੇ ਕਬਜ਼ਾ ਕੀਤਾ ਹੋਇਆ ਜਿਸ ਨੂੰ ਖਤਮ ਕਰਨ ਦੀ ਸਖਤ ਲੋੜ ਹੈ। ਉਹਨਾਂ ਕਿਹਾ ਕਿ ਪੰਥ ਵਿੱਚ ਆਪਸੀ ਵਿਸ਼ਵਾਸ, ਇਤਫਾਕ ਤੇ ਪਿਆਰ ਪੈਦਾ ਕਰਨ ਦੀ ਸਖਤ ਲੋੜ ਹੈ।ਉਹਨਾਂ ਕਿਹਾ ਕਿ ਗੁਰੂ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਕੇ ਅੱਜ ਉਹਨਾਂ ਸੰਪਰਦਾਵਾਂ ਨੂੰ ਅਕਾਲ ਤਖਤ ਤੋ ਕਲੀਨ ਚਿੱਟ ਦਿੱਤੀ ਜਾ ਰਹੀ ਹੈ ਜਿਹਨਾਂ ਨਾਲ ਗੁਰੂ ਸਾਹਿਬ ਨੇ ਸਬੰਧ ਰੱਖਣ ਤੋ ਸਿੱਖਾਂ ਨੂੰ ਵਰਜਿਆ ਸੀ।

ਭਾਈ ਮੋਹਕਮ ਸਿੰਘ ਨੇ ਕਿਹਾ ਕਿ ਅੱਜ ਸਿੱਖ ਦਿਮਾਗੀ ਤੌਰ ਤੇ ਚੇਤੰਨ ਹੈ ਪਰ ਪੰਜਾਬ ਦੇ ਸਿੱਖਾਂ ਕੋਲੋ ਸਿਹਤ ਤੇ ਸਿੱਖਿਆ ਦੀਆ ਸਹੂਲਤਾਂ ਖੋਹ ਕੇ ਉਹਨਾਂ ਨੂੰ ਸਮੇਂ ਦੇ ਹਾਣ ਦੇ ਬਣਨ ਤੋ ਰੋਕਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਬਾਦਲ ਵੱਲੋ ਪੰਥ ਵਿਰੋਧੀ ਸ਼ਕਤੀਆ ਨਾਲ ਮਿਲ ਕੇ ਸਿੱਖਾਂ ਨੂੰ ਆਰਥਿਕ, ਸਮਾਜਿਕ, ਰਾਜਸੀ ਤੇ ਧਾਰਮਿਕ ਤੌਰ ਤੇ ਕਮਜ਼ੋਰ ਕਰਨ ਦੀਆ ਸਾਜਿਸ਼ਾ ਰਚੀਆ ਜਾ ਰਹੀਆ ਹਨ।ਇਸੇ ਤਰ੍ਹਾ ਡਾਂ ਐਸ.ਪੀ ਸਿੰਘ, ਗਿਆਨੀ ਹਰਿੰਦਰ ਸਿੰਘ ਅਲਵਰ, ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਜਗਦੀਸ਼ ਸਿੰਘ ਝੀਡਾ ਤੇ ਜਨਰਲ ਸਕੱਤਰ ਦੀਦਾਰ ਸਿੰਘ ਨਲਵੀ, ਇੰਦਰਜੀਤ ਸਿੰਘ ਕਾਨਪੁਰ, ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੀਨੀਅਰ ਮੀਤ ਪ੍ਰਧਾਨ ਧਿਆਨ ਸਿੰਘ ਮੰਡ, ਤੇਜਿੰਦਰ ਸਿੰਘ, ਲੇਖਕ ਤੇ ਪੰਥਕ ਆਗੂ ਗੁਰਿੰਦਰਪਾਲ ਸਿੰਘ ਧਨੌਲਾ,ਅਜੀਤ ਸਿੰਘ ਲੱਖੀਆ, ਹਰਪਾਲ ਸਿੰਘ ਸੇਠੀ ਦੇਹਰਾਦੂਨ, ਜੋਗਿੰਦਰ ਸਿੰਘ ਅਲਾਹਬਾਦ ਆਦਿ ਨੇ ਵੀ ਸੰਬੋਧਨ ਕੀਤਾ। ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਸ੍ਰ ਤਰਸੇਮ ਸਿੰਘ ਖਾਲਸਾ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ ਤੇ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਆਈਆ ਸੰਗਤਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਅੱਜ ਪੰਥ ਤੇ ਗ੍ਰੰਥ ਨੂੰ ਪੰਥ ਦੋਖੀਆ ਤੋ ਬਚਾਉਣ ਲਈ ਸਿੱਖ ਪੰਥ ਨੂੰ ਏਕਤਾ ਦੇ ਸੂਤਰ ਵਿੱਚ ਬੰਨਿਆ ਜਾਣਾ ਬਹੁਤ ਜਰੂਰੀ ਹੈ। ਇਸ ਸਮੇਂ ਸ੍ਰ ਮਨਜੀਤ ਸਿੰਘ ਸਰਨਾ, ਦਮਨਦੀਪ ਸਿੰਘ, ਸਤਨਾਮ ਸਿੰਘ ਪ੍ਰਧਾਨ .ਯੂਥ ਵਿੰਗ, ਪਰਮਜੀਤ ਸਿੰਘ ਪੰਮਾ, ਅਮਰਜੀਤ ਸਿੰਘ ਗੁਡੂ, ਅਵਤਾਰ ਸਿੰਘ ਤਾਰੀ, ਕੁਲਵਿੰਦਰ ਸਿੰਘ, ਸੁਰਜੀਤ ਸਿੰਘ , ਰਮਨਦੀਪ ਸਿੰਘ ਸੋਨੂੰ, ਇੰਦਰਜੀਤ ਸਿੰਘ ਤੋ ਇਲਾਵਾ ਦਿੱਲੀ ਕਮੇਟੀ ਦੇ ਮੈਬਰ ਪ੍ਰਭਜੀਤ ਸਿੰਘ ਜੀਤੀ, ਤੇਜਿੰਦਰਪਾਲ ਸਿੰਘ ਗੋਪਾ ਤੇ ਹਰਪਾਲ ਸਿੰਘ ਕੋਛੜ ਵੀ ਹਾਜਰ ਸਨ।

ਸਮਾਗਮ ਵਿਚ ਸ਼ਾਮਲ ਹੋਈਆਂ ਸੰਗਤਾਂ

ਸਮਾਗਮ ਵਿਚ ਸ਼ਾਮਲ ਹੋਈਆਂ ਸੰਗਤਾਂ

ਕਨਵੈਨਸ਼ਨ ਦੌਰਾਨ ਤਿੰਨ ਮਤੇ ਵੀ ਪਾਸ ਕੀਤੇ ਗਏ ਜਿਹਨਾਂ ਵਿੱਚ ਸੌਦਾ ਸਾਧ ਰਾਮ ਰਹੀਮ ਨੂੰ ਦਿੱਤੀ ਗਈ ਮੁਆਫੀ ਨੂੰ ਰੱਦ ਕਰਨ ਦੇ ਨਾਲ ਨਾਲ ਨਾਨਕਸ਼ਾਹੀ ਕੈਲੰਡਰ ਨੂੰ ਵਿਗਾੜਨ ਵਾਲੇ ਜਥੇਦਾਰਾਂ ਨੂੰ ਅਖੌਤੀ ਜਥੇਦਾਰ ਦਾ ਲਕਬ ਦਿੱਤਾ ਗਿਆ ਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਜਥੇਦਾਰਾਂ ਦੀਆ ਪੰਥ ਵਿਰੋਧੀ ਨੀਤੀਆ ਦਾ ਡੱਟ ਕੇ ਵਿਰੋਧ ਕਰਨ ਤੇ ਪੰਥ ਵਿਰੋਧੀ ਰਾਜਸੀ ਨੇਤਾਵਾਂ ਤੇ ਜਥੇਦਾਰਾਂ ਨੂੰ ਜਨਤਾ ਦੀ ਕਚਿਹਰੀ ਵਿੱਚ ਨੰਗਿਆ ਕਰਨ।

ਦੂਸਰੇ ਮਤੇ ਰਾਹੀ ਆਰ.ਐਸ.ਐਸ ਬਨਾਮ ਬਾਦਲ ਵੱਲੋ ਸਿੱਖ ਪੰਥ ਨਾਲ ਕੀਤੀਆ ਜਾਂਦੀਆ ਵਧੀਕੀਆ ਦਾ ਕੜਾ ਨੋਟਿਸ ਲਿਆ ਗਿਆ ਤੇ ਇੱਕ ਸਾਜਿਸ਼ ਤਹਿਤ ਪੰਜਾਬ ਦੀ ਨੌਜਵਾਨੀ ਨੂੰ ਕੁਰਾਹੇ ਪਾਉਣ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦਿਆ ਸਿੱਖ ਪੰਥ ਨੂੰ ਅਪੀਲ ਕੀਤੀ ਕਿ ਉਹ ਬਾਦਲਾ ਨੂੰ ਕਿਸੇ ਪ੍ਰਕਾਰ ਦਾ ਸਹਿਯੋਗ ਨਾ ਦੇਣ ਅਤੇ ਇਹਨਾਂ ਦਾ ਸਮਾਜਿਕ, ਰਾਜਸੀ ਤੇ ਧਾਰਮਿਕ ਬਾਈਕਾਟ ਕੀਤਾ ਜਾਵੇ।

ਤੀਸਰੇ ਮਤੇ ਰਾਹੀ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਲਈ ਵਿਧੀ ਵਿਧਾਨ ਤਿਆਰ ਕਰਨ ਲਈ ਇੱਕ ਸਰਬੱਤ ਖਾਲਸਾ ਬੁਲਾਏ ਜਾਣ ਦੀ ਮੰਗ ਕਰਦਿਆ ਕਿਹਾ ਗਿਆ ਕਿ ਸਰਬੱਤ ਖਾਲਸਾ ਅਜਿਹੇ ਸਥਾਨ ਤੇ ਬੁਲਾਇਆ ਜਾਵੇ ਜਿਥੇ ਬਾਦਲ ਤੇ ਆਰ.ਐਸ.ਐਸ ਉਸ ਉਪਰ ਕੋਈ ਪ੍ਰਭਾਵ ਨਾ ਪਾ ਸਕੇ ਅਤੇ ਸਮੂਹ ਪੰਥ ਖਾਲਸਾ ਇਸ ਲਈ ਸੁਹਿਰਦ ਯਤਨ ਹੁਣ ਤੋ ਹੀ ਸ਼ੁਰੂ ਕਰ ਦੇਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,