ਦਸਤਾਵੇਜ਼ » ਸਿੱਖ ਖਬਰਾਂ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਖੇ ਸਿੱਖ ਨਸਲਕੁਸ਼ੀ 1984 ਵਿਸ਼ੇ ਦੇ ਸਬੰਧ ਵਿੱਚ ਸੈਮੀਨਾਰ ਕਰਵਾਇਆ ਗਿਆ

November 8, 2016 | By

ਪਟਿਆਲਾ: ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਖੇ ਸਿੱਖ ਨਸਲਕੁਸ਼ੀ 1984 ਵਿਸ਼ੇ ਦੇ ਸਬੰਧ ਵਿੱਚ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਗੁਜਰਾਤ ਵਿਚ ਮੁਸਲਮਾਨ ਕਤਲੇਆਮ ਦੀ ਪੀੜਤ ਪੱਤਰਕਾਰ ਬੀਬੀ ਅਯੂਬ ਰਾਣਾ, ਉੱਘੇ ਸਿੱਖ ਚਿੰਤਕ / ਲੇਖਕ ਸ. ਅਜਮੇਰ ਸਿੰਘ, ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸ਼ਾਮਲ ਸਨ।

ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨੇ ਨਸਲਕੁਸ਼ੀ ਬਾਰੇ ਵਿਸਥਾਰ ਸਹਿਤ ਚਾਨਣਾ ਪਾਉਂਦਿਆਂ ਦੱਸਿਆ ਕਿ ਕਿਸ ਤਰ੍ਹਾਂ ਬਹੁਗਿਣਤੀ ਕੌਮਾਂ ਵਲੋਂ ਘੱਟਗਿਣਤੀ ਕੌਮਾਂ ਦੀ ਨਸਲਕੁਸ਼ੀ ਕੀਤੀ ਜਾਂਦੀ ਹੈ। ਜਿਸ ਦੀਆਂ ਮਿਸਾਲਾਂ ਜੂਨ ਅਤੇ ਨਵੰਬਰ 84, ਗੁਜਰਾਤ 2002 ਸੱਭ ਦੇ ਸਾਹਮਣੇ ਹੈ।

seminar-patiala-university-in-memory-of-sikh-genocide-01

ਸੈਮੀਨਾਰ ਦੌਰਾਨ ਸਟੇਜ ‘ਤੇ ਬੈਠੇ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ, ਸਿੱਖ ਵਿਦਵਾਨ ਅਜਮੇਰ ਸਿੰਘ, ਗੁਜਰਾਤ ਤੋਂ ਪੱਤਰਕਾਰ ਅੱਯੂਬ ਰਾਣਾ, ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ

ਉਨ੍ਹਾਂ ਤੋਂ ਬਾਅਦ ਪੱਤਰਕਾਰ ਬੀਬੀ ਅਯੂਬ ਰਾਣਾ ਨੇ ਬਹੁਤ ਵਿਸਥਾਰ ਪੂਰਵਕ ਬਹੁਗਿਣਤੀ ਲੋਕਾਂ ਵੱਲੋਂ ਕਿਸ ਤਰ੍ਹਾਂ ਘੱਟਗਿਣਤੀਆਂ ਦਾ ਘਾਣ ਕੀਤਾ ਜਾਂਦਾ ਹੈ, ਬਾਰੇ ਦੱਸਦਿਆਂ ਚਿੰਤਾ ਜ਼ਾਹਿਰ ਕੀਤੀ ਕਿ ਅਸੀਂ ਭਾਸ਼ਣ ਸੁਣ ਕੇ ਤਾੜੀਆਂ ਮਾਰਕੇ ਚਲੇ ਜਾਂਦੇ ਹਾਂ ਅਗਲੇ ਦਿਨ ਸੱਭ ਭੁਲ ਜਾਂਦੇ ਹਾਂ। ਮੁਸਲਮਾਨਾਂ ਅਤੇ ਸਿੱਖਾਂ ਦਾ ਦਰਦ ਸਾਂਝਾ ਹੈ, ਸਾਨੂੰ ਆਪਣੀਆਂ ਜ਼ਮੀਰਾਂ ਨੂੰ ਜਗਾਉਣਾ ਪਵੇਗਾ, ਨਹੀਂ ਤਾਂ ਇਤਿਹਾਸ ਸਾਨੂੰ ਮਾਫ ਨਹੀਂ ਕਰੇਗਾ।

ਉੱਘੇ ਸਿੱਖ ਵਿਦਵਾਨ ਸ. ਅਜਮੇਰ ਸਿੰਘ ਹੋਰਾਂ ਨੇ ਆਪਣੇ ਭਾਸ਼ਣ ਵਿਚ ਬੋਲਦਿਆਂ ਦੱਸਿਆ ਕਿ ਮਰ ਚੁੱਕੀਆਂ ਜ਼ਮੀਰਾਂ ਨੂੰ ਕਿਸ ਤਰ੍ਹਾਂ ਜਗਾਇਆ ਜਾ ਸਕਦਾ ਹੈ। ਅੱਜ ਸਾਡੀ ਕੌਮ ਨਗਰ ਕੀਰਤਨਾਂ, ਲੰਗਰਾਂ ਅਤੇ ਹੋਰ ਅਜਿਹੇ ਕੰਮਾਂ ਵਿਚ ਫਸ ਕੇ ਅਕਾਲ ਪੁਰਖ ਦੇ ਰੂਹਾਨੀ ਜਜ਼ਬੇ ਤੋਂ ਸੱਖਣੀ ਖਾਲੀ ਢੋਲ ਵਜਾ ਰਹੀ ਹੈ। ਸੋ ਸਾਨੂੰ ਗੁਰੂ ਸਾਹਿਬ ਦੀ ਅਸਲ ਵਿਚਾਰਧਾਰਾ ਨੂੰ ਸਮਝ ਕੇ ਅਸਲ ਜੀਵਨ ਮਨੋਰਥ ਵੱਲ ਵੱਧਣਾ ਚਾਹੀਦਾ ਹੈ। ਸ. ਅਜਮੇਰ ਸਿੰਘ ਜੀ ਨੇ ਬੋਲਦਿਆ ਕਿਹਾ ਕੇ ਪੰਜਾਬ ਵਿੱਚ ਇੰਨਾ ਕੁੱਝ ਵਾਪਰਨ ਦੇ ਬਾਵਜੂਦ ਅਸੀਂ ਉਨ੍ਹਾਂ ਲੋਕਾਂ ਨੂੰ ਮਾਣ-ਸਨਮਾਨ ਦੇ ਕੇ ਖੁਸ਼ ਹੋ ਰਹੇ ਹਾਂ ਜਿਨ੍ਹਾਂ ਲੋਕਾਂ ਨੇ ਸਾਡਾ ਜਾਨੀ ਮਾਲੀ ਨੁਕਸਾਨ ਕੀਤਾ ਹੈ ਇਹ ਸਾਡੀ ਮਰ ਚੁੱਕੀ ਜ਼ਮੀਰ ਦੀ ਨਿਸ਼ਾਨੀ ਹੈ। ਜੂਨ 84 ਨਵੰਬਰ 84 ਸਿੱਖ ਕੌਮ ਨੂੰ ਆਤਮ ਚੀਨਣ ਦਾ ਉਪਦੇਸ਼ ਕਰਦਾ ਹੈ।

seminar-patiala-university-in-memory-of-sikh-genocide-03

ਸੈਮੀਨਾਰ ਦੌਰਾਨ ਸ੍ਰੋਤੇ

ਉਨ੍ਹਾਂ ਕਿਹਾ ਕੇ ਬਹੁਗਿਣਤੀ ਕੌਮਾਂ ਹਮੇਸ਼ਾ ਹੀ ਘੱਟਗਿਣਤੀ ਦਾ ਕਤਲੇਆਮ ਕਰਕੇ ਕਹਾਣੀ ਨੂੰ ਆਪਣੇ ਹੱਕ ਵਿਚ ਕਰ ਲੈਂਦੇ ਹਨ। ਇਹ ਦੁਨੀਆਂ ਦੇ ਇਤਿਹਾਸ ਵਿੱਚ ਸਾਰੇ ਜਰਵਾਣੇ ਇਕੋ ਹੀ ਨੀਤੀ ਨਾਲ ਕੰਮ ਕਰਦੇ ਹਨ। ਜੂਨ 84 ਨੇ 80 ਪ੍ਰਤੀਸ਼ਤ ਕੁਰਬਾਨੀਆਂ ਅਤੇ ਹਿੰਦੂ ਸਿੱਖ ਨਾਲ ਨਹੁੰ-ਮਾਸ ਦੇ ਰਿਸ਼ਤੇ ਦਾ ਸਾਡਾ ਭਰਮ ਤੋੜ ਦਿੱਤਾ ਹੈ। ਸਾਨੂੰ ਬਹੁਗਿਣਤੀ ਲੋਕਾਂ ਦੀ ਵਿਚਾਰਧਾਰਾ ਨੂੰ ਸਮਝਣਾ ਪਵੇਗਾ। ਇਹ ਲੋਕ ਸੱਤਾ ਵਿਚ ਆਏ ਜ਼ੁਲਮ ਕਰਦੇ ਹਨ ਇਸ ਦੇ ਉਲਟ ਸਿੱਖ ਕੌਮ ਸੱਤਾ ਵਿਚ ਆ ਕੇ ਭ੍ਰਿਸ਼ਟ ਹੁੰਦੀ ਹੈ। ਉਨ੍ਹਾਂ ਕਿਹਾ ਕਿ ਹਿੰਦੂਸਤਾਨ ਵਿੱਚ ਕਾਂਗਰਸ, ਬੀ.ਜੇ.ਪੀ, ਸ਼ਿਵ ਸੈਨਾ ਆਦਿ ਪਾਰਟੀਆਂ ਦਾ ਘੱਟਗਿਣਤੀਆਂ ਦੇ ਖਿਲਾਫ ਇੱਕੋ ਜਿਹਾ ਏਜੰਡਾ ਹੈ ਕਿ ਹਿੰਦੂਸਤਾਨ ਦੇ ਲੋਕਾਂ ਨੂੰ ਇਕ ਰਾਸ਼ਟਰ ਨਾਲ ਜੋੜਨਾ ਹੈ। ‘ਨੇਸ਼ਨ ਸਟੇਟ’ ਦਾ ਟੀਚਾ ਘੱਟਗਿਣਤੀਆ ਦੀ ਬਲੀ ਮੰਗਦਾ ਹੈ ਜਦੋਂ ਵੀ ਕੋਈ ਵੱਡਾ ਅਪਰਾਧ ਕਰਨਾ ਹੋਵੇ ਤਾਂ ਦੇਸ਼ ਦੀ ਏਕਤਾ ਦਾ ਵਾਸਤਾ ਪਾਇਆ ਜਾਂਦਾ ਹੈ। ਅਖੀਰ ਆਪਣੇ ਭਾਸ਼ਣ ਦੌਰਾਨ ਉਨ੍ਹਾਂ ਕਿਹਾ ਕਿ ਸਾਨੂੰ ਬਹੁਗਿਣਤੀ ਦਾ ਏਜੰਡਾ ਸਮਝਣਾ ਪਵੇਗਾ ਅਤੇ ਨਾਲ ਹੀ ਸਿੱਖੀ ਦੇ ਅਸਲ ਸਿਧਾਂਤ ਨੂੰ ਅਪਨਾਉਣਾ ਪਵੇਗਾ ਅਤੇ ਪਿਛਲੇ 30 ਸਾਲਾ ਵਿਚ ਵਾਪਰੀ ਹਰ ਘਟਨਾ ਨੂੰ ਚੇਤਨਤਾ ਦੁਆਰਾ ਸਮਝਣਾ ਅਤੇ ਵਿਚਾਰਨਾ ਪਵੇਗਾ ਅਤੇ ਮਰ ਚੁੱਕੀਆਂ ਜ਼ਮੀਰਾਂ ਨੂੰ ਗੁਰਬਾਣੀ ਦੀ ਰੋਸ਼ਨੀ ਵਿੱਚ ਮੁੜ ਜਗਾਉਣਾ ਪਵੇਗਾ।

ਸਮਾਗਮ ਦੇ ਮੁੱਖ ਮਹਿਮਾਨ ਡਾ. ਜਸਪਾਲ ਸਿੰਘ ਹੋਰਾਂ ਨੇ ਬਹੁਤ ਸੀਮਤ ਸਮੇਂ ਵਿੱਚ ਬੋਲਦਿਆਂ ਕਿਹਾ ਕੇ ਬਟਵਾਰਾ 47, ਜੂਨ ਅਤੇ ਨਵੰਬਰ 84, ਗੁਜਰਾਤ 2002 ਵਿੱਚ ਹੋਏ ਕਤਲੇਆਮ ਦੇ ਇਤਿਹਾਸ ਨੂੰ ਸਾਂਭਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਨਸਲਾਂ ਆਪਣੇ ਨਾਲ ਹੋਏ ਵਿਤਕਰਿਆਂ ਤੋਂ ਸੇਧ ਲੈ ਕੇ ਅੱਗੇ ਵੱਧ ਸਕਣ ਇਸ ਤੋਂ ਬਿਨਾਂ ਉਨ੍ਹਾਂ ਨੇ ਬਹੁਗਿਣਤੀ ਵਲੋਂ ਆਪਣੇ ਨਾਲ ਹੱਡ ਬੀਤੀ ਸਾਂਝੀ ਕਰਦਿਆਂ ਦੋ ਭਾਵਕ ਕਵਿਤਾਵਾਂ ਵੀ ਸੁਣਾਈਆਂ ਜਿਸ ਨਾਲ ਸਰੋਤਿਆਂ ਦੀਆਂ ਅੱਖਾਂ ਨਮ ਹੋ ਗਈਆਂ। ਸ. ਜਸਪਾਲ ਸਿੰਘ ਨੇ ਦੱਸਿਆ ਕਿ ਨਵੰਬਰ 84 ਦਿੱਲੀ ਵਿੱਚ ਉੱਹ ਲੋਕ ਕਾਤਲ ਗੁੰਡਿਆਂ ਦੀ ਅਗਵਾਈ ਕਰਦੇ ਦੇਖੇ ਗਏ ਜਿਨ੍ਹਾਂ ਨੂੰ ਅਸੀਂ ਜਾਣਦੇ ਸੀ ਉਨ੍ਹਾਂ ਲੋਕਾਂ ਨੇ ਦੋਨਾਂ ਪਾਸੇ ਦੋਗਲਾ ਰੋਲ ਨਿਭਾਇਆ। ਉਨ੍ਹਾਂ ਕਿਹਾ ਕਿ ਅਸੀਂ ਆਉਣ ਵਾਲੇ ਦਿਨਾਂ ਵਿਚ ਅਕਾਦਮਿਕ ਤੌਰ ‘ਤੇ ਹੋਈਆਂ ਜ਼ਿਆਦਤੀਆਂ ਬਾਰੇ ਵੱਧ ਤੋਂ ਵੱਧ ਇਤਿਹਾਸ ਇਕੱਠਾ ਕਰਨ ਦੀ ਕੋਸ਼ਿਸ਼ ਕਰਾਂਗੇ।

seminar-patiala-university-in-memory-of-sikh-genocide-04

ਡਾ. ਜਸਪਾਲ ਸਿੰਘ

ਅਖੀਰ ‘ਚ ਧਰਮ ਅਧਿਅਨ ਵਿਭਾਗ ਗੁਰਮੀਤ ਸਿੰਘ ਸਿੱਧੂ ਵੱਲੋਂ ਆਏ ਹੋਏ ਬੁਲਾਰਿਆਂ, ਪ੍ਰਬੰਧਕਾਂ ਅਤੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਸਾਰੇ ਪ੍ਰਬੰਧ ਲਈ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਦਾ ਉੱਚੇਚਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਿਰੇ ਚਾੜ੍ਹਨ ਵਿਚ ਪੂਰੀ ਮਦਦ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,