ਪੱਤਰ

ਰਾਜ ਬਿਨਾ ਨਹਿ ਧਰਮ ਚਲੇ ਹੈਂ…

September 16, 2010 | By

ਸਤਿਕਾਰਯੋਗ ਖਾਲਸਾ ਜੀ,

“ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ”

ਅਜੋਕੇ ਸਮੇਂ ਵਿੱਚ ਸਿੱਖਾਂ ਦੀ ਜੋ ਹਾਲਤ ਭਾਰਤ ਦੇਸ਼ ਵਿੱਚ ਹੈ ਜੇਕਰ ਆਪਾਂ ਅੱਖਾਂ ਖੋਲ ਕੇ ਜਾਗਦੇ ਜਮੀਰ ਦੇ ਨਾਲ ਵੇਖੀਏ ਤਾਂ ਬਹੁਤ ਹੀ ਗਿਰਾਵਟ ਵੱਲ ਜਾ ਰਹੀ ਹੈ। ਅੱਜ ਸਾਡੇ ਬੱਚੇ ਭਾਰਤੀ ਸੱਭਿਅਤਾ ਅਤੇ ਮੀਡੀਏ ਦੇ ਦੁਰਪ੍ਰਭਾਵ ਹੇਠ ਆ ਕੇ ਆਪਣੀ ਵਿਲੱਖਣਤਾ ਭੁੱਲਦੇ ਜਾ ਰਹੇ ਹਨ ਅਤੇ ਪਤਿਤਪੁਣੇ ਤੇ ਨਸ਼ੇ ਦਾ ਸ਼ਿਕਾਰ ਹੋ ਰਹੇ ਹਨ। ਅੱਜ ਅਸੀਂ ਉਸ ਹਾਲਤ ਵਿੱਚ ਪਹੁੰਚ ਚੁੱਕੇ ਹਾਂ ਜਿੱਥੇ ਭਾਰਤ ਦਾ ਅਖੌਤੀ ਪਿਤਾ ਮੋਹਨਦਾਸ ਗਾਂਧੀ ਅਤੇ ਅਖੌਤੀ ਚਾਚਾ ਜਵਾਹਰਲਾਲ ਨਹਿਰੂ ਵਰਗੇ ਸਿੱਖ ਵਿਰੋਧੀ ਅਤੇ ਫਿਰਕਾਪ੍ਰਸਤੀ ਦੇ ਨਮੂਨੇ ਲੀਡਰ ਸਾਨੂੰ (ਸਿੱਖਾਂ) ਨੂੰ ਪਹੁੰਚਾਉਣਾ ਚਾਹੁੰਦੇ ਸਨ। ਸਿੱਖਾਂ ਨੇ ਭਾਰਤ ਨੂੰ ਪਹਿਲਾਂ ਮੁਗਲਾਂ ਦੀ ਜਾਲਮ ਹਕੂਮਤ ਤੋਂ ਅਜਾਦ ਕਰਵਾਇਆ ਅਤੇ ਉਸ ਤੋਂ ਬਾਅਦ ਜੱਗ ਜਾਣਦਾ ਹੈ ਕਿ ਕਿਵੇਂ ਸਿੱਖਾਂ ਨੇ ਸ਼ਹਾਦਤਾਂ ਦੇ ਕਰਕੇ ਭਾਰਤ ਨੂੰ ਅੰਗਰੇਜਾਂ ਦੀ ਗੁਲਾਮੀ ਤੋਂ ਆਜਾਦ ਕਰਵਾਇਆ ਹੈ। ਪਰ ਅੱਜ ਦੀ ਨਵੀਂ ਪੀੜੀ ਨੂੰ ਭਾਰਤ ਵਿੱਚ ਸਿੱਖਾਂ ਦਾ ਇਤਿਹਾਸ ਨਹੀਂ ਪੜਾਇਆ ਜਾ ਰਿਹਾ। ਅੱਜ ਪੰਜਾਬ ਤੋਂ ਬਾਹਰ ਕੋਈ ਨਹੀਂ ਜਾਣਦਾ ਕਿ ਸਿੱਖਾਂ ਨੇ ਭਾਰਤ ਦੀ ਆਜਾਦੀ ਦਾ ਕੀ ਮੁੱਲ ਤਾਰਿਆ ਹੈ। ਭਾਰਤ ਦੇ ਸਾਰੇ ਸਿੱਖਿਆ ਬੋਰਡ ਗਿਣੀ ਮਿਥੀ ਸਾਜਿਸ਼ ਦੇ ਤਹਿਤ ਸਿੱਖ ਇਤਿਹਾਸ ਤੇ ਪਰਦਾ ਪਾ ਰਹੇ ਹਨ। ਕਿਉਂਕਿ ਇਸ ਤਰ੍ਹਾਂ ਕਰਕੇ ਭਾਰਤ ਦੀ ਬਹੁਗਿਣਤੀ ਆਪਣੀ ਬੇਗੈਰਤ, ਬੁਜਦਿਲ ਅਤੇ ਫਰੇਬੀ ਹੋਣ ਦੀ ਗੱਲ ਆਪਣੀਆਂ ਆਉਣ ਵਾਲੀਆਂ ਪੀੜੀਆਂ ਤੋਂ ਲੁਕਾਉਣਾ ਚਾਹੁੰਦੀ ਹੈ। ਇਸੇ ਚਾਲ ਦੇ ਅਧੀਨ 1947 ਤੋਂ ਲੈ ਕੇ ਹੁਣ ਤੱਕ ਸਿੱਖ ਇਤਿਹਾਸ, ਸਿੱਖ ਸਿਧਾਂਤ ਅਤੇ ਸਿੱਖ ਸਟੇਟ ਪੰਜਾਬ ਤੇ ਭਾਰਤੀ ਸਰਕਾਰਾਂ ਨੇ ਪ੍ਰਤੱਖ ਅਤੇ ਗੁਪਤ ਹਮਲੇ ਕੀਤੇ ਅਤੇ ਲਗਾਤਾਰ ਕਰ ਰਹੀ ਹੈ। ਸਭ ਤੋਂ ਵੱਡਾ ਹਮਲਾ ਸਿੱਖੀ ਦੀ ਹੋਂਦ ਉੱਪਰ ਭਾਰਤ ਦੀ ਆਜਾਦੀ ਤੋਂ ਬਾਅਦ ਭਾਰਤੀ ਸੰਵੀਧਾਨ ਦੀ ਸਿਰਜਨਾ ਕਰਕੇ ਕੀਤਾ। ਇਸ ਕੂੜ ਦੇ ਸੰਵੀਧਾਨ ਨੂੰ ਅੱਤ ਦੇ ਚਲਾਕ ਅਤੇ ਮੱਕਾਰ ਲੋਕਾਂ ਦੀ ਸਲਾਹ ਦੇ ਨਾਲ ਲਿਖਿਆ ਗਿਆ। ਇਸ ਵਿੱਚ ਸਿੱਖਾਂ ਦੀ ਵੱਖਰੀ ਅਤੇ ਨਿਆਰੀ ਹੋਂਦ ਨੂੰ ਖਤਮ ਕਰਕੇ ਸਿੱਖਾਂ ਨੂੰ ਹਿੰਦੂ ਧਰਮ ਦਾ ਡੇਰਾ ਘੋਸ਼ਿਤ ਕਰ ਦਿੱਤਾ ਗਿਆ। ਇਸਦੇ ਨਾਲ ਹੀ ਅੰਗਰੇਜਾਂ ਦੇ ਰਾਜ ਵਿੱਚ ਲਾਗੂ ਹੋਏ ਅਨੰਦ ਮੈਰਿਜ ਐਕਟ ਨੂੰ ਵੀ ਖਾਰਿਜ ਕਰਕੇ ਸਿੱਖਾਂ ਦੇ ਵਿਆਹ ਸ਼ਾਦੀਆਂ ਦੇ ਨਾਲ ਨਾਲ ਜੰਮਣ-ਮਰਣ, ਵਸੀਅਤ, ਅਡੌਪਸ਼ਨ ਸਭ ਕੁਝ ਹਿੰਦੂ ਐਕਟ ਦੇ ਅਧੀਨ ਕਰ ਦਿੱਤਾ ਗਿਆ। ਇਸ ਦੇ ਨਾਲ ਇਹਨਾ ਲੋਕਾਂ ਨੇ ਸੰਵੀਧਾਨਿਕ ਤੌਰ ਤੇ ਸਿੱਖਾਂ ਦੀ ਵੱਖਰੀ ਹੋਂਦ ਨੂੰ ਖਤਮ ਕਰ ਦਿੱਤਾ। ਦੂਸਰਾ ਭਾਰਤ ਦੀ ਆਜਾਦੀ ਸਮੇਂ ਸਿੱਖ ਸਟੇਟ ਪੰਜਾਬ ਦੀ ਕਰਵਾਈ ਗਈ ਕਾਣੀ ਵੰਡ। ਸਾਰੀ ਦੁਨੀਆ ਜਾਣਦੀ ਹੈ ਕਿ ਪਾਕਿਸਤਾਨ ਪੰਜਾਬ ਤੋਂ ਜਿਆਦਾ ਕਸ਼ਮੀਰ ਲੈਣ ਵਿੱਚ ਰੂਚੀ ਰੱਖਦਾ ਸੀ ਪਰ ਕਿਉਂਕਿ ਨਹਿਰੂ ਇੱਕ ਕਸ਼ਮੀਰੀ ਪੰਡਿਤ ਸੀ ਉਸ ਨੇ ਸਿਰਫ ਆਪਣੀ ਜਿੱਦ ਪੁਗਾਉਣ ਦੇ ਲਈ ਪੰਜਾਬ ਦੇ ਸੀਨੇ ਉੱਪਰ ਆਰੀ ਚਲਵਾਈ। ਦੂਸਰਾ ਕਾਰਣ ਪੰਜਾਬ ਦੀ ਵੰਡ ਦਾ ਇਹ ਵੀ ਰਿਹਾ ਕਿ ਸਿੱਖਾਂ ਦੇ ਦਬਾਅ ਵਾਲਾ ਇਲਾਕਾ ਘੱਟ ਤੋਂ ਘੱਟ ਕਰਕੇ ਸਿੱਖਾਂ ਨੂੰ ਛੋਟੀ ਜਿਹੀ ਥਾਂ ਤੇ ਸੀਮਿਤ ਕਰ ਦਿੱਤਾ ਜਾਵੇ ਤਾਂ ਜੋ ਨੇੜਲੇ ਭਵਿੱਖ ਵਿੱਚ ਸਿੱਖ ਛੇਤੀ ਆਪਣੀ ਤਾਕਤ ਨਾ ਵਧਾ ਸਕਣ ਅਤੇ ਚੁੱਪ-ਚਾਪ ਗੁਲਾਮੀ ਦੀ ਜਿੰਦਗੀ ਵਤੀਤ ਕਰਦੇ ਰਹਿਣ। ਜੇਕਰ ਇਸ ਧਰਤੀ ਤੋਂ ਹੱਕ ਦੀ ਆਵਾਜ ਉੱਠੀ ਤਾਂ ਇਹਨਾਂ ਜਾਲਮ ਸਰਕਾਰਾਂ ਨੇ 1980 ਤੋਂ 1995 ਤੱਕ ਸਿੱਖਾਂ ਦਾ ਜੋ ਹਾਲ ਕੀਤਾ ਹੈ ਉਹ ਨਾ ਤਾਂ ਅਸੀਂ ਭੁੱਲੇ ਹਾਂ ਅਤੇ ਨਾ ਹੀ ਕਦੇ ਭੁੱਲਾਂਗੇ। ਜੋ ਜਖਮ ਦਿੱਲੀ ਸਰਕਾਰ ਨੇ ਸਾਨੂੰ ਦਿੱਤੇ ਹਨ ਇਹ ਖਾਲਸਾ ਰਾਜ ਦੀ ਸਿਰਜਣਾ ਤੋਂ ਬਾਅਦ ਹੀ ਭਰਨ ਦੇਵਾਂਗੇ। ਜੇਕਰ ਦਿੱਲੀ ਸਰਕਾਰ ਨੂੰ ਭੁਲੇਖਾ ਹੈ ਕਿ ਖਾਲਸਾ ਰਾਜ ਸਿਰਫ ਇੱਕ ਕਲਪਨਾ ਹੈ ਤਾਂ ਇਹ ਦਿੱਲੀ ਸਰਕਾਰ ਦੀ ਸਭ ਤੋਂ ਵੱਡੀ ਗਲਤਫਹਿਮੀ ਹੈ। ਜਦੋਂ ਤੱਕ ਲਾਲ ਕਿਲੇ ਉੱਪਰ ਕੇਸਰੀ ਨਿਸ਼ਾਨ ਸਾਹਿਬ ਨਹੀਂ ਝੁਲਾ ਦਿੰਦੇ ਸਿੱਖ ਆਜਾਦੀ ਦੀ ਸ਼ਮ੍ਹਾਂ ਉੱਪਰ ਪਤੰਗਿਆਂ ਵਾਂਗ ਜਾਨਾਂ ਵਾਰਦੇ ਰਹਿਣਗੇ। ਇੱਕ ਗੱਲ ਬੜੇ ਸਪਸ਼ਟ ਤੌਰ ਤੇ ਇਸ ਲੇਖ ਰਾਹੀਂ ਮੈ ਦਿੱਲੀ ਸਰਕਾਰ ਨੂੰ ਦੱਸਣਾ ਚਾਹੁੰਦਾ ਹਾਂ ਕਿ ਖਾਲਸਾ ਰਾਜ ਕੋਈ ਨਿੱਕੀ ਮੋਟੀ ਹੱਦ ਤੱਕ ਹੀ ਸੀਮਿਤ ਨਹੀ ਹੋਵੇਗਾ। ਜਿੱਥੇ-ਜਿੱਥੇ ਦਸਾਂ ਗੁਰੂ ਸਾਹਿਬਾਨਾਂ ਦੇ ਚਰਨ ਇਸ ਧਰਤੀ ਉੱਪਰ ਪਏ ਹਨ ਉਹ – ਉਹ ਥਾਂ ਸਿੱਖ ਰਾਜ ਦੀ ਸੀਮਾ ਅੰਦਰ ਹੋਵੇਗੀ। ਇਸ ਲਈ ਚਾਹੇ ਸਾਰੀ ਦੁਨੀਆ ਦਾ ਨਕਸ਼ਾ ਹੀ ਕਿਉਂ ਨਾ ਬਦਲਣਾ ਹੈ ਜਾਵੇ ਪਰ ਖਾਲਸਾ ਭਾਰਤ ਤੋਂ ਲੈ ਕੇ ਬਗਦਾਦ, ਪਾਕਿਸਤਾਨ ਅਤੇ ਅਫਗਾਨਿਸਤਾਨ ਤੱਕ ਰਾਜ ਜਰੂਰ ਕਰੇਗਾ। ਜਿੱਥੇ – ਜਿੱਥੇ ਮੇਰੇ ਬਾਬੇ ਨਾਨਕ ਦੇ ਚਰਨਾਂ ਨੇ ਧਰਤੀ ਪਵਿੱਤਰ ਕੀਤੀ ਹੈ ਉਹ ਧਰਤੀ ਖਾਲਸਾ ਰਾਜ ਦਾ ਸਰਮਾਇਆ ਹੋ ਗਈ ਹੈ। ਭਾਵੇਂ ਅੱਜ ਇਹ ਗੱਲ ਅੱਤਕਥਨੀ ਲਗਦੀ ਹੋਵੇ ਜਾਂ ਫੇਰ ਹਾਸੋਹੀਣੀ ਲੱਗੇ ਪਰ ਇਹ ਵਾਹਿਗੁਰੂ ਦੀ ਕਿਰਪਾ ਨਾਲ ਸੱਚ ਕਰਨ ਦਾ ਜਿਗਰਾ ਖਾਲਸੇ ਵਿੱਚ ਹੈ। ਇੱਕ ਨੇ ਕੋਈ ਲੇਖ ਪੜ ਕੇ ਦਾਸ ਨੂੰ ਫੋਨ ਕਰਕੇ ਪੁੱਛਿਆ ਕਿ ਸਿੱਖਾਂ ਨੂੰ 12 ਵਜੇ ਨਾਲ ਕਿਉਂ ਸੰਬੋਧਨ ਕਰਦੇ ਹਨ ਤਾਂ ਦਾਸ ਨੇ ਉਸ ਨੂੰ ਉੱਤਰ ਦਿੱਤਾ ਕਿ 12 ਵਜੇ ਤੋਂ ਬਾਅਦ ਸਮਾਂ ਪਲਟੀ ਖਾਂਦਾ ਹੈ। ਵਕਤ ਬਦਲਦਾ ਹੈ। ਜੇਕਰ ਅੰਗਰੇਜੀ ਵਿੱਚ ਵੀ ਵੇਖੀਏ ਤਾਂ ਦਿਨ ਦੇ 12 ਵਜੇ ਤੋਂ ਬਾਅਦ ੳ.ਮ. ਤੋਂ ਪ.ਮ. ਅਤੇ ਰਾਤ ਨੂੰ 12 ਵਜੇ ਤੋਂ ਬਾਅਦ ਪ.ਮ. ਤੋਂ ੳ.ਮ. ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਦੁਨੀਆ ਅੰਦਰ ਵਕਤ ਨੂੰ ਪੁੱਠਾ ਕਰਕੇ ਸੁੱਟਣ ਦਾ ਜੇਕਰ ਹੌਂਸਲਾ ਕਿਸੇ ਵਿੱਚ ਹੈ ਤਾਂ ਉਹ ਗੁਰੂ ਦੇ ਸਿੱਖ ਵਿੱਚ ਹੈ। ਇਸੇ ਲਈ ਸਿੱਖਾਂ ਨੂੰ 12 ਵਜੇ ਨਾਲ ਸੰਬੋਧਿਤ ਕੀਤਾ ਜਾਂਦਾ ਹੈ। ਇਹ ਸੁਣ ਕੇ ਉਸ ਸੱਜਣ ਨੇ ਪੁਛਿਆ ਕੀ ਤੇਰੇ ਵੀ 12 ਵਜ ਚੁੱਕੇ ਹਨ। ਤਾਂ ਦਾਸ ਨੇ ਕਿਹਾ ਕਿ ਮੈਂ ਤਾਂ ਬਹੁਤ ਕੋਸ਼ਿਸ਼ ਕਰ ਰਿਹਾ ਹਾਂ ਅਤੇ ਤੂੰ ਵੀ ਆਪਣੇ ਰੱਬ ਅੱਗੇ ਬੇਨਤੀ ਕਰਿਆ ਕਰ ਕਿ ਮੇਰੇ 12 ਛੇਤੀ ਤੋਂ ਛੇਤੀ ਵੱਜਣ ਕਿਉਂ ਕਿ ਮੈਂ ਛੇਤੀ ਤੋਂ ਛੇਤੀ ਸਮਾਂ ਬਦਲਣਾ ਚਾਹੁੰਦਾ ਹਾਂ ਅਤੇ 64 ਸਾਲਾਂ ਦੀ ਗੁਲਾਮੀ ਤੋਂ ਛੇਤੀ ਤੋਂ ਛੇਤੀ ਨਿੱਕਲਣਾ ਚਾਹੁੰਦਾ ਹਾਂ। ਅਸੀਂ ਅਜੋਕੇ ਸਮੇਂ ਵਿੱਚ ਵੀ ਸਿੱਖ ਸਮਾਂ ਜਰੂਰ ਬਦਲਾਂਗੇ ਅਤੇ ਖਾਲਸਾ ਰਾਜ ਨੂੰ ਹਕੀਕਤ ਦਾ ਜਾਮਾ ਪਹਿਨਾਵਾਂਗੇ।

ਇੱਕ ਹੋਰ ਸਿੱਖ ਵੀਰ ਨੇ ਦਾਸ ਤੋਂ ਪੁੱਛਿਆ ਕਿ ਭਗਤ ਸਿੰਘ ਦੀ ਫੋਟੋ ਨੋਟ ਉੱਪਰ ਕਿਉਂ ਨਹੀਂ ਲੱਗਦੀ? ਦਾਸ ਨੇ ਉਸ ਨੂੰ ਉੱਤਰ ਦਿੱਤਾ ਕਿ ਕਦੇ ਗੁਲਾਮ ਕੌਮ ਦੇ ਯੋਧਿਆਂ ਦੀਆਂ ਫੋਟੋਆਂ ਨੋਟਾਂ ਉੱਪਰ ਨਹੀਂ ਲੱਗਿਆ ਕਰਦੀਆਂ। ਇਸ ਮੁਲਕ ਵਿੱਚ ਭਗਤ ਸਿੰਘ ਅੱਜ ਵੀ ਗੁਲਾਮ ਹੈ। ਜੋ ਆਜਾਦ ਹੋਇਆ ਹੈ ਉਸ ਨੇ ਬੜੀ ਸ਼ਾਨ ਨਾਲ ਆਪਣੀ ਫੋਟੋ ਨੋਟ ਉੱਪਰ ਲਗਾਈ ਹੋਈ ਹੈ। ਜਦੋਂ ਤੁਹਾਡਾ ਮੁਲਕ ਆਜਾਦ ਹੋਵੇਗਾ ਜਾਂ ਕਿਤੇ ਸਿੱਖ ਰਾਜ ਕਰਨਗੇ ਉੱਥੇ ਸਿੱਖ ਆਪਣੇ ਸ਼ਹੀਦਾਂ ਦੀਆਂ ਫੋਟੋਆਂ ਲਗਾਉਣ ਦੇ ਹੱਕਦਾਰ ਹੋਣਗੇ। ਹਿੰਦੋਸਤਾਨ ਨੇ ਸਿੱਖਾਂ ਨੂੰ ਇਹ ਹੱਕ ਨਹੀ ਦਿੱਤਾ ਕਿ ਅਸੀਂ ਆਪਣੇ ਸ਼ਹੀਦਾਂ ਦੀਆਂ ਫੋਟੋਆਂ ਉਹਨਾਂ ਦੀ ਕਰੰਸੀ ਉੱਪਰ ਲਗਾਈਏ। ਸੋ ਪਹਿਲਾਂ ਰਾਜ ਸਥਾਪਿਤ ਕਰੋ ਉਸ ਤੋਂ ਬਾਅਦ ਕਰੰਸੀ ਉੱਪਰ ਫੋਟੋਆਂ ਦੀ ਗੱਲ ਕਰੋ।

ਅੱਜ ਭਾਰਤ ਦਾ ਸੰਵੀਧਾਨ ਜੇਕਰ ਸਿੱਖਾਂ ਦੀ ਵੱਖਰੀ ਹੋਂਦ ਨੂੰ ਨਕਾਰਦਾ ਹੈ ਤਾਂ ਫੇਰ 1947 ਤੋਂ ਲੈਕੇ ਅੱਜ ਤੱਕ ਜਿੰਨੇ ਵੀ ਸਿੱਖਾਂ ਦੀਆਂ ਭਾਰਤੀ ਕਨੂੰਨ ਦੇ ਕਾਰਣ ਸ਼ਹਾਦਤਾਂ ਹੋਈਆਂ (ਫਾਂਸੀ ਦੀ ਸਜਾ ਹੋਈ) ਜਾਂ ਫੇਰ ਗਿਰਫਤਾਰੀਆਂ ਹੋਈਆਂ ਅਤੇ ਅੱਜ ਵੀ ਹੋ ਰਹੀਆਂ ਹਨ ਇਹ ਸਭ ਗੈਰ-ਕਨੂੰਨੀ ਅਤੇ ਗੈਰ ਸੰਵੀਧਾਨਿਕ ਹਨ। ਜਿਹੜਾ ਕਨੂੰਨ ਇੱਕ ਕੌਮ ਨੂੰ ਕੌਮ ਨਹੀਂ ਮੰਨਦਾ ਉਸ ਕਨੂੰਨ ਨੂੰ ਵੀ ਕੋਈ ਹੱਕ ਨਹੀ ਕਿ ਉਸ ਕੌਮ ਦੇ ਲੋਕਾਂ ਦੀ ਜਿੰਦਗੀ ਵਿੱਚ ਦਖਲਅੰਦਾਜੀ ਕਰੇ। ਅਸੀਂ ਇਸ ਸੰਵੀਧਾਨ ਨੂੰ ਸਿਰੇ ਤੋਂ ਖਾਰਿਜ ਕਰਦੇ ਹਾਂ ਤੇ ਜਿੰਨੇ ਵੀ ਸਿੱਖ ਭਾਰਤੀ ਜੇਲਾਂ ਵਿੱਚ ਬੰਦ ਹਨ ਉਹਨਾਂ ਸਾਰਿਆਂ ਨੂੰ ਫੌਰਨ ਰਿਹਾ ਕਰਨ ਦੀ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਾਂ। ਇਸ ਸੰਵੀਧਾਨ ਨੂੰ ਬਹੁਗਿਣਤੀ ਦੇ ਲੀਡਰ ਆਪਣੀ ਮਰਜੀ ਮੁਤਾਬਿਕ ਵਰਤਦੇ ਹਨ। ਅਸੀਂ (ਸਿੱਖ) ਜਵਾਹਰ ਲਾਲ ਨਹਿਰੂ, ਮੋਹਨਦਾਸ ਗਾਂਧੀ, ਪਟੇਲ, ਇੰਦਰਾ ਗਾਂਧੀ, ਸੰਜੇ ਗਾਂਧੀ, ਰਾਜੀਵ ਗਾਂਧੀ, ਨਰਸਿਮਹਾਰਾਉ, ਅਰਜੁਨ ਸਿੰਘ, ਅਡਵਾਨੀ, ਬਾਜਪਾਈ, ਸੱਜਣ ਕੁਮਾਰ, ਜਗਦੀਸ਼ ਟਾਇਟਲਰ, ਕਮਲ ਨਾਥ, ਬੇਅੰਤ ਸਿੰਘ ਵਰਗੇ ਅਨਗਿਣਤ ਘਟੀਆ ਲੋਕਾਂ ਨੂੰ ਅੱਤਬਾਦੀ ਨਹੀਂ ਕਹਿ ਸਕਦੇ। ਪਰ ਇਹ ਸਾਰੇ ਮਿਲ ਕੇ ਸਿੱਖਾਂ ਨੂੰ ਅੱਤਬਾਦੀ ਕਹਿ ਸਕਦੇ ਹਨ, ਉਹਨਾਂ ਦੇ ਧਾਰਮਿਕ ਅਸਥਾਨਾਂ ਉੱਪਰ ਫੌਜ ਤੋਂ ਹਮਲਾ ਕਰਵਾ ਸਕਦੇ ਹਨ, ਉਹਨਾਂ ਦੀਆਂ ਧੀਆਂ-ਭੈਣਾ ਦੀਆਂ ਇਜਤਾਂ ਖਰਾਬ ਕਰਵਾ ਸਕਦੇ ਹਨ, ਉਹਨਾਂ ਦੇ ਘਰਾਂ ਅਤੇ ਦੁਕਾਨਾਂ ਨੂੰ ਅੱਗਾਂ ਲਗਵਾ ਸਕਦੇ ਹਨ, ਜਿਉਂਦਿਆਂ ਦੇ ਗਲਾਂ ਵਿੱਚ ਜਲਦੇ ਟਾਇਰ ਪਵਾ ਸਕਦੇ ਹਨ, ਉਹਨਾਂ ਦੇ ਸਟੇਟ ਦਾ ਪਾਣੀ ਲੁੱਟ ਸਕਦੇ ਹਨ, ਉਹਨਾਂ ਦੀ ਸਟੇਟ ਦੇ ਨੌਜਵਾਨਾਂ ਨੂੰ ਨਸ਼ੇ ਸਪਲਾਈ ਕਰ ਸਕਦੇ ਹਨ, ਹਰਿਤ ਕਰਾਂਤੀ ਦੇ ਨਾਂ ਹੇਠ ਉਹਨਾਂ ਦੀਆਂ ਜਮੀਨਾਂ ਨੂੰ ਬੰਜਰ ਕਰਨ ਦੀ ਸ਼ਾਜਿਸ਼ ਕਰ ਸਕਦੇ ਹਨ, ਉਹਨਾਂ ਦੀ ਸਰਕਾਰੀ ਤੌਰ ਤੇ ਕੀਤੀ ਗਈ ਨਸਲਕੁਸ਼ੀ ਨੂੰ ਦੰਗਿਆਂ ਦਾ ਨਾਂ ਦੇ ਸਕਦੇ ਹਨ, ਝੂਠਾ ਇਤਿਹਾਸ ਲਿਖਵਾਕੇ ਸਿੱਖਾਂ ਦੀ ਬਹਾਦਰੀ ਉੱਪਰ ਸ਼ੰਕੇ ਪੈਦਾ ਕਰ ਸਕਦੇ ਹਨ, ਡੇਰੇਦਾਰਾਂ ਦੇ ਰਾਹੀਂ ਪੰਜਾਬ ਵਿੱਚ ਭਾਈ ਨੂੰ ਭਾਈ ਨਾਲ ਲੜਾ ਸਕਦੇ ਹਨ, ਕਿਸਾਨਾਂ ਨੂੰ ਆਤਮ ਹੱਤਿਆ ਲਈ ਮਜਬੂਰ ਕਰ ਸਕਦੇ ਹਨ, ਗਰੀਬ ਵਸਨੀਕ ਨੂੰ ਅਨਾਜ ਦੇਣ ਦੀ ਥਾਂ ਤੇ ਬਰਸਾਤਾਂ ਵਿੱਚ ਅਨਾਜ ਗਾਲ ਸਕਦੇ ਹਨ ਅਤੇ ਹਾਲੇ ਵੀ ਕਹਿੰਦੇ ਹਨ ਕਿ ਉਹ ਅੱਤਬਾਦੀ ਨਹੀਂ ਹਨ। ਇਹ ਸਭ ਹੁੰਦਾ ਵੇਖ ਕੇ ਤਾਂ ਫੇਰ ਸਾਡੀ ਹੀ ਅਣਖ ਮਰੀ ਹੋਈ ਹੈ ਜੋ ਅਸੀਂ ਇਹਨਾ ਦੀ ਗੁਲਾਮੀ ਕਰ ਰਹੇ ਹਾਂ। 1980 ਤੋਂ ਅੱਜ ਤੱਕ ਜਿਹੜੇ ਸਿੰਘਾਂ ਨੇ ਸ਼ਹਾਦਤਾਂ ਦਿੱਤੀਆਂ ਹਨ ਉਹਨਾਂ ਨੂੰ ਅਸੀਂ ਦਿਲੋਂ ਭੁਲਾ ਕੇ ਐਸ਼ਪ੍ਰਸਤੀ ਵਿੱਚ ਲੱਗੇ ਹੋਏ ਹਾਂ। ਪਰ ਅੱਜ ਲੋੜ ਹੈ ਉਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਅਤੇ ਉਹਨਾਂ ਦੇ ਅਧੂਰੇ ਛੱਡੇ ਕੰਮਾਂ ਨੂੰ ਫਤਿਹ ਕਰਨ ਦੀ। ਜਦੋਂ ਤੱਕ ਰਾਜ ਨਹੀਂ ਹੋਵੇਗਾ ਧਰਮ ਵਿੱਚ ਗਿਰਾਵਟ ਦਾ ਦੌਰ ਜਾਰੀ ਰਹੇਗਾ।

“ਰਾਜ ਬਿਨਾ ਨਹਿ ਧਰਮ ਚਲੇ ਹੈਂ, ਧਰਮ ਬਿਨਾ ਸਭ ਦਲੇ ਮਲੇ ਹੈਂ”

ਹੋਈਆਂ ਭੁਲਾਂ ਦੀ ਖਿਮਾ। “ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ”


ਸੁਖਦੀਪ ਸਿੰਘ
(ਯੁੱਥ ਖਾਲਸਾ ਫੈਡਰੇਸ਼ਨ)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: