May 12, 2015 | By ਸਿੱਖ ਸਿਆਸਤ ਬਿਊਰੋ
ਬਟਾਲਾ (12 ਮਈ, 2015): ਅੱਜ ਭਾਈਸ਼ਹੀਦ ਸਤਵੰਤ ਸਿੰਘ ਜੀ ਦੇ ਸਤਿਕਾਰਯੋਗ ਪਿਤਾ ਬਾਪੂ ਤਿਰਲੋਕ ਸਿੰਘ ਜੀ ਦੇ ਸਸਕਾਰ ਮੌਕੇ ਹਜਾਰਾਂ ਸੰਗਤਾਂ ਦਾ ਇਕੱਠ ਦਰਸਾ ਰਿਹਾ ਸੀ ਕਿ ਸਿਖ ਕੌਮ ਆਪਣੇ ਸੂਰਮਿਆਂ ਉਤੇ ਬੇਅਥਾਹ ਮਾਣ ਕਰਦੀ ਹੈ।ਡੇਰਾ ਬਾਬਾ ਨਾਨਕ ਦੇ ਕੋਲ ਭਾਰਤ-ਪਾਕਿ ਸਰਹੱਦ ਤੇ ਪੈਂਦੇ ਪਿੰਡ ਅਗਵਾਨ ਦੇ ਬਾਹਰ ਸੜਕ ਉਤੇ ਕਾਰਾਂ ਤੇ ਹੋਰ ਸਾਧਨਾਂ ਦੀ ਲੰਮੀ ਲਾਮਡੋਰੀ ਚੱਲ ਰਹੀ ਸੀ ਜਿੰਨਾਂ ਵਿਚ ਦੂਰ ਦੁਰਾਡੇ ਤੋਂ ਗੁਰਮੁਖ ਪਿਆਰੇ ਆਪਣੇ ਕੌਮੀ ਫਰਜ਼ ਦੀ ਪਾਲਣਾ ਲਈ ਆਏ ਹੋਏ ਸਨ।



ਧਾਰਮਿਕ,ਰਾਜਨੀਤਿਕ,ਸਮਾਜਿਕ ਤੇ ਹੋਰ ਖੇਤਰਾਂ ਵਿਚ ਵਿਚਰਦੀਆਂ ਬੇਅੰਤ ਅਹਿਮ ਹਸਤੀਆਂ ਨੇ ਇਸ ਮੌਕੇ ਸ਼ਮੂਲ਼ੀਅਤ ਕੀਤੀ।ਖਾਲਿਸਤਾਨੀ ਧਿਰਾਂ ਵਿਚ ਸਰਗਰਮ ਅਨੇਕਾਂ ਜਥੇਬੰਦੀਆਂ ਤੇ ਆਗੂਆਂ ਤੋਂ ਇਲਾਵਾ ਬਹੁਤ ਸਾਰੇ ਉਹ ਸਿੰਘ ਵੀ ਹਾਜਰ ਸਨ ਜਿਹੜੇ ਹਥਿਆਰਬੰਦ ਸੰਘਰਸ਼ ਵਿਚ ਸ਼ਾਨਦਾਰ ਕਾਰਨਾਮੇ ਕਰਕੇ ਚਰਚਾ ਵਿਚ ਰਹੇ ਹਨ।
ਸ਼ਹੀਦ ਭਾਈ ਸਤਵੰਤ ਸਿੰਘ ਜੀ ਦੀ ਯਾਦ ਵਿਚ ਪਿੰਡ ਦੇ ਬਾਹਰ ਹੀ ਆਲੀਸ਼ਾਨ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ।ਇਥੇ ਸੰਗਤ ਲਈ ਗੁਰੂ ਕੇ ਲੰਗਰ ਦਾ ਇੰਤਜਾਮ ਸੀ।ਗੁਰਦੁਆਰਾ ਸਾਹਿਬ ਵਿਚ ਅਲਾਹਣੀਆਂ ਦਾ ਪਾਠ ਹੋਇਆਂ।ਉਪਰੰਤ ਦੱਸਿਆ ਗਿਆ ਕਿ ਬਾਪੂ ਤਿਰਲੋਕ ਸਿੰਘ ਜੀ ਦੀ ਯਾਦ ਵਿਚ ਸੰਗਤਾਂ 17 ਮਈ ਨੂੰ ਫਿਰ ਜੁੜਨਗੀਆਂ।


Related Topics: Bapu Tarlok Singh, Shaheed Bhai Satwant Singh