ਵਿਦੇਸ਼ » ਸਿੱਖ ਖਬਰਾਂ

ਵਿਸ਼ੇਸ਼ ਰਿਪੋਰਟ: ਸ਼ਹੀਦ ਜਸਵੰਤ ਸਿੰਘ ਖਾਲੜਾ ਦਾ 20ਵਾਂ ਸ਼ਹੀਦੀ ਦਿਹਾੜਾ ਮਨਾਇਆ

September 6, 2015 | By

ਅੰਮ੍ਰਿਤਸਰ, ਪੰਜਾਬ (6 ਸਤੰਬਰ, 2015): ਅੱਜ ਸੈਂਟਰਲ ਖਾਲਸਾ ਯਤੀਮਖ਼ਾਨਾ ਵਿਖੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ 20ਵਾਂ ਸ਼ਹੀਦੀ ਸਮਾਗਮ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਮਨੁੱਖੀ ਹੱਕਾਂ ਦੇ ਕਾਰਕੁੰਨਾਂ, ਪੰਥਕ ਸਖ਼ਸ਼ੀਅਤਾਂ ਅਤੇ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ।

ਸ਼ਹੀਦ ਜਸਵੰਤ ਸਿੰਘ ਖਾਲੜਾ

ਸ਼ਹੀਦ ਜਸਵੰਤ ਸਿੰਘ ਖਾਲੜਾ

ਸਮਾਗਮ ਦੀ ਸਮਾਪਤੀ ਉੱਤੇ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਵਲੋਂ ਜਾਰੀ ਕੀਤੇ ਗਏ ਇਕ ਲਿਖਤੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਸਮਾਗਮ ਦੌਰਾਨ ਸੰਗਤਾਂ ਦੇ ਵਿਸ਼ਾਲ ਇਕੱਠ ਨੇ ਬਾਦਲ – ਕੇ.ਪੀ ਐਸ ਗਿੱਲ ਜੋੜੀ ਨੂੰ ਪੰਥ ਵਿਚੋਂ ਖਾਰਜ ਕਰਨ ਦੀ ਮੰਗ ਕੀਤੀ।


ਸ਼ਹੀਦੀ ਸਮਾਗਮ ਦੀਆਂ ਤਸਵੀਰਾਂ ਵੇਖੋ: 

PICTORIAL: Sikh Sangat marks 20th martyrdom day of Shaheed Jaswant Singh Khalra


ਸਮਾਗਮ ਦੌਰਾਨ ਪਾਸ ਕੀਤੇ ਮਤਿਆਂ ਵਿੱਚ ਕਿਹਾ ਗਿਆ ਹੈ ਕਿ ਸ੍ਰੀ ਬਾਦਲ ਵੱਲੋਂ 25 ਹਜ਼ਾਰ ਝੂਠੇ ਮੁਕਾਬਲਿਆਂ ਦੇ ਮਹਾਂਦੋਸ਼ੀ ਨਾਲ ਰਾਤ ਦੇ ਹਨੇਰਿਆਂ ਵਿੱਚ ਕੀਤੀਆਂ ਗੁਪਤ ਮੁਲਾਕਾਤਾਂ ਤੋਂ ਬਾਅਦ ਸ੍ਰੀ ਬਾਦਲ ਦਾ ਫਕਰੇ ਕੌਮ ਦਾ ਨਕਾਬ ਪੂਰੀ ਤਰ੍ਹਾਂ ਉਤਰ ਗਿਆ ਹੈ। ਸਿੱਖ ਪੰਥ ਦੇ ਹਿਰਦੇ ਬੁਰੀ ਤਰ੍ਹਾਂ ਵਲੂੰਧਰੇ ਗਏ ਹਨ।

ਬੀਬੀ ਪਰਮਜੀਤ ਕੌਰ ਖਾਲੜਾ

ਬੀਬੀ ਪਰਮਜੀਤ ਕੌਰ ਖਾਲੜਾ

ਬਿਆਨ ਵਿਚ ਅੱਗੇ ਗਿਆ ਗਿਆ ਹੈ ਕਿ “ਸ੍ਰੀ ਬਾਦਲ” ਵੱਲੋਂ ਪੱਚੀ ਹਜ਼ਾਰ ਸਿੱਖਾਂ ਦੇ ਝੂਠੇ ਮੁਕਾਬਲਿਆਂ ਦੀ ਯੋਜਨਾਬੰਦੀ ਵਿੱਚ ਸ਼ਾਮਲ ਹੋਣ ਕਰਕੇ ਅਤੇ ਗਿੱਲ ਵੱਲੋਂ ਪੱਚੀ ਹਜ਼ਾਰ ਸਿੱਖਾਂ ਦੇ ਝੂਠੇ ਮੁਕਾਬਲਿਆਂ ਵਿੱਚ ਮਹਾਂ ਦੋਸ਼ੀ ਹੋਣ ਕਰਕੇ ਦੋਵਾਂ ਨੂੰ ਪੰਥ ਵਿਚੋਂ ਖਾਰਜ ਕਰਨ ਦੀ ਮੰਗ ਕੀਤੀ ਗਈ।

ਪਾਸ ਕੀਤੇ ਮਤਿਆਂ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਫੌਜੀ ਹਮਲੇ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਗਿਆ ਅਤੇ ਆਰ.ਐਸ.ਐਸ ਨੂੰ ਮਨੁੱਖਤਾ ਦੋਖੀ ਅਤੇ ਮਨੁੱਖਤਾਂ ਵਿੱਚ ਵੰਡੀਆਂ ਪਾਉਣ ਵਾਲਾ ਸੰਗਠਨ ਕਰਾਰ ਦਿੰਦਿਆਂ ਇਸ ਉਪਰ ਤੁਰੰਤ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ।

ਮਤਿਆਂ ਵਿੱਚ ਕਿਹਾ ਗਿਆ ਹੈ ਕਿ ਆਰ.ਐਸ.ਐਸ ਸਮਝੋਤਾ ਐਕਸਪ੍ਰੈਸ, ਮਾਲੇਗਾਉ ਅਤੇ ਅਜਮੇਰ ਸ਼ਰੀਫ ਵਿੱਚ ਹੋਏ ਬੰਬ ਧਮਾਕਿਆਂ ਕਾਰਨ ਮਨੁੱਖਤਾ ਦੋਖੀ ਸੰਗਠਨ ਸਾਬਤ ਹੋ ਚੁੱਕਾ ਹੈ। ਸਮਾਗਮ ਵੱਲੋਂ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਕੀਤੀ ਗਈ ਅਤੇ ਪਾਸ ਕੀਤੇ ਮਤੇ ਦੋਰਾਨ ਕਿਹਾ ਗਿਆ ਕਿ ਪੰਥ ਉਪਰ ਮਲਕ ਭਾਗੋ ਦੇ ਪੈਰੋਕਾਰਾਂ ਦਾ ਕਬਜਾ ਹੋ ਚੁੱਕਾ ਹੈ ਜਿਸ ਕਾਰਨ 3 ਲੱਖ ਤਨਖਾਹ ਲੈਣ ਵਾਲੇ ਹਰਚਰਨ ਸਿੰਘ ਵਰਗੇ ਮੁੱਖ ਸਕੱਤਰ ਲਗ ਰਹੇ ਹਨ ਅਤੇ ਗਰੀਬ ਦੀ ਕੋਈ ਸਾਰ ਨਹੀਂ ਲਈ ਜਾ ਰਹੀ। ਗਰੀਬ ਦੀ ਸਾਰ ਨਾ ਲੈਣ ਕਰਕੇ ਹੀ ਪੰਜਾਬ ਅੰਦਰ ਡੇਰਾਵਾਦ ਵੱਧ-ਫੁਲ ਰਿਹਾ ਹੈ।

ਇਕ ਹੋਰ ਮਤੇ ਵਿਚ ਵਿੱਚ ਕਿਸਾਨਾਂ, ਮਜਦੂਰਾਂ ਦੀਆਂ ਖੁਦਕਸ਼ੀਆਂ ਬਾਰੇ ਗੰਭੀਰ ਚਿੰਤਾ ਪ੍ਰਗਟ ਕੀਤੀ ਗਈ।

ਸਮਾਗਮ ਨੂੰ ਪਰਮਜੀਤ ਕੌਰ ਖਾਲੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਬਾਦਲ ਝੂਠੇ ਮੁਕਾਬਲਿਆਂ ਦੀ ਯੋਜਨਾਬੰਦੀ ਵਿੱਚ ਸ਼ਾਮਲ ਸੀ ਤਾਂ ਹੀ ਪੰਜਾਬ ਅੰਦਰ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਪੜ੍ਹਤਾਲ ਨਹੀਂ ਹੋਈ। ਪੰਜਾਬ ਮਨੁੱਖੀ ਅਧਿਕਾਰ ਸੰਗਠਨ ਜਨਰਲ ਸਕੱਤਰ ਗੁਰਬਚਨ ਸਿੰਘ ਨੇ ਸਿੱਖਾਂ ਵਿਚੋਂ ਜਾਤ ਪਾਤ ਖਤਮ ਕਰਨ ਤੇ ਗਰੀਬਾਂ ਨੂੰ ਸਿੱਖਾਂ ਨਾਲ ਜੋੜਨ ਦੀ ਲੋੜ ਤੇ ਜੋਰ ਦਿੱਤਾ ਅਤੇ ਕਿਹਾ ਕਿ ਇਹੋ ਹੀ ਖਾਲੜਾ ਦਾ ਮਿਸ਼ਨ ਸੀ।

ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਯਾਦ ਵਿਚ ਸਿੱਖ ਸੰਗਤਾਂ ਵਲੋਂ ਅਰਦਾਸ ਕੀਤੀ ਗਈ

ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਯਾਦ ਵਿਚ ਸਿੱਖ ਸੰਗਤਾਂ ਵਲੋਂ ਅਰਦਾਸ ਕੀਤੀ ਗਈ

ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਦੇ ਸਰਪ੍ਰਸਤ ਦਲਬੀਰ ਸਿੰਘ ਗੰਨਾ ਨੇ ਕਿਹਾ ਕਿ ਗੁਰੂ ਨਾਨਕ ਵਿਚਾਰਧਾਰਾ ਹੀ ਮਨੁੱਖਤਾ ਦਾ ਕਲਿਆਣ ਕਰ ਸਕਦੀ ਹੈ।

ਪੀ.ਐਚ.ਆਰ.ਓ ਦੇ ਸਕੱਤਰ ਜਨਰਲ ਰਾਜਵਿੰਦਰ ਸਿੰਘ ਬੈਂਸ (ਐਡਵੋਕੇਟ) ਖਾਲੜਾ ਸਾਹਿਬ ਦੇ ਕੀਤੇ ਕਾਰਜ ਨੂੰ ਯਾਦ ਕੀਤਾ ਅਤੇ ਕਿਹਾ ਕਿ ਜਬਰ ਦਾ ਹਰ ਹੀਲੇ ਮੁਕਾਬਲਾ ਕਰਨਾ ਹੀ ਮਨੁੱਖਤਾ ਦੇ ਹਾਮੀ ਹੋਣ ਦਾ ਪ੍ਰਮਾਣ ਹੈ।

ਐਡਵੋਕੇਟ ਜਗਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਜਿਨ੍ਹਾਂ ਚਿਰ ਅਸਲੀ ਖਾਲਸਾ ਸਾਹਮਣੇ ਨਹੀਂ ਆਉਂਦਾ ਉਨਾ ਚਿਰ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਵੇਗਾ। ਪੀ.ਐਚ.ਆਰ.ਓ ਦੇ ਕ੍ਰਿਪਾਲ ਸਿੰਘ ਰੰਧਾਵਾ ਡਿਪਟੀ ਚੇਅਰਮੈਨ ਨੇ ਕਿਹਾ ਕਿ ਪੰਜਾਬ ਵਿੱਚ ਗਵਰਨਰੀ ਰਾਜ ਲਾਗੂ ਕਰਕੇ ਚੋਣ ਕਰਾਈ ਜਾਵੇ।


ਸ਼ਹੀਦੀ ਸਮਾਗਮ ਦੀਆਂ ਤਸਵੀਰਾਂ ਵੇਖੋ: 

PICTORIAL: Sikh Sangat marks 20th martyrdom day of Shaheed Jaswant Singh Khalra


ਖਾਲੜਾ ਮਿਸ਼ਨ ਦੇ ਪ੍ਰਧਾਨ ਹਰਮਨਦੀਪ ਸਿੰਘ ਸਰਹਾਲੀ, ਸਪੋਕਸਮੈਨ ਸਤਵਿੰਦਰ ਸਿੰਘ ਪਲਾਸੋਰ ਨੇ ਕਿਹਾ ਕਿ ਆਰ.ਐਸ.ਐਸ ਅੱਤਵਾਦੀ ਸੰਗਠਨ ਹੈ ਇਸ ਉਪਰ ਪਾਬੰਦੀ ਲੱਗਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਗਰੀਬ ਦੀ ਸਾਰਨਾ ਲੈਣ ਕਾਰਨ ਡੇਰਾਵਾਦ ਵਧ ਫੁਲ ਰਿਹਾ ਹੈ। ਸਮਾਗਮ ਨੂੰ ਵਿਰਸਾ ਸਿੰਘ ਬਹਿਲਾ ਮੀਤ ਪ੍ਰਧਾਨ, ਸਤਨਾਮ ਸਿੰਘ, ਮੋਹਕਮ ਸਿੰਘ ਦਮਦਮੀ ਟਕਸਾਲ ਨੇ ਵੀ ਸੰਬੋਧਨ ਕੀਤਾ। ਸਮਾਗਮ ਵਿੱਚ ਸਰਬਜੀਤ ਸਿੰਘ ਘੁਮਾਣ ਦਲ ਖਾਲਸਾ, ਬੀਬੀ ਸੰਦੀਪ ਕੌਰ ਕਾਸਤੀਵਾਲ, ਚਮਨ ਲਾਲ, ਬਾਬਾ ਦਰਸ਼ਨ ਸਿੰਘ ਪ੍ਰਧਾਨ ਮਨੁੱਖੀ ਅਧਿਕਾਰ ਸੰਘਰਸ਼ ਕਮੇਟੀ, ਬਲਵੰਤ ਸਿੰਘ ਗੋਪਾਲਾ, ਸੇਵਾ ਸਿੰਘ ਦੇਊ, ਸੰਤੋਖ ਸਿੰਘ ਕੰਡਿਆਲਾ, ਕਾਬਲ ਸਿੰਘ ਜੋਧਪੁਰ, ਹਰਮੀਤ ਸਿੰਘ ਕੈਰੋਂਵਾਲ, ਹਰਦਿਆਲ ਸਿੰਘ ਘਰਿਆਲਾ, ਪਪਲਪ੍ਰੀਤ ਸਿੰਘ, ਜੋਗਿੰਦਰ ਸਿੰਘ ਸਿੱਧੂ ਨੱਥੂਚੱਕ, ਬਲਦੇਵ ਸਿੰਘ ਸਾਂਘਣਾ, ਜਥੇ: ਗੁਰਮੇਜ ਸਿੰਘ ਖਿੱਦੋਵਾਲੀ, ਗੁਰਮੀਤ ਸਿੰਘ ਤਰਸਿੱਕਾ, ਸੁਖਚੈਨ ਸਿੰਘ ਬਹਿਲਾ, ਦਰਸ਼ਨ ਸਿੰਘ ਮਨਿਆਲਾ, ਬਲਵਿੰਦਰ ਸਿੰਘ ਸੰਧਾ ਆਦਿ ਸ਼ਾਮਲ ਸਨ।


ਵਿਸ਼ੇਸ਼ ਲੇਖ: ਘੁੱਪ ਹਨੇਰੇ ਵਿਚ ਚਾਨਣ ਦੀ ਬਾਤ ਪਾਉਣ ਵਾਲਾ “ਦੀਪਕ”: ਸ਼ਹੀਦ ਜਸਵੰਤ ਸਿੰਘ ਖਾਲੜਾ

Jaswant Singh Khalra


***

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,