ਚੋਣਵੀਆਂ ਲਿਖਤਾਂ » ਲੇਖ

ਅਖਰ ਨਾਨਕ ਅਖਿਓ ਆਪਿ (ਲੇਖਕ: ਡਾ.ਸੇਵਕ ਸਿੰਘ)

February 17, 2018 | By

– ਡਾ.ਸੇਵਕ ਸਿੰਘ

ਅੱਜ-ਕੱਲ੍ਹ ਲੋਕਾਂ ਨੇ ਆਪਣੇ ਘਰਾਂ ਅਤੇ ਕਾਰੋਬਾਰੀ ਥਾਂਵਾਂ ਵਿਚ ਦਿਨ-ਤਰੀਕਾਂ ਵੇਖਣ ਲਈ ਇਸ ਤਰ੍ਹਾਂ  ਦੇ ਕਿਤਾਬਚੇ ਰੱਖੇ ਹਨ ਜਿਨ੍ਹਾਂ ਦੇ ਹਰ ਸਫੇ ਉਪਰ ਇਕੋ ਪਾਸੇ ਦਿਨ-ਤਰੀਕ ਦੇ ਨਾਲ ਕੋਈ ਧਾਰਮਿਕ ਸੁਨੇਹਾ (ਗੁਰਬਾਣੀ ਦੇ ਸ਼ਬਦ ਆਦਿ) ਲਿਖਿਆ ਹੁੰਦਾ ਹੈ, ਜਿਸ ਦੇ ਅਰਥ ਵੀ ਲਿਖੇ ਹੁੰਦੇ ਹਨ। ਇਕ ਦਿਨ ਮੈਂ ਡਾਕਟਰ ਕੋਲ ਗਿਆ ਤਾਂ ਉਸਦੀ ਦੁਕਾਨ ਉਪਰ ਵੀ ਅਜਿਹੇ ਕਿਤਾਬਚੇ ਉਪਰ ਨਿੱਕੇ ਨਿੱਕੇ ਅਖਰਾਂ ਵਿਚ ਗੁਰਬਾਣੀ ਲਿਖੀ ਹੋਈ ਸੀ ਅਤੇ ਵਿਆਖਿਆ ਤੋਂ ਪਹਿਲਾਂ ਮੋਟਾ ਕਰਕੇ ‘ਅਰਥ’ ਲਿਖਿਆ ਹੋਇਆ ਸੀ। ਇਕ ਨਿੱਕੀ ਬੱਚੀ ਜੋ ਆਪਣੀ ਮਾਂ ਨਾਲ ਓਥੇ ਆਈ ਹੋਈ ਸੀ, ਉਹ ‘ਅਰਥ’ ਨੂੰ ਪੜ੍ਹ ਕੇ ਆਪਣੇ ਮਾਂ ਨੂੰ ਪੁਛਣ ਲੱਗੀ ‘ਮੌਮ ਇਹ ‘ਅਰਥ’ ਲਿਖਿਆ ਏ’? ਮਾਂ ਨੇ ਕਿਹਾ: ‘ਹਾਂ ਬੇਟਾ’। ਬੱਚੀ ਨੇ ਫਿਰ ਪੁੱਛਿਆ ਇਸ ਤਰ੍ਹਾਂ ਕਿਉਂ ਲਿਖਿਆ ਏ ਪੰਜਾਬੀ ਵਿਚ? ਮਾਂ ਨੇ ਕਿਹਾ: ‘ਇਹ ਪੰਜਾਬੀ ‘ਵਅਡ’(ਸ਼ਬਦ) ਏ, ਇਹ ਦਾ ‘ਮੀਨਿੰਗ’ ਮੀਨਿੰਗ ਏ’। ਇਹ ਗੱਲ ਬੱਚੀ ਲਈ ਸਮਝਣੀ ਮੁਸ਼ਕਲ ਸੀ ਕਿਉਂਕਿ ਉਹ ਅੰਗਰੇਜ਼ੀ ਸਕੂਲੇ ਪੜ੍ਹ ਰਹੀ ਸੀ। ਮਾਂ ਦੱਸਦੀ ਰਹੀ ਤੇ ਸਾਡੇ ਵੱਲ ਵੇਖ ਕੇ ਸ਼ਰਮਿੰਦਾ ਜਿਹਾ ਮੁਸਕਰਾਈ ਵੀ ਪਰ ਬੱਚੀ ਪੰਜਾਬੀ ‘ਅਰਥ’ ਅਤੇ ਅੰਗਰੇਜ਼ੀ ‘ਅਰਥ’ ਵਿਚ ਫਰਕ ਨਹੀਂ ਸੀ ਸਮਝ ਰਹੀ।

ਪੰਜਾਬ ਦੇ ਹਾਲਾਤ ਖਰਾਬ ਹਨ, ਪਰ ਭਾਰਤ ਅਤੇ ਪੰਜਾਬ ਸਰਕਾਰ ਲਈ ਹੋਰ ਅਰਥਾਂ ਵਿਚ ਅਤੇ ਸਿੱਖਾਂ ਲਈ ਹੋਰ ਅਰਥਾਂ ਵਿਚ ਖਰਾਬ ਹਨ; ਕਿਉਂਕਿ ਦੋਹਾਂ ਦੇ ਅਰਥ ਹੀ ਵੱਖਰੇ ਨਹੀਂ ਹਨ ਸਗੋਂ ਉਹ ਗਿਆਨ ਪ੍ਰਬੰਧ (ਹੀ) ਵੱਖਰੇ ਹਨ ਜਿੰਨਾਂ ਰਾਹੀ ਅਰਥ ਪੈਦਾ ਹੁੰਦੇ ਹਨ। ਪੰਜਾਬ ਵਿਚ ਅਜਿਹੇ ਵਾਕੇ ਆਮ ਹੋਣ ਲੱਗ ਪਏ ਹਨ ਜਿੱਥੇ ਬੱਚੇ ਪੰਜਾਬੀ ਅਤੇ ਅੰਗਰੇਜ਼ੀ ਦੇ ਸ਼ਬਦਾਂ ਵਿਚ ਉਲਝ ਜਾਂਦੇ ਹਨ। ਅਸਲ ਵਜ੍ਹਾ ਤਾਂ ਇਹ ਹੈ ਕਿ ਵਿਰਸੇ ਵੱਲੋਂ ਪ੍ਰਾਪਤ ਹੋਣ ਵਾਲਾ ਗਿਆਨ ਪ੍ਰਬੰਧ ਜਿਸ ਰਾਹੀਂ ਕੁੱਲ ਜਿੰਦਗੀ ਸਮਝ ਆਉਣੀ ਸੀ ਉਹ ਕਮਜ਼ੋਰ ਪੈ ਰਿਹਾ ਹੈ ਅਤੇ ਅਧੂਰੇ ਰੂਪ ਵਿਚ ਪ੍ਰਾਪਤ ਹੋ ਰਿਹਾ। ਇਸ ਗੱਲ ਨੂੰ ਮਸ਼ਹੂਰ ਕਵੀ ਸੁਰਜੀਤ ਪਾਤਰ ਨੇ ਇਸ਼ਾਰੇ ਮਾਤਰ ਕਿਹਾ ਹੈ ਕਿ ‘ਮਰ ਰਹੀ ਹੈ ਮੇਰੀ ਭਾਸ਼ਾ, ਸ਼ਬਦ-ਸ਼ਬਦ, ਵਾਕ-ਵਾਕ’। ਦਰਸ਼ਨ ਅਤੇ ਰਾਜਨੀਤੀ ਸਮਝਣ ਵਾਲੇ ਲੋਕ ਜਾਣਦੇ ਹਨ ਕਿ ਭਾਸ਼ਾਵਾਂ ਕੱਲੀਆਂ ਨਹੀਂ ਮਰਦੀਆਂ ਸਗੋਂ ਜਿੰਦਗੀ ਨੂੰ ਸਮਝਣ ਦਾ ਇਕ ਤਰੀਕਾ ਮਰਦਾ ਹੈ, ਪੂਰਾ ਉਹ ਕੌਮ-ਕਬੀਲਾ ਮਰਦਾ ਹੈ ਜਿਸ ਦੀ ਭਾਸ਼ਾ ਹੁੰਦੀ ਹੈ। ਇਸ ਗੱਲ ਨੂੰ ਯੂ. ਐਨ. ਦੀ ਉਸ ਕਮੇਟੀ ਨੇ ਮੰਨਿਆ ਹੈ ਜਿਹੜੀ ਮਰ ਰਹੀਆਂ ਬੋਲੀਆਂ ਨੁੰ ਬਚਾਉਣ ਲਈ ਬਣਾਈ ਗਈ ਹੈ। ਕਈ ਸਦੀਆਂ ਵਿਚ ਪੰਜਾਬੀ ਵਿਚ ਐਨੇ ਸ਼ਬਦ ਅਰਬੀ-ਫਾਰਸੀ ਦੇ ਨਹੀਂ ਰਲੇ ਹੋਣੇ ਜਿੰਨੇ ਇਕ ਸਦੀ ਵਿਚ ਹਿੰਦੀ-ਅੰਗਰੇਜ਼ੀ ਦੇ ਸ਼ਬਦ ਪੰਜਾਬੀ ਵਿਚ ਰਲ ਗਏ ਹਨ।

ਬੋਲੀ ਦੇ ਮਾਮਲੇ ਵਿਚ ਕਈ ਵਾਰ ਬਣੀ ਬਣਾਈ ਧਾਰਨਾ ਸੁਣਨ ਨੂੰ ਮਿਲਦੀ ਹੈ ਕਿ ‘ਅੰਗਰੇਜ਼ ਤਾਂ ਚਲੇ ਗਏ ਪਰ ਅੰਗਰੇਜ਼ੀ ਇਥੇ ਛੱਡ ਗਏ’। ਇਹ ਧਾਰਨਾ ਅਜਿਹੀ ਮਨੋ ਬਿਰਤੀ ਦਾ ਨਮੂਨਾ ਹੈ ਜਿਹੜੀ ਸਮਝਦੀ ਹੈ ਕਿ ਅੰਗਰੇਜ਼ ਜਿਵੇਂ ਕੋਈ ਰਾਹੀ ਸਨ, ਜਿਹੜੇ ਆਪਣੀ ਕੋਈ ਭੈੜੀ ਜਾਂ ਅਣਲੋੜੀਂਦੀ ਚੀਜ਼ ਛੱਡ ਜਾਂ ਭੁੱਲ ਗਏ। ਹੁਣ ਵੀ ਪੰਜਾਬੀ ਬਾਰੇ ਜਿਹੜੀ ਚਰਚਾ ਚਲਦੀ ਹੈ ਉਸ ਦੀ ਪਹੁੰਚ ਵੀ ਏਨੀ ਕੁ ਹੁੰਦੀ ਹੈ ਕਿ ਬੱਚਿਆਂ ਨੂੰ ਮੁਢਲੀ ਵਿੱਦਿਆ ਮਾਂ-ਬੋਲੀ ਵਿਚ ਦੇਣੀ ਚਾਹੀਦੀ ਹੈ ਤਾਂ ਕਿ ਉਹ ਦੂਜੀਆਂ ਬੋਲੀਆਂ ਵਧੀਆ ਸਿੱਖ ਸਕਣ ਜਾਂ ਫਿਰ ਏਦਾਂ ਕਿ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਹਿਸਾਬ ਨਾਲ ਇਥੇ ਰਹਿਣ ਵਾਲੇ ਲੋਕਾਂ ਨੂੰ ਪੰਜਾਬੀ ਸਿੱਖਣੀ ਚਾਹੀਦੀ ਹੈ।

ਅਸਲ ਵਿਚ ਕੋਈ ਵੀ ਬੋਲੀ ਆਪਣੇ ਆਪ ਵਿਚ ਇਕੱਲੀ ਨਹੀਂ ਸਿੱਖੀ ਜਾਂਦੀ, ਉਹਦੇ ਨਾਲ ਕੁੱਲ ਜਹਾਨ ਨੂੰ ਸਮਝਣ ਅਤੇ ਜਿੰਦਗੀ ਨੂੰ ਜੀਣ ਦਾ ਤਰੀਕਾ ਵੀ ਸਿੱਖਿਆ ਜਾਂਦਾ ਹੈ ਨਹੀਂ ਤਾਂ ਉਹ ਬੋਲੀ ਸਿੱਖੀ ਨਹੀਂ ਜਾ ਸਕਦੀ। ਇਹੀ ਕਾਰਨ ਹੈ ਕਿ ਪੰਜਾਬ ਦੇ ਪੇਂਡੂ ਮੁੰਡਿਆਂ-ਕੁੜੀਆਂ ਦਾ ਅੰਗਰੇਜ਼ੀ ਹਿੰਦੀ ਲਿਖਣ ਵਲੋਂ ਹੱਥ ਤੰਗ ਹੀ ਰਹਿੰਦਾ ਹੈ। ਪਰ ਹੁਣ ਜਿਵੇਂ ਜਿਵੇਂ ਪਿੰਡਾਂ ਦੇ ਲੋਕ ਅੰਗਰੇਜ਼ੀ ਸਿੱਖਣ ਦਾ ਵਧੇਰੇ ਚਾਹਵਾਨ ਹੋ ਰਹੇ ਹਨ ਤਾਂ ਉਹ ਨਾਂ ਸਿਰਫ ਪੰਜਾਬੀ ਬੋਲੀ ਤੋਂ ਦੂਰ ਹੋ ਰਹੇ ਹਨ ਸਗੋਂ ਪੂਰੇ ਵਿਰਸੇ ਤੋਂ ਦੂਰ ਹੋ ਰਹੇ ਹਨ ਕਿਉਂਕਿ ਉਹ ਅੰਗਰੇਜ਼ੀ ਤਾਂ ਹੀ ਸਿੱਖ ਸਿੱਖਣਗੇ ਜੇ ਅੰਗਰੇਜ਼ਾਂ ਵਾਂਗ ਜੀਣ ਸੋਚਣ ਦੀ ਰੀਸ ਕਰਨਗੇ ਅਤੇ ਦੁਨੀਆਂ ਨੂੰ ਉਸ ਨਜ਼ਰੀਏ ਨਾਲ ਵੇਖਣਗੇ। ਸਾਡੇ ਸਮਾਜ ਵਿਚ ਹਰ ਮੋੜ ਤੇ ਇਸ ਗੱਲ ਦੇ ਦਰਸ਼ਨ ਹੋ ਜਾਣਗੇ ਕਿ ਕਿਵੇਂ ਸਾਡੇ ਬੰਦੇ ਅੰਗਰੇਜ਼ ਬਣਨ ਲਈ ਪੱਬਾਂ ਭਾਰ ਹੋਏ ਫਿਰਦੇ ਨੇ ਜਿਸ ਕਰਕੇ ਉਸ ਬੱਚੀ ਵਾਂਗ ਸਹਿਜ ਪੁਛ ‘ਤੇ ਕਈ ਵਾਰ ਬੱਚਿਆਂ ਕਰਕੇ ਮਾਪਿਆਂ ਨੂੰ ਨਮੋਸ਼ੀ ਵੀ ਹੋ ਜਾਂਦੀ ਹੈ।

ਜਿਹੜੇ ਲੋਕ ਪੰਜਾਬੀ ਪੜ੍ਹਨਾ ਜਾਣਦੇ ਹਨ ਉਹਨਾਂ ਵਿਚੋਂ ਵੀ ਬਹੁਤ ਥੋੜ੍ਹੇ ਹੀ ਗੁਰਮੁਖੀ ਅੰਕਾਂ ਦੀ ਜਾਣਕਾਰੀ ਰੱਖਦੇ ਹਨ। ਅਜਿਹੇ ਨੌਜਾਵਨ ਅਕਸਰ ਮਿਲਦੇ ਹਨ ਜਿਹੜੇ ਸਿੱਖ ਰਾਜ ਦੀਆਂ ਗੱਲਾਂ ਕਰਦੇ ਹਨ ਪਰ ਗੁਰਮੁਖੀ ਅੰਕਾਂ ਵਿਚ ਛਪੀ ਨਾਨਕਸ਼ਾਹੀ ਜੰਤਰੀ ਵੇਖਣ/ ਉਠਾਉਣ ਦੇ ਯੋਗ ਨਹੀਂ ਹੁੰਦੇ। ਆਪਣੇ ਅੱਖਰਾਂ-ਅੰਕਾਂ ਬਿਨਾਂ ਆਪਣਾ ਇਤਿਹਾਸ ਅਤੇ ਆਪਣਾ ਆਪ ਕੁਝ ਵੀ ਸਮਝ ਨਹੀਂ ਆ ਸਕਦਾ। ਆਪਣੇ ਤਰੀਕੇ ਨਾਲ ਜੀਣ ਦੀ ਤਾਂ ਓਨੀ ਕੁ ਸੰਭਾਵਨਾ ਹੁੰਦੀ ਹੈ, ਜਿੱਥੋਂ ਤੱਕ ਮਨੁੱਖ ਕੋਲ ਜਿੰਦਗੀ ਦੀਆਂ ਮਾਨਤਾਵਾਂ ਨੂੰ ਮੰਨਣ ਸਮਝਣ ਦਾ ਆਪਣਾ ਗਿਆਨ ਪ੍ਰਬੰਧ ਹੁੰਦਾ ਹੈ। ਕੋਈ ਕਬੀਲਾ, ਕੌਮ, ਸਮਾਜ ਜਾਂ ਦੇਸ ਹਰ ਤਰ੍ਹਾਂ ਦੀਆਂ ਵੱਡੀਆਂ ਤੋਂ ਵੱਡੀਆਂ ਤੰਗੀਆਂ ਅਤੇ ਮੁਸ਼ਕਲਾਂ ਝੱਲ ਸਕਦਾ ਹੈ ਪਰ ਜੇ ਉਸ ਕੋਲ ਆਪਣਾ ਗਿਆਨ ਪ੍ਰਬੰਧ ਨਹੀਂ ਹੈ ਤਾਂ ਉਸ ਨੇ ਨਿਸ਼ਚੇ ਹੀ ਕਿਸੇ ਦਿਨ ਕਿਸੇ ਹੋਰ ਦੇ ਭਾਂਡੇ ਪੈ ਜਾਣਾ ਹੁੰਦਾ ਹੈ। ਪੈਰਾਂ ਹੇਠ ਆਪਣੀ ਜਮੀਨ ਨਾ ਹੋਣ ਦੀ ਹਾਲਤ ਵਿਚ ਅਸਮਾਨ ਵੀ ਨਹੀਂ ਵੇਖਿਆ ਜਾ ਸਕਦਾ, ਬੱਸ ਬੰਦਾ ਖਲਾਅ ਵਿਚ ਲਟਕਦਾ ਹੈ।

ਗਿਆਨ ਪ੍ਰਬੰਧ ਦਾ ਮੂਲ ਸਰੋਤ ਅੰਕ, ਅੱਖਰ ਅਤੇ ਲੀਕਾਂ (Graph) ਹੁੰਦੇ ਹਨ। ੴ ਅਜਿਹੇ ਗਿਆਨ ਪ੍ਰਬੰਧ ਦਾ ਬੇਜੋੜ ਸਮੁੱਚ ਹੈ, ਜਿਸ ਵਿਚ ਅੰਕ (੧) ਵੀ ਹੈ, ਅੱਖਰ (ਓ) ਵੀ ਹੈ ਅਤੇ ਲੀਕ (~) ਵੀ। ਸ਼ਬਦ ਗੁਰੂ ਦਾ ਸੰਕਲਪ ਇਸ ਦੀਆਂ ਤੈਆਂ ਖੋਲ੍ਹਦਾ ਹੈ। ਗੁਰੂ ਨੇ ਸੰਗਤ ਨੂੰ ਖਾਲਸੇ ਕਰਕੇ ਇਸੇ ਗਿਆਨ ਪ੍ਰਬੰਧ ਦੇ ਜ਼ਾਮਨ ਬਣਾਇਆ ਹੈ ਜਿਸ ਨੇ ਉਹਨਾਂ ਅਰਥਾਂ ਵਿਚ ਜਿੰਦਗੀ ਜੀਣੀ ਹੈ ਜਿਹੜੇ ਗੁਰੂ ਨੇ ਪਰਗਟ ਕੀਤੇ ਹਨ।

ਬੰਦੇ ਨੇ ਆਪਣੇ ਬੰਦੇ ਹੋਣ ਦਾ ਜਿਹੜਾ ਕੰਮ ਸ਼ੁਰੂ ਕੀਤਾ, ਉਹ ਲਕੀਰਾਂ ਨਾਲ ਸ਼ੁਰੂ ਹੋਇਆ। ਜਿਸਨੂੰ ਅੱਜ-ਕੱਲ੍ਹ ਚਿਤਰ ਲਿਪੀ ਕਿਹਾ ਜਾਂਦਾ ਹੈ। ਤਰਕ ਵਿਧੀ, ਦਰਸ਼ਨ ਅਤੇ ਵਿਗਿਆਨ ਆਦਿ ਸਭ ਅੰਕਾਂ ਦੁਆਰਾ ਚਲਦੇ ਹਨ। ਇਥੋਂ ਤੱਕ ਕੇ ਰਾਗ ਵਿਦਿਆ ਵੀ ਇਕ ਤਰ੍ਹਾਂ ਅੰਕਾਂ ਦੀ ਤਰਤੀਬ ਹੈ। ਲੋਕ ਗੀਤਾਂ ਦੀਆਂ ਤਰਜ਼ਾਂ ਅਤੇ ਸਾਜਾਂ ਦੀਆਂ ਧੁਨਾਂ ਉਪਰ ਕਿਸੇ ਕੌਮ ਕਬੀਲੇ ਦੇ ਲੋਕਾਂ ਦੇ ਅੰਗ ਆਪ ਮੁਹਾਰੇ ਥਿਰਕਣ ਲਗਦੇ ਹਨ ਕਿਉਂਕਿ ਪੀੜ੍ਹੀ ਦਰ ਪੀੜ੍ਹੀ ਚਲਣ ਵਾਲੇ ਗਿਆਨ ਪ੍ਰਬੰਧ ਰਾਹੀਂ ਇਹ ਧੁਨਾਂ ਰੂਪੀ (ਅੰਕ ਤਰਤੀਬ) ਉਹਨਾਂ ਦੀ ਅਚੇਤ ਮਨੋ ਬਣਤਰ ਵਿਚ ਇਹ ਰਚੇ ਪਏ ਹੁੰਦੇ ਹਨ।

ਸਾਡੇ ਲੋਕ ਆਪਣੇ ਅੰਕਾਂ, ਅਖਰਾਂ ਤੋਂ ਕਿਵੇਂ ਦੂਰ ਹੋਏ ਇਸ ਦੀਆਂ ਕੁਝ ਮਿਸਾਲਾਂ ਲੱਭ ਸਕਦੇ ਹਾਂ। ਜਿਹੜੇ ਬਜ਼ੁਰਗ ‘੧੯੪੭ ਈਸਵੀ’ ਵੇਲੇ ਕੁਝ ਸੋਝੀ ਵਾਲੇ ਸਨ ਅਤੇ ਅਣਪੜ੍ਹ ਸਨ ਉਹਨਾਂ ਨੇ ਕਦੇ ਵੀ ‘ਸੰਨ ੪੭’ ਜਾਂ ‘ਅਜਾਦੀ ਵੇਲੇ’ ਵਰਗੇ ਲਫਜ਼ ਨਹੀਂ ਵਰਤਦੇ ਸਗੋਂ ‘ਰੌਲਿਆਂ ਵੇਲੇ, ਹੱਲਿਆਂ ਵੇਲੇ ਜਾਂ ਵੰਡ ਵੇਲੇ’ ਵਰਗੇ ਲਫਜ਼ ਵਰਤਦੇ ਹਨ। ਇਹ ਸਾਡੀ ਅੰਗਰੇਜ਼ੀ ਸਕੂਲੇ ਪੜ੍ਹੀ ਹੋਈ ਪੀੜ੍ਹੀ ਸੀ ਜਿਸ ਨੇ ‘ਸੰਨ ੪੭’ ਜਾਂ ‘ਅਜਾਦੀ ਵੇਲੇ’ ਵਰਗੇ ਲਫਜ਼ ਵਰਤਣੇ ਸ਼ੁਰੂ ਕੀਤੇ। ਇਹਨਾਂ ਨੇ ਹੀ ਆਪਣੇ ਘਰਾਂ ਵਿਚ ਅੰਗਰੇਜ਼ੀ ਸਾਲਾਂ, ਮਹੀਨਿਆਂ ਅਤੇ ਤਰੀਕਾਂ ਦੀ ਵਰਤੋਂ ਸ਼ੁਰੂ ਕੀਤੀ। ਉਹਨਾਂ ਦੀ ਬੋਲੀ, ਲਿਪੀ ਅਤੇ ਅੰਕ ਪ੍ਰਬੰਧ ਨੂੰ ਵੀ ਅਪਣਾ ਲਿਆ। ਇਹ ਸਭ ਕੁਝ ਨਵੇਂ ਹੋਣ, ਅਗਾਂਹਵਧੂ ਹੋਣ ਅਤੇ ਧਰਮ ਨਿਰਪੱਖ ਹੋਣ ਦਾ ਭਰਮ ਸੀ ਜਿਸ ਨਾਲ ਮਿਲਣਾ ਤਾਂ ਕੁਝ ਵੀ ਨਹੀਂ ਸੀ ਪਰ ਆਪਣਾ ਪਹਿਲਾ ਸਾਰਾ ਕੁਝ ਛੁੱਟ ਜਾਣਾ ਸੀ ਤੇ ਇਸੇ ਤਰ੍ਹਾਂ ਹੀ ਹੋਇਆ।

ਜੇ ਬਹੁਤਾ ਪਿਛਲੇ ਇਤਿਹਾਸ ਵਿਚ ਨਾ ਵੀ ਜਾਈਏ ਤਾਂ ਕੁੱਝ ਵਰ੍ਹੇ ਪਹਿਲਾਂ ਭਾਰਤੀ ਫੌਜਾਂ ਨੇ ਦਰਬਾਰ ਸਾਹਿਬ ਉਪਰ ਹਮਲਾ ਕੀਤਾ ਸੀ, ਅਸੀਂ ਉਸ ਨੂੰ ਵੀ ‘ਜੂਨ ੮੪’ ਜਾਂ ‘ਸਾਕਾ ੮੪’ ਦੇ ਨਾਂ ਨਾਲ ਯਾਦ ਕਰਦੇ ਹਾਂ। ਇਹ ਤੱਥ ਵੀ ਜਿਕਰਯੋਗ ਹੈ ਕਿ ਉਸ ਦਿਨ ਪੰਚਮ ਪਾਤਸ਼ਾਹ ਦਾ ਸ਼ਹੀਦੀ ਪੁਰਬ ਸੀ। ਭਾਵੇਂ ਸਿੱਖ ਪਰੰਪਰਾ ਵਿਚ ‘ਤੱਤੀ ਤਵੀ, ਰੁੱਤ ਤੇ ਰੇਤ ਤੱਤੀ’ ਦਾ ਨਕਸ਼ਾ ਚੇਤਿਆਂ ਵਿਚ ਉਕਰਿਆ ਹੋਇਆ ਹੈ ਪਰ ਨਾਨਕਸ਼ਾਹੀ ਸੰਮਤ ਦੀ ਸ਼ੁਰੂਆਤ ਹੋਣ ਤੋਂ ਬਾਅਦ ਵੀ ਪੜ੍ਹੇ-ਲਿਖੇ ਲੋਕਾਂ ਦੇ ਚੇਤੇ ਵਿਚ ਇਹੀ ਬਿੰਬ ਉਭਰ ਰਿਹਾ ਹੈ ਕਿ ਹੁਣ ਘੱਲੂਘਾਰਾ ਜੂਨ ਦੇ ਪਹਿਲੇ ਹਫਤੇ ਅਤੇ ਪੰਚਮ ਪਾਤਸ਼ਾਹ ਦਾ ਸ਼ਹੀਦੀ ਪੁਰਬ ਜੂਨ ਦੇ ਤੀਜੇ ਹਫਤੇ ਹੋਵੇਗਾ।

ਹੁਣ ਪੰਜਾਬ ਦੇ ਪਿੰਡਾਂ ਵਿਚ ਵੀ ਥੋੜ੍ਹੇ ਹੀ ਲੋਕ ਹੋਣਗੇ ਜਿਹੜੇ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਨੂੰ ਹਾੜ੍ਹ ਮਹੀਨੇ ਦੇ ਸੰਬੰਧ ਵਿਚ ਆਪਣੇ ਚੇਤਿਆਂ ਵਿਚ ਚਿਤਾਰਦੇ ਹੋਣਗੇ। ਵਿਦੇਸ਼ਾਂ ਵਿਚ ਤੇ ਅਜਿਹਾ ਸ਼ਾਇਦ ਹੀ ਕੋਈ ਹੋਵੇ ਜਿਹੜਾ ਦਰਬਾਰ ਸਾਹਿਬ ਉਪਰ ਫੌਜੀ ਹਮਲੇ ਨੂੰ ਸਾਲ ਬਿਕਰਮੀ ਸੰਮਤ ਅਤੇ ਦੇਸੀ ਮਹੀਨੇ ਵਜੋਂ ਯਾਦ ਕਰਦਾ ਹੋਵੇ। ਇਹ ਠੀਕ ਹੈ ਕਿ ਕੱਤਕ ਦੀ ਪੁੰਨਿਆ ਜਾਂ ਪੋਹ ਸੁਦੀ ਸੱਤਵੀ ਚੰਦਰਮਾ ਵਰ੍ਹੇ ਨਾਲ ਜੁੜੇ ਹੋਣ ਕਰਕੇ ਸਮੇਂ ਦੀ ਗਿਣਤੀ-ਮਿਣਤੀ ਸੂਰਜੀ ਵਰ੍ਹੇ ਨਾਲ ਜੁੜੀ ਗਿਣਤੀ-ਮਿਣਤੀ ਦੇ ਮੁਕਾਬਲੇ ਵਧੇਰੇ ਅੱਗ-ਪਿਛੇ ਹੁੰਦੀ ਹੈ, ਇਸ ਕਰਕੇ ਨਾਨਕਸ਼ਾਹੀ ਵਰ੍ਹੇ ਦਾ ਸੰਬੰਧ ਸੂਰਜੀ ਵਰ੍ਹੇ ਨਾਲ ਹੋਣਾ ਚਾਹੀਦਾ ਸੀ। ਈਸਵੀ, ਬਿਕਰਮੀ ਅਤੇ ਨਾਨਕਸ਼ਾਹੀ ਵਰ੍ਹਾ, ਸਾਰੇ ਹੀ ਸੂਰਜੀ ਹਿਸਾਬ ਨਾਲ ਬਣੇ ਹੋਏ ਹਨ ਪਰ ਆਪਣੇ ਇਤਿਹਾਸ ਅਤੇ ਵਿਰਸੇ ਦੀ ਪਹਿਚਾਣ ਤਾਂ ਆਪਣੇ ਤਰੀਕੇ ਨਾਲ ਹੀ ਹੋਣੀ ਚਾਹੀਦੀ ਹੈ।

ਕਿਸੇ ਵੀ ਪੁਰਬ ਦਾ ਮਨਾਉਣਾ ਇਸੇ ਕਰਕੇ ਸ਼ੁਰੂ ਹੁੰਦਾ ਹੈ ਕਿ ਜਿਹੜੇ ਲੋਕ ਉਸ ਨਾਲ ਜੁੜੇ ਹੁੰਦੇ ਹਨ ਉਹ ਹਰ ਵਰ੍ਹੇ ਉਸ ਵਿਚਾਰ ਜਾਂ ਘਟਨਾ ਨੂੰ ਆਪਣੇ ਚੇਤਿਆਂ ਵਿਚ ਪੱਕਾ ਕਰਦੇ ਰਹਿਣ। ਦਰਬਾਰ ਸਾਹਿਬ ਉਪਰ ਭਾਰਤੀ ਫੌਜ ਦਾ ਹਮਲਾ ਨਾ ਸਿਰਫ ਇਤਿਹਾਸ ਵਿਚ ਦੁਸ਼ਮਣਾਂ ਦੇ ਵਾਰ-ਵਾਰ ਹਮਲੇ ਕਰਕੇ ਨਿਆਰੇਪਣ ਨੂੰ ਮਿਟਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਦੀ ਯਾਦ ਦਵਾਉਂਦਾ ਹੈ, ਸਗੋਂ ‘ਬਿਪਰਨ ਕੀ ਰੀਤ’ ਤੋਂ ਨਿਖੇੜੇ ਦੇ ਅਜੋਕੇ ਸਮੇਂ ਦਾ ਅਹਿਮ ਦਿਹਾੜਾ ਹੈ ਜਿਹੜਾ ਹਰ ਵਾਰ ਆਤਮ ਚੀਨਣ ਅਤੇ ਆਪਾ ਪਛਾਨਣ ਦੀ ਯਾਦ ਦਵਾਉਂਦਾ ਹੈ ਕਿ,

ਜਬ ਲਗ ਖਾਲਸਾ ਰਹੇ ਨਿਆਰਾ॥…

ਇਹ ਸ਼ਰਤ ਖਾਲਸੇ ਉਪਰ ਸਦਾ ਲਾਗੂ ਹੈ ਕਿ ਉਸ ਨੇ ਖਾਲਸੇ ਵਜੋਂ ਜੀਣ ਲਈ ਆਪਣਾ ਗਿਆਨ ਪ੍ਰਬੰਧ ਸਿਰਜਣਾ ਹੈ। ਕਿਸੇ ਵੀ ਧਰਮ, ਦੇਸ਼, ਕੌਮ ਦਾ ਆਪਣਾ ਗਿਆਨ ਪ੍ਰਬੰਧ ਸਿਰਫ ਆਪਣੇ ਅੱਖਰਾਂ, ਅੰਕਾਂ ਅਤੇ ਲਕੀਰਾਂ ਵਿਚ ਹੀ ਹੋ ਸਕਦਾ ਹੈ। ਇਹ ਸਿਰਫ ਲਿਖਤ ਤੱਕ ਸੀਮਤ ਨਹੀਂ ਹੁੰਦੇ ਸਗੋਂ ਲੋਕਾਂ ਦੇ ਪਹਿਰਾਵੇ, ਚੀਜਾਂ ਦੀਆਂ ਬਣਤਰਾਂ, ਇਥੋਂ ਤੱਕ ਸ਼ਕਲਾਂ ਵੀ ਉਹਨਾਂ ਦੇ ਅਕਰਾਂ, ਅੰਕਾਂ ਅਤੇ ਲੀਕਾਂ ਦੇ ਨਮੂਨਿਆਂ ਨਾਲ ਮੇਲ ਖਾਣ ਲੱਗ ਜਾਂਦੀਆਂ ਹਨ। ਲੋਕਾਂ ਦੀਆਂ ਮਨੋ ਬਣਤਰਾਂ, ਅਖਰਾਂ-ਅੰਕਾਂ ਦੀਆਂ ਬਣਤਰਾਂ ਮੁਤਾਬਕ ਢਲ ਜਾਂਦੀਆਂ ਹਨ। ਪੰਜਾਬ ਵਿਚ ਵਾਪਰ ਰਹੀ ਤਬਦੀਲੀ ਨੂੰ ਥੋੜ੍ਹੇ ਧਿਆਨ ਨਾਲ ਵੇਖਿਆਂ ਪਤਾ ਚਲਦਾ ਹੈ ਕਿ ਸਾਡੇ ਬਹੁਤੇ ਘਰਾਂ ਦਫਤਰਾਂ ਦੀ ਬਣਤਰ ਵੀ ਠੰਡੇ ਅੰਗਰੇਜ਼ੀ ਮੁਲਕਾਂ ਵਾਲੀ ਹੋ ਰਹੀ ਹੈ। ਪਹਿਰਾਵਾ ਵੀ ਅਤੇ ਸੋਚਣ ਤੇ ਜੀਣ ਢੰਗ ਵੀ ਓਹੀ ਹੋ ਰਿਹਾ ਹੈ। ਇਹ ਉਹਨਾਂ ਅੱਖਰਾਂ ਅਤੇ ਅੰਕਾਂ ਦਾ ਹੀ ਕਮਾਲ ਹੈ, ਜਿਹੜਿਆਂ ਅੱਖਰਾਂ, ਅੰਕਾਂ ਅਤੇ ਲੀਕਾਂ (ਨਕਸ਼ਿਆਂ) ਰਾਹੀਂ ਅਸੀਂ ਆਪਣੇ ਤੋਂ ਵੱਡੇ ਮੰਨੇ ਲੋਕਾਂ ਦੀ ਰੀਸੇ ਉਹਨਾਂ ਵਾਂਗ ਜਹਾਨ ਅਤੇ ਜਿੰਦਗੀ ਨੂੰ ਸਮਝਣ ਦਾ ਯਤਨ ਕਰਦੇ ਹਾਂ। ਇਸੇ ਲਈ ਗੁਰੂ ਸਾਹਿਬ ਨੇ ਗਿਆਨ ਗੁਰੂ ਦੇ ਨਿਸ਼ਾਨ ਵਜੋਂ ‘ੴ ’ ਦੀ ਬਖਸ਼ਿਸ਼ ਸਭ ਤੋਂ ਪਹਿਲਾਂ ਕੀਤੀ; ਕਿ ਪਹਿਲਾਂ ਅਸੀਂ ਆਪਣਾ ਗਿਆਨ ਪ੍ਰਬੰਧ ਬਣਾਈਏ ਅਤੇ ਸਭ ਤੋਂ ਬਾਅਦ ਵਿਚ ਰਹਿਤ ਦੇ ਨਿਸ਼ਾਨ ਕਕਾਰਾਂ ਦੀ ਬਖਸ਼ਿਸ਼ ਕੀਤੀ; ਕਿ ਅਸੀਂ ਵੀ ਆਪਣਾ ਗਿਆਨ ਪ੍ਰਬੰਧ ਬਣਾ ਕੇ ਜੀਵੀਏ। ਇਤਿਹਾਸ ਵਿਚ ਕਈ ਕੌਮਾਂ ਕੋਲ ਕਈ ਵਾਰ ਰਾਜ ਨਹੀਂ ਰਿਹਾ, ਉਹ ਲੋਕ ਗੁਲਾਮ ਹੋਏ ਪਰ ਮੁੜ ਜੇਤੂ ਉਹੀ ਹੋਏ ਜਿਹੜੇ ਆਪਣਾ ਗਿਆਨ ਪ੍ਰਬੰਧ ਬਚਾ ਸਕੇ।

ਤੀਜੇ ਘੱਲੂਘਾਰੇ ਦੇ ਸ਼ਹੀਦ ਜਰਨੈਲ, ਸੰਤ ਜਰਨੈਲ ਸਿੰਘ ਦੇ ਇਹ ਬੋਲ ਬਹੁਤ ਭਾਵ ਪੂਰਤ ਹਨ ਕਿ ਜਿਸ ਦਿਨ ਭਾਰਤੀ ਫੌਜ ਨੇ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਉਸ ਦਿਨ ਖਾਲਸਤਾਨ ਦੀ ਨੀਂਹ ਰੱਖੀ ਜਾਵੇਗੀ। ਇਸ ਦਾ ਅਰਥ ਇਹ ਨਹੀਂ ਸੀ ਕਿ ਰਿਵਾਇਤੀ ਅਕਾਲੀਆਂ ਦੀ ਥਾਂ ਓਸ ਵੇਲੇ ਸਿੱਖ ਸਟੂਡੈਂਟਸ ਫੈਡਰੇਸ਼ਨ ਵਾਲਿਆਂ ਹੱਥ ਪੰਜਾਬ ਦੀ ਸਿਆਸੀ ਸੱਤਾ ਆ ਜਾਂਦੀ। ਇਸ ਦਾ ਭਾਵ ਇਹੀ ਸੀ ਜਦੋਂ ਫੌਜ ਗੁਰੂ ਧਾਮਾਂ, ਨਿਸ਼ਾਨਾਂ ਦੀ ਬੇਅਦਬੀ ਕਰੇਗੀ, ਨਿਰਦੋਸ਼ਾਂ ਦਾ ਲਹੂ ਡੋਲ੍ਹੇਗੀ ਫਿਰ ਹੀ ਇਕ ਲਕੀਰ ਵੱਜੇਗੀ, ਪਛਾਣ ਵੱਖਰੀ ਹੋਏਗੀ। ਆਪੇ ਨੂੰ ਜਾਨਣ ਦੀ ਮੁੜ ਲੋੜ ਪਏਗੀ ਕਿ ਅਸੀਂ ਕੀ ਕੌਣ ਹਾਂ? ਆਪਣੇ ਆਪ ਨੂੰ ਜਾਨਣ ਸਮਝਣ ਅਤੇ ਸਮਝਾਉਣ ਦੇ ਤਰੀਕਿਆਂ ਵਜੋਂ ਆਪਣੇ ਗਿਆਨ ਪ੍ਰਬੰਧ ਦੀ ਲੋੜ ਮਹਿਸੂਸ ਹੋਵੇਗੀ ਤਾਂ ਹੀ ਸਿੱਖ ਕੌਮੀ ਰੂਪ ਵਿਚ ਇਤਿਹਾਸ ਅਤੇ ਵਿਰਸੇ ਵੱਲ ਮੁੜਣਗੇ। ਆਪਣੇ ਗਿਆਨ ਪ੍ਰਬੰਧ ਨਾਲ ਹੀ ਸਮਝ ਆਵੇਗਾ ਕਿ ਸਾਡੇ ਇਤਿਹਾਸ ਦੇ ਠੀਕ ਗਲਤ ਹੋਣ ਦੇ ਪਰਖ ਕਰਨ ਦਾ ਕੀ ਅਧਾਰ ਹੋਵੇ? ਜਦੋਂ ਅਸੀਂ ਇਤਿਹਾਸ ਨੁੰ ਪਰਖਣ ਲਈ ਗੁਰਬਾਣੀ ਦੀ ਕਸਵਟੀ ਲਾਉਣ ਦੀ ਗੱਲ ਕਰਦੇ ਹਾਂ ਬੜਾ ਚੰਗਾ ਲਗਦਾ ਹੈ ਪਰ ਜਦੋਂ ਗੁਰਬਾਣੀ ਨੂੰ ਸਮਝਣ ਲਈ ਮੁੜੀਂਦਾ ਹੈ ਤਾਂ ਪਤਾ ਚਲਦਾ ਹੈ ਕਿ ਅਜੇ ਤੱਕ ਇਸ ਦੀ ਅਰਥ ਵਿਆਖਿਆ ਹੀ ਕਿਸੇ ਹੋਰ ਦੇ ਅੱਖਰਾਂ-ਅੰਕਾਂ ਦੇ ਪ੍ਰਬੰਧ ਅਧੀਨ ਚਲਦੀ ਹੈ। ਇਸ ਕਰਕੇ ਹੀ ਇਹ ਐਨੀ ਖੁਸ਼ਕ ਅਤੇ ਪੇਤਲੀ ਹੈ ਕਿ ਨਵੇਂ ਜ਼ਮਾਨੇ ਦੇ ਸਨਮੁਖ ਸਿੱਖਾਂ ਦੀ ਮੌਜੂਦਾ ਪੀੜ੍ਹੀ ਨੂੰ ਪ੍ਰਭਾਵਤ ਨਹੀਂ ਕਰਦੀ।

ਸਿੱਟਾ ਇਹ ਹੈ ਕਿ ਸਾਡੀ ਹੋਂਦ ਦੇ ਅਰਥ, ਗੁਰੂ ਦੇ ਸਦੀਵੀ ਸੁਨੇਹੇ (ਨਿਆਰੇਪਣ) ਦੇ ਅਰਥ ਵੀ ਗੁਰੂ ਦੁਆਰਾ ਸਾਜੇ ਗਿਆਨ ਪ੍ਰਬੰਧ ਦੇ ਨੇਮਾਂ ਵਿਚ ਹੀ ਹਨ ਅਤੇ ਅੱਗੋਂ ਇਹ ਨੇਮ ਵੀ ਗੁਰੂ ਦੁਆਰਾ ਸਾਜੇ ਅੱਖਰਾਂ, ਅੰਕਾਂ ਅਤੇ ਲੀਕਾਂ ਵਿਚ ਹਨ। ਇਸ ਕਰਕੇ ਸਵਾਲ ਇਕੱਲਾ ਵਰਤਮਾਨ ਸਮੇਂ ਵਿਚ ਹੋਏ ਹਮਲੇ ਦਾ ਨਹੀਂ, ਸਗੋਂ ਆਪਣੀ ਹੋਂਦ ਦੇ ਮੁਢ ਇਤਿਹਾਸ ਤੋਂ ਹਰ ਗੱਲ, ਚੀਜ਼, ਹਸਤੀ, ਘਟਨਾ ਅਤੇ ਵਰਤਾਰੇ ਨੂੰ  ਓਨਾ ਅਖਰਾਂ-ਅੰਕਾਂ-ਲੀਕਾਂ ਰਾਹੀਂ ਸਮਝਣ ਦਾ ਹੈ ਜਿਹੜੇ “ਅਖਰ ਨਾਨਕ ਅਖਿਓ ਆਪ”। ਇਹ ਨੀਂਹ ਰੱਖੇ ਜਾਣ ਵਾਲੇ ਵਰਤਾਰੇ ਨੂੰ ਅਸੀਂ ਆਪਣੇ ਅੰਦਰ ਜਿੰਨਾ ਕੁ ਡੂੰਘਾ ਉਤਾਰ ਲਵਾਂਗੇ, ਇਤਿਹਾਸ ਦੀ ਯਾਦਗਾਰ ਵੀ ਓਨੀ ਹੀ ਡੂੰਘੀ ਨੀਂਹ ਵਾਲੀ ਹੋਵੇਗੀ ਅਤੇ ਆਪਣੇ ਨਿਆਰੇ ਹੋਣ ਦੇ ਅਹਿਸਾਸ ਨੂੰ ਓਨਾ ਵੀ ਕੁ ਹੀ ਮਾਣ ਸਕਾਂਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,