ਪੱਤਰ

ਸਿੱਖ ਧਰਮ ਦੀ ਚੜਦੀ ਕਲਾ ਵਿੱਚ ਸਭ ਤੋਂ ਵੱਡਾ ਰੋੜਾ ਸਿੱਖਾਂ ਦੀ ਆਪਸੀ ਫੁੱਟ ਹੈ

September 24, 2010 | By

ਸਤਿਕਾਰਯੋਗ ਖਾਲਸਾ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ॥
ਸਤਿਕਾਰਯੋਗ ਖਾਲਸਾ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ॥
ਵੱਖਰੀ ਕਮੇਟੀ
ਹਰਿਆਣੇ ਦੀ ਲੂੰਬੜ ਸੋਚ ਰੱਖਣ ਵਾਲੀ ਕਾਂਗਰਸ ਸਰਕਾਰ ਨੇ ਆਪਣੇ ਇਲੈਕਸ਼ਨ ਮੈਨੀਫੈਸਟੋ ਵਿੱਚ ਵੱਖਰੀ ਗੁਰੂਦੁਆਰਾ ਕਮੇਟੀ ਬਣਾਉਣ ਦਾ ਐਲਾਨ ਕਰਕੇ ਅਤੇ ਕੁੱਝ ਆਪਣੇ ਆਪ ਨੂੰ ਚੌਧਰੀ ਬਣਨ ਦੇ ਭੁੱਖੇ ਸਿੱਖਾਂ ਨੂੰ ਆਪਣੇ ਹੱਥ ਕਰਕੇ ਅੱਜ ਭਾਈਆਂ ਨੂੰ ਭਾਈਆਂ ਸਾਹਮਣੇ ਖੜਾ ਕਰ ਦਿੱਤਾ ਹੈ। ਜੇਕਰ ਹਰਿਆਣੇ ਵਿੱਚ ਸਰਦਾਰ ਝੀਂਡਾ ਨੇ ਵੱਖਰੀ ਕਮੇਟੀ ਦੇ ਨਾਂ ਉੱਪਰ ਸਿੱਖਾਂ ਨੂੰ ਦੋ ਪਾੜ ਕੀਤਾ ਹੈ ਉੱਥੇ ਹੀ ਸਰਦਾਰ ਮੱਕੜ, ਬਾਦਲ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਕੋਈ ਫੈਸਲਾ ਕੌਮੀ ਹੱਕ ਵਿੱਚ ਨਹੀਂ ਲੈ ਰਿਹਾ। ਸਾਡੀ ਬਦਕਿਸਮਤੀ ਹੈ ਕਿ ਅਸੀਂ ਅਜਿਹੇ ਲੀਡਰਾਂ ਵਿੱਚ ਫਸੇ ਹੋਏ ਹਾਂ ਜਿਹਨਾਂ ਦੇ ਕਰਕੇ ਅਜਿਹੇ ਦਿਨ ਆ ਗਏ ਹਨ ਕਿ ਗੈਰ ਸਿੱਖ ਪੁਲਿਸ ਵਾਲੇ ਹਰਿਆਣੇ ਵਿੱਚ ਸਿੱਖਾਂ ਤੋਂ ਹੀ ਗੁਰੂਘਰਾਂ ਨੂੰ ਬਚਾ ਰਹੇ ਹਨ। ਵੱਖਰੀਆਂ ਕਮੇਟੀਆਂ ਦੇ ਨਾਂ ਉੱਪਰ ਲੜਨ ਵਾਲਿਆਂ ਨੂੰ ਇਹ ਵੀ ਸ਼ਰਮ ਨਹੀਂ ਹੈ ਕਿ ਜਿਹੜੇ ਗੁਰੂ ਘਰ ਦੀ ਇਮਾਰਤ ਉੱਪਰ ਉਹ ਕਬਜਾ ਕਰੀਂ ਬੈਠੇ ਹਨ ਜਾਂ ਕਰਨ ਜਾਂਦੇ ਹਨ ਉਸੇ ਗੁਰੂ ਘਰ ਵਿੱਚ ਦੋ ਜਹਾਨ ਦੇ ਵਾਲੀ, ਦਸਾਂ ਗੁਰੂਆਂ ਦੀ ਆਤਮਿਕ ਜੋਤ ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਮੌਜੂਦ ਹੁੰਦੇ ਹਨ। ਇਹਨਾਂ ਹੁੱਲੜਬਾਜਾਂ ਤੋਂ ਪੁੱਛਣਾ ਚਾਹੀਦਾ ਹੈ ਕਿ ਜੇਕਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਿੰਘਾਸਨ ਉੱਪਰ ਬਿਰਾਜਮਾਨ ਹੋਵਣ ਅਤੇ ਉਹਨਾਂ ਦੇ ਦਰਬਾਰ ਦੇ ਬਾਹਰ ਸਿੱਖ ਇਸ ਤਰਾਂ ਦੀ ਹੁੱਲੜਬਾਜੀ ਕਰਨ ਤਾਂ ਗੁਰੂ ਸਾਹਿਬ ਦੇ ਦਿਲ ਉੱਪਰ ਕੀ ਬੀਤਦੀ ਕਿ ਇਹਨਾਂ ਵਾਸਤੇ ਹੀ ਮੈਂ ਸਰਬੰਸ ਵਾਰਿਆ ਹੈ ਜੋ ਗੁਰੂ ਦੀ ਗੋਲਕ ਲਈ ਹੀ ਲੜੀ ਜਾਂਦੇ ਹਨ? ਅੱਜ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸੁਸ਼ੋਬਿਤ ਹੋ ਕਰਕੇ ਆਪਣੇ ਸਿੱਖਾਂ ਨੂੰ ਆਪਸ ਵਿੱਚ ਲੜਦਾ ਵੇਖ ਰਹੇ ਹਨ। ਘੱਟੋ-ਘੱਟ ਸਾਨੂੰ ਇਹ ਤਾਂ ਸ਼ਰਮ ਕਰਨੀ ਚਾਹੀਦੀ ਹੈ ਕਿ ਹੋਰਨਾਂ ਧਰਮਾਂ ਦੇ ਲੋਕਾਂ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਦਾ ਕੀ ਸੁਨੇਹਾ ਜਾਵੇਗਾ? ਹੋਰ ਧਰਮਾਂ ਦੇ ਲੋਕ ਕਿਉਂ ਨਹੀਂ ਸਾਡਾ ਮਜਾਕ ਬਣਾਉਣਗੇ? ਅੱਜ ਸਮਾਂ ਅਜਿਹਾ ਹੈ ਕਿ ਕਸ਼ਮੀਰ ਨੂੰ ਔਟੋਨੋਮੀ ਮਿਲਣ ਵਾਲੀ ਹੈ, ਇਸ ਮੌਕੇ ਦਾ ਲਾਭ ਉਠਾੳੇਣ ਦੀ ਥਾਂ ਤੇ ਅਸੀਂ ਆਪਸ ਦੀ ਹੈ ਮੈਂ ਮੇਰੀ ਨਹੀਂ ਮੁਕਾ ਪਾ ਰਹੇ। ਇਹ ਸਮਾਂ ਇੱਕ ਜੁੱਟ ਹੋਣ ਦਾ ਹੈ। ਜੇਕਰ ਕਸ਼ਮੀਰ ਦੇ ਲੋਕ ਆਪਣਾ ਹੱਕ ਲੈ ਸਕਦੇ ਹਨ ਤਾਂ ਸਿੱਖ ਕਿਉਂ ਨਹੀਂ? ਬੱਸ ਲੋੜ ਇੱਕ ਜੁੱਟਤਾ ਦੀ ਹੈ। ਜੇਕਰ ਗੁਰੂਘਰਾਂ ਉੱਪਰ ਕਬਜੇ ਕਰਦੇ ਸਮੇਂ ਸਿੱਖ ਮਰਦੇ ਹਨ ਜਾਂ ਜਖਮੀ ਹੁੰਦੇ ਹਨ ਤਾਂ ਮੱਕੜ ਅਤੇ ਝੀਂਡੇ ਨੂੰ ਕੋਈ ਫਰਕ ਨਹੀਂ ਪੈਣਾ ਕਿਉਂਕਿ ਇਹ ਤਾਂ ਆਪਣੀ ਗੈਰਤ, ਜਮੀਰ ਅਤੇ ਧਰਮ ਸਭ ਕੁਝ ਰਾਜਨੇਤਾਵਾਂ ਕੋਲ ਵੇਚ ਚੁੱਕੇ ਹਨ। ਫਰਕ ਪਵੇਗਾ ਤਾਂ ਪਵੇਗਾ ਸਿਰਫ ਸਿੱਖ ਕੌਮ ਨੂੰ। ਭਰਾਵੋ, ਸਾਨੂੰ ਇਹ ਸਜਿਸ਼ਾਂ ਸਮਝਣੀਆਂ ਤਾਂ ਚਾਹੀਦੀਆਂ ਹਨ, ਸਾਡੇ ਹੀ ਗੁਰੂ ਘਰ, ਸਾਡੇ ਹੀ ਵੀਰ ਫੇਰ ਅਸੀਂ ਕਿਸ ਦੇ ਕਹਿਣ ਤੇ ਅਤੇ ਕਿਉਂ ਲੜ ਰਹੇ ਹਾਂ? ਗੁਰੂ ਘਰ ਦੀ ਸੇਵਾ ਲਈ ਸਿਰਫ ਗੋਲਕ ਉੱਪਰ ਕਾਬਜ ਹੋਣਾ ਹੀ ਤਾਂ ਜਰੂਰੀ ਨਹੀਂ ਹੈ। ਸੇਵਾ ਤਾਂ ਪਿਆਰ ਦੀ ਪਰਵਾਨ ਹੈ। ਫੇਰ ਕਿਉਂ ਅਸੀਂ ਮੱਕੜ ਅਤੇ ਝੀਂਡੇ ਵਰਗੇ ਸਿੱਖ ਵਿਰੋਧੀ ਲੋਕਾਂ ਪਿੱਛੇ ਲੱਗ ਕੇ ਅਸੀਂ ਆਪਣਾ ਕੌਮੀ ਘਾਣ ਖੁਦ ਹੀ ਕਰਨ ਤੇ ਤੁਰੇ ਹੋਏ ਹਾਂ? ਸੋ ਸਾਰੇ ਸਿੱਖ ਵੀਰ ਚਾਹੇ ਉਹ ਹਰਿਆਣੇ ਦੇ ਹੋਣ, ਰਾਜਸਥਾਨ ਦੇ ਹੋਣ, ਦਿੱਲੀ ਦੇ ਜਾਂ ਫੇਰ ਕਿਸੇ ਵੀ ਸਟੇਟ ਦੇ ਹੋਣ ਆਪਸ ਵਿੱਚ ਇੱਕ ਮੁੱਠ ਹੋ ਕੇ ਰਹਿਣਾ ਬਣਦਾ ਹੈ। ਸਮਾਂ ਅਨੁਕੂਲ ਆ ਰਿਹਾ ਹੈ, ਸਿੱਖ ਕੌਮ ਨੂੰ ਜੋ ਫੱਟ ਭਾਰਤੀ ਸਰਕਾਰਾਂ ਅਤੇ ਸਰਕਾਰੀ ਅਸਾਧਾਂ (ਏਜੰਟਾਂ) ਨੇ ਦਿੱਤੇ ਹਨ ਉਹਨਾਂ ਦਾ ਕਰਜਾ ਉਤਾਰਨ ਵਾਰੇ ਸੋਚਣਾ ਚਾਹੀਦਾ ਹੈ। ਨਹੀਂ ਤਾਂ ਧਰਮ ਵਿੱਚ ਗਿਰਾਵਟ ਜਾਰੀ ਹੀ ਰਹੇਗੀ।
ਨਾਸਿਕ ਵਿੱਚ ਦਰਬਾਰ ਸਾਹਿਬ ਦੀ ਤਰਜ ਉੱਪਰ ਗੁਰੂਦੁਆਰਾ ਬਣਾਉਣ ਦਾ ਮਸਲਾ
ਨਾਸਿਕ ਸ਼ਹਿਰ ਮਹਾਰਾਸ਼ਟਰ ਵਿੱਚ ਦਰਬਾਰ ਸਾਹਿਬ ਦੀ ਤਰਜ ਉੱਪਰ ਗੁਰੂਦੁਆਰਾ ਬਣਾਉਣ ਦਾ ਮਸਲਾ ਸਾਹਮਣੇ ਆਇਆ ਹੈ ਅਤੇ ਗੁਰੂ ਘਰ ਵਿੱਚ ਗਣੇਸ਼ ਦੀ ਮੂਰਤੀ ਰੱਖ ਕੇ ਗਣੇਸ਼ ਮਹੋਤਸਵ ਮਨਾਉਣ ਦੀਆਂ ਗੱਲਾਂ ਅਖਬਾਰਾਂ ਅਤੇ ਟੈਲੀਵਿਜਨ ਚੈਨਲਾਂ ਉੱਪਰ ਪੜਨ ਅਤੇ ਵੇਖਣ ਨੂੰ ਮਿਲ ਰਹੀਆਂ ਹਨ। ਇਹ ਮਸਲਾ ਪੰਜਾਬ ਤੋਂ ਕਰੀਬ 1500 ਕਿਲੋਮੀਟਰ ਦੂਰ ਦਾ ਹੈ। ਇਸ ਵਿੱਚ ਆਰ. ਐੱਸ. ਐੱਸ ਦਾ ਹੱਥ ਦੱਸਿਆ ਜਾ ਰਿਹਾ ਹੈ। ਉਹ ਲੋਕਾਂ ਨੇ ਦਰਬਾਰ ਸਾਹਿਬ ਦੇ ਨਕਸ਼ੇ ਤੇ ਗੁਰੂ ਘਰ ਬਣਾਇਆ ਅੱਜ ਜੱਥੇਦਾਰ ਅਕਾਲ ਤਖਤ ਸਾਹਿਬ ਉਹਨਾਂ ਲੋਕਾਂ ਨੂੰ ਇਸ ਦੇ ਖਿਲਾਫ ਤਾੜਨਾ ਦੇ ਰਹੇ ਹਨ। ਪਰ ਪੰਜਾਬ ਦੀ ਹੀ ਧਰਤੀ ਉੱਪਰ ਇੱਕ ਆਪਣੇ ਆਪ ਨੂੰ ਬ੍ਰਹਮ-ਗਿਆਨੀ ਅਖਵਾਉਣ ਵਾਲੇ ਬੰਦੇ ਦੀ ਦੇਖ-ਰੇਖ ਹੇਠ ਵੀ ਤਾਂ ਦਰਬਾਰ ਸਾਹਿਬ ਦੀ ਨਕਲ ਤਿਆਰ ਹੋ ਗਈ ਸੀ ਅਤੇ ਸੰਗਤਾਂ ਦੇ ਭਾਰੀ ਰੋਸ ਕਾਰਣ ਜਦੋਂ ਸਰੋਵਰ ਪੂਰਨ ਦੀ ਗੱਲ ਹੋਈ ਤਾਂ ਉੱਥੇ ਵੀ ਸਿੱਖ ਹੀ ਸਿੱਖਾਂ ਨਾਲ ਟਕਰਾ ਗਏ। ਅਤੇ ਉਹ ਸੰਤ ਅਖਵਾਉਣ ਵਾਲੇ ਸਿੱਖਾਂ ਨੂੰ ਆਪਸੀ ਪਿਆਰ ਸਿਖਾਉਣ ਦੀ ਥਾਂ ਆਪਸ ਵਿੱਚ ਹੀ ਲੜਵਾ ਦਿੰਦੇ ਹਨ। ਸਿੱਖ ਕੌਮ ਬਹੁਤ ਹੀ ਭੋਲੀ ਅਤੇ ਪਿਆਰੀ ਕੌਮ ਹੈ, ਇਹ ਕੌਮ ਆਪਣੇ ਹਰ ਇੱਕ ਧਰਮ ਪ੍ਰਚਾਰਕ ਨੂੰ ਸੰਤ ਸਮਝ ਲੈਂਦੀ ਹੈ। ਜੋ ਪ੍ਰਬਕਤਾ ਥੋੜਾ ਚੰਗਾ ਬੋਲ ਲੈਂਦਾ ਹੈ ਜਾਂ ਚੰਗਾ ਕੀਰਤਨ ਕਰ ਲੈਂਦਾ ਹੈ ਉਹ ਬ੍ਰਹਮ-ਗਿਆਨੀ ਸੰਤ ਦੀ ਪਦਵੀ ਉੱਪਰ ਬੈਠ ਜਾਂਦਾ ਹੈ। ਆਪਣੇ ਧਰਮ ਦੇ ਪ੍ਰਚਾਰਕਾਂ ਦਾ ਸਤਿਕਾਰ ਕਰਨਾ ਸਾਡਾ ਫਰਜ ਬਣਦਾ ਹੈ। ਪਰ ਹਰ ਪ੍ਰਚਾਰਕ ਨੂੰ ਬ੍ਰਹਮ ਗਿਆਨੀ ਸੰਤ ਦਾ ਦਰਜਾ ਦੇ ਦੇਣਾ ਅਤੇ ਉਸ ਦੇ ਪਿੱਛੇ ਲੱਗ ਕੇ ਸਿੱਖ ਸਿਧਾਂਤਾਂ ਨੂੰ ਹੀ ਤੋੜਨ ਲੱਗ ਜਾਣਾ ਬਹੁਤ ਵੱਡੀ ਨਾਸਮਝੀ ਦੀ ਗੱਲ ਹੈ। ਪਿਛਲੇ ਸਾਲ ਦਿਸੰਬਰ ਵਿੱਚ ਦਮਦਮੀ ਟਕਸਾਲ ਦੇ ਮੁਖੀ ਸਮੇਤ ਹੋਰ ਕਈ ਸੰਤ ਅਖਵਾਉਣ ਵਾਲਿਆਂ ਨੇ ਨੂਰਮਹਿਲੀਏ ਆਸ਼ੂਤੋਸ਼ ਦਾ ਕੂੜ ਸਮਾਗਮ ਬੰਦ ਕਰਵਾਉਣ ਦਾ ਸਿੱਖ ਸੰਗਤਾਂ ਨੂੰ ਸੱਦਾ ਦਿੱਤਾ। ਉਹਨਾਂ ਦੇ ਇੱਕ ਸੱਦੇ ਉੱਪਰ ਸੈੰਕੜੇ ਹੀ ਸਿੱਖ ਵੀਰ ਜਾਨਾਂ ਤੱਕ ਵਾਰਨ ਲਈ ਅੱਗੇ ਆ ਗਏ, ਸੀਨਿਆਂ ਉੱਪਰ ਗੋਲੀਆਂ ਖਾਧੀਆਂ, ਪੁਲਿਸ ਤਸ਼ੱਦਦ ਝੇਲਿਆ ਅਤੇ ਭਾਈ ਦਰਸ਼ਨ ਸਿੰਘ ਨੇ ਸ਼ਹੀਦੀ ਵੀ ਪਾਈ। ਪਹਿਲਾਂ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਸੰਤਾਂ ਨੇ ਭਾਈ ਦਰਸ਼ਨ ਸਿੰਘ ਦੇ ਕਾਤਲਾਂ ਨੂੰ ਸਜਾ ਦਿਵਾਉਣ ਜਾਂ ਉਹਨਾਂ ਦੇ ਖਿਲਾਫ ਕੇਸ ਦਰਜ ਕਰਵਾਉਣ ਤੋਂ ਪਹਿਲਾਂ ਹੀ ਧਰਨਾ ਕਿਉਂ ਚੁੱਕ ਦਿੱਤਾ। ਕੀ ਇਹ ਕੰਮ ਸੰਤਾਂ ਵਾਲਾ ਹੈ ਕਿ ਪਹਿਲਾਂ ਬੜੀਆਂ-ਬੜੀਆਂ ਗੱਲਾਂ ਕਰ ਦੇਣੀਆਂ ਅਤੇ ਬਾਅਦ ਵਿੱਚ ਚੁੱਪ ਚਾਪ ਜਾ ਕੇ ਭਾਈ ਦਰਸ਼ਨ ਸਿੰਘ ਦਾ ਸੰਸਕਾਰ ਕਰਨ ਲਈ ਤੁਰ ਪੈਣਾ? ਕੀ ਇਹ ਭਾਈ ਦਰਸ਼ਨ ਸਿੰਘ ਨਾਲ ਧੋਖਾ ਨਹੀਂ ਹੋਇਆ? ਇੱਕ ਸੰਤ ਬਾਬਾ ਜਰਨੈਲ ਸਿੰਘ ਜੀ ਸਨ ਜਿਹਨਾਂ ਨੇ ਜੋ ਕਿਹਾ ਉਹੀ ਕੀਤਾ। ਸ਼ਹਾਦਤ ਦੇ ਦਿੱਤੀ ਪਰ ਕਦਮ ਪਿੱਛੇ ਨਹੀ ਹਟਾਏ। ਉਹਨਾਂ ਅੰਦਰ ਇੱਕ ਸੰਤ ਵਾਲੀ ਆਤਮਿਕ ਅਡੋਲਤਾ ਸੀ। ਪਰ ਅੱਜ ਦੇ ਸੰਤ ਜੋ ਕਰ ਰਹੇ ਹਨ ਉਹ ਕੋਈ ਸੰਤਾਂ ਵਾਲਾ ਕੰਮ ਨਹੀਂ ਹੈ। ਸਾਡੇ ਧਾਰਮਿਕ ਮਸਲਿਆਂ ਤੇ ਲੱਗੇ ਮੋਰਚੇ ਵੀ ਬਾਦਲ ਸਰਕਾਰ ਮੁਤਾਬਿਕ ਚੱਲਣਗੇ ਤਾਂ ਕੌਮੀ ਘਾਣ ਤਾਂ ਹੋਣਾ ਹੀ ਹੈ। ਸੋ ਪ੍ਰਚਾਰਕਾਂ ਦਾ ਸਨਮਾਨ ਬਹੁਤ ਜਰੂਰੀ ਹੈ, ਪਰ ਹਰ ਪ੍ਰਚਾਰਕ ਨੂੰ ਬ੍ਰਹਮ-ਗਿਆਨੀ ਸੰਤ ਨਾ ਬਣਾਉ ਜੀ ਇਸ ਨਾਲ ਸਾਡੀ ਹੀ ਕੌਮ ਨੂੰ ਦਰਦ ਮਿਲਦੇ ਹਨ ਅਤੇ ਆਮ ਸਿੱਖ ਨੂੰ ਇਹ ਦਰਦ ਆਪਣੇ ਸੀਨੇ ਉੱਪਰ ਹੰਡਾਉਣੇ ਪੈਂਦੇ ਹਨ। ਸੋ ਆਉ ਆਪਣੇ ਆਪਸੀ ਵਿਤਕਰੇ ਖਤਮ ਕਰੀਏ ਅਤੇ ਇੱਕ ਪਲੇਟਫਾਰਮ ਉੱਪਰ ਇਕੱਠੇ ਹੋ ਕੇ ਕੌਮ ਨੂੰ ਚੜਦੀ ਕਲਾ ਵੱਲ ਲਿਜਾਣ ਦਾ ਉਪਰਾਲਾ ਕਰੀਏ। ਜੋ ਫੁੱਟ ਪਾ ਰਹੇ ਹਨ ਜੇਕਰ ਉਹਨਾਂ ਨੂੰ ਅਸੀਂ ਫੁੱਟ ਪਾਉਣ ਦਾ ਮੌਕਾ ਹੀ ਨਹੀਂ ਦੇਵਾਂਗੇ ਤਾਂ ਉਹ ਆਪਣੇ ਆਪ ਖਤਮ ਹੋ ਜਾਣਗੇ।
ਬੰਦ ਦਾ ਸੱਦਾ
ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ 1 ਨਵੰਬਰ ਨੂੰ ਸਿੱਖ ਨਸਲਕੁਸ਼ੀ ਨਾਲ ਪ੍ਰਭਾਵਿਤ ਪਰਿਵਾਰਾਂ ਦਾ ਸਾਥ ਦ੍ਰਿੜਾਉਣ ਦੇ ਲਈ ਦਿੱਲੀ ਅਤੇ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਦਾਸ ਨੇ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਵੀਰ ਕਰਨੈਲ ਸਿੰਘ ਜੀ ਅੱਗੇ ਬੇਨਤੀ ਕੀਤੀ ਹੈ ਕਿ ਜਦੋਂ ਵੀ ਅਸੀਂ ਪੰਜਾਬ ਬੰਦ ਦਾ ਸੱਦਾ ਦਿੰਦੇ ਹਾਂ ਤਾਂ ਚੰਡੀਗੜ੍ਹ ਦਾ ਨਾਮ ਜਰੂਰ ਸ਼ਾਮਿਲ ਕਰਿਆ ਕਰੀਏ। ਕਿਉਂਕਿ ਚੰਡੀਗੜ ਪ੍ਰਸ਼ਾਸ਼ਨ ਅਤੇ ਭਾਰਤ ਸਰਕਾਰ ਚੰਡੀਗੜ੍ਹ ਨੂੰ ਪੰਜਾਬ ਦਾ ਹਿੱਸਾ ਹੀ ਨਹੀਂ ਮੰਨਦੀ। ਸੋ ਪੰਜਾਬ ਬੰਦ ਦੇ ਦੌਰਾਨ ਪੰਜਾਬ ਦੀ ਰਾਜਧਾਨੀ ਬੰਦ ਨਹੀਂ ਹੁੰਦੀ। ਇਸ ਨਾਲ ਪੰਜਾਬ ਵਿਰੋਧੀ ਲੋਕਾਂ ਦੇ ਹੌਸਲੇ ਹੋਰ ਵੱਧਦੇ ਹਨ। ਸੋ ਚੰਡੀਗੜ੍ਹ ਉੱਪਰ ਪੰਜਾਬ ਦਾ ਹੱਕ ਦਿਖਾਉਣ ਅਤੇ ਪੰਜਾਬ ਦੇ ਮੁਤਾਬਿਕ ਚੰਡੀਗੜ੍ਹ ਚਲਾਉਣ ਲਈ ਇਹ ਕਦਮ ਬਹੁਤ ਜਰੂਰੀ ਹੈ। ਬੰਦ ਨੂੰ ਆਪਾਂ ਸਾਰਿਆਂ ਨੇ ਮਿਲ ਕੇ ਕਾਮਯਾਬ ਕਰਨਾ ਹੈ ਅਤੇ ਸਿੱਖ ਕੌਮ ਦੀ ਚੜ੍ਹਦੀਕਲਾ ਲਈ ਵਾਹਿਗੁਰੂ ਅੱਗੇ ਅਰਦਾਸ ਕਰਨੀ ਹੈ ਜੀ। ਹੋਈਆਂ ਭੁੱਲਾਂ ਦੀ ਖਿਮਾ।
– ਸੁਖਦੀਪ ਸਿੰਘ
ਯੂਥ ਖਾਲਸਾ ਫੈਡਰੇਸ਼ਨ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: