ਖਾਸ ਖਬਰਾਂ » ਸਿੱਖ ਖਬਰਾਂ

ਸਾਕਾ ਨਕੋਦਰ: ਅਕਾਲੀਆਂ ਦੇ ਸਿੱਖ ਕੌਮ ਪ੍ਰਤੀ ਅਵੇਸਲੇਪਣ ਦੀ ਮੂੰਹ ਬੋਲਦੀ ਤਸਵੀਰ (ਖਾਸ ਰੀਪੋਰਟ)

February 4, 2018 | By

ਚੰਡੀਗੜ:  ਜੂਨ 1984 ਵਿੱਚ ਭਾਰਤੀ ਫੌਜਾਂ ਵਲੋਂ ਸ੍ਰੀ ਦਰਬਾਰ ਸਾਹਿਬ ,ਸ੍ਰੀ ਅਕਾਲ ਤਖਤ ਸਾਹਿਬ ਸਮੇਤ 37 ਹੋਰ ਗੁਰਧਾਮਾਂ ਉਪਰ ਕੀਤੇ ਗਏ ਫੌਜੀ ਹਮਲੇ ਦੌਰਾਨ ਹਜਾਰਾਂ ਸਿੰਘ ਸਿੰਘਣੀਆਂ ਤੇ ਭੁਝੰਗੀ ਹੀ ਸ਼ਹੀਦ ਨਹੀ ਹੋਏ ਬਲਕਿ ਸੈਂਕੜਿਆਂ ਦੀ ਗਿਣਤੀ ਵਿੱਚ ਮੌਜੂਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ, ਸਿੱਖ ਰੈਫਰੈਂਸ ਲਾਇਬਰੇਰੀ ਵਿੱਚ ਮੌਜੂਦ ਹੱਥ ਲਿਖਤ ਖਰੜੇ ਵੀ ਗੋਲਿਆਂ ਦਾ ਨਿਸ਼ਾਨਾ ਬਣਾਏ ਗਏ ਜਾਂ ਚੋਰੀ ਕਰਕੇ ਫੌਜੀ ਕੈਂਪਾਂ ਵਿੱਚ ਪਹੁੰਚਾ ਦਿੱਤੇ ਗਏ ।

ਸਿੱਖ ਰੈਫਰੈਂਸ ਲਾਇਬਰੇਰੀ ‘ਚੋਂ ਚੋਰੀ ਕੀਤੇ ਜਾਂ ਬਦਨੀਅਤੀ ਨਾਲ ਚੁੱਕਕੇ ਲਿਜਾਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਅਤੇ ਹੱਥ ਲਿਖਤ ਖਰੜਿਆਂ ਦਾ ਜਿਕਰ ਕਰਦਿਆਂ ਅੱਜ ਵੀ ਸ਼੍ਰੋਮਣੀ ਕਮੇਟੀ ਜਾਂ ਜਾਗਰੂਕ ਸਿੱਖ ਸ਼ਬਦ ‘ਬੇਸ਼-ਕੀਮਤੀ ਖਜਾਨਾ’ਵਰਤਦੇ ਹਨ।ਇਸ ਵਿੱਚ ਕੋਈ ਦੋ ਰਾਵਾਂ ਨਹੀ ਹਨ ।ਮੰਨਣਾ ਪਵੇਗਾ ਕਿ ਜੂਨ 84 ਦੇ ਫੌਜੀ ਹਮਲੇ ,ਨਵੰਬਰ 84 ਦੇ ਸਿੱਖ ਕਤਲੇਆਮ ਅਤੇ ਪੰਜਾਬ ਅੰਦਰ ਡੇਢ ਦਹਾਕੇ ਦੌਰਾਨ ਸਰਕਾਰੀ ਸ਼ਹਿ ਤੇ ਅੰਜ਼ਾਮ ਦਿੱਤੇ ਗਏ ਸਿੱਖ ਕਤਲੇਆਮ ਦਾ ਵਾਸਤਾ ਪਾਉਂਦਿਆਂ ਜਦੋਂ ਪੰਜਾਬ ਦੇ ਸਿਆਸੀ ਲੋਕ ਤੇ ਵਿਸ਼ੇਸ਼ ਕਰਕੇ ਪਿੱਠ ਤੇ ਪੰਥਕ ਹੋਣ ਦਾ ਠੱਪਾ ਲਾਕੇ ਸੱਤਾ ਸੁਖ ਮਾਨਣ ਵਾਲੇ ‘ਅਕਾਲੀਆਂ’ ਨੇ ਕੌਮ ਦੇ ਬੇਸ਼ਕੀਮਤੀ ਸਰਮਾਏ ਅਤੇ ਹੋਈਆਂ ਸ਼ਹਾਦਤਾਂ ਦੇ ਰੂਪ ਵਿੱਚ ਕੌਮ ਦੀ ਜੁਆਨੀ ਦਾ ਮੁੱਲ ਜਰੂਰ ਵੱਟਿਆ ਹੈ।ਲੇਕਿਨ ਇਸ ਜੁਆਨੀ ਦੇ ਘਾਣ ਦਾ ਮੁੱਢ ਵੀ ਇਸੇ ਅਕਾਲੀ ਦਲ ਨੇ ਆਪ ਹੀ ਬੰਨ੍ਹਿਆ ਹੈ ,ਇਹ ਬਹੁਤ ਘੱਟ ਲੋਕ ਜਾਣਦੇ ਹੋਣਗੇ ।

ਇਸਦਾ ਮੂੰਹ ਬੋਲਦਾ ਸਬੂਤ ਹੈ 2 ਫਰਵਰੀ 1986 ਵਿੱਚ ਨਕੋਦਰ ਵਿਖੇ ਕੁਝ ਸ਼ਰਾਰਤੀ ਹਿੰਦੂਆਂ ਵਲੋਂ ਇਕ ਗੁਰਦੁਆਰਾ ਸਾਹਿਬ ਉਪਰ ਹਮਲਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਟ ਕਰਨ ਦੀ ਘਟਨਾ ਬਾਅਦ ਪਾਵਨ ਸਰੂਪਾਂ ਦੀ ਮੰਗ ਕਰ ਰਹੇ ਸਿੱਖਾਂ ਉਪਰ ਗੋਲੀਆਂ ਚਲਾਕੇ ਚਾਰ ਸਿੱਖ ਨੌਜੁਆਨਾਂ ਨੂੰ ਮਾਰ ਮੁਕਾਉਣ ਦੀ ਘਟਨਾ।ਇਥੇ ਹੀ ਬੱਸ ਨਹੀ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਸਬੰਧਤ ਇਨ੍ਹਾਂ ਨੌਜੁਆਨਾਂ ਦਾ ਸਸਕਾਰ ਵੀ ਅਣਪਛਾਤੇ ਕਹਿਕੇ ਕੀਤਾ ਗਿਆ।ਇਹ ਉਹ ਵਕਤ ਸੀ ਜਦੋਂ ਜੂਨ 84 ਦੇ ਘਲੂਘਾਰੇ ਦੀ ਹੌਲਨਾਕ ਘਟਨਾ ਉਪਰੰਤ ਪੰਜਾਬ ਦੇ ਤਖਤ ਤੇ ਅਕਾਲੀ ਮੁਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਸ਼ਸ਼ੋਭਿਤ ਸਨ।

ਸਾਕਾ ਨਕੋਦਰ ਦੇ ਨਾਮ ਨਾਲ ਜਾਣੇ ਜਾਂਦੇ ਸਿੱਖ ਧਰਮ ਇਤਿਹਾਸ ਦੇ ਇਸ ਹੌਲਨਾਕ ਤੇ ਅਣਮਨੁਖੀ ਕਾਰੇ ਦੇ ਚਸ਼ਮਦੀਦ ਗਵਾਹਾਂ ਦਾ ਦੱਸਣਾ ਹੈ ਕਿ ਨਕੋਦਰ ਵਿਖੇ ਪਾਵਨ ਸਰੂਪ ਅਗਨ ਭੇਟ ਕਰ ਦਿੱਤੇ ਜਾਣ ਦੀ ਘਟਨਾ ਬਾਅਦ ਨੇੜਲੇ 10 ਕੁ ਪਿੰਡਾਂ ਦੇ ਲੋਕ ਇੱਕਤਰ ਹੋਏ ਤੇ ਪ੍ਰਸ਼ਾਸ਼ਨ ਪਾਸੋਂ ਪਾਵਨ ਸਰੂਪ ਹਾਸਿਲ ਕਰਨ ਦੀ ਬੇਨਤੀ ਕੀਤੀ।ਪੁਲਿਸ ਨੇ ਬੜੇ ਹੀ ਨਾਟਕੀ ਢੰਗ ਨਾਲ ਸੰਗਤਾਂ ਦਾ ਵਿਸ਼ਵਾਸ਼ ਜਿੱਤਦਿਆਂ ਉਨ੍ਹਾਂ ਨੂੰ ਇੱਕ ਅਜੇਹੀ ਜਗਾਹ ਤੇ ਸੁਰਖਿਅਤ ਕਰ ਲਿਆ ਜਿਥੋਂ ਭੱਜਣ ਜਾਂ ਬਚਾਅ ਦਾ ਕੋਈ ਰਾਸਤਾ ਨਹੀ ਸੀ ।ਫਿਰ ਪੁਲਿਸ ਨੇ ਬਿਨ੍ਹਾਂ ਕਿਸੇ ਭੜਕਾਹਟ,ਵਾਰਨਿੰਗ ,ਟੀਅਰ ਗੈਸ ਜਾਂ ਲਾਠੀਚਾਰਜ ਦੀ ਵਰਤੋਂ ਦੇ ਸਿੱਧੇ ਹੀ ਫਾਇਰਿੰਗ ਖੋਹਲ ਦਿੱਤੀ।ਪੁਲਿਸ ਦੁਆਰਾ ਚਲਾਈ ਇਸ ਗੋਲੀ ਨਾਲ ਭਾਈ ਰਵਿੰਦਰ ਸਿੰਘ ਲਿੱਤੜਾਂ,ਭਾਈ ਹਰਮਿੰਦਰ ਸਿੰਘ ਚਲੂਪੁਰ,,ਭਾਈ ਬਲਧੀਰ ਸਿੰਘ ਫੌਜੀ ਰਾਮਗੜ੍ਹ ਅਤੇ ਭਾਈ ਝਲਮਣ ਸਿੰਘ ਰਾਜੋਵਾਲ ਗੋਰਸੀਆਂ ਸ਼ਹੀਦ ਹੋ ਗਏ।

ਦੇਰ ਰਾਤ ਤੀਕ ਸ਼ਹੀਦ ਹੋਏ ਤਿੰਨ ਸਿੰਘਾਂ ਦੀ ਸ਼ਨਾਖਤ ਵੀ ਹੋ ਗਈ ਪ੍ਰੰਤੂ ਪੁਲਿਸ ਨੇ ਕਿਸੇ ਵੀ ਸ਼ਹੀਦ ਦੀ ਲਾਸ਼ ਪ੍ਰੀਵਾਰ ਨੂੰ ਸੌਪਣ ਦੀ ਬਜਾਏ ਅਣਪਛਾਤੇ ਕਰਾਰ ਦੇਕੇ ਖੁਦ ਹੀ ਸਸਕਾਰ ਕਰ ਦਿੱਤਾ।ਇਥੇ ਹੀ ਬੱਸ ਨਹੀ ਇਲਾਕਾ ਵਾਸੀ ਸੰਗਤਾਂ ਨੇ ਗੋਲੀ ਚਲਾਉਣ ਵਾਲੇ ਪੁਲਿਸ ਇੰਸਪੈਕਟਰ ਜਸਕੀਰਤ ਸਿੰਘ ,ਜਿਸਨੇ ਆਪਣੇ ਸਰਵਿਸ ਰਿਵਾਲਵਰ ਨਾਲ ਭਾਈ ਹਰਮਿੰਦਰ ਸਿੰਘ ਨੂੰ ਨੇੜਿਉਂ ਗੋਲੀ ਮਾਰੀ ,ਤਤਕਾਲੀਨ ਡੀ.ਐਸ.ਪੀ.ਨਕੋਦਰ ਦੇ ਗਨਮੈਨ ਜਸਬੀਰ ਸਿੰਘ ਜੱਸੀ,ਐਸ.ਪੀ. ਅਪਰੇਸ਼ਨ ਅਸ਼ਵਨੀ ਕੁਮਾਰ ਅਤੇ ਸੀ.ਆਰ.ਪੀ.ਐਫ ਦੇ ਉਸ ਐਸ.ਪੀ. ਦੀ ਪਹਿਚਾਣ ਵੀ ਕੀਤੀ ਜਿਸਨੇ ਇੱਕ ਸਾਨ੍ਹ ਨੂੰ ਗੋਲੀ ਮਾਰਨ ਤੋਂ ਗੁਰੇਜ ਨਹੀ ਕੀਤਾ ।

ਸਵਰਨ ਸਿੰਘ ਪੁਤਰ ਸੋਹਨ ਸਿੰਘ ਵਾਸੀ ਸ਼ੇਰਪੁਰ ਨੂੰ ਪੁਲਿਸ ਵਲੋਂ ਬੰਦੂਕ ਦੇ ਬੱਟਾਂ ਤੇ ਲਾਠੀਆਂ ਨਾਲ ਸਿਰਫ ਇਸ ਕਰਕੇ ਕੱੁਟਿਆ ਗਿਆ ਕਿਉਂਕਿ ਉਹ ਪੁਲਿਸ ਹੱਥੋਂ ਜਖਮੀ ਹੋਏ ਲੋਕਾਂ ਨੂੰ ਪਾਣੀ ਪਿਲਾ ਰਿਹਾ ਸੀ ।ਉਸਨੂੰ 6 ਫਰਵਰੀ ਤੀਕ ਪੁਲਿਸ ਦੀ ਨਜਾਇਜ ਹਿਰਾਸਤ ਵਿੱਚ ਰੱਖਿਆ ਗਿਆ ਤੇ ਨਾ ਹੀ ਕੋਈ ਡਾਕਟਰੀ ਸਹਾਇਤਾ ਦਿੱਤੀ ਗਈ।ਦੱਸਿਆ ਗਿਆ ਹੈ ਕਿ ਘਟਨਾ ਦੇ ਕੋਈ ਦੋ ਕਿਲੋਮੀਟਰ ਦੇ ਘੇਰੇ ਅੰਦਰ ਪੁਲਿਸ ਤੇ ਸੁਰੱਖਿਆ ਦੱਸਤਿਆਂ ਨੇ ਦਹਿਸ਼ਤ ਬਣਾਈ ਰੱਖੀ ਤੇ ਨੇੜਲੇ ਪਿੰਡ ਸ਼ੇਰ ਪੁਰ ਆਦਿ ਤੋਂ ਵੀਹ ਦੇ ਕਰੀਬ ਸਿੱਖਾਂ ਨੂੰ ਚੱੁਕਕੇ ਤੰਗ ਪਰੇਸ਼ਾਨ ਵੀ ਕੀਤਾ ।ਵਧਦੇ ਸੰਗਤੀ ਰੋਹ ਨੂੰ ਵੇਖਦਿਆਂ ਸੁਰਜੀਤ ਸਿੰਘ ਬਰਨਾਲਾ ਸਰਕਾਰ ਨੇ 5 ਫਰਵਰੀ 1986 ਨੂੰ ਰਿਟਾਇਰਡ ਜੱਜ ਗੁਰਨਾਮ ਸਿੰਘ ਨੂੰ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅਗਨ ਭੇਂਟ ਸਰੂਪਾਂ ਸਬੰਧੀ ,4 ਸਿੱਖ ਨੌਜਵਾਨਾਂ ਦੇ ਪੁਲਿਸ ਦੀ ਗੋਲੀ ਨਾਲ ਕੀਤੇ ਕਤਲਾਂ ਅਤੇ ਇਨ੍ਹਾਂ ਚਾਰੇ ਸਿੱਖ ਨੌਜਵਾਨਾਂ ਦਾ ਸਰਕਾਰੀ ਹੁਕਮਾਂ ਦੇ ਵਿਰੁੱਧ ਜਾਕੇ ਆਪ ਅੰਤਿਮ ਸੰਸਕਾਰ ਕਰਨ ਸੰਬੰਧੀ ਅਦਾਲਤੀ ਜਾਂਚ ਕਰਨ ਦੇ ਹੁਕਮ ਦਿੱਤੇ ਸਨ।

ਰਿਟਾਇਰਡ ਜੱਜ ਗੁਰਨਾਮ ਸਿੰਘ ਨੇ ਆਪਣੀ ਰਿਪੋਰਟ ਪੰਜਾਬ ਸਰਕਾਰ ਨੂੰ 29 ਮਾਰਚ 1987 ਨੂੰ ਸਰਕਾਰ ਨੂੰ ਸੌਂਪ ਦਿੱਤੀ ਸੀ ਅਤੇ ਜੋ ਅੱਜ ਤੱਕ ਜਨਤਕ ਨਹੀਂ ਕੀਤੀ ਗਈ।ਜਿਕਰਯੋਗ ਤਾਂ ਇਹ ਵੀ ਹੈ ਕਿ ਪੰਜਾਬ ਵਿੱਚ ਡੇਢ ਦਹਾਕੇ ਦੌਰਾਨ ਸਰਕਾਰੀ ਸ਼ਹਿ ਤੇ ਹੋਏ ਹਜਾਰਾਂ ਕਤਲਾਂ ਦੀ ਜਾਂਚ ਲਈ ਟੱਰੁਥ ਕਮਿਸ਼ਨ ਦਾ ਗਠਨ ਕਰਨ ਦੀ ਮੰਗ ਕਰਨ ਵਾਲੇ ਅਕਾਲੀ ਦਲ ਨੇ ਸੂਬੇ ਵਿੱਚ 15 ਸਾਲ ਰਾਜ ਕਰਨ ਦੇ ਬਾਵਜੂਦ ਕਤਲ ਕੀਤੇ ਗਏ ਕਿਸੇ ਵੀ ਸਿੱਖ ਨੂੰ ਇਨਸਾਫ ਨਹੀ ਦਿੱਤਾ ।ਸਾਕਾ ਨਕੋਦਰ ਦੌਰਾਨ ਸ਼ਹੀਦ ਕੀਤੇ ਗਏ ਨੌਜਆਨ ਸਿਖ ਸਟੂਡੈਂਟਸ ਫੈਡਰੇਸ਼ਨ ਨਾਲ ਸਬੰਧਤ ਸਨ ।ਉਨ੍ਹਾਂ ਨੂੰ ਸਾਲ 2011 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਸ਼ਹੀਦ ਵੀ ਕਰਾਰ ਦਿੱਤਾ ਗਿਆ।ਸ਼ਹੀਦ ਪ੍ਰੀਵਾਰਾਂ ਦੀ ਅਣੱਥਕ ਮਿਹਨਤ ਸਦਕਾ ਕੇਂਦਰੀ ਸਿੱਖ ਅਜਾਇਬਘਰ ਵਿੱਚ ਚਾਰੋਂ ਨੌਜੁਆਨਾਂ ਦੀਆਂ ਤਸਵੀਰਾਂ ਵੀ ਸ਼ਸ਼ੋਭਿਤ ਹੋ ਗਈਆਂ ਲੇਕਿਨ ਇਨ੍ਹਾਂ ਨੂੰ ਸ਼ਹੀਦ ਕਰਨ ਵਾਲੇ ਕਿਸੇ ਦੋਸ਼ੀ ਨੂੰ ਸਜਾ ਤੀਕ ਨਹੀ ਹੋਈ।ਅਖੌਤੀ ਅਕਾਲੀਆਂ ਵਲੋਂ ਕੌਮੀ ਸਰਮਾਏ ਪ੍ਰਤੀ ਅਵੇਸਲੇਪਣ ਦੀ ਮੰੂਹ ਬੋਲਦੀ ਤਸਵੀਰ ਹੈ ਸਾਕਾ ਨਕੋਦਰ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,