
February 13, 2016 | By ਸਿੱਖ ਸਿਆਸਤ ਬਿਊਰੋ
ਅੰਗਰੇਜਾਂ ਵਾਂਗ ਭਾਰਤੀ ਹੁਕਮਰਾਨ ਵੀ ਦੇਸ਼ ਧ੍ਰੋਹ ਕਨੂੰਨ ਦੀ ਕਰ ਰਹੇ ਹਨ ਵਰਤੋਂ
ਚੰਡੀਗੜ੍ਹ: ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਗ੍ਰਿਫਤਾਰੀ ਦੀ ਸਿੱਖ ਯੂਥ ਆਫ ਪੰਜਾਬ ਅਤੇ ਸੋਈ ਜਥੇਬੰਦੀਆਂ ਵੱਲੋਂ ਵੀ ਨਿੰਦਾ ਕੀਤੀ ਗਈ ਹੈ।
ਪਰਮਜੀਤ ਸਿੰਘ ਟਾਂਡਾ
ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਭਾਰਤ ਜੋ ਖੁਦ ਨੂੰ ਵੱਡਾ ਲੋਕਤੰਤਰ ਕਹਿੰਦਾ ਹੈ, ਤੇ ਵੀਚਾਰ ਰੱਖਣ ਦੀ ਆਜ਼ਾਦੀ ਦੀ ਗੱਲ ਕਰਦਾ ਹੈ ਪਰ ਅਜਿਹੀਆਂ ਕਾਰਵਾਈ ਇਸ ਦੇ ਅਖੌਤੀ ਲੋਕਤੰਤਰ ਹੋਣ ਨੂੰ ਦੁਨੀਆ ਸਾਹਮਣੇ ਨੰਗਾ ਕਰਦੀਆਂ ਹਨ।
ਉਨ੍ਹਾਂ ਕਿਹਾ ਕਿ ਅਫਜਲ ਗੁਰੂ ਦੀ ਫਾਂਸੀ ਦਾ ਸਿਰਫ ਉਹ ਵਿਦਿਆਰਥੀ ਨਹੀਂ ਹੋਰ ਵੀ ਬਹੁਤ ਸਾਰੇ ਲੋਕ ਵਿਰੋਧ ਕਰਦੇ ਹਨ ਜਿਨ੍ਹਾਂ ਵਿੱਚ ਭਾਰਤੀ ਅਦਾਲਤਾਂ ਦੇ ਜੱਜ ਵੀ ਸ਼ਾਮਿਲ ਹਨ।
ਉਨ੍ਹਾਂ ਕਿਹਾ ਕਿ ਬਸਤੀਵਾਦੀ ਅੰਗਰੇਜਾਂ ਵੱਲੋਂ ਅਜਾਦੀ ਪਸੰਦ ਲੋਕਾਂ ਦੀ ਅਵਾਜ ਦਬਾਉਣ ਲਈ ਜਿਸ ਤਰ੍ਹਾਂ ਦੇਸ਼ ਧ੍ਰੋਹ ਦੇ ਕਨੂੰਨ ਦੀ ਵਰਤੋਂ ਕੀਤੀ ਜਾਂਦੀ ਸੀ ਉਸੇ ਤਰ੍ਹਾਂ ਅੱਜ ਇਸ ਕਨੂੰਨ ਦੀ ਵਰਤੋਂ ਅਜਾਦੀ ਪਸੰਦ ਅਵਾਜਾਂ ਨੂੰ ਦਬਾਉਣ ਲਈ ਭਾਰਤੀ ਹੁਕਮਰਾਨ ਕਰ ਰਹੇ ਹਨ।
ਉਨ੍ਹਾਂ ਮੰਗ ਕੀਤੀ ਕਿ ਯੂਨੀਵਰਸਿਟੀ ਦੇ ਗ੍ਰਿਫਤਾਰ ਕੀਤੇ ਗਏ ਵਿਦਿਆਰਥੀਆਂ ਨੂੰ ਰਿਹਾਅ ਕੀਤਾ ਜਾਵੇ।
ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਸੰਗਠਨ ਐਸ.ਓ.ਆਈ ਦੇ ਦਿੱਲੀ ਇਕਾਈ ਦੇ ਪ੍ਰਧਾਨ ਗਗਨ ਸਿੰਘ ਛਿਆਸੀ ਨੇ ਕਿਹਾ ਕਿ ਐਸ.ਓ.ਆਈ. ਕਦੇ ਵੀ ਸੰਵਿਧਾਨ ਤੇ ਰਾਸ਼ਟਰ ਦੀ ਏਕਤਾ ਦੇ ਖਿਲਾਫ਼ ਕਿਸੇ ਵੀ ਗੱਲ ਦਾ ਸਮਰਥਨ ਨਹੀਂ ਕਰਦੀ ਹੈ ਪਰ ਕਿਸੇ ਵੀ ਇਨਸਾਨ ਦੀ ਧਾਰਮਿਕ ਆਜ਼ਾਦੀ ਨੂੰ ਢਾਹ ਲਾਉਣ ਦੀਆਂ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਵੀ ਸਮਰਥਕ ਨਹੀਂ ਹੈ।
ਗਗਨ ਸਿੰਘ ਛਿਆਸੀ
ਉਨ੍ਹਾਂ ਕਿਹਾ ਕਿ ਅਫ਼ਜਲ ਗੁਰੂ ਨੂੰ ਯਾਦ ਕਰਨਾ ਕੋਈ ਗੁਨਾਹ ਨਹੀਂ ਹੈ ਕਿਉਂਕਿ ਭਾਰਤ ਦਾ ਸੰਵਿਧਾਨ ਹਰ ਇਨਸਾਨ ਨੂੰ ਉਸ ਦੀ ਅੰਤਿਮ ਕਿਰਆ ਜਾਂ ਬਰਸੀ ਮਨਾਉਣ ਦੀ ਕਾਨੂੰਨ ਦੇ ਦਾਇਰੇ ਵਿਚ ਮਨਜੂਰੀ ਦਿੰਦਾ ਹੈ।
ਉਨ੍ਹਾਂ ਨੇ ਯੂਨੀਵਰਸਿਟੀ ਨੂੰ ਸਿਆਸਤ ਦਾ ਅਖਾੜਾ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਲੋਕਾਂ ਦੀ ਕਾਰਗੁਜਾਰੀ ਨੂੰ ਵਿਦਿਆਰਥੀਆਂ ਦੇ ਵੱਡੇਰੇ ਹਿਤਾਂ ਅਤੇ ਸਿੱਖਿਆ ਪੱਖੀ ਢਾਂਚੇ ਲਈ ਨੁਕਸਾਨਦਾਇਕ ਵੀ ਦੱਸਿਆ ਹੈ।
Related Topics: Afzal Guru, Bhai Paramjit Singh Tanda, Gagan SIngh Sheasi, JNU, Sikh Youth of Punjab, SOI