ਆਮ ਖਬਰਾਂ » ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਆਪ ਨੇ ਸੋਸ਼ਲ ਮੀਡੀਆ ਤੇ ਪਾਏ ਗਏ ਸੰਤ ਭਿੰਡਰਾਂਵਾਲਿਆਂ ਦੇ ਪੋਸਟਰ ਨੂੰ ਦੱਸਿਆ ਵਿਰੋਧੀਆਂ ਦੀ ਸਾਜਿਸ਼

February 9, 2016 | By

ਚੰਡੀਗੜ੍ਹ: ਸੋਸ਼ਲ ਮੀਡੀਆ ਤੇ ਆਪ ਦੇ ਨਾਂ ਹੇਠ ਬਣਾਏ ਗਏ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਜਨਮ ਦਿਨ ਵਾਲੇ ਪੋਸਟਰ ਤੇ ਪ੍ਰਤੀਕਰਮ ਦਿੰਦਿਆਂ ਆਪ ਆਗੂ ਸੰਜੈ ਸਿੰਘ ਨੇ ਕਿਹਾ ਹੈ ਕਿ ‘ਆਪ’ ਤੋਂ ਘਬਰਾ ਕੇ ਪਾਰਟੀ ਦੇ ਰਾਜਨੀਤਕ ਵਿਰੋਧੀ ਗੰਦੀ ਰਾਜਨੀਤੀ ਉੱਤੇ ਉੱਤਰ ਆਏ ਹਨ , ਜਿਨ੍ਹਾਂ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ। ਸੰਜੈ ਸਿੰਘ ਨੇ ਕਿਹਾ ਕਿ ’ਆਪ’ ਜੋ ਵੀ ਪੋਸਟਰ, ਪਰਚਾ ਜਾਰੀ ਕਰੇਗੀ , ਉਹ ਲੋਕਾਂ ਦੇ ਸਾਹਮਣੇ ਕੀਤਾ ਜਾਵੇਗਾ।

ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਆਪ ਦੇ ਆਗੂ

ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਆਪ ਦੇ ਆਗੂ

ਕੈਪਟਨ ਅਮਰਿੰਦਰ ਸਿੰਘ ਦੁਆਰਾ ’ਆਪ’ ਦੇ ਇਨਕਲਾਬ – ਜ਼ਿੰਦਾਬਾਦ ਦੇ ਨਾਅਰੇ ਉੱਤੇ ਇਤਰਾਜ਼ ਕਰਨ ਉੱਤੇ ਸੰਜੈ ਸਿੰਘ ਨੇ ਕਿਹਾ ਕਿ,”ਰਾਜੇ-ਮਹਾਰਾਜੇ ਬੇਇਨਸਾਫ਼ੀ ਕਰਦੇ ਰਹੇ ਹਨ ਅਤੇ ਆਮ ਆਦਮੀ ਹਮੇਸ਼ਾ ਨਿਆਂ ਲਈ ਇਨਕਲਾਬ ਦਾ ਨਾਅਰਾ ਦਿੰਦਾ ਆਇਆ ਹੈ। ਪੰਜਾਬ ਦੀ ਸਰਜਮੀਂ ਉੱਤੇ ਇਹ ਨਾਅਰਾ ਸ਼ਹੀਦ ਭਗਤ ਸਿੰਘ ਨੇ ਦਿੱਤਾ ਸੀ । ਇਹ ਨਾਅਰਾ ਪੰਜਾਬੀ ਨੌਜਵਾਨਾਂ ਦੇ ਦਿਲਾਂ ਵਿਚ ਧੜਕਦਾ ਹੈ।”

ਸੰਜੇ ਸਿੰਘ ਨੇ ਕਿਹਾ ਕਿ ਦਿੱਲੀ ਦੀ ਤਰਜ਼ ਉੱਤੇ ਆਮ ਆਦਮੀ ਪਾਰਟੀ ਆਪਣਾ ਚੋਣ ਮਨੋਰਥ ਪੱਤਰ ਪੰਜਾਬ ਨਿਵਾਸੀਆਂ ਨਾਲ ਮਿਲ-ਬੈਠਕੇ ਤਿਆਰ ਕਰੇਗੀ। ਮੰਗਲਵਾਰ ਨੂੰ ਚੰਡੀਗੜ੍ਹ ਪ੍ਰੈਸ ਕਲੱਬ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਜੈ ਸਿੰਘ ਨੇ ਦੱਸਿਆ ਕਿ ਚੋਣ ਮਨੋਰਥ ਪੱਤਰ ਲਈ ਪਾਰਟੀ ਦੁਆਰਾ ਦਿੱਲੀ ਡਾਇਲਾਗ ਕਮਿਸ਼ਨ (ਡੀਡੀਸੀ) ਦੇ ਚੇਅਰਮੈਨ ਅਸ਼ੀਸ਼ ਖੇਤਾਨ ਦੀ ਅਗਵਾਈ ਵਿਚ ਬਕਾਇਦਾ ਤੌਰ ਤੇ “ਪੰਜਾਬ ਡਾਇਲਾਗ” ਪ੍ਰੋਗਰਾਮ 15 ਮਾਰਚ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਜਦਕਿ ਸਾਰੇ ਚਲੰਤ ਮੁੱਦਿਆਂ ਉੱਤੇ ਮਾਹਿਰਾਂ ਅਤੇ ਬੁੱਧੀਜੀਵੀਆਂ ਨਾਲ ਸਲਾਹ ਮਸ਼ਵਰਿਆਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ ।

ਇਸ ਮੌਕੇ ਉਨ੍ਹਾਂ ਦੇ ਨਾਲ ਦਿੱਲੀ ਡਾਇਲਾਗ ਕਮਿਸ਼ਨ ਦੇ ਚੇਅਰਮੈਨ ਅਸ਼ੀਸ਼ ਖੇਤਾਨ, ਪਾਰਟੀ ਦੇ ਕੌਮੀ ਸੰਗਠਨਾਤਮਕ ਸਕੱਤਰ ਦੁਰਗੇਸ਼ ਪਾਠਕ, ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਲੀਗਲ ਸੈਲ ਦੇ ਚੇਅਰਮੈਨ ਹਿੰਮਤ ਸਿੰਘ ਸ਼ੇਰਗਿੱਲ, ਪੰਜਾਬ ਮਹਿਲਾ ਵਿੰਗ ਦੀ ਪ੍ਰਧਾਨ ਪ੍ਰੋ ਬਲਜਿੰਦਰ ਕੌਰ , ਨੌਜਵਾਨ ਵਿੰਗ ਦੇ ਪ੍ਰਧਾਨ ਹਰਜੋਤ ਸਿੰਘ ਬੈਂਸ , ਬੁੱਧੀਜੀਵੀ ਸੈਲ ਦੇ ਚੇਅਰਮੈਨ ਆਰ . ਆਰ . ਭਾਰਦਵਾਜ , ਕਿਸਾਨ ਵਿੰਗ ਦੇ ਪ੍ਰਧਾਨ ਕੰਗ ਅਤੇ ਬੁਲਾਰੇ ਕੁਲਤਾਰ ਸਿੰਘ ਸੰਧਵਾਂ ਮੌਜੂਦ ਸਨ।

ਸੰਜੈ ਸਿੰਘ ਨੇ ਕਿਹਾ ਕਿ ਪੰਜਾਬ ਵਾਸੀਆਂ ਦੇ ਮਨ ਵਿਚ ਇਹ ਸਵਾਲ ਜ਼ਰੂਰ ਹੋਵੇਗਾ ਕਿ ਪੰਜਾਬ ਵਿਚ ’ਆਪ’ ਦੀ ਸਰਕਾਰ ਤਾਂ ਬਣ ਰਹੀ ਹੈ ਪਰ ਪੰਜਾਬ ਅਤੇ ਪੰਜਾਬ ਦੇ ਲੋਕਾਂ ਲਈ ’ਆਪ’ ਦੀ ਸੋਚ ਅਤੇ ਵਿਜ਼ਨ ਕੀ ਹੈ? ਉਨ੍ਹਾਂ ਯਕੀਨ ਦਿਵਾਇਆ ਕਿ ਪੰਜਾਬ ਡਾਇਲਾਗ ਦੇ ਮਾਧਿਅਮ ਰਾਹੀਂ ਤਿਆਰ ਹੋਣ ਵਾਲੇ ਚੋਣ ਮਨੋਰਥ ਪੱਤਰ ਵਿਚ ਹਰ ਇੱਕ ਗੱਲ ਦਰਜ ਹੋਵੋਗੇ।

ਇਸ ਮੌਕੇ ਬੋਲਦਿਆਂ ਅਸ਼ੀਸ਼ ਖੇਤਾਨ ਨੇ ਦੱਸਿਆ ਕਿ ਚੋਣ ਮਨੋਰਥ ਪੱਤਰ ਨੂੰ ਦੂਜੇ ਰਾਜਨੀਤਕ ਦਲ ਸਿਰਫ਼ ਇੱਕ ਰਿਵਾਇਤੀ ਦਸਤਾਵੇਜ਼ ਦੇ ਰੂਪ ਵਿਚ ਲੈਣ ਲੱਗੇ ਹਨ। ਚੋਣ ਤੋਂ ਚਾਰ ਦਿਨ ਪਹਿਲਾਂ ਮੀਡੀਆ ਦੀ ਹਾਜ਼ਰੀ ਵਿਚ ਚੋਣ ਮਨੋਰਥ ਪੱਤਰ ਜਾਰੀ ਹੁੰਦਾ ਹੈ ਅਤੇ ਅਗਲੇ ਦਿਨ ਨਸ਼ਰ ਹੋਈ ਖ਼ਬਰ ਦੇ ਨਾਲ ਹੀ ਖ਼ਤਮ ਹੋ ਜਾਂਦਾ ਹੈ। ਆਪ ਦਾ ਮਨੋਰਥ ਪੱਤਰ ਉਸ ਤਰ੍ਹਾਂ ਦਾ ਨਹੀਂ ਹੋਵੇਗਾ। ਦਿੱਲੀ ਵਿਧਾਨਸਭਾ ਚੋਣ ਤੋਂ 6 ਮਹੀਨੇ ਪਹਿਲਾਂ ‘ਆਪ’ ਨੇ “ਦਿੱਲੀ ਡਾਇਲਾਗ” ਦੇ ਨਾਮ ਨਾਲ ਨਵੀਂ ਪਹਿਲ ਕਰਦਿਆਂ ਲੋਕਾਂ ਨਾਲ ਮਿਲ ਬੈਠਕੇ ਚੋਣ ਮਨੋਰਥ ਪੱਤਰ ਤਿਆਰ ਕੀਤਾ ਸੀ। ਉਸ ਤਰਜ਼ ਉੱਤੇ ਹੁਣ 15 ਮਾਰਚ ਤੋਂ ਪੰਜਾਬ ਦੇ ਲੋਕਾਂ ਦੇ ਨਾਲ “ਪੰਜਾਬ ਡਾਇਲਾਗ” ਸ਼ੁਰੂ ਕੀਤਾ ਜਾਵੇਗਾ। 15 ਅਗਸਤ ਤੱਕ ਸਾਰੇ ਵਿਧਾਨਸਭਾ ਖੇਤਰਾਂ ਦੇ ਪਿੰਡ, ਕਸਬੇ ਅਤੇ ਸ਼ਹਿਰਾਂ ਵਿਚ ਜਾਕੇ ਜਨਤਾ ਦੇ ਨਾਲ ,ਹਲਫ਼ਨਾਮੇ’ ਦੇ ਰੂਪ ਵਿਚ ਚੋਣ ਮਨੋਰਥ ਪੱਤਰ ਤਿਆਰ ਕਰ ਲਿਆ ਜਾਵੇਗਾ।

ਅਸ਼ੀਸ਼ ਖੇਤਾਨ ਨੇ ਕਿਹਾ ਕਿ ਸੱਤਾ ਤਬਦੀਲੀ ਦੇ ਮੌਜੂਦਾ ਮਾਹੌਲ ਵਿਚ ਅਕਾਲੀ – ਭਾਜਪਾ ਅਤੇ ਕਾਂਗਰਸ ਨਾਲ ਨਾਰਾਜ਼ ਪੰਜਾਬ ਦੇ ਕਿਸਾਨ, ਨੌਜਵਾਨ, ਔਰਤਾਂ, ਵਪਾਰੀ, ਸਨਅਤਕਾਰ, ਸੇਵਾ ਮੁਕਤ ਫ਼ੌਜੀ, ਕਾਮੇ, ਪ੍ਰੋਫੇਸ਼ਨਲਸ ( ਡਾਕਟਰ , ਵਕੀਲ ਆਦਿ ) ਅਤੇ ਸਰਕਾਰੀ ਕਰਮਚਾਰੀ ਕੀ ਚਾਹੁੰਦੇ ਹਨ ? ਕਿਸ ਤਰ੍ਹਾਂ ਦੀ ਸਰਕਾਰ ਚਾਹੁੰਦੇ ਹਨ ? ਪਹਿਲੇ ਪੜਾਅ ਦੇ ਤਹਿਤ ਅਜਿਹੇ ਦਸ ਮੁੱਦਿਆਂ ਉੱਤੇ ਗੰਭੀਰ ਵਿਚਾਰ – ਚਰਚਾ ਹੋਵੇਗੀ ।

ਅਸ਼ੀਸ਼ ਖੇਤਾਨ ਨੇ ਕਿਹਾ, ‘ਆਪ’ ਵਲੰਟੀਅਰਜ਼ ਅਤੇ ਵਰਕਰਾਂ ਦੀਆਂ ਟੀਮਾਂ ਦੇ ਮਾਧਿਅਮ ਨਾਲ ਅਸੀ ਹਰ ਨਾਗਰਿਕ ਅਤੇ ਘਰ-ਘਰ ਤੱਕ ਪੁੱਜਣ ਦੀ ਕੋਸ਼ਿਸ਼ ਕਰਾਂਗੇ। ਪੂਰੀ ਪਰਿਕ੍ਰਿਆ ਵਿਚ ਬਹੁਤ ਸਾਰੇ ਸਨਸਨੀਖੇਜ ਖੁਲਾਸੇ ਵੀ ਸਾਹਮਣੇ ਆਉਣਗੇ। ਸਰਕਾਰ ਅਤੇ ਜਨਤਾ ਦੇ ਵਿਚਲੀ ਦੀਵਾਰ ਖ਼ਤਮ ਕੀਤੀ ਜਾਵੇਗੀ। ਪੰਜਾਬ ਡਾਇਲਾਗ ਦੇ ਮਾਧਿਅਮ ਰਾਹੀਂ ਤਿਆਰ ਹੋਣ ਵਾਲਾ ਬਲਿਯੂਪ੍ਰਿੰਟ ਸਾਫ਼ ਕਰ ਦੇਵੇਗਾ ਕਿ ਪੰਜਾਬ ਵਾਸੀ ਕਿਸ ਤਰ੍ਹਾਂ ਦੀ ਸਰਕਾਰ ਚਾਹੁੰਦੇ ਹੈ ਅਤੇ ਉਸ ਨਾਲ ਇਕ ਸਮਾਨ ਸਪਸ਼ਟ ਨੀਤੀ ਬਣੇਗੀ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,