January 1, 2016 | By ਸਿੱਖ ਸਿਆਸਤ ਬਿਊਰੋ
ਪਟਿਆਲਾ (31 ਦਸੰਬਰ, 2015): ਆਮ ਆਦਮੀ ਪਾਰਟੀ ਦੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਧਰਮਵੀਰ ਗਾਂਧੀ ਨੇ ਸਿੱਖ ਆਨੰਦ ਕਾਰਜ਼ ਕਾਨੂੰਨ 2015 ਸਬੰਧੀ ਆਪਣਾ ਬਿਆਨ ਦਰਜ਼ ਕਰਵਾਇਆ ਹੈ।
ਡਾ. ਗਾਂਧੀ ਨੇ ਲੋਕ ਸਭਾ ਵਿੱਚ ਪ੍ਰਾਈਵੇਟ ਮੈਂਬਰ ਦੇ ਤੌਰ ‘ਤੇ 1 ਦਸੰਬਰ ਨੂੰ ਬਿੱਲ ਦਾ ਖਰੜਾ ਪੇਸ਼ ਕੀਤਾ ਸੀ। ਲੋਕ ਸਭਾ ਦੀ ਕਾਨੂੰਨਸਾਜ਼ ਸ਼ਾਖਾ ਨੇ ਡਾ. ਗਾਂਧੀ ਨੂੰ ਪ੍ਰਸਤਾਵਿਤ ਬਿੱਲ ਪੇਸ਼ ਕਰਨ ਦੇ ਕਾਰਣ ਅਤੇ ਇਸਤੋਂ ਹੋਣ ਵਾਲੇ ਲਾਭ ਬਾਰੇ ਆਪਣਾ ਬਿਆਨ ਦਰਜ਼ ਕਰਨ ਬਾਰੇ ਬੁਲਾਇਆ ਸੀ।
ਉਨ੍ਹਾਂ ਨੂੰ ਦਿੱਤੇ ਆਪਣੇ ਉੱਤਰ ਵਿੱਚ ਡਾ. ਗਾਂਧੀ ਨੇ ਲਿਖਿਆ ਹੈ ਕਿ ਸਿੱਖ ਧਰਮ ਸੰਸਾਰ ਦੇ ਛੇ ਵੱਡੇ ਧਰਮਾਂ ਵਿੱਚੋਂ ਇੱਕ ਹੈ, ਜਿਸਦੀਆਂ ਆਪਣੀਆਂ ਰਵਾਇਤਾਂ ਅਤੇ ਰਿਵਾਜ਼ ਹਨ। ਇੱਕ ਸੰਘੀ ਢਾਂਚੇ ਵਿੱਚ ਹਰ ਧਰਮ ਨੂੰ ਆਪਣੀਆਂ ਰਵਾਇਤਾਂ ਅਨੁਸਾਰ ਚੱਲਣ ਦੀ ਅਜ਼ਾਦੀ ਦੀ ਲੋੜ ਹੈ।
ਉਨ੍ਹਾਂ ਲਿਖਿਆ ਕਿ ਸਿੱਖ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨਾਲ ਹਿੰਦੂ, ਮੁਸਲਮਾਨ ਅਤੇ ਇਸਾਈ ਧਰਮ ਦੀ ਤਰਾਂ ਇੱਕ ਅਲਗ ਧਰਮ ਵਜੋਂ ਵਿਹਾਰ ਨਹੀਂ ਕੀਤਾ ਜਾ ਰਿਹਾ।
ਡਾ. ਗਾਂਧੀ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਭਾਰਤੀ ਸੰਵਿਧਾਨ ਦੀ ਧਾਰਾ 25 ਦੀ ਉਪਧਾਰਾ 2 ਅਧੀਨ ਸਿੱਖਾਂ ਨੂੰ ਬੋਧੀਆਂ ਅਤੇ ਜੈਨੀਆਂ ਨਾਲ ਹਿੰਦੂ ਵਿਆਹ ਕਾਨੂੰਨ ਵਿੱਚ ਰੱਖਿਆ ਗਿਆ ਹੈ।
ਇਹ ਸਿੱਖਾਂ ਦੀ ਵੱਖਰੀ ਪਛਾਣ ਲਈ ਖਤਰਾ ਹੈ, ਜੋ ਕਿ ਸੰਘੀ ਢਾਂਚੇ ਦੀ ਭਾਵਨਾ ਦੇ ਉਲਟ ਹੈ। ਸਾਨੂੰ ਅਨੇਕਤਾ ਵਿੱਚ ਏਕਤਾ ‘ਤੇ ਮਾਣ ਹੈ, ਪਰ ਇਸ ਤਰਾਂ ਸਿੱਖਾਂ ਦੀ ਇੱਛਾ ਦੇ ਵਿਰੁੱਧ ਅਸੀਂ ਅਜਿਹੇ ਕਾਨੂੰਨ ਲਾਗੂ ਕਰਕੇ ਏਕਤਾ ਦੇ ਨਾਂਅ ‘ਤੇ ਅਨੇਕਤਾ ਨੂੰ ਨੁਕਸਾਨ ਪਹੁੰਚਾ ਰਹੇ ਹਾਂ, ਜੋ ਕਿ ਸਾਡੇ ਸੰਵਿਧਾਨ ਦੀ ਭਾਵਨਾ ਦੇ ਵਿਰੁੱਧ ਹੈ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਡਾ. ਗਾਂਧੀ ਨੇ ਕਿਹਾ ਕਿ ਉਨ੍ਹਾਂ ਨੇ ਸਾਰੀਆਂ ਪਾਰਟੀਆਂ ਦੇ ਲੋਕ ਸਭਾ ਮੈਂਬਰਾਂ ਨਾਲ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਤੇ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੇ ਮੈਂਬਰਾਂ ਨੇ ਕਿਹਾ ਕਿ ਉਹ ਆਪੋ ਆਪਣੀਆਂ ਪਾਰਟੀਆਂ ਨਾਲ ਸਲਾਹ ਕਰਨ ਤੋਂ ਬਾਅਦ ਉਨ੍ਹਾਂ ਨੂੰ ਦੱਸਣਗੇ।ਉਕਤ ਪਾਰਟੀਆਂ ਤੋਂ ਇਲਾਵਾ ਬਾਕੀ ਸਾਰੀਆਂ ਪਾਰਟੀਆਂ ਦੇ ਮੈਬਰ ਬਿੱਲ ਦੀ ਹਮਾਇਤ ਲਈ ਸਹਿਮਤ ਹਨ।
ਉਨ੍ਹਾਂ ਕਿਹਾ ਕਿ ਇਹ ਬਿੱਲ ਬਿਨਾਂ ਕਿਸੇ ਇਤਰਾਜ਼ ਦੇ ਪਾਸ ਹੋ ਜਾਵੇਗਾ।
Related Topics: Aam Aadmi Party, Dharamvir Gandhi, Sikh Marriage Bill