ਵਿਦੇਸ਼ » ਸਿੱਖ ਖਬਰਾਂ

ਕਾਊਂਟਰ ਇੰਟੈਲੀਜੈਂਸ ਵਲੋਂ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਤਿੰਨ ਮੈਂਬਰ ਫੜ੍ਹਨ ਦਾ ਦਾਅਵਾ

August 12, 2016 | By

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਆਰ.ਐਸ.ਐਸ. ਆਗੂ ਜਗਦੀਸ਼ ਗਗਨੇਜਾ ‘ਤੇ ਹੋਏ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਨੇ ਸਿੱਖ ਨੌਜਵਾਨਾਂ ਦੀ “ਅੱਤਵਾਦੀ ਕਾਰਵਾਈਆਂ” ਦੇ ਨਾਮ ਹੇਠ ਸ਼ੁਰੂ ਕੀਤੀ ਫੜੋ ਫੜਾਈ ਅਤੇ ਇਸ ਸਭ ਨੂੰ ਸਰਹੱਦ ਪਾਰ ਅਤੇ ਵਿਦੇਸ਼ਾਂ ਵਿੱਚ ਬੈਠੇ ਸਿੱਖ ਖਾੜਕੂਆਂ ਨਾਲ ਜੋੜਨ ਦੀ ਕਵਾਇਦ ਨੇ ਹੁਸ਼ਿਆਰਪੁਰ ਤੋਂ ਬਾਅਧ ਵੀਰਵਾਰ ਨੂੰ ਅੰਮ੍ਰਿਤਸਰ ਦਸੱਤਕ ਦਿੱਤੀ ਹੈ।

ਇੰਸਪੈਕਟਰ ਜਨਰਲ ਕਾਊਂਟਰ ਇੰਟੈਲੀਜੈਂਸ ਐਮ. ਐਫ. ਫਾਰੂਕੀ ਨੇ ਪ੍ਰੈਸ ਕਾਨਫਰੰਸ ਦੌਰਾਨ ਜਲੰਧਰ ਜ਼ਿਲ੍ਹੇ ਦੇ ਪਿੰਡ ਜਲਾਲਪੁਰ ਕਲਾਂ ਵਾਸੀ ਗੁਰਪਾਲ ਸਿੰਘ ਪੁਤਰ ਸੰਤੋਖ ਸਿੰਘ, ਮੇਜਰ ਸਿੰਘ ਪੁਤਰ ਜਰਨੈਲ ਸਿੰਘ ਵਾਸੀ ਕਰਨਾਲ ਹਾਲ ਵੈਰੋਨੰਗਲ ਬਟਾਲਾ ਅਤੇ ਰਛਪਾਲ ਸਿੰਘ ਪੁਤਰ ਹਰਦੀਪ ਸਿੰਘ ਵਾਸੀ ਜਲਾਲਬਾਦ ਨੂੰ ਇਕ ਪਿਸਟਲ 9 ਐਮ.ਐਮ., ਇਕ ਮੈਗਜੀਨ ਤੇ 6 ਰੌਂਦ, ਇੱਕ ਪਿਸਤੋਲ 30 ਬੋਰ, 10 ਰੌਂਦ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਫਾਰੂਕੀ ਨੇ ਜਿਥੇ ਇਨ੍ਹਾਂ ਫੜ੍ਹੇ ਗਏ ਨੌਜਵਾਨਾਂ ਪਾਸੋਂ ਵਿਦੇਸ਼ਾਂ ਤੋਂ ਆਈ ਅਸਲਾ ਖੇਪ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ ਉਥੇ ਇਨ੍ਹਾਂ ਦੇ ਬੈਲਜੀਅਮ ਰਹਿ ਰਹੇ ਜਗਦੀਸ਼ ਸਿੰਘ ਉਰਫ ਭੂਰਾ, ਇੰਗਲੈਂਡ ਰਹਿ ਰਹੇ ਕੁਲਜੀਤ ਸਿੰਘ ਉਰਫ ਕੀਪਾ ਸਿੱਧੂ, ਜਸਬੀਰ ਸਿੰਘ ਉਰਫ ਜੱਸੀ ਨਾਲ ਸਬੰਧ ਰੱਖਣ ਦੀ ਗੱਲ ਕਹੀ ਹੈ।

Counter Intelligence ASR

ਇੰਸਪੈਕਟਰ ਜਨਰਲ ਕਾਊਂਟਰ ਇੰਟੈਲੀਜੈਂਸ ਐਮ. ਐਫ. ਫਾਰੂਕੀ ਨੇ ਪ੍ਰੈਸ ਕਾਨਫਰੰਸ ਦੌਰਾਨ “ਫੜ੍ਹੀਆਂ ਗਈਆਂ” ਪਿਸਤੌਲਾਂ ਦਿਖਾਈਆਂ

ਫਾਰੂਕੀ ਅਨੁਸਾਰ ਇੰਗਲੈਂਡ ਵਾਸੀ ਕੀਪਾ ਤੇ ਜੱਸੀ ਦੇ ਪਾਕਿਸਤਾਨ ਰਹਿ ਰਹੇ ਪੰਜਾਬ ਪੁਲਿਸ ਨੂੰ ਲੋਂੜੀਂਦੇ ਰਣਜੀਤ ਸਿੰਘ ਉਰਫ ਨੀਟਾ ਤੇ ਖਾਲਿਸਤਾਨ ਜਿੰਦਾਬਾਦ ਫੋਰਸ ਦੇ ਕੁਝ ਹੋਰ ਮੈਂਬਰਾਂ ਨਾਲ ਸਬੰਧ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੁਰਪਾਲ ਸਿੰਘ, ਰਛਪਾਲ ਸਿੰਘ ਅਤੇ ਮੇਜਰ ਸਿੰਘ ਦੇ ਮੁਕੰਮਲ ਗਿਰੋਹ ਦੀ ਪਹਿਚਾਣ ਲਈ ਤਫਤੀਸ਼ ਜਾਰੀ ਹੈ ਤੇ ਅਜੇ ਕੁਝ ਹੋਰ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਹੈ।

ਆਈਜੀ ਨੇ ਕਿਹਾ ਕਿ ਕੱਲ੍ਹ ਬੁੱਧਵਾਰ ਸ਼ਾਮ ਉਮਰਾਨੰਗਲ ਮੋੜ ਨੇੜੇ ਗੁਰਪਾਲ ਸਿੰਘ ਉਰਫ ਪਾਲਾ ਦੀ ਗ੍ਰਿਫ਼ਤਾਰੀ ਹੋਈ ਸੀ, ਜਿਸ ਦੀ ਨਿਸ਼ਾਨਦੇਹੀ ‘ਤੇ ਮਹਿਤਾ ਨਜ਼ਦੀਕ ਮੇਜਰ ਸਿੰਘ ਨੂੰ ਅਤੇ ਮੁਹਾਲੀ ਤੋਂ ਰਛਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਦਾ ਨਿਸ਼ਾਨਾ ਕੋਈ ਰਾਜਨੀਤਕ ਆਗੂ ਜਾਂ ਸ਼ਖ਼ਸੀਅਤ ਸੀ। ਪੰਜਾਬ ਵਿੱਚ ਦੁਬਾਰਾ 80-90 ਦਾ ਦੌਰ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਇਹ ਸਫਲ ਨਹੀਂ ਹੋਣਗੀਆਂ। ਇਸ ਪ੍ਰੈਸ ਕਾਨਫਰੰਸ ਵਿੱਚ ਏਆਈਜੀ ਪਰਮਬੀਰ ਸਿੰਘ ਪਰਮਾਰ, ਏਆਈਜੀ ਕਾਊਂਟਰ ਇੰਟੈਲੀਜੈਂਸ ਕੁਲਜੀਤ ਸਿੰਘ, ਡੀਐਸਪੀ ਹਰਭਜਨ ਸਿੰਘ ਗਿੱਲ ਅਤੇ ਇੰਸਪੈਕਟਰ ਗੁਰਿੰਦਰਪਾਲ ਸਿੰਘ ਨਾਗਰਾ ਮੌਜੂਦ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,