ਸਿੱਖ ਖਬਰਾਂ

ਕਸ਼ਮੀਰ ਦੇ ਮੌਜੂਦਾ ਹਾਲਾਤ ਬਾਰੇ ਭਾਈ ਦਲਜੀਤ ਸਿੰਘ ਦਾ ਬਿਆਨ

August 9, 2019 | By

ਚੰਡੀਗੜ੍ਹ: ਸਿੱਖ ਸੰਘਰਸ਼ ਦੇ ਸਿਧਾਂਤਕ ਆਗੂ ਦੇ ਤੌਰ ਉੱਤੇ ਜਾਣੇ ਜਾਂਦੇ ਭਾਈ ਦਲਜੀਤ ਸਿੰਘ ਵੱਲੋਂ ਕਸ਼ਮੀਰ ਦੀ ਮੌਜੂਦਾ ਹਾਲਾਤ ਬਾਰੇ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਇੰਡੀਅਨ ਯੂਨੀਅਨ ਸਰਕਾਰ ਵਲੋਂ ਕਸ਼ਮੀਰ ਵਿਚ ਲਾਗੂ ਕੀਤਾ ਗਿਆ ਅਮਲ ਹਿੰਦੂਤਵੀ ਸੋਚ ਵਿੱਚੋਂ ਨਿੱਕਲੇ ਇਕਸਾਰਵਾਦ ਨੂੰ ਲਾਗ ਕਰਨ ਦਾ ਹੀ ਅਗਲਾ ਪੜਾਅ ਹੈ।

ਭਾਰਤ ਸਰਕਾਰ ਨੇ ਕਸ਼ਮੀਰ ਵਿਚ ਲੱਖਾਂ ਦੀ ਗਿਣਤੀ ਵਿਚ ਫੌਜਾਂ ਲਾ ਕੇ ਪੂਰੇ ਖਿੱਤੇ ਨੂੰ ਹੀ ਜੇਲ੍ਹ ਵਿਚ ਤਬਦੀਲ ਕਰ ਰੱਖਿਆ ਹੈ (ਪ੍ਰਤੀਕਾਤਮਕ ਤਸਵੀਰ)

ਉਨ੍ਹਾਂ ਕਿਹਾ ਕਿ ਇਹ ਕਾਰਵਾਈ ਪਹਿਲਾਂ ਤੋਂ ਹੀ ਸਰੀਰਕ ਜ਼ਬਰ ਦਾ ਸ਼ਿਕਾਰ ਕਸ਼ਮੀਰੀ ਅਵਾਮ ਉੱਤੇ ਇੰਤਹਾ ਦਾ ਮਾਨਸਿਕ ਤਸ਼ੱਦਦ ਹੈ।

ਭਾਈ ਦਲਜੀਤ ਸਿੰਘ ਦੇ ਫੇਸਬੁੱਕ ਸਫੇ ਉੱਤੇ ਸਾਂਝਾ ਕੀਤਾ ਗਿਆ ਇਹ ਲਿਖਤੀ ਬਿਆਨ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿਤ ਹੇਠਾਂ ਇੰਨ-ਬਿੰਨ ਸਾਂਝਾ ਕੀਤਾ ਜਾ ਰਿਹਾ ਹੈ:

ਕਸ਼ਮੀਰ ਦੇ ਮੌਜੂਦਾ ਹਾਲਾਤ ਬਾਰੇ ਬਿਆਨ

ਇੰਡੀਅਨ ਯੂਨੀਅਨ ਸਰਕਾਰ ਵਲੋਂ ਸੰਵਿਧਾਨ ਦੀ ਧਾਰਾ 370 ਅਤੇ 35ਏ ਨੂੰ ਖਤਮ ਕਰਨ ਲਈ ਕੀਤਾ ਗਿਆ ਅਮਲ ਹਿੰਦੂਤਵੀ ਸੋਚ ਵਿੱਚੋਂ ਨਿੱਕਲੇ ਇਕਸਾਰਵਾਦ ਨੂੰ ਲਾਗੂ ਕਰਨ ਦਾ ਹੀ ਅਗਲਾ ਪੜਾਅ ਹੈ। ਬਿਪਰਵਾਦੀ ਵਿਚਾਰਧਾਰਾ ਦਾ ਇਹ ਪੱਕਾ ਸੁਭਾਅ ਹੈ ਕਿ ਇਹ ਵੱਖਰੀਆਂ ਧਾਰਮਿਕ, ਸਮਾਜਕ, ਸੱਭਿਆਚਾਰਕ ਪਛਾਣਾਂ ਨੂੰ ਜਜ਼ਬ ਕਰਕੇ ਸਦੀਵੀ ਤੌਰ ’ਤੇ ਆਪਣੇ ਅਧੀਨ ਰੱਖਣ ਲਈ ਤਤਪਰ ਰਹਿੰਦੀ ਹੈ।

ਇਹ ਕਦਮ ਪਹਿਲਾਂ ਤੋਂ ਹੀ ਇੰਡੀਆ ਦੀ ਗੁਲਾਮੀ ਹੰਢਾ ਰਹੇ ਕਸ਼ਮੀਰ ਨੂੰ ਇੰਡੀਆ ਦੀ ਬਸਤੀ ਬਣਾਉਣ ਦਾ ਐਲਾਨ ਹੀ ਸਮਝਿਆ ਜਾਣਾ ਚਾਹੀਦਾ ਹੈ। ਇਹ ਫੈਸਲਾ ਕਸ਼ਮੀਰੀ ਲੋਕ-ਰਾਏ ਤੋਂ ਉਲਟ ਲਿਆ ਗਿਆ ਹੈ, ਇਹ ਅਨੈਤਿਕ ਹੈ ਅਤੇ ਇਨਸਾਫ ਦਾ ਕਤਲ ਹੈ।

ਇਹ ਕਾਰਵਾਈ ਪਹਿਲਾਂ ਤੋਂ ਹੀ ਸਰੀਰਕ ਜ਼ਬਰ ਦਾ ਸ਼ਿਕਾਰ ਕਸ਼ਮੀਰੀ ਅਵਾਮ ਉੱਤੇ ਇੰਤਹਾ ਦਾ ਮਾਨਸਿਕ ਤਸ਼ੱਦਦ ਹੈ।

ਮੌਜੂਦਾ ਭਾਰਤੀ ਹਕੂਮਤ ਨੇ ਇਕ ਪਾਸੇ ਆਪਣੇ ਹੀ ਸੰਵਿਧਾਨ, ਵਿਧਾਨ ਅਤੇ ਅਦਾਲਤੀ ਢਾਂਚੇ ਦੀ ਅਣਦੇਖੀ ਕੀਤੀ ਹੈ ਅਤੇ ਦੂਜੇ ਪਾਸੇ ਕੌਮਾਂਤਰੀ ਮਾਨਤਾਵਾਂ ਨੂੰ ਵੀ ਉਲੰਘਿਆ ਹੈ। ਇਹ ਕਾਰਵਾਈ ਹਿੰਦੂਤਵੀ ਤਾਨਾਸ਼ਾਹੀ ਦੀ ਸ਼ੁਰੂਆਤ ਹੈ।

ਕੇਂਦਰ ਸਰਕਾਰ ਦੁਆਰਾ ਲੋਕ-ਰਾਏ, ਲਿਖਤੀ ਕਰਾਰਾਂ, ਕੌਮਾਂਤਰੀ ਨਿਗਰਾਨੀ ਅਤੇ ਵਿਸ਼ਵ ਸ਼ਾਤੀ ਦੀ ਪ੍ਰਵਾਹ ਕੀਤੇ ਬਿਨਾ ਕੀਤੀ ਕਾਰਵਾਈ ਨਾਲ ਇਹ ਖ਼ਦਸ਼ੇ ਖੜ੍ਹੇ ਹੋ ਗਏ ਹਨ ਕਿ ਕੇਂਦਰ ਸਰਕਾਰ ਕਿਸੇ ਵੀ ਸਮੂਹ ਦੇ ਹਿੱਤਾਂ ਨੂੰ ਬਿਨਾ ਕਿਸੇ ਵਿਚਾਰ ਤੋਂ ਲਤਾੜ ਸਕਦੀ ਹੈ।

ਇਸ ਖਿੱਤੇ ਦੇ ਸਭ ਧਾਰਮਿਕ, ਸੱਭਿਆਚਾਰਕ ਕੌਮੀ ਭਾਈਚਾਰਿਆਂ, ਬਹੁਜਨਾਂ, ਆਦਿਵਾਸੀਆਂ ਅਤੇ ਹੋਰ ਜੋ ਵੀ ਵੱਖਰਤਾ ਦੇ ਦਾਅਵੇਦਾਰ ਹਨ, ਸਭਨਾਂ ਧਿਰਾਂ ਵੱਲੋਂ ਇਸ ਮਾਮਲੇ ਵਿਚ ਰਲ਼ ਕੇ ਵਿਚਾਰ ਅਤੇ ਅਮਲ ਕਰਨਾ ਬਣਦਾ ਹੈ।

ਧਾਰਾ 370 ਅਤੇ 35ਏ ਰੱਦ ਕੀਤੇ ਜਾਣ ਕਰਕੇ ਭਵਿਖ ਵਿੱਚ ਫੌਜੀ ਤਾਕਤ ਦੀ ਵਰਤੋਂ ਨਾਲ ਕਸ਼ਮੀਰ ਵਿੱਚ ਵੱਸੋ ਦਾ ਬਣਤਰ ਬਦਲਣ ਦਾ ਯਤਨ ਕੀਤਾ ਜਾ ਸਕਦਾ ਹੈ, ਜੋ ਕਿ ਕਸ਼ਮੀਰੀਅਤ ਵਿਰੁਧ ਇਕ ਹੋਰ ਘਿਨਾਉਣਾ ਜੁਰਮ ਹੋਵਗਾ।

ਜਿੱਥੇ ਦੁਨੀਆਂ ਦੇ ਲੋਕ ਅਤੇ ਦੇਸ਼ ਆਪਸੀ ਸਹਿਯੋਗ ਕਰਕੇ ਏਸ਼ੀਆ ਵਿੱਚ ਸ਼ਾਂਤੀ ਕਰਾਉਣਾ ਚਾਹੁੰਦੇ ਹਨ ਉੱਥੇ ਇੰਡੀਆ ਦੀ ਰਾਜਨੀਤਕ ਲੀਡਰਸ਼ਿਪ ਅਜਿਹੀ ਅਨੈਤਿਕ ਅਤੇ ਹੰਕਾਰੀ ਕਾਰਵਾਈ ਕਰਕੇ ਏਸ਼ੀਆ ਵਿੱਚ ਜੰਗ ਦਾ ਰਾਹ ਪੱਧਰਾ ਕਰ ਰਹੀ ਹੈ ਜਿਸ ਦਾ ਨਤੀਜਾ ਮਾਰੂ ਪਰਮਾਣੂ ਜੰਗ ਦੇ ਰੂਪ ਵਿਚ ਨਿਕਲ ਸਕਦਾ ਹੈ ਤੇ ਇਸ ਦਾ ਸੰਤਾਪ ਪੂਰੇ ਖਿੱਤੇ ਦੇ ਲੋਕਾਂ ਨੂੰ ਝੱਲਣਾ ਪਵੇਗਾ।

ਅਸੀਂ ਕਸ਼ਮੀਰ ਦੇ ਭਵਿੱਖ ਬਾਰੇ ਕਸ਼ਮੀਰੀ ਲੋਕਾਂ ਦੇ ਸਵੈ-ਨਿਰਣੇ ਦੇ ਹੱਕ ਦੇ ਹਾਮੀ ਹਾਂ।

ਅਸੀਂ ਇਸ ਔਖੀ ਘੜੀ ਵਿਚ ਕਸ਼ਮੀਰੀ ਅਵਾਮ ਦੇ ਲਈ ਖੈਰ-ਮਿਹਰ ਲਈ ਅਕਾਲ ਪੁਰਖ ਪਾਸ ਅਰਦਾਸ ਕਰਦੇ ਹਾਂ।

ਗੁਰਮਤਿ ਦੇ ਪਵਿੱਤਰ ਆਦਰਸ਼ਾਂ ਮੁਤਾਬਕ ਹਰ ਸਿੱਖ ਦਾ ਇਹ ਫਰਜ ਬਣਦਾ ਹੈ ਕਿ ਮਜ਼ਲੂਮ ਕਸ਼ਮੀਰੀ ਧਿਰ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰੇ।

ਅਸੀਂ ਇੰਡੀਆ ਦੀ ਹਰ ਇਨਸਾਫ ਪਸੰਦ ਧਿਰ ਅਤੇ ਸਖਸ਼ੀਅਤ ਤੋਂ ਆਸ ਕਰਦੇ ਹਾਂ ਕਿ ਇੰਡੀਅਨ ਸਰਕਾਰ ਦੇ ਇਸ ਇਕਪਾਸੜ ਫੈਸਲੇ ਖਿਲਾਫ ਆਵਾਜ਼ ਉਠਾਉਣ।

ਅਸੀਂ ਸਮਝਦੇ ਹਾਂ ਕਿ ਆਲਮੀ ਭਾਈਚਾਰੇ ਨੂੰ ਵਿਸ਼ਵਸ਼ਾਂਤੀ, ਅਜ਼ਾਦੀ ਅਤੇ ਇਨਸਾਫ ਦੇ ਅਸੂਲ ਨੂੰ ਦ੍ਰਿੜਤਾ ਨਾਲ ਲਾਗੂ ਕਰਵਾਉਣ ਦੀ ਕਸ਼ਮੀਰ ਵਿਚ ਦਖਲ ਦੇਣਾ ਚਾਹੀਦਾ ਹੈ।

ਭਾਈ ਦਲਜੀਤ ਸਿੰਘ
(9 ਅਗਸਤ 2019)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,