ਪੱਤਰ

ਦਸਤਾਰ ਦਾ ਮਸਲਾ ਅਤੇ ਭਾਰਤ ਵਿੱਚ ਸਿੱਖਾਂ ਦੀ ਹਾਲਤ

December 15, 2010 | By

ਪਿਛਲੇ ਦਿਨੀਂ ਫਰਾਂਸ ਦੇ ਰਾਸ਼ਟਰਪਤੀ ਦੀ ਹਿੰਦੋਸਤਾਨ ਫੇਰੀ ਦੌਰਾਨ ਸਿੱਖਾਂ ਨੇ ਕਈ ਥਾਵਾਂ ਤੇ ਫਰਾਂਸ ਵਿੱਚ ਸਕੂਲੀ ਬੱਚਿਆਂ ਤੇ ਲੱਗੀ ਪੱਗ ਬੰਨ੍ਹਣ ਦੀ ਮਨਾਹੀ ਨੂੰ ਹਟਾਉਣ ਲਈ ਸ਼ਾਤਮਈ ਪ੍ਰਦਰਸ਼ਨ ਕੀਤੇ। ਫਰਾਂਸ ਦੇ ਰਾਸ਼ਟਰਪਤੀ ਨੇ ਮੰਨਿਆ ਕਿ ਸਿੱਖਾਂ ਨੇ ਵਿਸ਼ਵ ਯੁੱਧ ਦੌਰਾਨ ਉਹਨਾਂ ਦੇ ਮੁਲਕ ਲਈ ਬਹੁਤ ਕੁਰਬਾਨੀਆਂ ਕੀਤੀਆਂ ਅਤੇ ਕਿਹਾ ਕਿ ਫਰਾਂਸ ਸਿੱਖਾਂ ਦਾ ਸਦਾ ਰਿਣੀ ਰਹੇਗਾ। ਪਰ ਸਕੂਲੀ ਬੱਚਿਆਂ ਦੀ ਦਸਤਾਰ ਉੱਤੇ ਲੱਗੀ ਪਾਬੰਦੀ ਨੂੰ ਉਹ ਨਹੀ ਹਟਾਈ ਜਾਵੇਗੀ। ਸਿੱਖ ਜੱਥੇਬੰਦੀਆਂ ਅਤੇ ਸਿੱਖ ਸਕੂਲੀ ਬੱਚਿਆਂ ਨੇ ਦਿੱਲੀ ਵਿੱਚ ਦਸਤਾਰਾਂ ਸਜਾ ਕੇ ਵਿਸ਼ੇਸ਼ ਪ੍ਰਦਰਸ਼ਨ ਕੀਤੇ। ਪਰ ਇਹ ਸਭ ਮਸਲੇ ਬਗੈਰ ਸਰਕਾਰੀ ਦਖਲ ਦੇ ਨਹੀ ਸੁਲਝਿਆ ਕਰਦੇ। ਸਿੱਖ ਕੌਮ ਦੁਨੀਆ ਵਿੱਚ ਬਹੁਤ ਹੀ ਘੱਟ ਗਿਣਤੀ ਕੌਮਾਂ ਵਿੱਚੋਂ ਹੈ। ਜਦੋਂ ਤੱਕ ਸਿੱਖ ਜਿਸ ਮੁਲਕ ਦੇ ਅਸਲੀ ਵਸਨੀਕ ਹਨ ਜਾਂ ਇਹ ਕਹਿ ਲਈਏ ਕਿ ਜਿਸ ਧਰਤੀ ਨਾਲ ਸਿੱਖਾਂ ਦਾ ਮੁੱਢ ਜੁੜਿਆ ਹੋਇਆ ਹੈ ਉੱਥੇ ਦੀ ਸਰਕਾਰ ਸਿੱਖਾਂ ਨੂੰ ਇਨਸਾਫ ਦਿਵਾਉਣ ਲਈ ਕੋਈ ਯਤਨ ਨਹੀ ਕਰੇਗੀ ਉਦੋਂ ਤੱਕ ਇਸ ਤਰਾਂ ਦੇ ਮਸਲੇ ਹੱਲ ਨਹੀਂ ਹੋ ਸਕਦੇ। ਭਾਰਤੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਭਾਵੇਂ ਸਿਰ ਉੱਪਰ ਦਸਤਾਰ ਸਜਾਉਂਦਾ ਹੈ ਉਸ ਨੇ ਅੱਜ ਤੱਕ ਕਦੇ ਵੀ ਸਿੱਖ ਕੌਮ ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰਨ ਦਾ ਕਦੇ ਯਤਨ ਨਹੀਂ ਕੀਤਾ।

ਦੁਨੀਆਂ ਦੇ ਕਈ ਮੁਲਕਾਂ ਵਿੱਚ ਕਕਾਰਾਂ ਤੇ ਲੱਗੀ ਪਾਬੰਦੀ ਦੇ ਮਾਮਲੇ ਵਿੱਚ ਸਿੱਖ ਪੂਰੀ ਦੁਨੀਆ ਵਿੱਚ ਇਕੱਲੇ ਹੀ ਜੱਦੋਜਹਿਦ ਕਰ ਰਹੇ ਹਨ ਅਤੇ ਭਾਰਤ ਦੀਆਂ ਸਰਕਾਰਾਂ ਅਤੇ ਹੋਰ ਭਾਰਤ ਦੇ ਵਸਨੀਕਾਂ ਨੇ ਕਦੇ ਸਿੱਖਾਂ ਦਾ ਸਾਥ ਦੀ ਕੋਸ਼ਿਸ਼ ਨਹੀਂ ਕੀਤੀ। ਸਿੱਖਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਹੀ ਹਿੰਦੋਸਤਾਨ ਦੇ ਲੋਕਾਂ ਨੇ ਅੰਗਰੇਜ਼ੀ ਸਾਮਰਾਜ ਦੀ ਗੁਲਾਮੀ ਤੋਂ ਛੁਟਕਾਰਾ ਹਾਸਿਲ ਕੀਤਾ ਸੀ। ਭਾਵੇਂ ਅੱਜ ਭਾਰਤ ਦੀ ਸਰਕਾਰ ਝੂਠੇ ਇਤਿਹਾਸ ਲਿਖਵਾ ਕੇ ਇਸ ਗੱਲ ਤੋਂ ਵੀ ਮੁਨਕਰ ਹੋ ਰਹੇ ਹਨ ਕਿ ਸਿੱਖਾਂ ਨੇ ਅਜਾਦੀ ਦੀ ਲੜਾਈ ਵਿੱਚ ਮਹੱਤਵਪੂਰਣ ਭੁਮੀਕਾ ਨਿਭਾਈ ਸੀ।

ਇਹ ਗੱਲ ਸਿੱਖਾਂ ਦੇ ਭਾਰਤ ਵਿੱਚ ਮਹੱਤਵ ਪੂਰਣ ਨਾਗਰਿਕ ਨਾ ਹੋਣ ਵੱਲ ਇਸ਼ਾਰਾ ਕਰਦੀ ਹੈ ਜਾਂ ਇਹ ਕਹਿ ਲਈਏ ਕਿ ਸਿੱਖ ਭਾਰਤ ਵਿੱਚ ਐਂਵੇ ਹੀ ਬੇਗੈਰਤ ਵਾਲੀ ਜਿੰਦਗੀ ਜੀ ਰਹੇ ਹਨ ਅਤੇ ਉਹਨਾਂ ਦੀਆਂ ਸਮੱਸਿਆਵਾਂ ਜਾਂ ਉਹਨਾਂ ਦੇ ਮੁੱਦਿਆਂ ਨਾਲ ਬਾਕੀ ਹਿੰਦੋਸਤਾਨੀਆਂ ਨੂੰ ਕੋਈ ਲੈਣਾ ਦੇਣਾ ਨਹੀਂ ਹੈ। ਇਸ ਗੱਲ ਦਾ ਸਭ ਤੋਂ ਵੱਡਾ ਸਬੂਤ ਹੈ ਕਿ ਭਾਰਤ ਦੀ ਅਮਰੀਕਾ ਵਿੱਚ ਰਾਜਦੂਤ ਮੀਰਾ ਸ਼ੰਕਰ ਦੀ ਅਮਰੀਕੀ ਹਵਾਈ ਅੱਡੇ ਉੱਪਰ ਸੁਰੱਖਿਆ ਜਾਂਚ ਹੋਈ ਤਾਂ ਪੂਰੇ ਹਿੰਦੋਸਤਾਨ ਦੇ ਲੋਕਾਂ ਨੇ ਇੱਕ ਪਲੇਟਫਾਰਮ ਉੱਪਰ ਆ ਕੇ ਇਸ ਗੱਲ ਦਾ ਰੋਸ ਮਨਾਇਆ ਅਤੇ ਇਸ ਨੂੰ ਭਾਰਤ ਦਾ ਅਪਮਾਨ ਦੱਸਿਆ। ਕਾਂਗਰਸ, ਬੀ. ਜੇ. ਪੀ. ਸਮੇਤ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਇਸ ਗੱਲ ਵਿਰੁੱਧ ਆਪਣਾ ਰੋਸ ਜਾਹਿਰ ਕੀਤਾ ਅਤੇ ਅਮਰੀਕਾ ਨੂੰ ਬਹੁਤ ਸਖਤ ਸ਼ਬਦਾਂ ਵਿੱਚ ਨਿੰਦਿਆ। ਪਰ ਸਿੱਖਾਂ ਦੀਆਂ ਪੱਗਾਂ ਪਿਛਲੇ ਕਈ ਸਾਲਾਂ ਤੋਂ ਉਤਾਰੀਆਂ ਜਾ ਰਹੀਆਂ ਹਨ ਅਤੇ ਸਿਖ ਕਿੰਨੇ ਹੀ ਸਾਲਾਂ ਤੋਂ ਰੌਲਾ ਪਾ ਰਹੇ ਹਨ ਕਿ ਸੁਰੱਖਿਆ ਦੇ ਨਾਮ ਉੱਪਰ ਸਿੱਖਾਂ ਦੀਆਂ ਪੱਗਾਂ ਉਤਾਰਨੀਆਂ ਗਲਤ ਹਨ ਕੀ ਕਿਸੇ ਗੈਰ ਸਿੱਖ ਭਾਰਤੀ ਰਾਜਨੇਤਾ ਨੇ ਇਸ ਵਿਰੁੱਧ ਇੱਕ ਵੀ ਲਫਜ ਬੋਲਿਆ ਹੈ ਜਾਂ ਭਾਰਤ ਦੀ 125 ਕਰੋੜ ਦੀ ਆਬਾਦੀ ਵਿੱਚੋਂ ਕਿਸੇ ਗੈਰ ਸਿੱਖ ਨੇ ਇਹ ਗੱਲ ਕਹੀ ਹੈ ਕਿ ਸਿੱਖਾਂ ਨਾਲ ਧੱਕਾ ਹੋ ਰਿਹਾ ਹੈ ਤੇ ਇਸ ਤਰਾਂ ਨਹੀ ਹੋਣਾ ਚਾਹੀਦਾ?

ਇੱਕ ਰੂਚੀਕਾ ਗਿਰਹੋਤਰਾ ਕੇਸ ਵਿੱਚ ਪੁਲਿਸ ਅਫਸਰ ਰਾਠੌੜ ਦੇ ਖਿਲਾਫ ਸਾਰੇ ਹਿੰਦੋਸਤਾਨ ਵਿੱਚ ਰੋਸ ਪ੍ਰਦਰਸ਼ਨ ਹੋਏ। ਪਰ ਸਿੱਖਾਂ ਦੀਆਂ ਕਿੰਨੀਆਂ ਧੀਆਂ ਭੈਣਾਂ ਦੀ ਬੇਪਤੀ 80-90 ਦੇ ਦਸ਼ਕ ਦੌਰਾਨ ਪੁਲਿਸ ਮੁਲਾਜਮਾਂ ਨੇ ਕੀਤੀ; ਕੀ ਇੱਕ ਵੀ ਹਿੰਦੋਸਤਾਨੀ ਗੈਰ ਸਿੱਖ ਨੇ ਕਦੇ ਕਿਹਾ ਕਿ ਸਿੱਖ ਭੈਣਾਂ ਨੂੰ ਜਾਂ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਵੀ ਇਨਸਾਫ ਮਿਲਣਾ ਚਾਹੀਦਾ ਹੈ? ਸਿੱਖ ਬੀਬੀਆਂ ਨੂੰ ਹਰਿਆਣੇ ਵਿੱਚ ਭਜਨ ਲਾਲ ਦੀ ਸਰਕਾਰ ਸਮੇਂ ਪਿੰਡਾਂ ਵਿੱਚ ਨੰਗਿਆਂ ਕਰ ਕੇ ਘੁਮਾਇਆ ਗਿਆ ਕੀ ਕਿਸੇ ਗੈਰ ਸਿੱਖ ਨੇ ਮੋਮਬੱਤੀ ਹੱਥ ਵਿੱਚ ਫੜ ਕੇ ਰੋਸ ਮਾਰਚ ਕੱਡਿਆ?

ਸਿੱਖਾਂ ਦੇ ਕਾਤਲ ਪੁਲਿਸ ਵਾਲੇ ਅਤੇ ਰਾਜਨੇਤਾ ਅੱਜ ਤੱਕ ਸਰਕਾਰੀ ਸਹੂਲਤਾਂ ਮਾਣ ਰਹੇ ਹਨ ਕੀ ਕਿਸੇ ਨੇ ਕਦੇ ਵਿਰੋਧ ਕੀਤਾ? ਭਾਰਤ ਦੀ ਅਜਾਦੀ ਲਈ ਅਥਾਹ ਕੁਰਬਾਨੀਆਂ ਕਰਨ ਤੋਂ ਬਾਅਦ ਵੀ 1984 ਦੇ ਦਹਾਕੇ ਵਿੱਚ ਹਿੰਦੋਸਤਾਨੀਆਂ ਨੇ ਇਹ ਨਾਹਰੇ ਲਾਏ ਕਿ “ਦੁੱਕੀ ਤਿੱਕੀ ਖਹਿਣ ਨੀ ਦੇਣੀ, ਸਿਰ ਤੇ ਪਗੜੀ ਰਹਿਣ ਨੀ ਦੇਣੀ”, “ਕੱਛ ਕੜਾ ਕਿਰਪਾਨ ਇਹਨੂੰ ਭੇਜੋ ਪਾਕਿਸਤਾਨ”।

ਕੀ ਕਿਸੇ ਗੈਰ ਸਿੱਖ ਨੇ ਅਜਿਹੀਆਂ ਵਾਰਦਾਤਾਂ ਦਾ ਵਿਰੋਧ ਕੀਤਾ? ਜਦੋਂ ਸਿੱਖਾਂ ਨੇ ਇਨ੍ਹਾਂ ਘਿਨਾਉਣੀਆਂ ਕਾਰਵਾਈਆਂ ਦਾ ਵਿਰੋਧ ਕੀਤਾ ਤਾਂ ਅਕਾਲ ਤਖਤ ਸਾਹਿਬ ਵਿੱਚ ਅਤਿਵਾਦੀ ਦੱਸ ਨੇ ਫੌਜ ਤੋਂ ਹਮਲਾ ਕਰਵਾ ਦਿੱਤਾ ਅਤੇ ਸਾਡੀ ਨਸਲਕੁਸ਼ੀ ਦੀ ਸਾਜਿਸ਼ ਰਚ ਦਿੱਤੀ।
ਸਿਰਸਾ ਡੇਰੇ ਦੇ ਮੁਖੀ ਨੇ ਗੁਰੂ ਸਾਹਿਬਾਨ ਦਾ ਸਵਾਂਗ ਰਚਣ ਤੋਂ ਬਾਅਦ ਡੇਰੇ ਦੇ ਪੈਰੋਕਾਰਾਂ ਕੋਲੋਂ ਸਿੱਖਾਂ ਉੱਪਰ ਗੋਲੀਆਂ ਚਲਵਾਈਆਂ ਜਿਸ ਕਾਰਨ ਭਾਈ ਕਮਲਜੀਤ ਸਿੰਘ, ਭਾਈ ਹਰਮੰਦਰ ਸਿੰਘ ਅਤੇ ਭਾਈ ਬਲਕਾਰ ਸਿੰਘ ਸ਼ਹੀਦ ਹੋ ਗਏ ਅਤੇ ਕਿੰਨੇ ਹੀ ਸਿਖ ਜਖਮੀ ਹੋਏ। ਸੈਂਕੜੇ ਹੀ ਸਿੱਖ ਜੇਲਾਂ ਵਿੱਚ ਬੰਦ ਹਨ, ਕੀ ਕਿਸੇ ਗੈਰ ਸਿੱਖ ਨੇ ਭਾਰਤ ਸਰਕਾਰ ਨੂੰ ਇਹ ਕਿਹਾ ਕਿ ਸੌਦਾ ਸਾਧ ਵਿਰੁੱਧ ਕਾਰਵਾਈ ਕਿਉਂ ਨਹੀਂ ਹੋ ਰਹੀ? ਕੀ ਕਿਸੇ ਗੈਰ ਸਿੱਖ ਨੇ ਗੁਰੂ ਗੰ੍ਰਥ ਸਾਹਿਬ ਜੀ ਦੇ ਪਵਿੱਤਰ ਸਰੂਪਾਂ ਨੂੰ ਅਗਨ ਭੇਂਟ ਕਰਵਾਉਣ ਵਾਲੇ ਭਨਿਆਰੇ ਵਾਲੇ ਵਿਰੁੱਧ ਕਾਰਵਾਈ ਨਾ ਹੋਣ ਦਾ ਰੋਸ ਜਤਾਇਆ ਹੈ? ਕੀ ਕਿਸੇ ਗੈਰ ਸਿੱਖ ਨੇ ਨੂਰਮਹਿਲੀਏ ਦੁਆਰਾ ਕੀਤੇ ਜਾ ਰਹੇ ਗੁਰੂ ਸਾਹਿਬ ਦੇ ਅਪਮਾਨ ਅਤੇ ਭਾਈ ਦਰਸ਼ਨ ਸਿੰਘ ਲਹੌਰਾ ਦੀ ਸ਼ਹੀਦੀ ਦੇ ਵਿਰੋਧ ਵਿੱਚ ਕਦੇ ਪ੍ਰਦਰਸ਼ਨ ਕੀਤਾ ਹੈ?

ਇਹ ਸਭ ਗੱਲਾਂ ਸਿੱਖਾਂ ਦੇ ਹਿੰਦੋਸਤਾਨ ਵਿੱਚ ਗੁਲਾਮ ਹੋਣ ਵੱਲ ਇਸ਼ਾਰਾ ਕਰ ਰਹੀਆਂ ਹਨ। ਜੇਕਰ ਭਾਰਤ ਵਿੱਚ ਹੀ ਰਹਿਣ ਵਾਲੇ ਗੈਰ ਸਿੱਖਾਂ ਨੂੰ ਸਿੱਖਾਂ ਦੇ ਮਸਲਿਆਂ ਅਤੇ ਭਾਵਨਾਵਾਂ ਵਾਰੇ ਕੋਈ ਮਹੱਤਤਾ ਨਹੀ ਹੈ ਫਿਰ ਸਿੱਖ ਕਿਵੇਂ ਆਪਣੇ ਆਪ ਨੂੰ ਇਸ ਮੁਲਕ ਦੇ ਮਾਣਯੋਗ ਵਸਿੰਦੇ ਕਹਿ ਸਕਦੇ ਹਨ?

ਦਾਸ ਉੱਪਰ ਲਿਖੇ ਮਸਲਿਆਂ ਵਿੱਚ ਗੈਰ ਸਿੱਖਾਂ ਦੇ ਦਖਲ ਨਾਂ ਦੇਣ ਦੀ ਗੱਲ ਇਸ ਲਈ ਨਹੀਂ ਕਰ ਰਿਹਾ ਕਿ ਉਹਨਾਂ ਦੇ ਦਖਲ ਤੋਂ ਬਿਨਾਂ ਇਹ ਮੁੱਦੇ ਸੁਲਝਣਗੇ ਨਹੀਂ ਬਲਕਿ ਇਸ ਲਈ ਕਰ ਰਿਹਾਂ ਹਾਂ ਤਾਂ ਜੋ ਸਿੱਖਾਂ ਨੂੰ ਆਪਣੀ ਅਸਲੀ ਸਥਿਤੀ ਇਸ ਮੁਲਕ ਵਿੱਚ ਪਤਾ ਲੱਗੇ। ਸਿੱਖਾਂ ਨੇ ਆਪਣੇ ਹੀ ਨਹੀਂ ਬਲਕਿ ਹੋਰ ਕੌਮਾਂ ਦੇ ਮਸਲੇ ਵੀ ਆਪਣੇ ਦਮ ਉੱਪਰ ਹੱਲ ਕਰਵਾਏ ਹਨ। ਪਹਿਲਾਂ ਹਿੰਦੋਸਤਾਨੀਆਂ ਨੂੰ 900 ਸਾਲਾਂ ਦੀ ਮੁਗਲ ਗੁਲਾਮੀ ਤੋਂ ਅਜਾਦ ਕਰਵਾਇਆ ਜਦੋਂ ਕਿ ਸਿੱਖ ਸੈਂਕੜਿਆਂ ਦੀ ਗਿਣਤੀ ਵਿੱਚ ਸਨ। ਫੇਰ ਅੰਗਰੇਜ ਤੋਂ ਇਹਨਾਂ ਬੇਗੈਰਤ ਲੋਕਾਂ ਨੂੰ ਅਜਾਦ ਕਰਵਾਇਆ ਜਦੋਂ ਸਿੱਖ ਹਜਾਰਾਂ ਵਿੱਚ ਸਨ। ਜੇਕਰ ਸਿੱਖ ਤਿਲਕ, ਜੰਝੂ ਅਤੇ ਬੋਦੀ ਨੂੰ ਜਾਬਰ ਮੁਗਲਾਂ ਤੋਂ ਬਚਾ ਸਕਦੇ ਹਨ ਤਾਂ ਆਪਣੇ ਕਕਾਰਾਂ ਨੂੰ ਵੀ ਆਪਣੇ ਜੋਰ ਤੇ ਬਚਾ ਸਕਦੇ ਹਨ। ਭਾਰਤ ਲਗਭਗ 50 ਕਰੋੜ ਦੀ ਅਬਾਦੀ ਵਾਲਾ ਮੁਲਕ ਸੀ ਜਦੋਂ ਕੁੱਝ ਹਜਾਰ ਸਿੱਖਾਂ ਨੇ 100 ਸਾਲਾਂ ਦੇ ਕਰੀਬ ਦੀ ਜੱਦੋ ਜਹਿਦ ਕਰਕੇ ਹਿੰਦੋਸਤਾਨ ਨੂੰ ਅੰਗਰੇਜਾਂ ਤੋਂ ਅਜਾਦ ਕਰਵਾਇਆ ਅਤੇ ਅੱਜ ਸਿੱਖਾਂ ਦੀ ਗਿਣਤੀ ਲੱਖਾਂ ਵਿੱਚ ਹੈ ਅਤੇ 1947 ਦੇ ਝੂਠੇ ਵਾਅਦਿਆਂ ਵਿੱਚ ਫਸ ਕੇ ਦੁਬਾਰਾ ਗੁਲਾਮ ਹੋਏ ਸਿੱਖ ਫੇਰ ਪਿਛਲੇ 50 ਸਾਲਾਂ ਤੋਂ ਅਜਾਦੀ ਲਈ ਜੂਝ ਰਹੇ ਹਨ। ਇਹ ਜੱਦੋਜਹਿਦ 1978 ਤੋਂ ਬਾਅਦ ਜਿਆਦਾ ਤੇਜ ਹੋਈ ਤੇ ਹੁਣ ਤੱਕ ਜਾਰੀ ਹੈ।

ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਖਾਲਸਾ ਰਾਜ ਦੀ ਸਥਾਪਨਾ ਵੱਲ ਵਧਣ ਕਿਉਂਕਿ ਬਾਣੀ ਦਾ ਫੁਰਮਾਨ ਹੈ “ਰਾਜ ਬਿਨਾ ਨਹਿ ਧਰਮ ਚਲੇ ਹੈਂ”।

ਖਾਲਸਾ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੋਇਆ ਰਾਜ ਕਰੇਗਾ। ਖਾਲਸਾ ਨਿਰਵੈਰ ਹੈ ਸਿਰਫ ਮਨੁੱਖਤਾ ਦੇ ਦੁਸ਼ਮਣਾ ਨੂੰ ਖਾਲਸੇ ਪਾਸੋਂ ਖਤਰਾ ਹੈ। ਖਾਲਸਾ ਸਦਾ ਹੀ ਅੱਤਿਆਚਾਰ, ਝੂਠ ਅਤੇ ਜੁਲਮ ਦੇ ਖਿਲਾਫ ਹਿੱਕ ਤਾਣ ਕੇ ਖੜਾ ਹੈ। ਇੱਕ ਅਕਾਲ ਪੁਰਖ ਦੇ ਪੁਜਾਰੀ ਖਾਲਸੇ ਨੂੰ ਉੱਚੀ ਉਡਾਨ ਮਾਰਨੋਂ ਕੋਈ ਨਹੀ ਰੋਕ ਸਕਦਾ। ਪੈਂਡਾ ਲੰਬਾ ਅਤੇ ਕਠਿਨ ਜਰੂਰ ਹੈ ਪਰ ਖਾਲਸੇ ਨੇ ਪਹੁੰਚਣਾ ਜਰੂਰ ਹੈ।

ਇੱਕ ਵਾਰ ਫੇਰ ਬੇਨਤੀ ਹੈ ਕਿ ਸਿੱਖ ਵੀਰ ਭਾਸ਼ਾਵਾਂ ਵੱਧ ਤੋਂ ਵੱਧ ਸਿੱਖਣ ਬਹੁਤ ਚੰਗੀ ਗੱਲ ਹੈ ਪਰ ਗੁਰੂਆਂ ਤੋਂ ਮਾਨਤਾ ਪ੍ਰਾਪਤ ਗੁਰਮੁਖੀ ਲਿਪੀ ਨੂੰ ਨਾਂ ਛੱਡਣ। ਇਸੇ ਗੱਲ ਦਾ ਧਿਆਨ ਰੱਖਦੇ ਹੋਏ ਆਪਣੀਆਂ ਗੱਡੀਆਂ ਜੋ ਕਿ ਪੰਜਾਬ ਅਤੇ ਚੰਡੀਗੜ੍ਹ ਵਿੱਚ ਜਿਆਦਾ ਚੱਲਦੀਆਂ ਹਨ ਦੀਆਂ ਨੰਬਰ ਪਲੇਟਾਂ ਪੰਜਾਬੀ ਵਿੱਚ ਕਰਵਾਉ ਜੀ। ਹਰ ਸਿੱਖ ਇਸ ਤਰ੍ਹਾਂ ਦਾ ਯੋਗਦਾਨ ਬਿਨਾ ਕਿਸੇ ਨੁਕਸਾਨ ਤੋਂ ਪਾ ਸਕਦਾ ਹੈ, ਇਸ ਨਾਲ ਹਰ ਦਿਲ ਅੰਦਰ ਇੱਕ ਅਜਾਦ ਸੋਚ ਪੈਦਾ ਹੋਵੇਗੀ। ਸੋ ਆਪ ਪੰਜਾਬੀ ਵਰਤੋ ਅਤੇ ਹੋਰਨਾਂ ਨੂੰ ਪੰਜਾਬੀ ਵਰਤਣ ਲਈ ਪ੍ਰੇਰੋ ਜੀ। ਹੋਈਆਂ ਭੁੱਲਾਂ ਦੀ ਖਿਮਾਂ ਬਖਸ਼ਣੀ ਜੀ।

ਸੁਖਦੀਪ ਸਿੰਘ, ਯੂਥ ਖਾਲਸਾ ਫੈਡਰੇਸ਼ਨ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: