ਚੋਣਵੀਆਂ ਲਿਖਤਾਂ » ਲੇਖ

ਕਸ਼ਮੀਰ ਦੀ ਗਵਾਹੀ – ਯਾਦਾਂ ਅਤੇ ਹਥਿਆਰਬੰਦ ਸੰਘਰਸ਼ – ਭਾਗ ਦੂਜਾ

October 13, 2020 | By

ਕਸ਼ਮੀਰ ਦਾ ਹਥਿਆਰਬੰਦ ਸੰਘਰਸ਼ ਅਤੇ ਇਸਦੀ ਮੁੜ੍ਹ-ਕਲਪਨਾ

ਇੱਕ ਕਬਰ ਦੀ ਅਵਾਜ਼

ਪੌਪਲਰ ਦੇ ਦਰਖ਼ਤਾਂ ਦਾ ਝੁੰਡ ਸੁਆਹ ਨਾਲ ਲਿੱਬੜੀਆਂ ਸੜਕਾਂ ਤੇ ਕਦੇ ਕਦਾਈਂ ਆਉਣ ਵਾਲੇ ਰਾਹੀ ਵੱਲ ਘੂਰੀ ਵੱਟ ਕੇ ਵੇਖ ਤੇ ਡਰ ਨਾਲ ਕੰਬ ਰਿਹਾ ਹੈ। ਸੂਰਜ ਡੁੱਬਣ ਵਾਲਾ ਹੈ। ਪੱਤਾ ਪੱਤਾ ਇੱਕ ਚੀਕ ਸਮੋਈ ਬੈਠਾ ਹੈ।

ਅਸੀਂ ਸ਼ੋਪੀਆਂ ਦੇ ‘ਮੂਲੂ ਚਿੱਤਰਾਗਮ’ ਨਾਂ ਦੇ ਪਿੰਡ ਵਿੱਚ ਹਾਂ । ਕਾਫ਼ੀ ਪਲ ਚੁੱਪ ਵਿੱਚ ਲੰਘ ਗਏ ਹਨ। ਇਨਾਇਤ ਸ਼ਮੀਮ ਸ਼ੇਖ ਦੀ ਸ਼ਾਂਤ ਅਵਾਜ਼ ਅਸਿਹ ਅਤੇ ਅਕਿਹ ਕਹਾਣੀਆਂ ਬਿਆਨ ਕਰ ਰਹੀ ਹੈ।

ਉਸਦਾ ਪਿਤਾ ਸ਼ਮੀਮ ਅਹਿਮਦ ਸੇਖ ੧੯੮੯ ਵਿੱਚ ‘ਹਿਜ਼ਬੁਲ ਮੁਜਾਹਦੀਨ’ ਵਿੱਚ ਭਰਤੀ ਹੋਇਆ ਸੀ ਅਤੇ ਉਸਨੇ ਆਪਣਾ ਖ਼ੁਫ਼ੀਆ ਨਾਂ ਰਮਜ਼ਾਨ ਰੱਖਿਆ। ਕਿਉਂਕਿ ਇਹ ਉਸ ਮਹੀਨੇ ਦਾ ਪਹਿਲਾ ਦਿਨ ਸੀ ਜੋ ਮੁਸਲਮਾਨਾਂ ਵਿੱਚ ਪਵਿੱਤਰ ਸਮਝਿਆ ਜਾਂਦਾ ਹੈ। ਇਸ ਦਿਨ ਉਸਨੇ ਆਪਣੀ ਬੰਦੂਕ ਉਠਾਈ। ਉਸ ਦਾ ਛੋਟਾ ਭਰਾ ਨਜ਼ੀਰ ਅਹਿਮਦ ਉਸਦੀ ਸਖ਼ਤ ਜੰਗੀ ਸਿਖਲਾਈ ਦੀ ਗੱਲ ਦੱਸਦਾ ਹੈ ਜੋ ਉਸਨੇ ੧੯੯੦ ਵਿੱਚ ਤਕਰੀਬਨ ਡੇਢ ਸਾਲ ਪਾਕਿਸਤਾਨ ਵਾਲੇ ਕਸ਼ਮੀਰ ਵਿੱਚ ਹਾਸਲ ਕੀਤੀ। ਜਦੋਂ ਉਹ ਵਾਪਿਸ ਆਇਆ ਤਾਂ ਉਸਦਾ ਵਿਆਹ ਹੋ ਗਿਆ। ਇਨਾਇਤ ਦੇ ਜਨਮ ਨੇ ਉਹਨਾਂ ਦੇ ਘਰ ਖ਼ੁਸ਼ੀ ਦਾ ਮਾਹੌਲ ਸਿਰਜਿਆ। ਪਰ ਇਹ ਖ਼ੁਸ਼ੀ ਥੁੜ੍ਹ-ਚਿਰੀ ਸੀ। ਨਜ਼ੀਰ ਕਹਿੰਦਾ ਹੈ “ਮੇਰੇ ਭਰਾ ਨੇ ਜਨਵਰੀ ੧੪, ੧੯੯੪ ਨੂੰ ਸ਼ਹਾਦਤ ਹਾਸਲ ਕੀਤੀ।”

ਸ਼ਮੀਮ ਮੋਲੂ ਪਿੰਡ ਵਿੱਚ ਆਪਣੇ ਚਾਰ ਹੋਰ ਸਾਥੀਆਂ – ਖ਼ੁਰਸ਼ੀਦ, ਅਫ਼ਜ਼ਲ, ਮਨਜ਼ੂਰ ਅਤੇ ਬਿਲਾਲ ਸਮੇਤ ਸ਼ਹੀਦ ਹੋ ਗਿਆ ਸੀ। ਸਿਖਲਾਈ ਯਾਫਤਾ ਹੋਣ ਕਰਕੇ ਉਹਨਾਂ ਬੜਾ ਸਖ਼ਤ ਮੁਕਾਬਲਾ ਕੀਤਾ ਪਰ ਹਥਿਆਰਬੰਦ ਭਾਰਤੀ ਬਲਾਂ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਕਰਕੇ ਉਹਨਾਂ ਵਿੱਚੋਂ ਕੋਈ ਵੀ ਬਚ ਨਾ ਸਕਿਆ। ਉਹਨਾਂ ਕੋਲ ਇੰਨਾ ਅਸਲਾ ਨਹੀਂ ਸੀ ਜਿੰਨਾ ਭਾਰਤੀ ਬਲਾਂ ਕੋਲ ਸੀ। ਨਜ਼ੀਰ ਦੱਸਦਾ ਹੈ ਕਿ ਇਹ ਇੱਕ ਡਰਾਉਣੀ ਰਾਤ ਸੀ। ਉਸਨੂੰ ਲਾਸ਼ਾਂ ਚੁੱਕਣ ਲਈ ਮਜ਼ਬੂਰ ਕੀਤਾ ਗਿਆ ਚਾਰੇ ਪਾਸੇ ਖ਼ੂਨ ਹੀ ਖ਼ੂਨ ਸੀ ਅਤੇ ਇਹ ਉਸਦੇ ਗੋਡਿਆਂ ਉੱਪਰ ਦੀ ਵਗ ਰਿਹਾ ਸੀ।

ਕਮਰੇ ਵਿੱਚ ਚੁੱਪ ਪਸਰ ਜਾਂਦੀ ਹੈ। ਸਾਰੀਆਂ ਚੀਜ਼ਾਂ ਖਿੜਕੀ ਵਿੱਚੋਂ ਦੀ ਆ ਰਹੀਆਂ ਡੁੱਬਦੇ ਸੂਰਜ ਦੀਆਂ ਕਿਰਨਾਂ ਨਾਲ ਇੱਕ-ਮਿੱਕ ਹੋ ਜਾਂਦੀਆਂ ਹਨ। ਇੱਕ ਖੂੰਜੇ ਵਿੱਚ ਇੱਕ ਛੋਟਾ ਜਿਹਾ ਕਿਤਾਬਖਾਨਾ ਸਾਡਾ ਧਿਆਨ ਖਿੱਚਦਾ ਹੈ। ਇਨਾਇਤ ਕਹਿੰਦਾ ਹੈ ਕਿ ਇਹ ਤਾਰਿਕ ਦਾ ਹੈ।

ਤਾਰਿਕ ਸ਼ਮੀਮ ਸ਼ੇਖ਼, ਜੋ ਕਿ ‘ਤਾਰਿਕ ਮੌਲਵੀ’ ਦੇ ਨਾਂ ਨਾਲ ਮਸ਼ਹੂਰ ਸੀ। ਉਹ ਇੱਕ ਧਾਰਮਿਕ ਆਲਿਮ ਸੀ। ਜਿਸਨੇ ਆਪਣੀ ਪੜ੍ਹਾਈ ਬਾਂਦੀਪੁਰ ਦੇ ਮਸ਼ਹੂਰ ਇਸਲਾਮੀ ਅਦਾਰੇ ਦਾਰੁਲ-ਉਲੂਮ ਰਹੀਮੀਆਂ ਤੋਂ ਕੀਤੀ ਸੀ। ਇਹ ਅਦਾਰਾ ਉਸਦੇ ਘਰ ਤੋਂ ੧੦੦ ਕਿ. ਮੀ. ਤੋਂ ਵੀ ਵੱਧ ਦੂਰ ਸੀ।

ਤਾਰਿਕ ਨੂੰ ਹਮੇਸ਼ਾਂ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ। ਭਾਰਤੀ ਪੁਲਸ ਅਤੇ ਫ਼ੌਜ ਉਸਨੂੰ ਤਸੀਹੇ ਦਿੰਦੀ ਸੀ। ਇੱਕ ਵਾਰ ਉਸਨੂੰ ਆਪਣੇ ਭਰਾ ਖ਼ਿਲਾਫ਼ ਮੁਖ਼ਬਰੀ ਕਰਨ ਲਈ ਦਬਾਅ ਪਾਇਆ ਗਿਆ। ਇਹ ਬਿਲਾਲ ਅਹਿਮਦ ਮੋਹੰਦ ਤੇ ਸਦਾਮ ਪਦਰ ਸਨ ਜਿਨ੍ਹਾਂ ਖ਼ਿਲਾਫ਼ ਮੁਖ਼ਬਰੀ ਨਾ ਕਰਨ ਦੀ ਸੂਰਤ ਵਿੱਚ ਉਸਦੀ ਮਾਂ ਅਤੇ ਭੈਣ ਨੂੰ ਅਗ਼ਵਾ ਕਰ ਲੈਣ ਦੀ ਧਮਕੀ ਦਿੱਤੀ ਗਈ ਸੀ। ਸੰਨ ੨੦੧੬ ਵਿੱਚ ਹਿਜ਼ਬੁਲ ਦੇ ਮਸ਼ਹੂਰ ਜਰਨੈਲ ਬੁਰਹਾਨ ਵਾਨੀ ਦੀ ਸ਼ਹਾਦਤ ਤੋਂ ਬਾਅਦ ਉਸਤੇ ਧਾਰਮਿਕ ਇਕੱਠਾਂ ਵਿੱਚ ਭੜਕਾਊ ਸਿਆਸੀ ਤਕਰੀਰਾਂ ਅਤੇ ਭਾਰਤ ਖ਼ਿਲਾਫ਼ ਤਕਰੀਰਾਂ ਦੇ ਇਲਜ਼ਾਮ ਲਗਾਏ ਗਏ। ਜਦੋਂ ਭਾਰਤੀ ਬਲ ਤਾਰਿਕ ਨੂੰ ਨਾਂ ਲੱਭ ਸਕੇ ਤਾਂ ਉਹਨਾਂ ਨੇ ਉਸਦੇ ਚਾਚੇ ਨਜ਼ੀਰ ਅਹਿਮਦ ਤੇ ਪੀ.ਐੱਸ.ਏ. ਤਹਿਤ ਮੁਕੱਦਮਾ ਦਰਜ਼ ਕਰ ਲਿਆ। ਨਜ਼ੀਰ ਨੂੰ ਜੰਮੂ ਦੀ ਕੋਟ ਬਲਵਲ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਨਜ਼ੀਰ ਨੂੰ ਰਾਤ ਦੇ ੨:੩੦ ਵਜੇ ਘਰ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ। ਉਸ ‘ਤੇ ‘ਹਿੰਸਕ ਕਾਰਵਾਈਆਂ’ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਗਿਆ। ਉਸਦੇ ਖ਼ਿਲਾਫ਼ ਝੂਠੀ ਐੱਫ਼.ਆਈ.ਆਰ. ਦਾਖਲ ਕੀਤੀ ਗਈ। ਇਸ ਤੋਂ ੧੫ ਦਿਨਾਂ ਬਾਅਦ ਤਾਰਿਕ ਨੂੰ ਜ਼ਿਲ੍ਹਾ ਤੰਗਮਰਗ ਦੇ ਵਰਮੂਲ਼ ਦੀ ਮਸਜ਼ਿਦ ਤੋਂ ਜੁਮੇਂ ਦੀ ਨਮਾਜ਼ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ‘ਤੇ ਬਾਗੀ ਤਨਜ਼ੀਮਾਂ ਦਾ ਮੈਂਬਰ ਹੋਣ ਦਾ ਦੋਸ਼ ਲਾਇਆ ਗਿਆ। ਉਸਦੇ ਰਿਹਾਅ ਹੋਣ ਤੋਂ ਬਾਅਦ ਵੀ ਕਿਸੇ ਵੀ ਨਿੱਕੀ ਮੋਟੀ ਬਾਗੀ ਕਾਰਵਾਈ ਹੋਣ ਤੇ ਉਸਨੂੰ ਸੱਦਿਆ ਜਾਂਦਾ ਰਿਹਾ।

੨੦੧੮ ਵਿੱਚ ਤਾਰਿਕ ਨੇ ਵੀ ਆਪਣੇ ਪਿਤਾ ਵਾਲਾ ਰਾਹ ਚੁਣਿਆ ਅਤੇ ਹਿਜ਼ਬੁਲ ਮੁਜ਼ਾਹਦੀਨ ਵਿੱਚ ਸ਼ਾਮਲ ਹੋ ਗਿਆ। ਉਸਨੇ ਆਪਣਾ ਖ਼ੁਫ਼ੀਆ ਨਾਂ ‘ਮੁਫ਼ਤੀ ਵਕਾਸ’ ਰੱਖਿਆ ਕਿਉਂਕਿ ਉਹ ਪੜ੍ਹਿਆ ਲਿਖਿਆ ਸੀ ਤੇ ਮੁਫ਼ਤੀ ਅਜੋਕੇ ਪੜ੍ਹਾਈ-ਨਿਜ਼ਾਮ ਦੀ ਪੀ.ਐੱਚ.ਡੀ. ਦੇ ਬਰਾਬਰ ਦਾ ਦਰਜਾ ਹੈ।

੨ ਮਈ ੨੦੧੯ ਨੂੰ ਉਹ ਤੇ ਉਸਦੇ ਦੋ ਸਾਥੀ – ਲਤੀਫ਼ ਡਾਰ (ਲਤੀਫ਼ ਟਾਈਗਰ) ਪਿੰਡ ਡੋਗਰੀਪੁਰ ਅਤੇ ਚੋਟੀਗਮ ਜ਼ਿਲਾ ਸ਼ੋਪੀਆਂ ਦੇ ਸ਼ਰੀਕ ਅਹਿਮਦ ਨੇਂਗਰੂ ਜ਼ਿਲਾ ਸ਼ੋਪੀਆਂ ਦੇ ਇਲਾਕੇ ਇਮਾਮ ਸਾਹਬ ਦੇ ਅਦਖਾੜਾ ਵਿੱਚ ਸ਼ਹੀਦ ਹੋ ਗਏ। ਲਤੀਫ਼ ਉਹਨਾਂ ਬੰਦਿਆਂ ਵਿੱਚੋਂ ਆਖ਼ਰੀ ਬੰਦਾ ਸੀ ਜੋ ਬੁਰਹਾਨ ਵਾਨੀ ਨਾਲ ਇੱਕ ਤਸਵੀਰ ਵਿੱਚ ਸਨ। ਬੁਰਹਾਨ ਕਸ਼ਮੀਰ ਦਾ ਹੀਰੋ ਅਤੇ ਭਾਰਤ ਲਈ ਡਰਾਉਣਾ ਖ਼ਾਬ ਸੀ। ਜਦੋਂ ਮੁਕਾਬਲਾ ਚੱਲ ਰਿਹਾ ਸੀ ਤਾਂ ਮਕਾਮੀ ਲੋਕਾਂ ਨੇ ਭਾਰਤੀ ਬਲਾਂ ਤੇ ਪੱਥਰਬਾਜ਼ੀ ਕੀਤੀ ਅਤੇ ਪੈਲੇਟ ਗੰਨਾਂ ਤੇ ਗੋਲੀਆਂ ਨਾਲ ਬਹੁਤ ਸਾਰੇ ਲੋਕ ਜ਼ਖਮੀ ਹੋਏ।

ਇਨਾਇਤ ਕਹਿੰਦਾ ਹੈ ਕਿ ਉਹਨਾਂ ਨੇ ਮੇਰੇ ਭਰਾ ਦੀ ਤਕਰੀਰ ਕਰਨ ਦੀ ਕਲਾ ਨੂੰ ਲੜਾਈ ਵਿੱਚ ਬਦਲ ਦਿੱਤਾ। ਉਹਨਾਂ ਨੇ ਮੇਰੇ ਭਰਾ ਦੇ ਕੱਪੜੇ ਜੁੱਤੀ, ਘੜੀ, ਮੋਬਾਈਲ ਫ਼ੋਨ ਚੋਰੀ ਕਰ ਲਏ ਅਤੇ ਸਾਨੂੰ ਸਾਡੇ ਸ਼ਹੀਦ ਦੇ ਕੱਪੜੇ ਰੱਖਣ ਦੀ ਵੀ ਇਜਾਜ਼ਤ ਨਾ ਦਿੱਤੀ।

ਇਨਾਇਤ ਇੱਕ ਡਾਇਰੀ ਦੇ ਪੰਨੇ ਫਰੋਲਦਾ ਹੈ ਜਿਸ ਵਿੱਚੋਂ ਖ਼ੂਬਸੂਰਤ ਲਿਖਾਈ ਦੀ ਝਲਕ ਮਿਲਦੀ ਹੈ। ਇਨਾਇਤ ਹਸਰਤ ਭਰੀਆਂ ਨਿਗਾਹਾਂ ਨਾਲ ਕਿਤਾਬਘਰ ਵੱਲ ਦੇਖਦੇ ਹੋਏ ਕਹਿੰਦਾ ਹੈ ਕਿ ਮੇਰਾ ਭਰਾ ਪੜ੍ਹਨਾ-ਲਿਖਣਾ ਬਹੁਤ ਪਸੰਦ ਕਰਦਾ ਸੀ। ਉਹ ਹਮੇਸ਼ਾਂ ਕਿਤਾਬਾਂ ਵਿੱਚ ਹੀ ਡੁੱਬਿਆ ਰਹਿੰਦਾ ਸੀ।

ਫਰਵਰੀ ੨੦੧੯ ਵਿੱਚ ਨਜ਼ੀਰ ਨੂੰ ਸਾਰੀ ਰਾਤ ਭਾਰਤੀ ਫ਼ੌਜ ਦੇ ਸ਼ੋਪੀਆਂ ਵਿਚਲੇ ਪਹਿਨੂੰ ਫ਼ੌਜੀ ਕੈਂਪ ਵਿੱਚ ਤਸੀਹੇ ਦਿੱਤੇ ਗਏ। ਉਹਨੂੰ ਮੁਖ਼ਬਰ ਬਣਨ ਲਈ ਕਿਹਾ ਗਿਆ। ਆਪਣੇ ਮਾਨਸਿਕ ਹਥਿਆਰ ਦੇ ਤੌਰ ‘ਤੇ ਵਰਤਣ ਲਈ ਫ਼ੌਜ ਨੇ ਉਸਦੀ ਵੀਡੀਓ ਬਣਾਉਣੀ ਚਾਹੀ ਤਾਂ ਕਿ ਉਸਨੂੰ ਇੱਕ ਮੁਖ਼ਬਰ ਅਤੇ ਆਪਣੇ ਲੋਕਾਂ ਦਾ ਗ਼ਦਾਰ ਸਾਬਤ ਕੀਤਾ ਜਾ ਸਕੇ।

ਉਸਦਾ ਚਚੇਰਾ ਭਰਾ ਜ਼ਹੂਰ ਅਹਿਮਦ ੧੩ ਸਾਲ ਦੀ ਉਮਰ ਵਿੱਚ ਸਭ ਤੋਂ ਘੱਟ ਉਮਰ ਦਾ ਜੁਝਾਰੂ ਸੀ। ਜਦੋਂ ਉਹ ਸਤੰਬਰ ੨੦੦੫ ਵਿੱਚ ਸੁਗਨ ਵਿੱਚ ਸ਼ਹੀਦ ਹੋਇਆ। ਉਸਦੇ ਬਾਗੀ ਹੋਣ ਤੋਂ ੨੬ ਵੇਂ ਦਿਨ ਬਾਅਦ ਉਸਦੇ ਪਰਿਵਾਰ ਨੂੰ ਉਸਦੀ ਨਵੀਂ ਪਛਾਣ ਬਾਰੇ ਪਤਾ ਲੱਗਿਆ। ਬਦਕਿਸਮਤੀ ਨਾਲ ਇਹ ਉਸਦਾ ਆਖ਼ਰੀ ਦਿਨ ਸੀ ਜ਼ਹੂਰ ਨੂੰ ਇੱਕ ਆਰਮੀ ਮੇਜਰ ਅਤੇ ਇੱਕ ਇਖ਼ਵਾਨ ਨੇ ਅੱਗ ਲਾ ਕੇ ਸਾੜ ਦਿੱਤਾ ਸੀ। ਮੇਜਰ ਜੋ ਉਸ ਸਮੇਂ ਜ਼ਾਸੋਵ ਵਿੱਚ ਤਾਇਨਾਤ ਸੀ ਅਤੇ ਹੁਣ ਉਹ ਪੁਲਵਾਮ ਦੇ ਬਾਲਪੁਰ ਕੈਂਪ ਵਿੱਚ ਹੈ।

“੨੫ ਦਿਨ ਉਹ ਹਿਜ਼ਬੁਲ ਮੁਜਾਹਦੀਨ ਨਾਲ ਰਿਹਾ ਆਪਣੇ ਆਖਰੀ ਦਿਨ ਉਹ ਜੈਸ਼-ਏ-ਮੁਹੰਮਦ ਦਾ ਲੜਾਕਾ ਸੀ ਜੋ ਅਸੀਂ ਜਾਣਦੇ ਹਾਂ” ਨਜ਼ੀਰ ਦੀ ਕੰਬਦੀ ਆਵਾਜ਼ ਸਾਨੂੰ ਦੱਸਦੀ ਹੈ।

‘ਜਮਾਤ-ਏ-ਇਸਲਾਮੀ’ ਮਕਾਮੀ ਲੋਕਾਂ ਵਿੱਚ ਬਹੁਤ ਮਕਬੂਲ ਹੋਣ ਕਰਕੇ ਇਸ ਇਲਾਕੇ ਨੇ ਕਈ ਦਹਾਕਿਆਂ ਤੋਂ ਜ਼ੁਲਮ-ਜਬਰ, ਕਤਲੋ-ਗ਼ਾਰਤ ਮੁਖ਼ਬਰਾਂ ਦਾ ਖ਼ੌਫ ਤੇ ਭਾਰਤੀ ਬਲਾਂ ਦੀ ਦਹਿਸ਼ਤ ਦੇਖੀ ਹੈ । ਲੋਕਾਂ ਦਾ ਮੰਨਣਾ ਹੈ ਕਿ ਅਗਸਤ ੨੦੧੯ ਤੋਂ ਬਾਅਦ ਇਸ ਵਿਚ ਹੋਰ ਵੀ ਬਹੁਤ ਸਾਰਾ ਵਾਧਾ ਹੋ ਗਿਆ ਹੈ। ਕਿਉਂਕਿ ਉਨਾਂ ਨੇ ਪਹਿਲਾਂ ਮੁਕਾਬਲਿਆਂ ਦੌਰਾਨ ਬਹੁਤ ਸਾਰੇ ਜੁਝਾਰੂਆਂ ਨੂੰ ਨਿਕਲ ਜਾਣ ਵਿੱਚ ਮੱਦਦ ਕੀਤੀ ਸੀ। ਪਰ ਹੁਣ ਪੈਲੇਟ ਗੰਨਾਂ, ਤਸੀਹੇ-ਕਤਲਾਂ ਨੇ ਬਹੁਤ ਸਾਰੇ ਲੋਕਾਂ ਨੂੰ ਮਾਲੀ ਹਾਲਤ ਮਾੜੀ ਹੋਣ ਦੇ ਬਾਵਜੂਦ ਦੌੜ ਜਾਣ ਲਈ ਮਜਬੂਰ ਕਰ ਦਿੱਤਾ ਹੈ।

ਨਜ਼ੀਰ ਅਹਿਮਦ ਫ਼ੌਜ ਦੇ ਦਿਲ ਕੰਬਾਊ ਤਸੀਹਿਆਂ ਨੂੰ ਯਾਦ ਕਰਦਾ ਹੈ। ਉਹ ਇੱਕ ਇਖ਼ਵਾਨ (ਮੁਖ਼ਬਰ) ਗੀਲ ਸ਼ਾਹ ਦਾ ਜ਼ਿਕਰ ਕਰਦਾ ਹੈ ਜਿਸਨੇ ਉਸਦੇ ਟੱਬਰ ਨੂੰ ਤਸੀਹੇ ਦਿੱਤੇ ਸਨ। ਉਸਨੇ ਮੈਨੂੰ ਤੇ ਹੋਰ ਬਹੁਤ ਸਾਰੇ ਲੋਕਾਂ ਨੂੰ ਤਸੀਹੇ ਦਿੱਤੇ ਸਨ। ਜਦੋਂ ਉਹ ੨੦੦੭ ਵਿੱਚ ਮਰਿਆ ਤਾਂ ਲੋਕਾਂ ਨੇ ਉਸਦੀ ਲਾਸ਼ ਨੇੜੇ-ਤੇੜੇ ਦੇ ਕਿਸੇ ਵੀ ਕਬਰਸਤਾਨ ਵਿੱਚ ਦਫ਼ਨ ਨਾ ਹੋਣ ਦਿੱਤੀ। ਉਸਨੂੰ ਕਿਸੇ ਅਣਜਾਣ ਜਗ੍ਹਾ ਤੇ ਦਫ਼ਨਾਇਆ ਗਿਆ। ਕੁਝ ਲੋਕਾਂ ਦਾ ਮੰਨਣਾ ਹੈ ਕਿ ਜਦੋਂ ਉਸਨੂੰ ਕਬਰ ਵਿੱਚ ਪਾਇਆ ਜਾ ਰਿਹਾ ਸੀ ਤਾਂ ਕਬਰ ਵਿੱਚ ਪਾਣੀ ਆ ਗਿਆ।

ਨਜ਼ੀਰ ਜਦੋਂ ਬੇਚੈਨੀ ਵਿੱਚ ਆਪਣੇ ‘ਕਇਨਗਰ’ ਅਤੇ ਬਲਦੀਆਂ ਲੱਕੜਾਂ ਆਸੇ-ਪਾਸੇ ਕਰਦਾ ਹੈ ਤਾਂ ਉਹਨਾਂ ‘ਚੋਂ ਹਲਕੀ ਜਿਹੀ ਅਵਾਜ਼ ਆਉਂਦੀ ਹੈ।

ਨਜ਼ੀਰ ਹੁਣ ਵਿਧਵਾ ਫ਼ਾਤਿਮਾ ਬਾਨੋ ਦੀ ਗੱਲ ਕਰਦਾ ਹੈ ਜਿਸਨੂੰ ਭਰਾ ਦੀ ਮੌਤ ਤੋਂ ਬਾਅਦ ਉਸਦੇ ਸਿਰ ਧਰ ਦਿੱਤਾ ਗਿਆ ਸੀ। ਜਿਸਤੋਂ ਉਸਦੇ ਤਿੰਨ ਬੱਚੇ ਹੁਜ਼ੈਫ਼ਾ, ਇਸ਼ਰਤ ਅਤੇ ਰਿਜ਼ਵਾਨ ਹਨ। ਨਜ਼ੀਰ ਨੇ ਇਨਾਇਤ ਅਤੇ ਤਾਰਿਕ ਨੂੰ ਬਾਪ ਵਾਂਗ ਪਾਲਿਆ ਸੀ । ਜਦੋਂ ੨੦੧੯ ਵਿੱਚ ਇਸ਼ਰਤ ਨੇ ਸਲੀਮ ਨਾਲ ਵਿਆਹ ਕੀਤਾ ਤਾਂ ਉਹਨਾਂ ਦੀ ਇਸ ਖ਼ੁਸ਼ੀ ਨੂੰ ਵੀ ਬਹੁਤਾ ਸਮਾਂ ਮਿਲਣਾ ਨਸੀਬ ਨਾ ਹੋਇਆ। ਸਲੀਮ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ । ਫ਼ੌਜ ਉਸਨੂੰ ਸਜ਼ਾ ਦੇਣਾ ਚਾਹੁੰਦੀ ਸੀ ਕਿ ਉਸਨੇ ਕਿਉਂ ਮੁਜਾਹਦੀਨਾਂ ਦੇ ਟੱਬਰ ਵਿੱਚ ਵਿਆਹ ਕੀਤਾ । ਇਹ ਕੰਮ ਦੋ ਵਾਰ ਹੋਇਆ। ਇਕ ਵਾਰੀ ਉਹ ਇਸਨੂੰ ਫ਼ੌਜੀ ਕੈਂਪ ਵਿੱਚ ਲੈ ਗਏ ਤੇ ਉਸਨੂੰ ਪ੍ਰੇਸ਼ਾਨ ਕੀਤਾ। ਭਾਰੀ ਰਿਸ਼ਵਤ ਲੈ ਕੇ ਉਸਨੂੰ ਛੱਡਿਆ ਗਿਆ।

ਰਿਜ਼ਵਾਨ ਜੋ ਹੁਣ ਤੱਕ ਦਰਵਾਜ਼ੇ ਨਾਲ ਲੱਗਿਆ ਖੜ੍ਹਾ ਸੀ, ਉਹ ਵੀ ਗੱਲਬਾਤ ਵਿੱਚ ਸ਼ਾਮਲ ਹੋ ਗਿਆ। ਉਹਦੀਆਂ ਅੱਖਾਂ ਦਾ ਲਾਲ ਰੰਗ ਉਸਦੇ ਅੰਦਰਲੇ ਗੁੱਸੇ ਦੀ ਕਹਾਣੀ ਕਹਿ ਰਿਹਾ ਸੀ।

੧੬ ਅਕਤੂਬਰ ੨੦੧੯ ਨੂੰ ਭਾਰਤੀ ਹਥਿਆਰਬੰਦ ਫ਼ੌਜਾਂ ਨੇ ਸੀ.ਏ.ਐੱਸ.ਓ ਕਾਰਵਾਈ ਤਹਿਤ ਉਹਨਾਂ ਦੇ ਘਰ ਨੂੰ ਨਿਸ਼ਾਨਾ ਬਣਾਇਆ ਅਤੇ ੧੬-ਸਾਲਾ ਰਿਜ਼ਵਾਨ ਨੂੰ ਗ੍ਰਿਫ਼ਤਾਰ ਕਰ ਲਿਆ। ਪਹਿਲਾਂ ਉਸਨੂੰ ਥਾਣੇ ਲਿਜਾਇਆ ਗਿਆ ਫਿਰ ਇੱਕ ਕੈਂਪ ਵਿੱਚ ਜਿੱਥੇ ਵਾਰ ਵਾਰ ਉਸਨੂੰ ਆਪਣੇ ਸ਼ਹੀਦ ਮਤਰੇਏ ਭਰਾ ਦੇ ਲੁਕਣ ਟਿਕਾਣੇ ਦੱਸਣ ਲਈ ਜ਼ੋਰ ਪਾਇਆ ਜਾਂਦਾ ਰਿਹਾ। ਪਰ ਜਦੋਂ ਉਹ ਕੋਈ ਵੀ ਗੱਲ ਮੂੰਹੋਂ ਨਾਂ ਕਢਵਾ ਸਕੇ ਤਾਂ ਉਹਨਾਂ ਨੇ ਸ਼ਹੀਦ ਨੂੰ ਗਾਲਾਂ ਕੱਢੀਆਂ ਅਤੇ ਰਿਜ਼ਵਾਨ ਨੂੰ ਵੀ ਤਾਰਿਕ ਦੀ ਮੌਤ ਮਰ ਜਾਣ ਲਈ ਕਿਹਾ।

ਇਸੇ ਮਹੀਨੇ ਦੋ ਪ੍ਰਵਾਸੀ ਮਜ਼ਦੂਰਾਂ ਅਤੇ ਰਾਜਸਥਾਨੀ ਡ੍ਰਾਈਵਰ ਦਾ ਕਤਲ ਹੋ ਗਿਆ। ਜੰਮੂ ਕਸ਼ਮੀਰ ਪੁਲਿਸ ਨੇ ਇਸ ਕੇਸ ਵਿੱਚ ‘ਵੱਡੀ ਕਾਮਯਾਬੀ’ ਹਾਸਲ ਕਰਨ ਦੇ ਦਾਅਵੇ ਤੇ ਇਸ ਕੇਸ ਵਿੱਚ ਸ਼ਾਮਲ ਦੋ ਜੁਝਾਰੂਆਂ ਦਾ ਨਾਂ ਲਿਆ। ਇਹ ਨਾਂ ਨਵੀਦ ਮੁਸ਼ਤਾਕ ਅਤੇ ਰਹੀਲ ਮਗਰੇ ਸਨ। ਪੁਲਿਸ ਨੇ ਇਹ ਕਹਿੰਦੇ ਹੋਏ ਕਿ ਰਿਜ਼ਵਾਨ ਵੀ ਇਸ ਵਿੱਚ ਸ਼ਾਮਲ ਹੈ ਕਿਉਂਕਿ ਉਹ ਆਪਣੇ ਭਰਾ ਦਾ ਬਦਲਾ ਲੈਣਾ ਚਾਹੁੰਦਾ ਸੀ ਸੋ ਰਿਜ਼ਵਾਨ ਦਾ ਨਾਂ ਵੀ ਇਸ ਕੇਸ ਨਾਲ ਜੋੜ ਦਿੱਤਾ।

“ਮੇਰਾ ਪੁੱਤਰ ਬੇਕਸੂਰ ਹੈ” ਉਹ ਅਸਲ ਵਿੱਚ ਮੇਰੇ ਤੇ ਦਬਾਅ ਬਣਾਉਣਾ ਚਾਹੁੰਦੇ ਸਨ ਕਿ ਮੈਂ ਮੁਖ਼ਬਰ ਬਣਾਂ ਕਿਉਂਕਿ ਮੈਂ ਉਹਨਾਂ ਦੀ ਗੱਲ ਨਹੀਂ ਮੰਨੀ ਸੀ ਸੋ ਉਹ ਮੇਰੇ ਪੁੱਤਰ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ। ਜੇ ਕਿਤੇ ਇਨਾਇਤ ਵੀ ਉਸ ਦਿਨ ਘਰ ਹੁੰਦਾ ਤਾਂ ਉਹਨਾਂ ਨੇ ਇਸਨੂੰ ਵੀ ਲੈ ਜਾਣਾ ਸੀ।

ਜਦੋਂ ਨਜ਼ੀਰ ਆਪਣੇ ਪੁੱਤਰ ਨੂੰ ਬਚਾਉਣ ਲਈ ਆਰਮੀ ਕੈਂਪ ਪਹੁੰਚਿਆ ਤਾਂ ਉੱਥੇ ਹਾਜ਼ਰ ਅਫ਼ਸਰ ਨੇ ਨਜ਼ੀਰ ਨੂੰ ੫ ਲੱਖ ਰੂਪੈ ਦੀ ਪੇਸ਼ਕਸ਼ ਕੀਤੀ। ਉਹ ਨਜ਼ੀਰ ਨੂੰ ਮੁਖ਼ਬਰ ਬਣਾਉਣਾ ਚਾਹੁੰਦਾ ਸੀ। ਉਸਨੇ ਕਿਹਾ ਕਿ ਜਿਸ ਮੁਖ਼ਬਰ ਦੀ ਇਤਲਾਹ ਤੇ ਉਹਨਾਂ ਨੇ ਤਾਰਿਕ ਨੂੰ ਕਤਲ ਕੀਤਾ ਹੈ, ਉਸਨੇ ੧੬ ਲੱਖ਼ ਰੂਪੈ ਲਏ ਸਨ। ਨਜ਼ੀਰ ਨੂੰ ਵੀ ਕਿਹਾ ਗਿਆ ਕਿ ਉਹ ਵੀ ਇਸੇ ਤਰ੍ਹਾਂ ਕਰੇ ਸ਼ਹੀਦ ਪਰਿਵਾਰ ਵਿੱਚੋਂ ਹੋਣ ਕਰਕੇ ਕੋਈ ਉਸਤੇ ਸ਼ੱਕ ਨਹੀਂ ਕਰੇਗਾ। ਉਸਨੂੰ ਕਿਹਾ ਗਿਆ ਕਿ ਉਹ ਇਹ ਪੈਸਾ ਗ਼ਰੀਬਾਂ ਨੂੰ ਅਤੇ ਮਸਜਿਦ ਨੂੰ ਦਾਨ ਦੇ ਦੇਵੇ। ਨਜ਼ੀਰ ਨੇ ਕਿਹਾ ਕਿ ਉਹਨਾਂ ਦੇ ਇਹ ਲਫ਼ਜ਼ਾਂ ਨੇ ਮੈਨੂੰ ਗੁੱਸਾ ਦਿਵਾ ਦਿੱਤਾ। ਮੈਂ ਅੱਲਾ ਦੀ ਸਹੁੰ ਚੁੱਕੀ। ਮੈਂ ਤਾਰਿਕ ਦੀ ਕਬਰ ਦੀ ਸਹੁੰ ਚੁੱਕੀ ਕਿ ਮੇਰਾ ਪੁਤਰ ਬੇਕਸੂਰ ਹੈ । ਉਹ ਤਾਂ ਸੁਣਨਾ ਹੀ ਨਹੀਂ ਚਾਹੁੰਦੇ ਸਨ।

ਮੇਜਰ ਕੇ.ਪੀ.ਸਿੰਘ ਰਾਜਸਥਾਨ ਰਾਈਫ਼ਲਜ਼ ਵਾਲਾ ਜੋ ਉਸ ਵਕਤ ਸ਼ੋਪੀਆਂ ਦੇ ਪਹਿਨੂੰ ਕੈਂਪ ਵਿੱਚ ਤਾਇਨਾਤ ਸੀ ਨੇ ਕਿਹਾ ਨਜ਼ੀਰ ਨੂੰ ਉਸਦੇ ਪੁੱਤਰ ਨੂੰ ਤਾਂ ਹੀ ਛੱਡਿਆ ਜਾਵੇਗਾ ਹੈ ਜੇ ਉਹ ਘੱਟੋ-ਘੱਟ ੨-੩ ਜੁਝਾਰੂਆਂ ਦੀ ਮੁਖ਼ਬਰੀ ਕਰੇ। ਕਿਉਂਕਿ ਉਹ ਛੁੱਟੀ ਤੇ ਘਰ ਜਾਣਾ ਚਾਹੁੰਦਾ ਹੈ। ਸਿੰਘ ਨੇ ਜ਼ੋਰ ਦਿੱਤਾ ਕਿ ਉਹ ਛੇਤੀ ਤੋਂ ਛੇਤੀ ਇੱਕ ਮੁਕਾਬਲਾ ਚਾਹੁੰਦਾ ਹੈ ਉਹ ਵੀ ਇੱਕ ਹਫ਼ਤੇ ਦੇ ਅੰਦਰ ਅੰਦਰ ਤਾਂ ਕਿ ਲੰਮੇ ਸਮੇਂ ਤੋਂ ਰੁਕੀ ਹੋਈ ਉਸਦੀ ਤਰੱਕੀ ਹੋ ਸਕੇ। ਪਰ ਚੰਗੀ ਕਿਸਮਤ ਨੂੰ ਸਿੰਘ ਦਾ ਤਬਾਦਲਾ ਹੋ ਗਿਆ। ਉਹਦੀ ਜਗ੍ਹਾ ਮੇਜਰ ਸਾਹਿਲ ਸ਼ਰਮਾ ਆ ਗਿਆ।

ਆਖ਼ਰਕਾਰ ਰਿਜ਼ਵਾਨ ਨੂੰ ੨੫ ਦਿਨਾਂ ਬਾਅਦ ਛੱਡ ਦਿੱਤਾ ਗਿਆ। ਨਜ਼ੀਰ ਨੂੰ ਸਖ਼ਤ ਹਿਦਾਇਤ ਕੀਤੀ ਗਈ ਕਿ ਉਹ ਆਪਣੇ ਟੱਬਰ ਤੇ ਅੱਖ ਰੱਖੇ ਸ਼ਰਮੇ ਦੇ ਮੁਤਾਬਿਕ ਨਜ਼ੀਰ ਦੇ ਗੁਆਂਢ ਵਿੱਚੋਂ ਕੋਈ ਹੁਣੇ ਹੁਣੇ ਜੈਸ਼ੇ ਮੁਹੰਮਦ ਵਿੱਚ ਸ਼ਾਮਲ ਹੋਇਆ ਸੀ। ਨਜ਼ੀਰ ਨੂੰ ੭ ਜੂਨ ੨੦੨੦ ਨੂੰ ਪਤਾ ਲੱਗਾ ਕਿ ਉਹਨਾਂ ਦੇ ਗੁਆਂਢੀ ਉਵੈਸ ਭੱਟ ਨੂੰ ਬਾਂਦਜ਼ੂ ਦੇ ਪੁਲਵਾਮ ਵਿੱਚ ਇੱਕ ਮੁਕਾਬਲੇ ਵਿੱਚ ਕਤਲ ਕਰ ਦਿੱਤਾ ਗਿਆ ਹੈ। ਉਸਨੂੰ ਹੰਦਵਾੜਾ ਤੋਂ ੨੫ ਕਿ.ਮੀ. ਦੂਰ ਕਿਸੇ ਅਣਦੱਸੀ ਥਾਂ ਤੇ ਦਫ਼ਨ ਕਰ ਦਿੱਤਾ ਗਿਆ ਹੈ।

“ਮੇਰੇ ਵਾਸਤੇ ਕਿੰਨਾਂ ਔਖਾ ਸੀ । ਸਾਰੇ ਦਸਤਾਵੇਜ਼ ਲੈ ਕੇ ਥਾਣੇ ਵੱਲ ਨੂੰ ਭੱਜਣਾ, ਦਸਤਾਵੇਜ਼ ਜੋ ਸਾਬਤ ਕਰਦੇ ਸਨ ਕਿ ਰਿਜ਼ਵਾਨ ਬਾਲਗ ਨਹੀਂ ਹੈ। ਸ਼ਾਇਦ ਉਨ੍ਹਾਂ ਨੇ ਰਿਜ਼ਵਾਨ ਨੂੰ ਪੀ.ਐੱਸ.ਏ ਤਹਿਤ ਨਾਮਜ਼ਦ ਕਰ ਲਿਆ ਹੁੰਦਾ ਅਤੇ ਉਹਨੂੰ ਆਗਰੇ ਦੀ ਕਿਸੇ ਜੇਲ ਵਿੱਚ ਬੰਦ ਕਰ ਦਿੱਤਾ ਹੁੰਦਾ । ਉਸ ਵੱਲ ਵੇਖੋ ਉਹ ਹੁਣੇ ਹੁਣੇ ਸਕੂਲੋਂ ਪੜ੍ਹ ਕੇ ਹਟਿਆ ਜਵਾਕ ਲੱਗਦਾ ਹੈ। ਪਰ ਭਾਰਤੀ ਫੌਜਾਂ ਨੇ ਉਸਨੂੰ ਤਸੀਹੇ ਦਿੰਦਿਆਂ ਇਸਦੀ ਪਰਵਾਹ ਨਾ ਕੀਤੀ ।” ਨਜ਼ੀਰ ਦੀਆਂ ਅੱਖਾਂ ਇਹ ਕਹਿੰਦਿਆਂ ਮਾਯੂਸ ਹੋ ਜਾਂਦੀਆਂ ਹਨ।

੩੦ ਜਨਵਰੀ ੨੦੨੦ ਨੂੰ ਭਾਰਤੀ ਬਲਾਂ ਨੇ ਫਿਰ ਸਾਡੇ ਘਰ ਤੇ ਧਾਵਾ ਬੋਲਿਆ ਅਤੇ ਰਿਜ਼ਵਾਨ ਨੂੰ ਪਹਿਨੂੰ ਕੈਂਪ ਵਿੱਚ ਸਾਰੀ ਰਾਤ ਡੱਕੀ ਰੱਖਿਆ। ਅਗਲੇ ਦਿਨ ਉਸਨੂੰ ਅੱਖਾਂ ਤੇ ਪੱਟੀ ਬੰਨ੍ਹ ਕੇ ਪਹਿਲਾਂ ਸ਼ੋਪੀਆਂ ਠਾਣੇ ਲਿਜਾਇਆ ਗਿਆ ਤੇ ਫਿਰ ਉਸ ਤੋਂ ਬਾਅਦ ਸ਼ੋਪੀਆਂ ਦੇ ਹਿਰਪੋਰ ਕੈਂਪ ਵਿੱਚ ੮ ਦਿਨ ਲਈ ਕੈਦ ਕਰ ਦਿੱਤਾ ਗਿਆ।

ਇਨਾਇਤ ਰਿਜ਼ਵਾਨ ਵੱਲ ਸੱਖਣੀਆਂ ਨਜ਼ਰਾਂ ਨਾਲ ਵੇਖਦਾ ਹੈ। ਉਹ ਤਾਰਿਕ ਦਾ ਲਿਖਿਆ ਇੱਕ ਖ਼ਤ ਪੜ੍ਹਦਾ ਹੈ। ਇਸ ਵਿੱਚ ਨੌਜਵਾਨਾਂ ਤੇ ਜ਼ੁਲਮ ਦੀ ਕਹਾਣੀ ਦਾ ਬਿਆਨ ਹੈ । ਇਸ ਖ਼ਤ ਦੀਆਂ ਆਖ਼ਰੀ ਸਤਰਾਂ ਹਨ । “ਅਬ ਜ਼ੁਲਮ ਕੀ ਇੰਤਹਾ ਹੋ ਚੁਕੀ।” ਮਤਲਬ ਹੁਣ ਜ਼ੁਲਮ ਦੀ ਹੱਦ ਹੋ ਚੁੱਕੀ ਹੈ।

ਮੇਰਾ ਭਰਾ ਕਦੇ ਆਪਣੇ ਪਿਤਾ ਨੂੰ ਨਾ ਮਿਲ ਸਕਿਆ ਕਿਉਂਕਿ ਉਹ ਪਿਤਾ ਦੀ ਮੌਤ ਤੋਂ ਕਈ ਮਹੀਨੇ ਬਾਅਦ ਪੈਦਾ ਹੋਇਆ ਸੀ। ਖ਼ਤ ਨੂੰ ਪਰ੍ਹੇ ਰੱਖਦਾ ਹੋਇਆ ਇਨਾਇਤ ਕਹਿੰਦਾ ਹੈ। “ਕਿੰਨਾ ਅਜਬ ਇਤਫਾਕ ਹੈ ਕਿ ਉਹ ਦੋਵੇਂ ੨੫ ਸਾਲਾਂ ਦੇ ਸਨ ਜਦੋਂ ਉਹਨਾਂ ਨੇ ਸ਼ਹਾਦਤ ਹਾਸਲ ਕੀਤੀ।”

ਨਜ਼ੀਰ ਕਹਿੰਦਾ ਹੈ। ” ਮੇਰਾ ਭਰਾ ਕਿੰਨਾ ਖ਼ੂਬਸੂਰਤ ਤੇ ਰਹਿਮ ਦਿਲ ਇਨਸਾਨ ਸੀ । ਉਸ ਵਰਗਾ ਕੋਈ ਹੋਰ ਨਹੀਂ ਹੋ ਸਕਦਾ।”

ਰਸੋਈ ਵਿੱਚ ਲੱਗੇ ਕਲਾਕ ਦੀ ਅਵਾਜ਼ ਇਸ ਤਰ੍ਹਾਂ ਆ ਰਹੀ ਹੈ ਜਿਵੇਂ ਕਿ ਇਸਦਾ ਦਿਲ ਜ਼ੋਰ-੨ ਨਾਲ ਧੜਕ ਰਿਹਾ ਹੋਵੇ ਅਤੇ ਇਹ ਵਕਤ ਦੀਆਂ ਹੱਦਾਂ ਤੋਂ ਪਾਰ ਲੰਘ ਜਾਣਾ ਚਾਹੁੰਦਾ ਹੋਵੇ। ਫ਼ਾਤਿਮਾ ਬਾਨੋ ਖਿੜਕੀ ਦੇ ਨੇੜੇ ਆ ਬਹਿੰਦੀ ਹੈ ਅਤੇ ਕੰਧ ਦੀ ਉਸ ਜਗ੍ਹਾ ਵੱਲ ਇਸ਼ਾਰਾ ਕਰਦੀ ਹੈ ਜਿੱਥੇ ਕਦੇ ਤਾਰਿਕ ਦੀ ਤਸਵੀਰ ਸੀ । ਇਨਾਇਤ ਦਸਦਾ ਹੈ। “ਉਹ ਘੰਟਿਆਂ ਬੱਧੀ ਇੱਥੇ ਬੈਠੀ ਟਿਕਟਿਕੀ ਲਾ ਕੇ ਇਸੇ ਤਸਵੀਰ ਵੱਲ ਵੇਖਦੀ ਰਹਿੰਦੀ। ਸੋ ਸਾਨੂੰ ਉਹਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਤਸਵੀਰ ਨੂੰ ਇੱਥੋਂ ਹਟਾਉਣਾ ਪਿਆ। ਜਦੋਂ ਤੋਂ ਤਾਰਿਕ ਸਾਡੇ ਨਾਲੋਂ ਵਿੱਛੜ ਗਿਆ ਉਦੋਂ ਤੋਂ ਹੀ ਇਹਦੀ ਸਿਹਤ ਠੀਕ ਨਹੀਂ ਰਹਿੰਦੀ। “

ਪਰ ਤਸਵੀਰ ਵਾਲੀ ਜਗ੍ਹਾ ਤੇ ਤਸਵੀਰ ਲੱਗੀ ਹੋਣ ਦੇ ਨਿਸ਼ਾਨ ਅਜੇ ਬਾਕੀ ਹਨ । ਕਦੇ-ਕਦੇ ਇਹਦੀਆਂ ਅੱਖਾਂ ਇਸੇ ਨਿਸ਼ਾਨ ਤੇ ਜੰਮ ਜਾਂਦੀਆਂ ਹਨ ਜੋ ਉਸਦੇ ਪੁੱਤਰ ਦੀ ਜ਼ਿੰਦਗੀ ਦੀਆਂ ਨਿਸ਼ਾਨੀਆਂ ਹਨ ।

ਤਾਰਿਕ ਦਾ ਆਪਣੀ ਮਾਂ ਨਾਲ ਬਹੁਤ ਪਿਆਰ ਸੀ । ਜਦੋਂ ਕਦੇ ਵੀ ਉਹ ਬਾਂਦੀਪੁਰ ਤੋਂ ਘਰ ਆਉਦਾਂ ਸਭ ਤੋਂ ਪਹਿਲਾਂ ਉਹ ਆਪਣੀ ਮਾਂ ਨੂੰ ਮਿਲਦਾ। ਉਹ ਉਸਨੂੰ ਪੁੱਛਦਾ ਕਿ ਨਮਾਜ਼ ਵਿੱਚ ਰੱਬ ਨੂੰ ਕਿਹੜੀ ਚੀਜ਼ ਦੀ ਮੰਗ ਪਾਈ ਤੇ ਫਿਰ ਆਪ ਹੀ ਆਖ ਦਿੰਦਾ ਕਿ ਉਹ ਦੁਆ ਕਰੇ ਕਿ ਉਹਦਾ ਪੁੱਤਰ ਮੁਜਾਹਿਦ ਬਣੇ। ਇੱਕ ਵਾਰ ਉਹਨੇ ਉਸਦਾ ਇੱਕ ਖ਼ਤ ਉੱਪਰ ਅੰਗੂਠਾ ਲਵਾ ਲਿਆ ਤਾਂ ਕਿ ਉਹ ਇੱਕ ਮਸ਼ਹੂਰ ਜਰਨੈਲ ਜਿਸਨੇ ਕਿ ਪਹਿਲਾਂ ਉਸਨੂੰ ਸ਼ਾਮਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਨੂੰ ਦਿਖਾ ਸਕੇ ਕਿ ਮੇਰੀ ਮਾਂ ਦੀ ਮਰਜੀ ਹੈ ਕਿ ਮੈਂ ਮੁਜਾਹਿਦ ਬਣਾਂ ।

ਇਨਾਇਤ ਰਸੋਈ ‘ਚੋਂ ਬਾਹਰ ਨਿਕਲਦੇ ਹੋਏ ਦੱਸਦਾ ਹੈ ਕਿ ਉਸਦੀ ਮਾਂ ਨੂੰ ਹੁਣ ਹਮੇਸ਼ਾਂ ਉਸਦਾ ਹੀ ਫ਼ਿਕਰ ਰਹਿੰਦਾ ਹੈ। ਕਿਉਂਕਿ ਹੁਣ ਉਹ ਹੀ ਉਸਦਾ ਵੱਡਾ ਪੁੱਤਰ ਹੈ। ਉਸਨੇ ਪਹਿਲਾਂ ਹੀ ਆਪਣਾ ਪੁੱਤਰ ਅਤੇ ਪਤੀ ਖੋ ਦਿੱਤੇ ਹਨ । ਹੁਣ ਉਹ ਮੈਨੂੰ ਖੋਣਾ ਨਹੀਂ ਚਾਹੁੰਦੀ। ਉਹ ਮੈਨੂੰ ਮਹਿਫ਼ੂਜ ਦੇਖਣਾ ਚਾਹੁੰਦੀ ਹੈ।

ਉਹ ਸਾਨੂੰ ਆਪਣੇ ਮੋਬਾਈਲ ਫ਼ੋਨਾਂ ਵਿੱਚ ਸਾਡੇ ਸ਼ਹੀਦਾਂ ਦੀਆਂ ਤਸਵੀਰਾਂ ਵੀ ਨਹੀਂ ਰੱਖਣ ਦਿੰਦੇ। ਸਾਡੇ ਫ਼ੋਨ ਖੰਘਾਲੇ ਜਾਂਦੇ ਹਨ। ਕੀ ਉਹਨਾਂ ਨੂੰ ਤਸਵੀਰ ਤੋਂ ਵੀ ਖ਼ਤਰਾ ਹੈ ? ਥੋੜ੍ਹੇ ਵਕਫ਼ੇ ਤੋਂ ਬਾਅਦ ਇਨਾਇਤ ਇੱਕ ਧਾਤ ਦੇ ਕਾਲੇ ਗੇਟ ਤੇ ਗੁਲਾਬੀ ਰੰਗ ਵਿੱਚ ਲਿਖੇ ‘ਮੁਫ਼ਤੀ ਵਕਾਸ’ ਵੱਲ ਇਸ਼ਾਰਾ ਕਰਕੇ ਕਹਿੰਦਾ ਹੈ ਕਿ ਇਹ ਸਾਨੂੰ ਉਸਦੀ ਯਾਦ ਦਿਵਾਉਂਦਾ ਹੈ ਜਦੋਂ ਵੀ ਅਸੀਂ ਗੇਟ ਖੋਲ੍ਹਦੇ ਜਾਂ ਬੰਦ ਕਰਦੇ ਕੀ ਉਹ ਇਹਨੂੰ ਵੀ ਖ਼ਤਰਨਾਕ ਮੰਨਦੇ ਹਨ।

ਮਕਾਮੀ ਕਬਰਸਤਾਨ ਜਿੱਥੇ ਇੱਕ ਦੂਜੇ ਦੇ ਨਾਲ-ਨਾਲ ਹਥਿਆਰਬੰਦ ਬਾਗੀਆਂ ਦੀਆਂ ਕਈ ਪੀੜ੍ਹੀਆਂ ਦਫ਼ਨ ਹਨ। ਇੱਥੇ ਬੱਚੇ ਇਕੱਠੇ ਹੋ ਜਾਂਦੇ ਹਨ। ਉਹਨਾਂ ਦੇ ਚਿਹਰਿਆਂ ਤੇ ਮੁਸਕਰਾਹਟ ਹੁੰਦੀ ਹੈ । ਉਹ ਤਾਰਿਕ ਦੀ ਕਬਰ ਵੱਲ ਇਸ਼ਾਰਾ ਕਰਕੇ ‘ਕਮਾਂਡਰ ਭਾਈ, ਕਮਾਂਡਰ ਭਾਈ’ ਪੁਕਾਰਦੇ ਹਨ । ਉਹਨਾਂ ਨੂੰ ਲੱਗਦਾ ਹੈ ਕਿ ਜਿਵੇਂ ਉਹ ਉਹਨਾਂ ਦੇ ਹੀ ਪਰਿਵਾਰ ਦਾ ਕੋਈ ਬੰਦਾ ਹੋਵੇ।

ਸਾਡੇ ਪੈਰ ਬਰਫ਼ ਵਿੱਚ ਡੂੰਘੇ ਧਸ ਜਾਂਦੇ ਹਨ । ਕਬਰ ਤੇ ਲਿਖੇ ਬੋਲ ਹਨ “ਜ਼ਾਲਮ ਦੀ ਮੌਤ ਨਾਲ ਉਹਦਾ ਰਾਜ ਖ਼ਤਮ ਹੁੰਦਾ ਹੈ । ਸ਼ਹੀਦ ਦੀ ਮੌਤ ਨਾਲ ਉਹਦਾ ਰਾਜ ਸ਼ੁਰੂ ਹੁੰਦਾ ਹੈ”।

⁂⁂⁂

ਬਰਫ਼ ਸਾਡੇ ਤੇ ਡਿੱਗ ਰਹੀ ਸੀ ਨੀਲ਼ੇ ਅਸਮਾਨ ਥੱਲੇ ਹਨੇਰਾ ਪਸਰ ਰਿਹਾ ਸੀ। ਦਰਖ਼ਤਾਂ ਦੀਆਂ ਕਤਾਰਾਂ, ਖਿੜਕੀਆਂ, ਟੀਨ ਦੀਆਂ ਛੱਤਾਂ ਧੁੰਦਲੀਆਂ ਸ਼ੂਰਤਾਂ ਬੇਲਾਗ ਅਸਮਾਨ ਨੂੰ ਆਪਣੀ ਹੋਂਦ ਦਾ ਪਤਾ ਦੱਸ ਰਹੀਆਂ ਸਨ। ਇਹਨਾਂ ਦੇ ਧੁੰਦਲੇ ਪਰਛਾਂਵੇਂ ਇਹਨਾਂ ਦੀ ਹੋਂਦ ਨੂੰ ਜ਼ਾਰ ਕਰ ਰਹੇ ਸਨ । ਇਸ ਡੂੰਘੀ ਬਰਫ਼ ਵਿੱਚੋਂ ਕਿਸੇ ਗੈਰਹਾਜ਼ਰੀ ਦੀ ਝਲਕ ਮਿਲ ਰਹੀ ਸੀ।

ਸ਼ਹੀਦਾਂ ਦੇ ਪਰਿਵਾਰਾਂ ਨੇ ਆਪਣੇ ਸ਼ਹੀਦਾਂ ਦੀਆਂ ਪਵਿੱਤਰ ਨਿਸ਼ਾਨੀਆਂ ਨੂੰ ਸਾਂਭ ਰੱਖਿਆ। ਸ਼ਹੀਦ ਜਿਨ੍ਹਾਂ ਨੇ ਹਰ ਉਸ ਸਰਕਾਰੀ ਜਬਰ ਦਾ ਟਾਕਰਾ ਕੀਤਾ ਜੋ ਬੰਦੂਕ ਦੇ ਜ਼ੋਰ ਤੇ ਉਹਨਾਂ ਦੀ ਜ਼ਿੰਦਗੀ ਅਤੇ ਮੌਤ ਨਾਲ ਜੁੜੇ ਸਵਾਲਾਂ, ਸੱਧਰਾਂ ਨੂੰ ਮਿਟਾਉਣ ਲਈ ਦਹਾਕਿਆਂ ਤੋਂ ਚੱਲੇ ਆ ਰਹੇ ਸਨ। ਪੁੱਤਰਾਂ, ਭਰਾਵਾਂ, ਪਤੀਆਂ, ਬਾਪਾਂ ਦਾ ਖੁਰਾ ਖੋਜ ਆਪਣੇ ਸੀਨੇ ਨਾਲ਼ ਲਾ ਕੇ ਕਸ਼ਮੀਰ ਦੀਆਂ ਗਲੀਆਂ ਨੇ ਆਪਣੀ ਸਮੁੱਚੀ ਸਿਆਸੀ ਉਮੰਗ ਇਹਨਾਂ ਸ਼ਹੀਦਾਂ ਦੀ ਸ਼ਹਾਦਤ ਨਾਲ ਜੋੜੀ ਹੈ।

ਸ਼ਹੀਦ ਕੀ ਜੋ ਮੌਤ ਹੈ, ਵੋਹ ਕੌਮ ਕੀ ਹਯਾਤ ਹੈ ।

ਕਸ਼ਮੀਰੀ ਕੌਮ ਦਾ ਐਲਾਨ ਹੈ ਕਿ ਸ਼ਹੀਦਾਂ ਦੀ ਸ਼ਹਾਦਤ ਹੀ ਉਹਨਾਂ ਦੀ ਜ਼ਿੰਦਗੀ ਹੈ । ਸ਼ਹੀਦਾਂ ਨੇ ਆਪਣੀ ਸ਼ਹਾਦਤ ਦੇ ਕੇ ਸਾਨੂੰ ਅਜ਼ਾਦੀ ਦਾ ਵਾਅਦਾ ਦਿੱਤਾ । ਇਹੋ ਐਲਾਨ ਜੋ ਹਰ ਕਸ਼ਮੀਰੀ ਦੀ ਤਰਜਮਾਨੀ ਕਰਦਾ ਹੈ ਉਹਨਾਂ ਦੀ ਜ਼ਿੰਦਗੀ ਦੇ ਰੋਜ਼ ਮਰ੍ਹਾ ਦੇ ਕੰਮਾਂ ਕਾਰਾਂ ਤੋਂ ਇਲਾਵਾ ਗੱਲਬਾਤ ਦਾ ਅਟੁੱਟ ਅੰਗ ਬਣ ਗਿਆ ਹੈ । ਇਹ ਉਹਨਾਂ ਦੀ ਜ਼ਿੰਦਗੀ ਦੇ ਮਾਮੂਲ ਵਿੱਚ ਥਾਂ ਪਾ ਗਿਆ ਹੈ । ਮਿਸਾਲ ਦੇ ਤੌਰ ਤੇ ਨਲਕਿਆਂ, ਟੂਟੀਆਂ, ਪਾਰਕਾਂ, ਗ਼ਲੀਆਂ ਦੇ ਨਾਂ ਸ਼ਹੀਦਾਂ ਦੇ ਨਾਂ ਤੇ ਰੱਖਣਾ । ਸ਼ਹੀਦਾਂ ਦੇ ਕਾਰਨਾਮੇ ਬਿਆਨ ਕਰਦੀਆਂ ਤਸਵੀਰਾਂ ਉਹਨਾਂ ਦੇ ਕਿਰਦਾਰ ਦੀਆਂ ਕਹਾਣੀਆਂ ਹਰ ਮੋੜ, ਨੁੱਕਰ, ਚੌਰਾਹੇ ਤੇ ਸ਼ਹੀਦਾਂ ਦੀ ਗੱਲ ਚੱਲਣੀ ਇੱਕ ਕਿਸਮ ਦਾ ਯਾਦ ਦਿਵਾਊ ਸਿਆਸੀ ਖ਼ਤ ਹੈ । ਖ਼ੁਸ਼ੀ-ਗ਼ਮੀ ਦੇ ਇਕੱਠਾਂ ਵਿੱਚ ‘ਵੁਨਵੁਨ’ ਦੀ ਉਦਾਸ ਧੁਨ ਵਿਛੜੇ ਸ਼ਹੀਦ ਦੇ ਮਾਣ-ਸਨਮਾਨ ਵਿੱਚ ਗੂੰਜਦੀ ਹੈ । ਪਿੰਡਾਂ ਸ਼ਹਿਰਾਂ ਦੀਆਂ ਗਲ਼ੀਆਂ ਵਿੱਚ ਸ਼ਹੀਦਾਂ ਨੂੰ ਅਕੀਦਤ ਪੇਸ਼ ਕਰਦੇ ਬੈਨਰ, ਪੋਸਟਰ, ਦੇਰ ਰਾਤ ਦੀਆਂ ਨਮਾਜ਼ਾਂ ਜੋ ਮੁਕਾਮੀ ਮਸਜਿਦਾਂ ਵਿੱਚ ਅਦਾ ਕੀਤੀਆਂ ਜਾਂਦੀਆਂ ਹਨ, ਉੱਥੇ ਸ਼ਹੀਦਾਂ ਦੀ ਸ਼ਾਨ ਦੀ ਜ਼ਿੰਦਗੀ ਤੇ ਸ਼ਾਨ ਦੀ ਮੌਤ ਦਾ ਬਿਆਨ ਹੁੰਦਾ ਹੈ । ਨਵੇਂ ਜੰਮੇ ਬੱਚੇ ਦਾ ਨਾਂ ਕਿਸੇ ਸ਼ਹੀਦ ਜਰਨੈਲ ਦੇ ਨਾਂ ਤੇ ਰੱਖਣਾ ਯੂ-ਟਿਊਬ ਦੀਆਂ ਵੀਡੀਓਜ਼, ਵਟਸ-ਐਪ ਦੇ ਸਟੇਟਸ ਆਪਣੇ ਤਰੀਕੇ ਨਾਲ ਸ਼ਹੀਦਾਂ ਨੂੰ ਅਕੀਦਤ ਪੇਸ਼ ਕਰਦੇ ਹਨ । ਕਬਰਸਤਾਨ ਵਿੱਚ ਸ਼ਹੀਦ ਦੀ ਕਬਰ ਤੇ ਚੁਣ-ਚੁਣ ਕੇ ਲਿਖੀਆਂ ਹੋਈਆਂ ਸਤਰਾਂ । ਸ਼ਹੀਦਾਂ ਦੇ ਪਰਿਵਾਰਾਂ ਨਾਲ ਮਿਲਣਾ, ਦਿਲਾਸਾ ਦੇਣਾ, ਸ਼ਹੀਦਾਂ ਦੀਆਂ ਤਸਵੀਰਾਂ ਵੰਡਣੀਆਂ । ਸ਼ਰਧਾ ਨਾਲ ਬਣਾਏ ਸੁਨੇਹੇ ਵੀਡੀਓਜ਼ ਤੇ ਸ਼ਹੀਦਾਂ ਦੀਆਂ ਨਿਸ਼ਾਨੀਆਂ ਜੋ ਬਚ ਗਈਆਂ ਹਨ ਨੂੰ ਇਕੱਠਿਆਂ ਕਰਨਾ ਉਹਨਾਂ ਲਈ ਪਵਿੱਤਰ ਯਾਦਗਾਰਾਂ ਬਣ ਗਈਆਂ ਹਨ ।

ਇਸ ਅਨੋਖੇ ਤਰੀਕੇ ਨਾਲ ਆਪਣੇ ਸ਼ਹੀਦਾਂ ਨੂੰ ਯਾਦ ਕਰਨਾ ਇੱਕ ਵੰਗਾਰ ਹੈ ਉਹਨਾਂ ਸਾਰੇ ਢੰਗ ਤਰੀਕਿਆਂ ਲਈ ਜੋ ਸਟੇਟ ਨੇ ਇਕੱਠਾਂ ਦੀ ਪਾਬੰਦੀ ਲਾ ਕੇ, ਬੋਲਚਾਲ ਦਾ ਹੱਕ ਖੋਹ ਕੇ, ਹਰ ਇੱਕ ਤੇ ਸਖ਼ਤ ਨਜ਼ਰ ਰੱਖ ਕੇ ਲੋਕਾਂ ਤੇ ਥੋਪੇ ਹੋਏ ਹਨ । ਫੌਜੀ ਕਬਜ਼ੇ ਨੂੰ ਨਕਾਰਦਿਆਂ ਹੋਇਆਂ ਇਸ ਤਰ੍ਹਾਂ ਲੋਕ ਆਪਣੇ ਸਮਾਜਿਕ ਅਤੇ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖ ਰਹੇ ਹਨ । ਇਹ ਕਦਰਾਂ ਕੀਮਤਾਂ ਜੋ ਦਮਨਕਾਰੀ ਰਾਜ ਵਿੱਚ ਖ਼ਤਮ ਹੋ ਜਾਣ ਦੇ ਸਾਏ ਹੇਠ ਹਨ ।

ਮੁਕਾਬਲੇ ਵਾਲੀ ਥਾਂ ਇੱਕ ਵੱਡੇ ਮਜਮੇ ਵਿੱਚ ਤਬਦੀਲ ਹੋ ਜਾਂਦੀ ਹੈ ਕਿਹਾ ਉਲ਼ਟਫੇਰ ਹੈ ਜਦਕਿ ਉਸ ਜਗ੍ਹਾ ਤੇ ਜ਼ਿੰਦਗੀ ਮੁਅੱਤਲ ਕਰ ਦਿੱਤੀ ਗਈ ਹੁੰਦੀ ਹੈ । ਜਿੱਥੇ ਖ਼ਬਰ ਮਿਲਦੇ ਸਾਰ ਹੀ ਗੁਆਂਢ ਵਿੱਚੋਂ ਸੈਂਕੜੇ ਹਜ਼ਾਰਾਂ ਲੋਕ ਬਾਗੀਆਂ ਨੂੰ ਬਚਾਉਣ ਲਈ ਆ ਪਹੁੰਚਦੇ ਹਨ । ਮੁਕਾਬਲਾ ਖ਼ਤਮ ਹੋ ਜਾਣ ਤੋਂ ਬਾਅਦ ਜਦੋਂ ਸ਼ਹੀਦ ਦੀ ਲਾਸ਼ ਲੋਕ ਵਾਪਸ ਲੈ ਲੈਂਦੇ ਹਨ ਤਾਂ ਬੜੇ ਸਨਮਾਨ ਨਾਲ ਇਸਨੂੰ ਆੱਕ ਖ਼ਾਸ ਝੰਡੇ ਵਿੱਚ ਲਪੇਟਿਆ ਜਾਂਦਾ ਹੈ ਜੋ ਕਸ਼ਮੀਰੀ ਸਿਆਸੀ ਖ਼ਾਹਸ਼ ਦੀ ਤਰਜਮਾਨੀ ਕਰਦਾ ਹੈ । ਹੋਲ਼ੀ-ਹੌਲ਼ੀ ਇਹ ਜਗ੍ਹਾ ਇੱਕ ‘ਧਾਰਮਿਕ ਸਥਾਨ’ ਦੀ ਸੁਰਤ ਇਖ਼ਤਿਆਰ ਕਰ ਲੈਂਦੀ ਹੈ । ਦੂਰ ਦੁਰਾਡਿਆਂ ਤੋਂ ਸ਼ਰਧਾਲੂ ਇਸ ਜਗ੍ਹਾ ਤੇ ਆਉਂਦੇ ਹਨ ।

ਸ਼ਹੀਦ ਦੇ ਜਨਾਜ਼ੇ ਤੇ ਵੱਡਾ ਇਕੱਠ ਹੁੰਦਾ ਹੈ । ਹਜ਼ਾਰਾਂ ਲੋਕ ਸ਼ਹੀਦ ਦੇ ਪਰਿਵਾਰ ਨੂੰ ਮਿਲਣ ਆਉਂਦੇ ਹਨ । ਉਹਨਾਂ ਦੀ ਹੌਸਲਾਂ ਅਫ਼ਜਾਈ ਕਰਦੇ ਹਨ । ਆਖਰੀ ਰਸਮ ਤੱਕ ਉਹਨਾਂ ਦੇ ਨਾਲ ਹੁੰਦੇ ਹਨ । ਜਦੋਂ ਸ਼ਹੀਦ ਦੇ ਸਰੀਰ ਨੂੰ ਕਬਰ ਵਿੱਚ ਪਾਇਆ ਜਾ ਰਿਹਾ ਹੁੰਦਾ ਹੈ । ਅੱਖਾਂ ਵਿੱਚ ਹੰਝੂ ਅਤੇ ਮਨ ਵਿੱਚ ਜੋਸ਼ ਨਾਲ ਅਜ਼ਾਦੀ ਦੇ ਨਾਅਰੇ ਗੂੰਜਦੇ ਹਨ । ਲੋਕਾਂ ਦੀ ਜੰਗ ਦੀ ਪੁਕਾਰ ਜੋ ਦੁਨੀਆ ਸੁਣਨੀ ਭੁੱਲ ਗਈ ਹੈ ।

ਔਰਤਾਂ ਦੇ ਵਿਆਹ ਦੇ ਗੀਤ ਅਤੇ ਲੋਰੀਆਂ ਸ਼ਹੀਦ ਨੂੰ ਲਾੜਾ ਤੇ ਮਸੂਮ ਬੱਚਾ ਬਿਆਨਦੀਆਂ ਹਨ । ਇਸ ਤਰ੍ਹਾਂ ਉਹ ਆਪਣੇ ਸ਼ਹੀਦਾਂ ਨੂੰ ਅਮਰ ਕਰਦੀਆਂ ਹਨ । ਮਾਵਾਂ ਬਦਾਮ ਵਾਰਦੀਆਂ ਹਨ । ਸ਼ਹੀਦ ਦੀਆਂ ਤਲੀਆਂ ਤੇ ਮਹਿੰਦੀ ਲਾਉਂਦੀਆਂ ਹਨ । ਕੰਨਾਂ ਵਿੱਚ ਕੁਝ ਕਹਿੰਦੀਆਂ ਹਨ । ਜਨਾਜ਼ਿਆਂ ਤੇ ਹੋਣ ਵਾਲੀਆਂ ਦੁਆਵਾਂ । ਕਸ਼ਮੀਰ ਦੀ ਅਜ਼ਾਦੀ ਦੀ ਵੱਖ ਵੱਖ ਤਰੀਕਿਆਂ ਨਾਲ ਗੱਲ ਕਰਨੀ । ਸ਼ਹੀਦ ਦੀ ਸ਼ਹਾਦਤ ਮੁੜ-ਸੁਰਜੀਤੀ ਦੀ ਵਜ੍ਹਾ ਬਣ ਜਾਣੀ । ਜਲੂਸ ਵਿੱਚ ਬੱਚਿਆਂ, ਬੁੱਢਿਆਂ, ਔਰਤਾਂ, ਆਦਮੀਆਂ ਦਾ ਆਪਣੀ ਜਾਨ ਨੂੰ ਜੋਖ਼ਮ ਵਿੱਚ ਪਾ ਕੇ ਕਰਫਿਊ ਚੀਰ ਕੇ ਨਿਕਲ਼ ਜਾਣਾ ਨੌਜਵਾਨਾਂ ਦਾ ਦਰਖ਼ਤ ਦੇ ਸਿਰੇ ਤੇ ਚੜ੍ਹ ਕੇ ਆਪਣੇ ਸ਼ਹੀਦ ਦੇ ਆਖ਼ਰੀ ਦਰਸ਼ਨ ਕਰਨਾ । ਸੋਗ ਮਨਾਉਣ ਵਾਲਿਆਂ ਦੀਆਂ ਥੱਕੀਆਂ ਉਂਗਲਾਂ ਦਾ ਸ਼ਹੀਦ ਦੇ ਚਿਹਰੇ ਜਾਂ ਪੈਰਾਂ ਨੂੰ ਛੂਹਣਾ ਜਿਵੇਂ ਕਿ ਉਹ ਥੋੜ੍ਹ ਚਿਰੇ ਪਲ ਵਿੱਚ ਸ਼ਹੀਦ ਦੀ ਸਦੀਵੀ ਯਾਦਗਾਰ ਨੂੰ ਸਾਂਭ ਰਹੇ ਹੋਣ ।

ਇਹ ਪਲ, ਨਜ਼ਮਾਂ-ਨਾਅਰੇ, ਯਾਦਗਾਰਾਂ ਜੋ ਉਹਨਾਂ ਨੌਜਵਾਨਾਂ ਦੀ ਯਾਦ ਵਿੱਚ ਬਣਾਈਆਂ ਜਾਂਦੀਆਂ ਹਨ ਜੋ ਹੱਕ ਸੱਚ ਲਈ ਲੜੇ, ਇਹ ਉਹਨਾਂ ਦੀ ਗੈਰਹਾਜ਼ਰੀ ਵਿੱਚ ਵੀ ਉਹਨਾਂ ਦੀ ਹਾਜ਼ਰੀ ਦਾ ਅਹਿਸਾਸ ਕਰਵਾਉਂਦੀਆਂ ਹਨ ।

ਇਸ ਸਭ ਉਹਨਾਂ ਦੇ ਹੌਂਸਲੇ ਅਤੇ ਸੰਘਰਸ਼ ਦੇ ਗਵਾਹ ਹੋ ਨਿਬੜਦੇ ਹਨ । ਸਭ ਤੋਂ ਜ਼ਰੂਰੀ ਗੱਲ ਕਿ ਇਹ ਉਹਨਾਂ ਦੀ ਦਮ-ਘੁੱਟ ਜ਼ਿੰਦਗੀ ਵਿੱਚ ਸੁੱਖ ਦਾ ਸਾਹ ਤੇ ਜਸ਼ਨ ਲਈ ਮਾਹੌਲ ਮੁਹੱਈਆ ਕਰਵਾਉਂਦੇ ਹਨ । ਇਹ ਸਟੇਟ ਦੇ ਸਿਰਜੇ ਹੋਏ ਨਕਸ਼ੇ ਖ਼ਿਲਾਫ਼ ਆਪਣੀ ਤਸਵੀਰ-ਕਸ਼ੀ ਕਰਦੇ ਹਨ । ਇਹ ਅਜ਼ਾਦੀ ਦਾ ਐਲਾਨ ਕਰਨ ਵਾਲ਼ੀਆਂ ਥਾਵਾਂ ਬਣ ਜਾਂਦੇ ਹਨ ।

ਇਹ ਯਾਦਗਾਰਾਂ ਬਰਾਬਰਤਾ, ਇਨਸਾਫ਼, ਮਾਣ-ਸਨਮਾਨ ਜਿਹੀਆਂ ਇਨਸਾਨੀ ਕਦਰਾਂ ਕੀਮਤਾਂ ਨੂੰ ਵਧਣ ਫੁੱਲਣ ਵਿੱਚ ਮੱਦਦ ਕਰਦੀਆਂ ਹਨ । ਇਨ੍ਹਾਂ ਨੇ ਭਾਰਤੀ ਸਟੇਟ ਦੇ ਕਸ਼ਮੀਰ ਦੇ ਗ਼ਲਬੇ, ਜ਼ੋਰ-ਜਬਰਦਸਤੀ ਵਾਲੇ ਢਾਂਚੇ ਦੀ ਭਰਪੂਰ ਮੁਖ਼ਾਲਫ਼ਤ ਕੀਤੀ ਹੈ ।

ਇਹ ਯਾਦ ਸਾਂਭੂ ਕੋਸ਼ਿਸ਼ਾਂ ਨੇ ਨਾ ਸਿਰਫ਼ ਮੁੱਖ ਧਾਰਾ ਦੇ ਉਸ ਝੂਠੇ ਪ੍ਰੋਪੇਗੰਡੇ ਦਾ ਪਰਦਾ ਚਾਕ ਕੀਤਾ ਹੈ ਜੋ ਆਮ ਭਾਰਤੀ ਦੇ ਦਿਮਾਗ਼ ਵਿੱਚ ਬਿਠਾ ਦਿੱਤਾ ਗਿਆ ਹੈ, ਬਲਕਿ ਦੁਨੀਆਂ ਸਾਹਮਣੇ ਜ਼ਾਲਮ ਨਿਜ਼ਾਮ ਦਾ ਚਿਹਰਾ ਵੀ ਨੰਗਾ ਕਰ ਦਿੱਤਾ ਹੈ ।

ਭਾਰਤ ਨੇ ਕਸ਼ਮੀਰ ਵਿੱਚ ਇੱਕੋ ਵਕਤ ਦੋ ਮੁਹਾਜ਼ ਕਸ਼ਮੀਰ ਖ਼ਿਲਾਫ਼ ਖੋਲ੍ਹ ਰੱਖੇ ਹਨ । ਇੱਕ ਮੁਹਾਜ਼ ਤੇ ਭਾਰੀ-ਭਰਕਮ ਹਥਿਆਰਾਂ ਨਾਲ ਜੰਗ ਲੜੀ ਜਾ ਰਹੀ ਹੈ । ਦੂਜੇ ਤੇ ਇਸਦੇ ਅਦਾਰੇ, ਮੀਡੀਆ, ਸਮਾਜ ਵਿੱਚ ਉਹ ਅਨਸਰ ਜੋ ਇਹਨਾਂ ਦੀ ਬੋਲੀ ਬੋਲਦੇ ਹਨ । ਇਹ ਬੜੇ ਵਿਉਂਤਬੰਦ ਤਰੀਕੇ ਨਾਲ ਕੀਤਾ ਜਾ ਰਿਹਾ ਹੈ । ਅਵਾਮ ਆਪਣੇ ਖ਼ਿਲਾਫ਼ ਖੋਲ੍ਹੇ ਪਹਿਲੇ ਮੁਹਾਜ਼ ਤੇ ਇਹਨਾਂ ਨਾਲ ਕੁਝ ਕੁ ਏ.ਕੇ. ਸੰਤਾਲੀਆਂ ਅਤੇ ਦੂਜੇ ਮੁਹਾਜ਼ ਤੇ ਆਪਣੇ ਸ਼ਹੀਦਾਂ ਦੀ ਯਾਦ ਕਾਇਮ ਰੱਖਣ ਅਤੇ ਆਪਣੇ ਪੇਚੀਦਾ ਹਹੋ ਰਹੇ ਸਮਾਜਿਕ ਤਾਣੇ-ਬਾਣੇ ਦੀਆਂ ਮੁਸ਼ਕਲਾਂ ਨਾਲ ਲੜ ਰਿਹਾ ਹੈ । ਇਹ ਆਪਣੀਆਂ ਜਾਨਾਂ ਦੀ ਕੁਰਬਾਨੀ ਦੇ ਕੇ ਭਾਰਤੀ ਸਟੇਟ ਨੂੰ ਦੱਸ ਰਹੀ ਹੈ ਕਿ ਉਹਨਾਂ ਦਾ ਕਸ਼ਮੀਰ ਤੇ ਕਬਜ਼ਾ ਨਜਾਇਜ਼ ਹੈ ।

ਕਾਬਜ਼ ਭਾਰਤੀ ਨਿਜ਼ਾਮ ਨੇ ਪਿਛਲੇ ਸੱਤ ਦਹਾਕਿਆਂ ਤੋਂ ਹਰ ਉਹ ਅਦਾਰੇ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਕਸ਼ਮੀਰੀ ਲੋਕਾਂ ਦੇ ਗੁੱਸੇ, ਦੁੱਖ, ਸ਼ਿਕਾਇਤਾਂ, ਨੁਕਸਾਨ ਅਤੇ ਸਿਆਸੀ ਇੱਛਾ ਨੂੰ ਉਭਾਰਨ ਦੀ ਕੋਸ਼ਿਸ਼ ਕਰਦਾ ਹੈ । ਇਸ ਦੇ ਉਲਟ ਕਸ਼ਮੀਰ ਚੀਕ-ਚਿਹਾੜੇ, ਚੁੱਪ ਗੜ੍ਹੱਪ, ਤਹਿ ਦੇ ਥੱਲੇ ਤੇ ਤਹਿ ਦੇ ਉੱਤੇ ਹਰ ਹਾਲਤ ਵਿੱਚ ਭਾਰਤ ਦੇ ਨਿਜ਼ਾਮ ਨੂੰ ਰੱਦ ਕਰਦਾ ਚੱਲਿਆ ਆ ਰਿਹਾ ਹੈ । ਖਿੰਡੇ-ਪੁੰਡੇ ਰੂਪ ਵਿੱਚ ਇਹ ਯਾਦਾਂ ਇਤਿਹਾਸ ਦਾ ਉਹ ਸੋਮਾ ਬਣਨ ਜਾ ਰਹੀਆਂ ਹਨ ਜਿਨ੍ਹਾਂ ਨੂੰ ਲੰਬੇ ਸਮੇਂ ਤੋਂ ਦਬਾਇਆ ਗਿਆ ਹੈ ।

ਸਟੇਟ ਨੇ ਆਪਣੇ ਆਪ ਨੂੰ ਸਦੀਵੀ ਅਤੇ ਅਣਬਿਆਨਿਆ ਤਾਕਤਵਰ ਮੰਨ ਲਿਆ ਹੈ । ਪਰ ਕਸ਼ਮੀਰੀਆਂ ਦੀ ਧਾਰਮਿਕ ਬਿਰਤੀ ਉਹਨਾਂ ਦੇ ਸਿਦਕ ਤੇ ਸ਼ਹੀਦਾਂ ਦੀ ਯਾਦ ਨੇ ਇਸ ਜ਼ੰਜੀਰ ਦੀਆਂ ਕੜੀਆਂ ਤੇ ਜ਼ਰੂਰ ਖਿੱਚ ਪਾਈ ਹੈ । ਆਪਣੀ ਬਰਬਾਦੀ ਦੇ ਅੰਬਾਰ ਵਿੱਚੋਂ ਵੀ ਉਹ ਆਪਣੇ ‘ਇਤਿਹਾਸ ਦੇ ਮਸੀਹੇ’ ਵੱਲ ਮੁੜ ਵੇਖਦੇ ਹਨ । ਇਹ ਉਹਨਾਂ ਦੀ ਤੀਲਾ-ਤੀਲਾ ਹੋਈ ਜ਼ਿੰਦਗੀ ਦੇ ਜ਼ਖਮਾਂ ਤੇ ਮਰਹਮ ਹੈ । ਇਹ ‘ਇੱਕਸਾਰ ਖ਼ਾਲੀ ਸਮਾਂ’ ਜਿਵੇਂ ਕਿ ਵਾਲਟਰ ਬੈਂਜਾਮਿਨ ਕਹਿੰਦਾ ਹੈ ਇੱਕ ਬਸਤੀਵਾਦੀ ਰਾਜ ਵਰਗਾ ਹੈ ਜੋ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਕਾਰਵਾਈਆਂ ਅਤੇ ਐਲਾਨਾਂ ਨਾਲ ਮਿਣਦਾ ਹੈ । ਇਹ ਲੋਕਾਂ ਦੀਆਂ ਸੱਧਰਾਂ ਉਮੰਗਾਂ ਉਹਨਾਂ ਦੇ ਧੁਰ ਅੰਦਰ ਤੱਕ ਜੁੜੇ ਗੀਤਾਂ ਨਾਅਰਿਆਂ ਨੂੰ ਹਾਸ਼ੀਏ ਤੇ ਧੱਕ ਦਿੰਦਾ ਹੈ । ਇਹ ਹਰ ਵੰਨ-ਸੁਵੰਨਤਾ ਤੇ ਸੁਹਾਗਾ ਫੇਰ ਕੇ ਉਹਨੂੰ ਇਕਸਾਰ ਕਰਨਾ ਲੋਚਦਾ ਹੈ । ਆਪਣਾ ਪਾਲਤੂ ਬਣਾਉਣ ਤੇ ਸਜ਼ਾ ਦੇਣ ਤੋਂ ਇਲਾਵਾ ਇਹਦਾ ਹੋਰ ਕੋਈ ਮਕਸਦ ਨਹੀਂ ਹੁੰਦਾ । ਸਟੇਟ ਵਾਸਤੇ ਹਰ ਦਿਨ ਉਹੀ ਹੈ, ਹਰ ਮੁਰਦਾ ਸਰੀਰ ਇੱਕੋ ਜਿਹਾ ਹੈ, ਹਰ ਕਸ਼ਮੀਰੀ ਇੱਕ ਜਿਹਾ ਹੈ – ਇੱਕ ਕਤਲ ਕਰਨਯੋਗ ਇਨਸਾਨ । ਸਟੇਟ ਕਾਬਜ਼ ਲੋਕਾਂ ਦੇ ਮਨਾਂ ਅਤੇ ਸਰੀਰਾਂ ਤੇ ਆਪਣੀ ਧੌਂਸ ਨਾਲ ਕਾਬਜ਼ ਹੋਣਾ ਚਾਹੁੰਦਾ ਹੈ । ਇਹ ਹਰ ਇੱਕ ਕਸ਼ਮੀਰੀ ਨੂੰ ਆਪਣੇ ਬੇਰਹਿਮ ਕੈਦਖ਼ਾਨੇ ਵਿੱਚ ਫ਼ੌਜੀ ਦਲੀਲ ਦੇ ਸਹਾਰੇ ਨਾਲ ਜਕੜਨਾ ਚਾਹੁੰਦਾ ਹੈ ।

ਪਰ ਫਿਰ ਵੀ ਇਹ ਯਾਦਾਂ ਚੱਲ ਰਹੇ ਦੌਰ ਵਿੱਚ ਲੰਘੇ ਵਕਤ ਤੇ ਆਉਣ ਵਾਲੇ ਵਕਤ ਵਾਸਤੇ ਇੱਕ ਰਹਿਬਰ ਵਾਂਗ ਹਨ । ਇਹ ਸਿੱਧ-ਪੱਧਰੇ ਕਿਆਸੇ ਜਾ ਸਕਣ ਵਾਲੇ ਤਾਣੇ-ਬਾਣੇ ਪੇਚਦਾਰ ਬਣਾ ਦਿੰਦੀਆਂ ਹਨ । ਇੱਕ ਸਟੇਟ ਦੇ ਪੈਦਾ ਕੀਤੇ ਖ਼ਲਾਅ ਨੂੰ ਭਰ ਦਿੰਦੀਆਂ ਹਨ । ਇਹਨਾਂ ਯਾਦਾਂ ਦਾ ਰਾਹ ਮਾਣਮੱਤੀ ਕਸ਼ਮੀਰੀ ‘ਤਹਿਰੀਕ’ ਦੇ ਇਤਿਹਾਸ ਵੱਲ ਨੂੰ ਜਾਂਦਾ ਹੈ । ਇਹ ਯਾਦਾਂ ਸ਼ਾਨਦਾਰ ਮੁਕਾਮੀ ਇਤਿਹਾਸ ਨੂੰ ਪ੍ਰਨਾਈਆਂ ਹੋਈਆਂ ਹਨ ਤੇ ਢਹਿੰਦੀ ਕਲਾ ਦੇ ਖ਼ਿਲਾਫ਼ ਖੜ੍ਹਦੀਆਂ ਹਨ । ਇਹਨਾਂ ਵਿੱਚ ਬੇਪਨਾਹ ਤਾਕਤ ਮੌਜੂਦ ਹੈ । ਆਪਣੀ ਵਿਰਾਸਤ ਨੂੰ ਸਾਂਭਣ ਵਿੱਚ ਇਹ ਯਾਦਾਂ ਉਸ ਵਹਾਅ ਨੂੰ ਜਾਰੀ ਰੱਖ ਰਹੀਆਂ ਹਨ, ਜਿਸ ਦੇ ਖ਼ਿਲਾਫ਼ ਸਟੇਟ ਨੇ ਇਹਨਾਂ ਨੂੰ ਆਪਣਾ ਅਸਲ ਭੁਲਾ ਦੇਣ ਲਈ ਆਪਣਾ ਇੱਕ ਵਹਾਅ ਵਗ਼ਾ ਰੱਖਿਆ ਹੈ ।

ਚੀਜਾਂ, ਜ਼ੁਬਾਨ, ਉਜਾੜ, ਗ਼ਲੀਆਂ-ਬਾਗ-ਬਗ਼ੀਚੇ, ਖਾਹਸ਼ਾਂ, ਉਮੰਗਾਂ, ਤਸਵੀਰਾਂ, ਡਾਇਰੀਆਂ ਤੇ ਹੋਰ ਯਾਦਗਾਰੀ ਚੀਜ਼ਾਂ ਨੂੰ ਜੋ ਘੁਟਨ-ਭਰੇ ਫੌਜੀ ਮਾਹੌਲ ਵਿੱਚ ਪਈਆਂ ਹਨ ਨੂੰ ਅਜ਼ਾਦ ਕਰਾ ਲਿਆ ਜਾਂਦਾ ਹੈ । ਇਹਨਾਂ ਯਾਦਗਾਰੀ ਚੀਜ਼ਾਂ ਨੂੰ ਇਸ ਤਰ੍ਹਾਂ ਬਿਖੇਰ ਦਿੱਤਾ ਜਾਂਦਾ ਹੈ ਜਿਵੇਂ ਇਹ ਕਿਸੇ ਅਜਾਇਬ ਘਰ ਵਿੱਚ ਪਏ ਛੋਟੇ-ਛੋਟੇ ਕਲਾ ਦੇ ਨਮੂਨੇ ਹੋਣ । ਇਨ੍ਹਾਂ ਨੂੰ ਮੁੜ ਸੁਰਜੀਤ ਕਰਨ ਲਈ ਯਾਦ, ਦੂਰ ਅੰਦੇਸ਼ੀ ਅਤੇ ਜਜ਼ਬੇ ਨਾਲ ਮਿਲ ਕੇ ਇੱਕ ਸੌਗ਼ਾਤ ਦਾ ਕੰਮ ਕਰਦੀ ਹੈ । ਯਾਦ ਦੁਨੀਆਂ ਨੂੰ ਨਵਿਆਉਂਦੀ ਹੈ । ਬਿਲਕੁਲ ਉਵੇਂ ਜਿਵੇਂ ਹਥਿਆਰਬੰਦ ਬਾਗੀ ਸਿਆਸੀ ਮੁਜ਼ਾਹਰੇ ਤੇ ਮੁਖਾਲਫ਼ਤ ਨੂੰ ਹੋਂਦ ਵਿੱਚ ਲਿਆਉਂਦੇ ਹਨ । ਇਹ ਸਭ ਤਾਰਿਆਂ ਦੇ ਉਸ ਝੁੰਡ ਵਾਂਗ ਹੈ ਜੋ ਬੀਤੇ ਤੇ ਆਉਣ ਵਾਲੇ ਵਕਤ ਦਾ ਸੁਮੇਲ ਕਰਵਾਉਂਦਾ ਹੈ ਅਤੇ ਇੱਕ ਚਾਨਣ ਮੁਨਾਰੇ ਦਾ ਕੰਮ ਕਰਦਾ ਹੈ ।

ਕਈ ਦਹਾਕਿਆਂ ਤੋਂ ਭਾਰਤ ਦੇ ਤਾਨਾਸ਼ਾਹੀ ਮਨਸੂਬਿਆਂ ਵਾਸਤੇ ਸ਼ਹੀਦਾਂ ਦੀ ਯਾਦ ਇੱਕ ਵੱਡਾ ਰੋੜਾ ਬਣੀ ਹੋਈ ਹੈ । ਭਾਰਤ ਦੇ ਕਸ਼ਮੀਰ ਨੂੰ ਗ਼ੁਲਾਮ ਬਣਾਉਣ, ਝੁਕਾਉਣ ਅਤੇ ਤਹਿਸ-ਨਹਿਸ ਕਰਨ ਦੇ ਹਰ ਹਰਬੇ ਲਈ ਇਹ ਯਾਦਾਂ ਅੜਿੱਕਾ ਹਨ । ਜੇ ਸਟੇਟ ਸ਼ਹੀਦਾਂ ਨੂੰ ‘ਰਾਕਸ਼’ ਦਰਸਾਉਂਦਾ ਹੈ ਇਹ ਯਾਦਾਂ ਉਸਨੂੰ ਖ਼ਾਲਸ ਇਨਸਾਨ ਦਾ ਦਰਜਾ ਦਿੰਦੀਆਂ ਹਨ । ਉਹਨਾਂ ਦੇ ਕੀਤੇ ਛੋਟੇ-ਛੋਟੇ ਕੰਮਾਂ ਨੂੰ ਵੀ ਉਜਾਦਰ ਕੀਤਾ ਜਾਂਦਾ ਹੈ । ਜੇ ਸਟੇਟ ਉਹਨਾਂ ਦੀ ਮੌਤ ਨੂੰ ਸਿਰਫ਼ ਇੱਕ ‘ਮੌਤ’ ਵਜੋਂ ਲੈਂਦਾ ਹੈ ਇਹ ਯਾਦਾਂ ਉਸ ਮੌਤ ਨੂੰ ‘ਸ਼ਹਾਦਤ’ ਵਕੋਂ ਲੈਂਦੀਆਂ ਹਨ । ਇਹ ਯਾਦ-ਉਸਾਰੂ ਅਮਲ ਹਰ ਸ਼ਹਾਦਤ ਨੂੰ ਵਿਲੱਖਣ ਤੇ ਮਾਣਮੱਤੀ ਯਾਦ ਵਿੱਚ ਬਦਲ ਦਿੰਦਾ ਹੈ ।

ਕੀ ਕਸ਼ਮੀਰ ਬੰਦ ਜੰਗ ਵਿੱਚ ਝੋਕੇ ਇਲਾਕੇ ਵਿੱਚ ਮੁਮਕਿਨ ਹੈ ?

ਹਰ ਬਾਗੀ ਸ਼ਹੀਦ ਦੀ ਤਰ੍ਹਾਂ ਉਹਨਾਂ ਦੀ ਯਾਦ ਵੀ ਝੁਕਣ ਤੋਂ ਇਨਕਾਰ ਕਰਦੀ ਹੈ ਅਤੇ ਸਟੇਟ ਨੂੰ ਕਾਰਵਾਈ ਕਰਨ ਲਈ ਮਜ਼ਬੂਰ ਕਰਦੀ ਹੈ ਤੇ ਸਟੇਟ ਕਾਰਵਾਈ ਕਰਦੀ ਹੈ । ਇਹ ਯਾਦ ਸਾਂਭਣ ਵਾਲਿਆਂ ਤੇ ਹਮਲਾ ਕਰਦੀ ਹੈ । ਯਾਦਗਾਰਾਂ ਨੂੰ ਢਾਹੁੰਦੀ ਹੈ । ਪਰ ਸ਼ਹੀਦਾਂ ਦੀ ਯਾਦ ਇਸਦੇ ਖ਼ਿਲਾਫ਼ ਬਗਾਵਤ ਕਰਦੀ ਹੈ ।

ਇਹ ਯਾਦ ਸਿਰਫ਼ ਸ਼ਹੀਦ ਦੀ ਸ਼ਹਾਦਤ ਨੂੰ ਹੀ ਨਹੀਂ ਸਾਂਭਦੀ ਬਲਕਿ ਜਿਉਂਦੇ ਰਹਿਣ ਲਈ ਇੱਕ ਜਰੀਆ ਵੀ ਪੈਦਾ ਕਰਦੀ ਹੈ । ਯਾਦਗਾਰ ਸਾਂਭਣ ਦਾ ਇਹ ਰਿਵਾਜ, ਡਰ ਅਤੇ ਦੁੱਖ-ਤਕਲੀਫ਼ਾਂ ਤੇ ਉੱਸਰਿਆ ਹੋਇਆ ਹੈ । ਪੀੜ੍ਹੀ-ਦਰ-ਪੀੜ੍ਹੀ ਕਸ਼ਮੀਰੀਆਂ ਨੇ ‘ਤਹਿਰੀਕ’ ਨੂੰ ਬਣਾਈ ਰੱਖਣ ਦਾ ਮੁੱਲ ਤਾਰਿਆ ਹੈ । ਉਹਨਾਂ ਨੇ ਇਸ ਵਿੱਚ ਸ਼ਾਮਲ ਕਾਰਕੁਨਾਂ ਨੂੰ ਯਕੀਨ ਦੁਆਇਆ ਹੈ ਕਿ ਉਹ ਉਹਨਾਂ ਦੇ ਨਾਲ ਖੜ੍ਹੇ ਹਨ । ਇਹ ਬਰਾਬਰਤਾ ਅਤੇ ਅਜ਼ਾਦੀ ਦਾ ਮੁਹਿੰਮ ਨੂੰ ਸਹਾਰਾ ਦਿੰਦਾ ਹੈ । ਇਹ ਉਹਨਾਂ ਤੇ ਕੀਤੇ ਹੋਏ ਜ਼ੁਲਮਾਂ ਦਾ ਗਵਾਹ ਹੈ । ਇਹ ਉਹਨਾਂ ਦੀ ਸਿਆਸੀ ਮੰਗ ਦਾ ਮੈਨੀਫੈਸਟੋ ਹੈ ।

ਬੀਤੇ ਸਮੇਂ ਨੂੰ ਸਿਰਫ਼ ਬੀਤ ਗਿਆ ਕਹਿ ਕੇ ਨਹੀਂ ਵੇਖਿਆ ਜਾ ਸਕਦਾ ਬਲਕਿ ਇਹ ਇੱਕ ਇਤਿਹਾਸ ਹੈ ਜਿਸ ਵਿੱਚੋਂ ਮੌਜੂਦਾ ਤੇ ਆਉਣ ਵਾਲੇ ਵਕਤ ਨੇ ਆਪਣਾ ਮੁਹਾਂਦਰਾ ਬਣਾਉਣਾ ਹੈ । ਕੌਮ ਜੋ ਲਗਾਤਾਰ ਹੱਲਿਆਂ ਦਾ ਸਾਹਮਣਾ ਕਰ ਰਹੀ ਹੋਵੇ ਉਸ ਵਾਸਤੇ ਆਪਣੇ ਆਪ ਨੂੰ ਜਿਉਂਦੇ ਰੱਖਣਾ ਹੀ ਇੱਕ ਵੰਗਾਰ ਬਣ ਜਾਂਦਾ ਹੈ । ਯਾਦਗਾਰਾਂ ਉਹਨਾਂ ਨੂੰ ਜ਼ਿੰਦਗੀ ਦਾ ਬਹਾਨਾ ਦਿੰਦੀਆਂ ਹਨ । ਕਈ ਵਾਰ ਸ਼ਹੀਦ ਦਾ ਕੋਈ ਸਰੀਰ ਨਹੀਂ ਲੱਭਦਾ ਤੇ ਮਾਂ ਸਿਰਫ਼ ਉਹ ਜੁੱਤੀ ਨੂੰ ਜੋ ਮੁਕਾਬਲੇ ਵਾਲੀ ਥਾਂ ਤੋਂ ਨਸੀਬ ਹੋਈ ਹੋਵੇ ਤੇ ਪਿਉ ਸ਼ਹੀਦ ਦੇ ਖ਼ੂਨ ਨਾਲ ਲਿੱਬੜੇ ਕੰਬਲ ਨੂੰ ਪਾਣੀ ਵਿੱਚੋਂ ਨਿਚੋੜ ਕੇ ਸ਼ਹੀਦ ਦੇ ਆਖ਼ਰੀ ਨਿਸ਼ਾਨਾਂ ਨੂੰ ਯਾਦਗਾਰ ਬਣਾ ਲੈਂਦੇ ਹਨ । ਸ਼ਹੀਦ ਦੀ ਯਾਦ ਦੀ ਹਰ ਤਫ਼ਸੀਲ ਹਰ ਸ਼ਹਾਦਤ ਨੂੰ ਵਿਲੱਖਣ ਬਣਾ ਦਿੰਦੀ ਹੈ । ਇੱਕ ਕਸ਼ਮੀਰੀ ਇਤਿਹਾਸ ਤੇ ਕਸ਼ਮੀਰੀ ਰੋਜ਼ ਮਰ੍ਹਾ ਦੀ ਜ਼ਿੰਦਗੀ ਦਾ ਅੰਗ ਹੋ ਕੇ ਅਮਰ ਜਾਂਦਾ ਹੈ । ਇਹ ਯਾਦਾਂ ਦਾ ਅਜਾਇਬ ਘਰ ਹਰ ਇੱਕ ਕੋਸ਼ਿਸ਼ ਕਰਨ ਵਾਲੇ ਨੂੰ ਇੱਕ ਕੌਮ ਦਾ ਮੈਂਬਰ ਹੋਣ ਦਾ ਅਹਿਸਾਸ ਕਰਵਾਉਂਦਾ ਹੈ । ਇਹ ਰੀਤੀ ਰਿਵਾਜ਼ ਹਰ ਕਸ਼ਮੀਰੀ ਨੂੰ ਉਹਨਾਂ ਦੇ ਇਤਿਹਾਸ ਦਾ ਗਵਾਹ ਬਣਾ ਦਿੰਦੇ ਹਨ ਅਤੇ ਇਹ ਗਵਾਹ ਉਹਨਾਂ ਦੀਆਂ ਮਿੱਥਾਂ ਤੇ ਲੋਕ ਗੀਤਾਂ ਵਿੱਚ ਅਮਰ ਹੋ ਜਾਂਦੇ ਹਨ ।

ਸ਼ਹੀਦ ਅਸਲ ਵਿੱਚ ਉਹਨਾਂ ਦੀਆਂ ਲੋਕ ਗਾਥਾਵਾਂ ਦੇ ਨਾਇਕ ਬਣ ਜਾਂਦੇ ਹਨ ਅਤੇ ਪੀੜ੍ਹੀ-ਦਰ-ਪੀੜ੍ਹੀ ਉਹਨਾਂ ਦੇ ਨਾਇਕ ਚਲੇ ਆ ਰਹੇ ਹਨ । ਇੱਕ ਕਹਾਣੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਸ਼ਹੀਦ ਕੁਰਾਨ ਦੀਆਂ ਆਇਤਾਂ ਪੜ੍ਹ ਕੇ ਘੇਰਾ ਤੋੜ ਕੇ ਨਿਕਲ਼ ਗਿਆ । ਅਜਿਹੀ ਇੱਕ ਹੋਰ ਕਹਾਣੀ ਹੈ ਜਿਸ ਦੀ ਇਹ ਮਿੱਥ ਹੈ ਕਿ ਸ਼ਹੀਦ ਚਿੱਟੇ ਘੋੜੇ ਤੇ ਰਾਤ ਨੂੰ ਫੌਜੀ ਕੈਂਪ ਵਿੱਚ ਜਾ ਵੜਿਆ ਅਤੇ ਡਰ ਨਾਲ ਮਾਰੇ ਫੌਜੀ ਕੈਂਪ ਛੱਡ ਕੇ ਭੱਜ ਗਏ । ਅਜਿਹੀ ਹੀ ਇੱਕ ਹੋਰ ਮਿੱਥ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਜੋ ਸ਼ਹੀਦ ਮੁਕਾਬਲੇ ਵਿੱਚ ਅੱਗ ਨਾਲ਼ ਸੜ ਕੇ ਮਰ ਜਾਂਦੇ ਹਨ ਉਹ ਚਿੱਟੇ ਕਫ਼ਨ ਵਿੱਚ ਰਾਤ ਨੂੰ ਫੌਜੀ ਕੈਪਾਂ ਦੇ ਆਲ਼ੇ-ਦੁਆਲ਼ੇ ਫਿਰਦੇ ਹਨ ਤੇ ਫੌਜੀਆਂ ਨੂੰ ਉਹਨਾਂ ਤੋਂ ਡਰ ਲੱਗਦਾ ਹੈ । ਫੌਜੀ ਡਰ ਦੇ ਮਾਰੇ ਉਹਨਾਂ ਸ਼ਹੀਦਾਂ ਦੇ ਪਰਿਵਾਰ ਤੋਂ ਮਾਫ਼ੀ ਮੰਗਣ ਜਾਦੇ ਹਨ । ਲਹੂ ਭਿੱਜੇ ਮਾਹੌਲ ਵਿੱਚ ਇਸ ਤਰਾਂ ਦੇ ਮਿੱਥਾਂ ਦੀਆਂ ਜੜ੍ਹਾਂ ਕਸ਼ਮੀਰੀ ਜ਼ਿੰਦਗੀ ਵਿੱਚ ਬੜੀਆਂ ਡੂੰਗੀਆਂ ਲੱਗ ਚੁੱਕੀਆਂ ਹਨ ।

ਕਸ਼ਮੀਰੀ ਜੱਦੋ-ਜਹਿਦ ਜੇ ਵੱਢ ਅਕਾਰੀ ਨਜ਼ਰ ਨਾਲ ਵੇਖਿਆ ਜਾਵੇ ਹਮੇਸ਼ਾਂ ਹੀ ਭੁੱਲ ਜਾਣ ਦੇ ਅਮਲ ਦੇ ਖਿਲ਼ਾਫ਼ ਰਹੀ ਹੈ । ਛੋਟੇ ਬੱਚੇ ਗਲੀਆਂ ਵਿੱਚ ਪੱਥਰ ਚੁੱਕੀ ਫਿਰਦੇ ਹਨ ਕਿਉਂਕਿ ਉਹਨਾਂ ਨੂੰ ਆਪਣੇ ਤੇ ਹੋਏ ਜ਼ੁਲਮ ਯਾਦ ਹਨ । ਔਰਤਾਂ ਰੋਸ-ਮੁਜ਼ਾਹਰਿਆਂ ਦਾ ਹਿੱਸਾ ਹਨ ਕਿਉਂਕਿ ਉਹਨਾਂ ਨੂੰ ਯਾਦ ਹੈ ਕਿ ਕਿਵੇਂ ਉਹ ਆਪਣੀ ਹੀ ਧਰਤੀ ਤੇ ਕੈਦੀ ਬਣਾ ਲਈਆਂ ਗਈਆਂ ਹਨ । ਆਦਮੀ ਬੰਦੂਕਾਂ ਚੁੱਕੀ ਫਿਰਦੇ ਹਨ ਕਿਉਂਕਿ ਉਹ ਵੀ ਇਹਨਾਂ ਜ਼ੁਲਮਾਂ ਨੂੰ ਭੁੱਲ ਨਹੀਂ ਸਕਦੇ ।

ਕੀ ਕਸ਼ਮੀਰ ਬੰਦ ਜੰਗ ਦਾ ਮੈਦਾਨ ਬਣੀ ਕਬਜ਼ੇ ਹੇਠ ਕੀਤੀ ਧਰਤੀ ਤੇ ਮੁਮਕਿਨ ਹੈ ?

ਜ਼ੁਲਮ ਦੇ ਨਿਸ਼ਾਨ ਸਰੀਰਾਂ, ਮਨਾਂ ਅਤੇ ਕਸ਼ਮੀਰੀ ਫ਼ਿਜ਼ਾ ਵਿੱਚ ਉੱਕਰੇ ਹੋਏ ਹਨ । ਬੀਤਿਆ ਸਮਾਂ ਡਰਾਉਣਾ ਸੁਪਨਾ ਬਣ ਗਿਆ ਹੈ । ਫ੍ਰਾਂਸਿਸ ਏ ਯੇਟਸ ਦੇ ਲਫ਼ਜ਼ਾਂ, ਜਿਸਨੂੰ ਕਿ ਉਹ ‘ਅੰਦਰੂਨੀ ਲਿਖਤ’ ਦਾ ਨਾਂ ਦਿੰਦਾ ਹੈ, ਵਿੱਚ ਯਾਦਾਂ ‘ਅੰਦਰੂਨੀ ਲਿਖਤ’ ਬਣ ਜਾਂਦੀਆਂ ਹਨ । ਇਹ ਚੁੱਪ ਹਾਵੇ ਤੇ ਹਾਉਕੇ ਕਾਬਜ਼ ਧਿਰ ਅਤੇ ਕੋਈ ਬਾਹਰਲਾ ਨਹੀਂ ਸਮਝ ਸਕਦਾ । ਗੈਰਹਾਜ਼ਰੀ ਵਿੱਚੋਂ ਯਾਦਦਾਸ਼ਤ ਪਨਪਦੀ ਹੈ । ਯਾਦ ਉਹ ਨਕਸ਼ਾ ਨਿਗਾਰ ਹੁੰਦੀ ਹੈ ਜੋ ਉਹ ਨਕਸ਼ੇ ਨੂੰ ਰੱਦ ਕਰਦੀ ਹੈ ਜੋ ਸਟੇਟ ਨੇ ਖਿੱਚਿਆ ਹੁੰਦਾ ਹੈ ।

ਯਾਦ ਹੀ ਇਤਿਹਾਸ ਨੂੰ ਕੀਤੇ ਜ਼ੁਲਮਾਂ ਲਈ ਜ਼ਿੰਮੇਵਾਰ ਠਹਿਰਾਉਂਦੀ ਹੈ।

ਯਾਦਾਂ ਸਾਂਭਣ ਅਤੇ ਯਾਦਾਂ ਬਣਾਉਣ ਦੇ ਰਿਵਾਜ਼ ਨੇ ਹੀ ਕਸ਼ਮੀਰੀ ਸੱਭਿਆਚਾਰ ਨੂੰ ਜ਼ਿੰਦਾ ਰੱਖਿਆ ਹੈ । ਆਪਣੀ ਮੁਖ਼ਾਲਫ਼ਤ ਦੇ ਇਤਿਹਾਸ ਨੂੰ ਸਾਂਭਦੀਆਂ ਇਹ ਯਾਦਾਂ ਲੋਕਾਂ ਅਤੇ ਸਟੇਟ ਦੇ ਰਿਸ਼ਤਿਆਂ, ਉਹਨਾਂ ਦੇ ਆਲ਼ੇ-ਦੁਆਲ਼ੇ ਵਾਪਰ ਰਹੀਆਂ ਘਟਨਾਵਾਂ ਤਾਕਤ ਦੇ ਬੇਮੇਲ ਤਵਾਜ਼ਨ ਦਾ ਅਕਸ ਹਨ । ਇਹ ਅਮਲ ਸਿਆਸੀ ਅਤੇ ਸਮਾਜੀ ਢਾਂਚਾ ਹੈ ਜੋ ਉਹਨਾਂ ਦੀ ਕੌਮ ਦੇ ਇਤਿਹਾਸ ਤੇ ਸੱਭਿਆਚਾਰ ਨੂੰ ਲਈ ਖੜ੍ਹਾ ਹੈ । ਇਹ ਹੀ ਉਹ ਤਾਕਤ ਹੈ ਜਿਸਦੇ ਸਹਾਰੇ ਕਸ਼ਮੀਰੀ ਜੱਦੋ-ਜਹਿਦ ਵਧ ਫੁੱਲ ਰਹੀ ਹੈ ।

ਇਹ ਉਹਨਾਂ ਕਸ਼ਮੀਰੀ ਬੱਚਿਆਂ ਲਈ ਜੋ ਬੀਤ ਗਏ ਸਮੇਂ ਦੇ ਉਸ ਮੌੜ ਤੇ ਪੈਦਾ ਹੋਏ ਹਨ ਜਿੱਥੇ ਉਹਨਾਂ ਦੇ ਖਾਤਮੇ ਦਾ ਇਮਕਾਨ ਹੈ ਲਈ ਇੱਕ ਮੌਕਾ ਮੇਲ ਪੈਦਾ ਕਰਦਾ ਹੈ । ਸ਼ਹੀਦਾਂ ਦੇ ਇਰਾਦੇ ਤੇ ਉਹਨਾਂ ਦੀਆਂ ਯਾਦਾਂ ਉਹਨਾਂ ਨੂੰ ਕਸ਼ਮੀਰੀ ਜੱਦੋ-ਜਹਿਦ ਅਤੇ ਅਜ਼ਾਦੀ ਦੀ ਯਾਦ ਦਿਵਾਉਂਦੀਆਂ ਹਨ । ਸ਼ਹੀਦਾਂ ਦੇ ਸੁਨੇਹੇ ਉਹਨਾਂ ਦੇ ਵੀਡੀਓਜ਼, ਡਾਇਰੀਆਂ ਤੇ ਲਿਖਤਾਂ ਸ਼ਹੀਦਾਂ ਦੇ ਨਜ਼ਰੀਏ ਨੂੰ ਦਰਸਾਉਂਦੀਆਂ ਹਨ ਅਤੇ ਆਪਣੀ ਜੱਦੋ-ਜਹਿਦ ਨੂੰ ਅੱਗੇ ਲੈ ਜਾਣ ਵਿੱਚ ਮੱਦਦ ਕਰਦੀਆਂ ਹਨ । ਸਮੂਹ ਰੂਪ ਵਿੱਚ ਯਾਦਾਂ ਸਾਂਭਣ ਬਣਾਉਣ ਦਾ ਅਮਲ ਲੋਕਾਂ ਦੀ ਅਜ਼ਾਦੀ ਦੀ ਤਰਜਮਾਨੀ ਕਰਦਾ ਹੈ ਤੇ ਫੌਜੀ ਦਬਦਬੇ ਨੂੰ ਰੱਦ ਕਰਦਾ ਹੈ । ਇਹ ਦਬਦਬਾ ਜੋ ਬਣਾ ਸ਼ਿੰਗਾਰ ਕੇ ਸਟੇਟ ਨੇ ਉਹਨਾਂ ਤੇ ਪਾ ਰੱਖਿਆ ਹੈ ।

ਮੌਜੂਦਾ ਸਮਾਂ ਜੋ ਕਸ਼ਮੀਰ ਦੇ ਬੀਤੇ ਔਖੇ ਸਮੇਂ ਦੀਆਂ ਗੰਢਾਂ ਵਿੱਚ ਫਸਿਆ ਹੋਇਆ ਹੈ ਅਤੇ ਆਪਣੇ ਆਪ ਨਾਲ ਵੀ ਘੁਲ ਰਿਹਾ ਹੈ ਲੋਕਮੱਤ ਵੱਲ ਹੀ ਇਸ਼ਾਰਾ ਕਰਦਾ ਹੈ । ਇਸ ਵਿੱਚੋਂ ਲੋਕਮੱਤ ਹੀ ਨਿਕਲ ਰਿਹਾ ਹੈ ।

⁂⁂⁂

ਇਹ ਯਾਦਗਾਰੀ ਅਮਲ ਕਸ਼ਮੀਰੀ ਕਬਜ਼ੇ ਦੀ ਮੁਖ਼ਾਲਫ਼ਤ ਕਰਦਾ ਹੈ। ਪਿਛਲੇ ਸੱਤ ਦਹਾਕਿਆਂ ਤੋਂ ਸਟੇਟ ਕਸ਼ਮੀਰੀਆਂ ਦੀ ਜ਼ਿੰਦਗੀ ਅਤੇ ਮੌਤ ਨੂੰ ਫੌਜੀ ਜਬਾਨ ਵਿੱਚ ਹੀ ਬਿਆਨ ਕਰਦਾ ਹੈ। ਕਸ਼ਮੀਰਿਆਂ ਨੂੰ ਭਾਰਤੀ ਸਟੇਟ ਦੇ ਪਾਲਤੂ ਬਣਾਉਣ ਲਈ ਉਹਨਾਂ ਵਿੱਚ ਡਰ, ਖ਼ੌਫ਼ ਪੈਦਾ ਕੀਤਾ ਜਾਂਦਾ ਹੈ। ਹਰ ਕਸ਼ਮੀਰੀ ਉਹਨਾਂ ਲਈ ਕਤਲ ਕਰਨਯੋਗ ਹੈ। ਕਸ਼ਮੀਰੀ ਮੌਤ ਉਹਨਾਂ ਦੀ ਇੰਤਜ਼ਾਮੀਆਂ ਹਿੰਸਾ ਹੈ । ਭਾਰਤ ਦੀ ਏਕਤਾ ਅਖੰਡਤਾ ਦੀ ਤਾਮੀਰ ਇਸੇ ਅਖੰਡਤਾ ਵਾਲੇ ਹਿੱਸੇ ਕਸ਼ਮੀਰ ਦੀਆਂ ਮੌਤਾਂ ਤੇ ਹੈ। ਇਹਦਾ ਅਦਾਲਤੀ ਤਾਣਾ ਬਾਣਾ, ਸਮਾਜਿਕ ਅਦਾਰੇ ਕਸ਼ਮੀਰੀਆਂ ਨੂੰ ਮਾਰਨ ਦੇ ਹੱਕ ਵਿੱਚ ਫ਼ਤਵਾ ਦਿੰਦੇ ਹਨ। ਕਸ਼ਮੀਰ ਦੀ ਜ਼ਿੰਦਗੀ ‘ਜ਼ਿੰਦਗੀ-ਮੌਤ’ ਦੇ ਵਿਚਾਲੇ ਦੀ ਜ਼ਿੰਦਗੀ ਹੈ। ‘ ਮੌਤ ਦੀ ਦੁਨੀਆਂ ‘ ਦਾ ਡਰ ਦਿਖਾ ਕੇ ਕਸ਼ਮੀਰ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।

ਕਸ਼ਮੀਰ ਦੇ ਬਾਗੀ ਜੁਝਾਰੂਆਂ ਨੇ ਭਾਰਤ ਦੇ ਘਿਨਾਉਣੇ ਹੱਥਕੰਡਿਆਂ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ ਹੈ। ਅਜਿਹਾ ਨਿਜ਼ਾਮ ਜੋ ਕਸ਼ਮੀਰੀਆਂ ਲਈ ਸਿਰਫ਼ ਮੌਤ ਹੋਵੇ ਤੇ ਲਗਾਤਾਰ ਉਹਨਾਂ ਨੂੰ ਮੌਤ ਦੀ ਧਮਕੀ ਦੇ ਰਿਹਾ ਹੋਵੇ ਨੂੰ ਕਸ਼ਮੀਰੀ ਬਾਗੀਆਂ ਨੇ ਨਕਾਰ ਦਿੱਤਾ ਹੈ ।

“ਕੀ ਅਸੀਂ ਆਪਣਾ ਖ਼ੂਨ ਨਹੀਂ ਦਿੱਤਾ ? ਕਿ ਅਸੀਂ ਆਪਣੀਆਂ ਅੱਖਾਂ ਨਹੀਂ ਖੋ ਦਿੱਤੀਆਂ ? ਕੀ ਅਸੀਂ ਆਪਣਾ ਬਚਪਨ ਨਹੀਂ ਕੁਰਬਾਨ ਨਹੀਂ ਕਰ ਦਿੱਤਾ”

ਫੌਜੀ ਲਫ਼ਜ਼ਾਂ ਦੀ ਜਿੱਤ ਨੂੰ ਨਕਾਰਦਿਆਂ ਜੁਝਾਰੂਆਂ ਨੇ ਦੁਨੀਆਂ ਦੇ ਸਭ ਤੋਂ ਕਾਤਲ ਰਾਜ ਦੇ ਦਿਲ ਤੇ ਚੋਟ ਕਰਨ ਵਾਲੇ ਨਿਸ਼ਾਨ ਉੱਕਰੇ ਹਨ । ਇਹ ਮੌਤ ਤੇ ਮਾਸੂਮੀ ਅੱਗੇ ਹਾਰ ਨਹੀਂ ਸਗੋਂ ਗ਼ੈਰ ਇਨਸਾਨੀ ਜਾਲ਼ ਵਿੱਚ ਜਕੜੇ ਲੋਕਾਂ ਦੀ ਅਜ਼ਾਦੀ ਦੀ ਉਮੀਦ ਹੈ । ਉਹਨਾਂ ਦੀ ਮੌਤ ਚੁਣੀ ਤਾਂ ਕਿ ਉਹਨਾਂ ਦੇ ਲੋਕ ਜੀਅ ਸਕਣ । ਇਹ ਮੌਤ ਦੀ ਘਾਟੀ ਵਿੱਚ ਜ਼ਿੰਦਗੀ ਦਾ ਅਹਿਸਾਸ ਹਨ । ਸਟੇਟ ਲਈ ਇਹ ਵੱਡਾ ਸਿਰ ਦਰਦ ਹਨ । ਡਰ ਕੇ ਪਾਲਤੂ ਬਣ ਕੇ ਜੀਣ ਨਾਲੋਂ ਇਹ ਸ਼ਾਨ ਦੀ ਮੌਤ ਨੂੰ ਤਰਜੀਹ ਦੇਂਦੇ ਹਨ । ਸ਼ਹੀਦਾਂ ਦੀਆਂ ਯਾਦਗਾਰਾਂ ਸ਼ਹੀਦਾਂ ਨਾਲੋਂ ਵੀ ਖ਼ਤਰਨਾਕ ਹਨ ਕਿਉਂਕਿ ਇਹ ਸਟੇਟ ਨੂੰ ਯਾਦ ਦਿਵਾਉਂਦੀਆਂ ਹਨ ਕਿ ਉਹਨਾਂ ਦਾ ਕਬਜ਼ਾ ਸਦੀਵੀ ਨਹੀਂ ਹੈ । ਇਹ ਸ਼ਹੀਦ ਨੂੰ ‘ਅਮਰ’ ਦਾ ਦਰਜਾ ਦੇ ਦਿੰਦੀਆਂ ਹਨ । ਸ਼ਹੀਦ ਜਿਉਂਦੇ ਜੀ ਕਾਬਜ਼ ਧਿਰ ਨੂੰ ਵੰਗਾਰ ਪਾਉਂਦੇ ਹਨ ਅਤੇ ਮੌਤ ਤੋਂ ਬਾਅਦ ਵੀ ਉਹਨਾਂ ਦੀ ਵੰਗਾਰ ਜਾਰ ਰਹਿੰਦੀ ਹੈ । ਦਸ ਲੱਖ ਦੀ ਫੌਜ ਦੇ ਅੱਗੇ ਕੁਝ ਕੁ ਸੈਂਕੜੇ ਆਦਮੀ ਇਹ ਯਕੀਨੀ ਬਣਾਉਂਦੇ ਹਨ ਕਿ ਹਰ ਇੱਕ ਭਾਰਤੀ ਦੀ ਜ਼ਿੰਦਗੀ ਇੱਕ ਕਸ਼ਮੀਰੀ ਮੌਤ ਤੇ ਖੜ੍ਹੀ ਹੈ।

ਭਾਰਤ ਨੇ ਮਾਮੂਲ ਮੁਤਾਬਕ ‘ਲਿਬਰਲ’ ਪੈਦਾ ਕੀਤੇ ਹੋਏ ਹਨ ਜੋ ਦਲੀਲ ਦਿੰਦੇ ਹਨ ਕਿ ਹਥਿਆਰਬੰਦ ਸੰਘਰਸ਼ ‘ਮੌਤ ਨੂੰ ਸੱਦਾ’ ਹੀ ਹੈ। ਪਰ ਉਹ ਇਹ ਸਮਝਣ ਵਿੱਚ ਨਕਾਮ ਹਨ ਕਿ ਇਹ ਭਾਰਤੀ ਸਟੇਟ ਦੀ ਪੈਦਾ ਕੀਤੀ ਹੋਈ ਮੌਤ ਦੀ ਘਾਟੀ ਹੈ। ਇਹ ਬਸਤੀਵਾਦੀ ਨਿਜ਼ਾਮ ਦੀ ਪੈਦਾਇਸ਼ ਹੈ।

ਬੰਦੂਕ ਚੁੱਕਣਾ ਜੁਝਾਰੂਆਂ ਦੀ ਸਮੇਂ ਦੀ ਲੋੜ ਹੈ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਕੋਲ਼ ਵਕਤ ਤੇ ਸਮਾਂ ਦੋਵੇਂ ਥੋੜ੍ਹੇ ਹਨ । ਪਹਿਲੇ ਜੁਝਾਰੂਆਂ (੧੯੯੦) ਦੇ ਮੁਕਾਬਲੇ ਇਹ ਹੋਰ ਵੀ ਘੱਟ ਹੈ। ਪਰ ਫਿਰ ਵੀ ਉਹ ਲੜ੍ਹਨ ਨੂੰ ਤਰਜੀਹ ਦਿੰਦੇ ਹਨ। ਆਮ ਘਰਾਂ ਦੇ ਇਹ ਆਮ ਲੋਕ ਉਸ ਸਟੇਟ ਨੂੰ ਹਰਾਉਣ ਵਾਲੇ ਹਨ, ਜੋ ਕਿ ਦੁਨੀਆਂ ਦੀ ਤੀਜੇ ਨੰਬਰ ਦੀ ਫੌਜ਼ ਹੋਣ ਦਾ ਦਾਅਵਾ ਕਰਦਾ ਹੈ, ਇੱਕ ਲੋਕ ਨਾਇਕ ਬਣ ਜਾਂਦੇ ਹਨ ।

ਬੰਦੂਕ ਦੇ ਜ਼ੋਰ ਤੇ ਆਪਣਾ ਕਬਜ਼ਾ ਸਦੀਵੀ ਸਮਝਣ ਵਾਲੀ ਸਟੇਟ ਨੇ ਕਸ਼ਮੀਰ ਨੂੰ ਦੁਨੀਆਂ ਸਾਹਮਣੇ ‘ਸਭ ਕੁਝ ਆਮ’ ਸਟੇਜ ਬਣਾਉਣ ਖ਼ਾਤਰ ਕਾਫ਼ੀ ਜੋੜ-ਤੋੜ ਕੀਤੇ ਹਨ। ਪਰ ਹਥਿਆਰਬੰਦ ਜੁਝਾਰੂ ਇਸਨੂੰ ਵੰਗਾਰਦੇ ਹਨ। ਉਹ ਕਸ਼ਮੀਰ ਦੀ ਸਿਆਸੀ ਉਮੰਗ ਨੂੰ ਵੀ ਬਸਤੀਵਾਦੀ ਨਿਜ਼ਾਮ ਦੇ ਮੁਖ਼ਾਲਫ਼ ਚਿਹਰੇ ਵਜੋਂ ਦੇਖਦੇ ਹਨ।

ਇੱਕ ਪੁਰਾਣੀ ਕਸ਼ਮੀਰੀ ਸੂਫ਼ੀ ਨਾਅਤ ਦੇ ਬੋਲ ਹਨ ਕਿ ਆਪਣੇ ਆਪ ਨੂੰ ਪਾਕ ਕਰਨ ਦੀਆਂ ਰਸਮਾਂ ਉਹਨਾਂ ਲਈ ਕੀ ਹਨ ਜਿਨ੍ਹਾਂ ਨੇ ਆਪਣੇ ਖ਼ੂਨ ਵਿੱਚ ਇਸ਼ਨਾਨ ਕੀਤਾ ਹੋਵੇ।

ਇਕ ਕੁਰਬਾਨੀ ਦਾ ਹੀ ਜਜ਼ਬਾ ਹੈ ਕਿ ਕਸ਼ਮੀਰੀ ਹੈ ਕਿ ਕਸ਼ਮੀਰੀ ਔਰਤਾਂ, ਬੱਚੇ, ਬੁੱਢੇ ਮੁਕਾਬਲੇ ਵਾਲੀ ਥਾਂ ਤੇ ਆ ਕੇ ਜੁਝਾਰੂਆਂ ਦੀ ਢਾਲ ਬਣਦੇ ਹਨ । ਇਹੀ ਜਜ਼ਬਾ ਸ਼ਹੀਦ ਦੇ ਜਨਾਜ਼ੇ ਨੂੰ ਜਲੂਸ ਬਣਾ ਦਿੰਦਾ ਹੈ । ਆਪਣੀ ਜਾਨ ਦੇ ਰਿਸਕ ਤੇ ਲੋਕ ਆਪਣੇ ਅੰਨ੍ਹੇ ਹੋ ਜਾਣ, ਜਖ਼ਮੀ ਹੋ ਜਾਣ ਦਾ ਡਰ ਭੁੱਲ ਕੇ ਗਲ਼ੀਆਂ ਵਿੱਚ ਆ ਨਿੱਕਲਦੇ ਹਨ । ਲੋਕਾਂ ਦੀਆਂ ਭਾਵਨਾਵਾਂ ਅਤੇ ‘ਤਹਿਰੀਕ’ ਦੀਆਂ ਭਾਵਨਾਵਾਂ ਇੱਕ ਮਿੱਕ ਹੋ ਜਾਂਦੀਆਂ ਹਨ । ਹਜ਼ਾਰਾਂ ਮਾਵਾਂ ਉਹਨਾਂ ਜੁਝਾਰੂਆਂ ਲਈ ਅਰਦਾਸ ਕਰ ਰਹੀਆਂ ਹੁੰਦੀਆਂ ਹਨ ਜੋ ਕਿ ਮੁਕਾਬਲੇ ਵਿੱਚ ਫਸ ਜਾਂਦੇ ਹਨ। ਜਦੋਂ ੨੦੧੬ ਵਿੱਚ ਮਸ਼ਹੂਰ ਜੁਝਾਰੂ ਬੁਰਹਾਨ ਵਾਨੀ ਸ਼ਹੀਦ ਹੋਇਆ ਤਾਂ ਕਈ ਲੋਕਾਂ ਨੇ ਕਈ ਦਿਨਾਂ ਤੱਕ ਆਪਣੇ ਘਰਾਂ ਵਿੱਚ ਰੋਟੀ ਨਹੀਂ ਪਕਾਈ।

ਉਹ ਲੋਕਾਂ ਦੇ ਯੋਧੇ ਹਨ। ਲੋਕਾਂ ਵਿੱਚੋਂ ਹੀ ਉਹ ਆਪਣੀ ਤਾਕਤ ਹਾਸਲ ਕਰਦੇ ਹਨ। ਬਦਲੇ ਵਿੱਚ ਲੋਕ ਉਹਨਾਂ ਤੋਂ ਤਾਕਤ ਹਾਸਲ ਕਰਦੇ ਹਨ । ਉਹ ਇਨ੍ਹਾਂ ਨੌਜਵਾਨਾਂ ਦੀ ਆਪਣੀ ਜੰਮਣ ਭੋਂਇ ਤੋਂ ਕੁਰਬਾਨ ਜਾਣ ਦੇ ਜਜ਼ਬੇ ਨੂੰ ਜਾਣਦੇ ਹਨ ।

“ਅਸੀ ਖ਼ੂਨ ਦਿਯੁਤ ਨਾ…”
“ਅਸੀ ਗਾਸ਼ ਦਿਯੁਤ ਨਾ…”
“ਲਕਚਾਰ ਦਿਯੁਤ ਨਾ…”
“ਘਰੇ ਬਾਰ ਦਿਯੁਤ ਨਾ…”
“ਗ਼ਮ ਖ਼ਾਰ ਦਿਤ ਨਾ…”
“ਪਨੂਨ ਸੰਸਾਰ ਦਿਯੁਤ ਨਾ…” ( ਕਸ਼ਮੀਰੀ ਜ਼ੁਬਾਨ ਵਿੱਚ )

ਕੀ ਅਸੀਂ ਆਪਣਾ ਖ਼ੂਨ ਨਹੀਂ ਦਿੱਤਾ ?
ਕੀ ਅਸੀਂ ਆਪਣੀਆਂ ਅੱਖਾਂ ਦੀ ਕੁਰਬਾਨੀ ਨਹੀਂ ਦਿੱਤੀ ?
ਕੀ ਅਸੀਂ ਆਪਣੇ ਘਰ ਕੁਰਬਾਨ ਨਹੀਂ ਕਰ ਦਿੱਤੇ ?
ਕੀ ਅਸੀਂ ਆਪਣੇ ਜਿਗਰੀ ਯਾਰਾਂ ਦਾ ਵਿਛੋੜਾ ਨਹੀਂ ਸਹਿਆ ?
ਕੀ ਅਸੀਂ ਦੁਨੀਆਂ ਨਹੀਂ ਤਿਆਗ ਦਿੱਤੀ ?

ਜੋ ਲੋਕ ਬਚ ਜਾਣ ਵਿੱਚ ਕਾਮਯਾਬ ਹੋ ਜਾਂਦੇ ਨੇ ਉਹ ਕਸ਼ਮੀਰ ਦੇ ਇਤਿਹਾਸ ਦੇ ਸੋਮੇ ਬਣ ਜਾਂਦੇ ਨੇ। ਉਹ ਯਾਦਗਾਰਾਂ ਦੇ ਨਿਗਾਹਬਾਨ ਬਣ ਜਾਂਦੇ ਨੇ। ਕਸ਼ਮੀਰ ਵਿੱਚ ਜਿਉਂਦੇ ਰਹਿਣ ਦਾ ਮਤਲਬ ਹੈ ਭਾਰੀ ਜਾਨੀ-ਮਾਲੀ ਤੇ ਮਾਨਸਿਕ ਨੁਕਸਾਨ ਕਰਾ ਬਹਿਣਾ।

ਕੀ ਕਸ਼ਮੀਰ ਦੀ ਜ਼ਿੰਦਗੀ ਨੂੰ ਹੁਣ ਮੌਤ ਨਾਲ ਤਸ਼ਬੀਹ ਦਿੱਤੀ ਜਾਵੇ ? ਕਸ਼ਮੀਰੀਆਂ ਦੀਆਂ ਕਿੰਨੀਆਂ ਹੀ ਮੌਤਾਂ ਉਹਨਾਂ ਦੀ ਜੱਦੋ ਜਹਿਦ ਦੀ ਸ਼ਾਹਦੀ ਭਰਦੀਆਂ ਹਨ।

ਕਸ਼ਮੀਰੀ ਜੁਝਾਰੂ ਨੂੰ ਜਿਵੇਂ ਕਿ ਹਿੰਦੂ ਸਲਤਨਤ ਨੂੰ ਮਨਜ਼ੂਰ ਹੈ ਇੱਕ ‘ਅੱਤਵਾਦੀ’ ਗਰਦਾਨਿਆ ਜਾਂਦਾ ਹੈ। ਉਸ ਦੀਆਂ ਨਜ਼ਰਾਂ ਵਿੱਚ ਚੰਗਾ ਕਸ਼ਮੀਰੀ ਸਿਰਫ਼ ਉਹੀ ਹੈ ਜੋ ਪਾਲਤੂ ਬਣ ਜਾਵੇ ਤੇ ਝੁਕ ਜਾਵੇ। ਜਿਆਰਜੀਓ ਅਗਮਬੈੱਨ ਦੇ ਲਫ਼ਜ਼ਾਂ ਵਿੱਚ “ਡਾਢਿਆਂ ਦੀ ਨਜ਼ਰ ਵਿੱਚ ਆਮ ਆਦਮੀ ਤੋਂ ਵਧ ਕੇ ਕੋਈ ਅੱਤਵਾਦੀ ਨਹੀਂ ਹੈ ।” ਸਾਫ਼ ਜ਼ਾਹਰ ਹੈ ਕਸ਼ਮੀਰ ਵਿੱਚ ‘ਅੱਤਵਾਦੀ’ ਸਿਰਫ਼ ਆਪਣੇ ਫੌਜੀ ਗ਼ਲਬੇ ਨੂੰ ਜਾਇਜ਼ ਠਹਿਰਾਉਣ ਲਈ ਹੀ ਨਹੀਂ ਸਗੋਂ ਵਿਉਂਤਬੱਧ ਤਰੀਕੇ ਨਾਲ ਕਸ਼ਮੀਰੀਆਂ ਦੇ ਖ਼ਾਤਮੇ ਦਾ ਮਨਸੂਬਾ ਵੀ ਹੈ। ਅਖੌਤੀ ‘ਅੱਤਵਾਦ’ ਜੋ ੯-੧੧ ਦੇ ਪਰਦੇ ਥੱਲੇ ਇਸਲਾਮ ਦਾ ਖ਼ੌਫ਼ ਪੈਦਾ ਕਰਦਾ ਮਾਹੌਲ ਭਾਰਤ ਨੂੰ ਬੜਾ ਰਾਸ ਆਇਆ, ‘ਸੁਰੱਖਿਆ’ ਦੇ ਨਾਂ ਥੱਲੇ ਹਰ ਉਸ ਕਦਮ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਗਈ ਜੋ ਨਵ-ਬਸਤੀਵਾਦ ਦੀ ਪੌੜੀ ਚੜ੍ਹ ਕੇ ਕਸ਼ਮੀਰ ਨੂੰ ਗ਼ੁਲਾਮ ਰੱਖਣਾ ਚਾਹੁੰਦਾ ਸੀ। ਹਥਿਆਰਬੰਦ ਜੁਝਾਰੂਆਂ ਨੂੰ ‘ਇਸਲਾਮਿਕ’ ‘ਜਿਹਾਦੀ’ ‘ਕਸ਼ਮੀਰੀ ਅੱਤਵਾਦੀ’ ਦੇ ਖ਼ਿਤਾਬ ਦੇ ਕੇ ਨਿਵਾਜ਼ਿਆ ਜਾਂਦਾ ਹੈ ।

ਆਮ ਭਾਰਤੀ ਨੂੰ ਇਹ ਖ਼ੁਰਾਕ ਭਾਰਤੀ ਫ਼ਿਲਮ ਸਨਅਤ ਤੇ ਇਹਦਾ ਮੀਡੀਆ ਦਿੰਦਾ ਹੈ। ਉਹ ਆਮ ਭਾਰਤੀ ਨੂੰ ‘ਅਖੰਡ ਭਾਰਤ’ ਦਾ ਖ਼ਾਬ ਦਿਖਾ ਕੇ ਕਸ਼ਮੀਰ ਤੇ ਆਪਣੇ ਦਾਅਵੇ ਦਾ ਹੱਕ ਸਹੀ ਸਾਬਤ ਕਰਦਾ ਹੈ। ਭਾਵੇਂ ਕਿ ਇਹ ਦਾਅਵਾ ਕਿਸੇ ਵੀ ਤਰ੍ਹਾਂ ਦੇ ਕਸ਼ਮੀਰੀ ਵਜੂਦ ‘ਲਿਬਰਲ’ ‘ਬੇਕਸੂਰ’ ਜਾਂ ਕਿਸੇ ਹੋਰ ਕਿਸਮ ਦੇ ਸਟੇਟ ਦੇ ਬਣਾਏ ਹੋਏ ਗਰੁੱਪਾਂ ਦੇ ਰੂਪ ਦੀ ਮੌਤ ਦੀ ਕੀਮਤ ਤੇ ਹੋਵੇ। ਅਜਿਹੀ ਕਿਸਮ ਦੀ ਵੰਡ ਵਿੱਚੋਂ ਕਸ਼ਮੀਰੀ ਜੁਝਾਰੂ ਗ਼ਾਇਬ ਹੈ ਜਿਸ ਤੇ ਕਿ ਸਟੇਟ ਦਾ ‘ਅਫ਼ਸੋਸ’ ਨਹੀਂ ਹੁੰਦਾ। ਕਿਉਂਕਿ ਉਹਹ ਬਾਗ਼ੀ ਹੈ ਇਸ ਲਈ ਉਹ ਮਾਸੂਮ ਨਹੀਂ ਹੁੰਦਾ। ਭਾਰਤੀ ਸਟੇਟ ਦੀ ਇਹ ਸ਼ਾਖ਼ਾ ਸਿਰਫ਼ ਝੁਕ ਗਏ ਕਸਮੀਰੀ ਨੂੰ ਹੀ ‘ਮਾਸੂਮ’ ਤੇ ਮਾਤਮ ਕਰਨਯੋਗ ਸਮਝਦੀ ਹੈ । ਇਹ ਮਿੱਥ ਇਹਨਾਂ ਕਸ਼ਮੀਰੀਆਂ ਨੂੰ ਸਿਆਸੀ ਨਕਸ਼ੇ ਤੋਂ ਗ਼ਾਇਬ ਸਮਝਦਾ ਹੈ । ਇਹ ਇੱਕ ਹੋਰ ਧਾਰਨਾ ‘ਵਿਚਾਰੇ ਬੇਕਸੂਰ ਕਸ਼ਮੀਰੀ’ ਨੂੰ ਵੀ ਸਿਰਜਦਾ ਹੈ ਜੋ ਦੋ ਪਾਸਿਆਂ ਤੋਂ ਬੰਦੂਕਾਂ ਦੀ ਮਾਰ ਹੇਠ ਹਨ। ਇਹਨਾਂ ਦੋਵਾਂ ਕਿਸਮਾਂ ਦੀਆਂ ਬੰਦੂਕਾਂ ਵਿੱਚ ਫ਼ਰਕ ਨਾ ਕਰਨ ਕਰਕੇ ਇਹ ਜੁਝਾਰੂਆਂ ਦੀ ਜੱਦੋ ਜਹਿਦ ਨੂੰ ਮੁਜਰਿਮਾਨਾ ਰੰਗਤ ਦਿੰਦਾ ਹੈ। ਸਿਆਸੀ ਸੂਝ ਦੀ ਘਾਟ ਹੋਣ ਕਰਕੇ ਇਹ ਫ਼ੈਸਲਿਆਂ ਨੂੰ ਧੁੰਦਲਾ ਕਰਦਾ ਹੈ ਤੇ ਸਿਆਸੀ ਮੁਸ਼ਕਲ ਨੂੰ ਧਰਮ ਦੇ ਵਖਰੇਵੇਂ ਦੀ ਐਨਕ ਵਿੱਚੋਂ ਵੇਖਦਾ ਹੈ। ਇਹ ਮਿੱਥ ਇਹ ਵੇਖਣ ਵਿੱਚ ਨਕਾਮ ਰਹਿੰਦਾ ਹੈ ਕਿ ਆਖ਼ਰ ਕਿਉਂ ਲੋਕ ਅਜ਼ਾਦੀ ਨੂੰ ਏਨੀ ਸ਼ਿੱਦਤ ਨਾਲ ਚਾਹੁੰਦੇ ਹਨ। ਕਿਉਂ ਗ਼ੁਲਾਮੀ ਨੂੰ ਇਸ ਤਲਖ਼ੀ ਨਾਲ ਮਹਿਸੂਸ ਕਰ ਰਹੇ ਹਨ।

ਕਿਉਂਕਿ ਭਾਰਤੀ ਹਕੂਮਤੀ ਨਿਜ਼ਾਮ ਆਪਣੇ ਹੀ ਸਿਰਜੇ ਹੋਏ ਪੈਮਾਨਿਆਂ ਦੀ ਮਿਣਤੀ ਨਾਲ ‘ਵਿਚਾਰੇ ਮਸੂਮ ਕਸ਼ਮੀਰੀ’ ਨੂੰ ਬਚਾਉਣ ਤੇ ‘ਅੱਤਵਾਦੀ’ ਨੂੰ ‘ਸਿੱਧਾ ਕਰਨ’ ਦੀ ਮਸ਼ਹੂਰੀ ਕਰਦਾ ਹੈ।

ਕਈ ਤਰ੍ਹਾਂ ਦੇ ਹਰਬੇ ਵਰਤ ਕੇ ਸਟੇਟ ਹਥਿਆਰਬੰਦ ਜੱਦੋ-ਜਹਿਦ ਦੀਆਂ ਸਿਆਸੀ ਜੜ੍ਹਾਂ ਨੂੰ ਰੱਦ ਕਰਦੀ ਹੋਈ ਲੋਕਾਂ ਦੀ ਜ਼ਿੰਦਗੀ ਤੇ ਹੱਕ ਜਮਾਉਣਾ ਚਾਹੁੰਦੀ ਹੈ। ਲੋਕਾਂ ਦੇ ਦੁੱਖ ਤਕਲੀਫ਼ਾਂ ਉਹਨਾਂ ਦੀ ਯਾਦਾਂ, ਕਹਾਣੀਆਂ, ਹੰਝੂ ਉਹਨਾਂ ਨਾਲ ਹੋਏ ਗ਼ੈਰ ਇਨਸਾਨੀ ਵਤੀਰੇ ਦੀ ਦੱਸ ਪਾਉਂਦੀਆਂ ਹਨ। ਉਹ ਉਸ ਖ਼ਲਾਅ ਦੀ ਗੱਲ ਕਰਦੇ ਹਨ ਜੋ ਸ਼ਹੀਦ ਛੱਡ ਗਏ ਹਨ । ਉਹਨਾਂ ਨੂੰ ਯਾਦ ਹੈ ਕਿ ਉਹ ਲੋਕ ਮੁੜ ਨਹੀਂ ਪਰਤਣਗੇ। ਜਾਨੀ ਤੇ ਮਾਲੀ ਨੁਕਸਾਨ ਤਾਂ ਹੈ ਹੀ। ਸ਼ਹੀਦਾਂ ਦੀਆਂ ਯਾਦਾਂ ਦੀ ਪੈੜ ਲੱਭਦਿਆਂ ਇਹ ਲੋਕ ਉਹਨਾਂ ਦੀਆਂ ਯਾਦਾਂ ਦਾ ਸੋਮਾ ਹਨ। ਇਹ ਯਾਦਾਂ, ਦੁੱਖ ਨੂੰ ਸਿਆਸੀ ਉਮੰਗ ਦੀ ਸ਼ਕਲ ਵਿੱਚ ਢਾਲ਼ ਦਿੰਦੀਆਂ ਹਨ । ਇਹ ਜੁਝਾਰੂਆਂ ਦੀ ਗ਼ੈਰ ਹਾਜ਼ਰੀ ਵਿੱਚ ਵੀ ਉਹਨਾਂ ਦੀ ਹਾਜ਼ਰੀ ਦਾ ਅਹਿਸਾਸ ਕਰਵਾਉਂਦੀਆਂ ਹਨ। ਕਸ਼ਮੀਰੀ ਜੁਝਾਰੂਆਂ ਨੂੰ ‘ਰਾਕਸ਼’ ਸਾਬਤ ਕਰਦੇ ਇਸ ਅਮਲ ਦਾ ਟਾਕਰਾ ਇਹ ਲੋਕ ਉਹਨਾਂ ਦੀਆਂ ਯਾਦਗਾਰਾਂ ਬਣਾ ਕੇ ਸਾਂਭ ਕੇ ਕਰਦੇ ਹਨ।

ਜਦੋਂ ਸਟੇਟ ਇਸ ਅਮਲ ਨੂੰ ਸਜ਼ਾ ਨਹੀਂ ਦੇ ਸਕਦਾ ਉਸਦਾ ਗੁੱਸਾ ਯਾਦਗਾਰ ਬਣਾਉਣ ਤੇ ਸਾਂਭਣ ਵਾਲਿਆਂ ਤੇ ਫੁੱਟਦਾ ਹੈ। ਗ਼ਲੀਆਂ ਵਿੱਚ ਨਿਕਲੇ ਲੋਕ, ਮੁਕਾਬਲੇ ਵਾਲੀ ਥਾਂ ਵੱਲ ਭੱਜੇ ਜਾਂਦੇ ਲੋਕ, ਜਨਾਜ਼ਿਆਂ ਵਿੱਚ ਸ਼ਾਮਲ ਲੋਕ ਭਾਰਤੀ ਬਲਾਂ ਦੇ ਕਹਿਰ ਦਾ ਸ਼ਿਕਾਰ ਜ਼ਰੂਰ ਬਣਦੇ ਹਨ। ਸਨ ੨੦੧੭ ਵਿੱਚ ਭਾਰਤੀ ਫੌਜੀ ਚੀਫ਼ ਨੇ ਕਿਹਾ ਸੀ ਕਿ ਜੋ ਵੀ ਮੁਕਾਬਲੇ ਵਿੱਚ ਰੋੜਾ ਬਣਦਾ ਹੈ ਉਸਨੂੰ ਅੱਤਵਾਦੀਆਂ ਦਾ ਕਾਰਕੁੰਨ ਹੀ ਸਮਝਿਆ ਜਾਣਾ ਚਾਹੰਦਾ ਹੈ। ਪਹਿਲਾਂ ੨੦੦੯ ਵਿੱਚ ਨੌਰਦਰਨ ਕਮਾਂਡ ਦੇ ਜਨਰਲ ਆਫ਼ਿਸਰ ਕਮਾਂਡਿੰਗ-ਇਨ-ਚੀਫ਼ ਜਨਰਲ ਬੀ.ਐੱਸ ਜਸਵਾਲ ਨੇ ਅਜਿਹੇ ਲੋਕਾਂ ਨੂੰ ‘ਵਿਖਾਵਾਕਾਰੀ ਅੱਤਵਾਦੀ’ ਦਾ ਨਾਂ ਦਿੱਤਾ ਸੀ। ਉਹਨੇ ਹਰ ਕਸ਼ਮੀਰੀ ਰੋਸ ਮੁਜ਼ਾਹਰੇ ਪਿੱਛੇ ਪਾਕਿਸਤਾਨ ਦਾ ਹੱਥ ਹੋਣ ਦੀ ਗੱਲ ਕੀਤੀ ਤੇ ਇਸਨੂੰ ਇੱਕ ਕਾਤਲ ਸਟੇਟ ਕਿਹਾ ਸੀ। ਕੋਈ ਵੀ ਕਸ਼ਮੀਰੀ ਜੋ ਇਨਸਾਨ ਹੋਣ ਦਾ ਐਲਾਨ ਕਰਦਾ ਹੈ ਸਟੇਟ ਲਈ ‘ਅੱਤਵਾਦੀ’ ਹੈ ਜਿਸ ਵਾਸਤੇ ਉਹਨਾਂ ਕੋਲ ਇਸਦਾ ਸਿਰਫ਼ ਇੱਕ ਇਲਾਜ ਹੈ – ਮੌਤ, ਤੇ ਇਸ ਲਈ ਉਹ ਕਿਸੇ ਨੂੰ ਜਵਾਬਦੇਹ ਨਹੀਂ ਹੈ।

ਇੱਥੇ ਇਹ ਦੱਸਣਾ ਜ਼ਰੂਰੀ ਬਣ ਜਾਂਦਾ ਹੈ ਕਿ ਸਿਆਸੀ ਹੱਲ ਦਾ ਬਦਲ ਫੌਜੀ ਗ਼ਲਬਾ ਨਹੀਂ ਹੈ। ਬਲਕਿ ਸਿਆਸੀ ਹੱਲ ਫੌਜੀ ਉਲਝਣ ਨੂੰ ਸੁਲਝਾ ਸਕਦਾ ਹੈ।

ਭਾਰਤ ਕਿਸੇ ਵੀ ਤਰ੍ਹਾਂ ਨਾਲ ਕਸ਼ਮੀਰ ਤੇ ਆਪਣਾ ਦਾਅਵਾ ਜਾਇਜ਼ ਠਹਿਰਾਅ ਸਕਣ ਦੀ ਸੂਰਤ ਵਿੱਚ ਫੌਜ ਦੇ ਜੌਰ ਤੇ ਕਸ਼ਮੀਰ ਦੱਬੀ ਬੈਠਾ ਹੈ। ਮੁਕਾਮੀ ਕਸ਼ਮੀਰੀ ਇਸ ਗੱਲ ਬਹੁਤ ਬੁਰਾ ਮਨਾਉਂਦੇ ਹਨ ਕਿ ਉਹਨਾਂ ਦੀਆਂ ਗੈਰ ਹਿੰਸਕ ਕਾਰਵਾਈਆਂ ਨੂੰ ਵੀ ਹਿੰਸਕ ਤਰੀਕੇ ਨਾਲ ਦਬਾ ਦਿੱਤਾ ਜਾਂਦਾ ਹੈ। ਉਹ ਹਥਿਆਰਬੰਦ ਜੱਦੋ-ਜਹਿਦ ਨੂੰ ਆਪਣੇ ਗੈਰ ਹਿੰਸਕ ਜੱਦੋ-ਜਹਿਦ ਦਾ ਹੀ ਇੱਕ ਅੰਗ ਮੰਨਦੇ ਹਨ।

ਆਪਣੇ ਸਿਆਸੀ ਖਿਆਲਾਂ ਤੇ ਵਖਰੇਵਿਆਂ ਦੇ ਬਾਵਜੂਦ ਕਸ਼ਮੀਰੀ ਜੁਝਾਰੂ ਮੁਕਾਮੀ ਸਿਆਸਤ ਵਿੱਚ ਸਰਗਰਮ ਰਹਿੰਦੇ ਹਨ। ਇਹ ਲੋਕ ਕਸ਼ਮੀਰ ਨੂੰ ਭਾਰਤ ਤੋਂ ਅਜ਼ਾਦ ਕਰਾਉਣ ਦਾ ਹਰ ਰਾਹ ਵੇਖਦੇ ਹਨ। ਕੁਝ ਲੋਕ ਇਸਨੂੰ ਪਾਕਿਸਤਾਨ ਨਾਲ ਮਿਲਾਉਣਾ ਚਾਹੁੰਦੇ ਹਨ ਤੇ ਕੁਝ ਇਸਨੂੰ ਅਜ਼ਾਦ ਮੁਲਕ ਦੀ ਹੈਸੀਅਤ ਵਿੱਚ ਵੇਖਦੇ ਹਨ।

ਸ਼ੁਰੂ ਦੇ ਦੌਰ ਵਿੱਚ ਹਥਿਆਰਬੰਦ ਸੰਘਰਸ਼ ਵਿੱਚ ‘ਹੈਦਰੀ ਕਾਲਮ’ ੧੯੪੮ ਤੇ ਮਾਸਟਰ ਸੈੱਲ ਅਤੇ ਅਲ-ਫ਼ਤਹ ੧੯੬੦ ਦੇ ਉਭਾਰ ਹੋਏ। ਹਥਿਆਰਬੰਦ ਸੰਘਰਸ਼ ੧੯੮੯ ਵਿੱਚ ਜ਼ੋਰ ਫੜ੍ਹ ਗਿਆ। ਇਹ ਸਾਰੇ ਲੋਕਾਂ ਦੀ ਆਵਾਜ਼ ਬਣ ਗਿਆ। ਤਨਜ਼ੀਮਾਂ ਜਿਵੇਂ ‘ਹਰਕਤ-ਉਲ-ਮੁਜਾਹਿਦੀਨ’, ‘ਅੱਲਾਹ ਟਾਈਗਰ’, ਜੰਮੂ ਕਸ਼ਮੀਰ ਲਿਬਰੇਸ਼ਨ ਫ਼ਰੰਟ’, ‘ਅਲ-ਉਮਰ’, ਹਿਜ਼ਬੁਲ-ਮੁਜਾਹਿਦੀਨ’ ਅਤੇ ‘ਮੁਸਲਿਮ ਜਾਂਬਾਜ਼ ਫੋਰਸ’ ਤੇ ਹੋਰ ਹੋਂਦ ਵਿੱਚ ਆਈਆਂ। ਇਹਨਾਂ ਲੜਾਕਿਆਂ ਵਿੱਚ ਇੰਜਨੀਅਰ, ਐਥਲੀਟ, ਆਮ ਆਦਮੀ, ਪੀ.ਐੱਚ.ਡੀ., ਪ੍ਰੋਫ਼ੈਸਰ, ਪਾਇਲਟ, ਦਰਜ਼ੀ, ਸਰਕਾਰੀ ਮੁਲਾਜ਼ਮ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਲੋਕ ਸਨ । ਇਹ ਸਾਰੇ ਵੱਖ-੨ ਤਰਾਂ ਦੇ ਪਰਿਵਾਰਾਂ ਪਿੰਡਾਂ ਸ਼ਹਿਰਾਂ ਵਿੱਚੋਂ ਆਏ ਸਨ।

ਇਹ ਲੋਕ ਸਮੁੱਚੇ ਰੂਪ ਵਿੱਚ, ਜ਼ਿੰਦਗੀ ਜਾਂ ਮੌਤ, ਦੇ ਤੌਰ ਤੇ ਕਸ਼ਮੀਰੀ ਲੋਕਾਂ ਦਾ ਸਰਮਾਇਆ ਹਨ। ਇਹਨਾਂ ਦੇ ਖ਼ਤ, ਡਾਇਰੀਆਂ, ਵਿਚਾਰ, ਅਖ਼ਬਾਰੀ ਬਿਆਨ ਸੋਸ਼ਲ ਮੀਡੀਆ ਇਹਨਾਂ ਦੇ ਸੰਘਰਸ਼ ਦਾ ਦਿਮਾਗੀ ਪੱਖ ਉਜਾਗਰ ਕਰਦੇ ਹਨ। ਆਮ ਕਸ਼ਮੀਰੀ ਦਿਮਾਗ ਤੇ ਸੋਚ ਇਹਨਾਂ ਨਾਲ ਇੱਕ ਮਿੱਕ ਹੈ। ਇਸੇ ਲਈ ਇਹ ਹਰ ਕਸ਼ਮੀਰੀ ਇਨਸਾਨ ਦੇ ਹੀਰੋ ਹਨ। ਇਹ ਬਾਗੀ ਸਾਹਿਤ ਸੱਭਿਆਚਾਰ ਯਾਦਾਂ ਸ਼ਹੀਦ ਦੇ ਦਰਜੇ ਨੂੰ ਇੰਨਾ ਬੁਲੰਦ ਕਰਦੀਆਂ ਹਨ ਕਿ ਇਹ ਹਰ ਇੱਕ ਕਸ਼ਮੀਰੀ ਦੀ ਰਗ-ਰਗ ਵਿੱਚ ਸਮਾ ਜਾਂਦੇ ਹਨ।

ਆਪਣਾ ਸਰੀਰ ਦੇ ਕੇ ਇਹ ਸ਼ਹੀਦ ਸਰੀਰਾਂ ਦੀ ਵਲ਼ਗਣ ਵਿੱਚੋਂ ਪਾਰ ਲੰਘ ਜਾਂਦੇ ਹਨ । ਪੀੜ੍ਹੀ-ਦਰ-ਪੀੜ੍ਹੀ ਇਹ ਲੋਕਾਂ ਦੀਆਂ ਯਾਦਾਂ ਵਿੱਚ ਸਮਾਉਂਦੇ ਚੱਲੇ ਆ ਰਹੇ ਹਨ । ਆਮ ਘਰਾਂ ਦੇ ਇਹ ਆਮ ਲੋਕ ਉਹਨਾਂ ਲਈ ਖ਼ਾਸ ਹੋ ਨਿੱਬੜਦੇ ਹਨ । ਲੋਕ ਸ਼ਹਾਦਤ ਨੂੰ ਧਾਰਮਿਕ ਤੇ ਸਿਆਸੀ ਦੋਵਾਂ ਨਜ਼ਰੀਆਂ ਤੋਂ ਵੇਖਦੇ ਹਨ ਸੋ ਜਹਾਦ ਵਿੱਚ ਸਿਆਸੀ ਤੇ ਧਾਰਮਿਕ ਤੱਤ ਮੌਜੂਦ ਹੈ । ਇਸੇ ਲਈ ਸ਼ਹੀਦਾਂ ਦੀ ਯਾਦ ਤੇ ਇਹਦੇ ਨਾਲ ਜੁੜੇ ਅਮਲ ਲੋਕ ਮਨਾਂ ਵਿੱਚ ਡੂੰਘੇ ਉੱਤਰ ਗਏ ਹਨ । ਇਹ ਸਭ ਭਾਰਤੀ ਸਟੇਟ ਨੂੰ ਹੋਰ ਚਿੜਾਉਂਦੇ ਹੈ । ਜਿਸਦੇ ਨਿਜ਼ਾਮ ਨੂੰ ਸ਼ਹੀਦ ਸੱਟ ਮਾਰ ਰਹੇ ਹੁੰਦੇ ਹਨ । ਇਹ ਉਸ ਮਿੱਥ ਨੂੰ ਤੋੜਦਾ ਹੈ ਜੋ ਭਾਰਤੀ ਨਿਜ਼ਾਮ ਨੇ ਆਪਣੇ ਤੌਰ ਤੇ ਇੱਕ ਦੱਬੂ ਤੇ ਗ਼ੁਲਾਮ ਨੂੰ ‘ਕਸ਼ਮੀਰੀਅਤ’ ਕਹਿ ਕੇ ਸਿਰਜਿਆ ਹੋਇਆ ਹੈ ।

ਭਾਰਤੀ ਸਟੇਟ ਦੇ ਗੁੱਸੇ ਦੀ ਹੱਦ ਨੂੰ ਇੱਥੋਂ ਸਮਝਿਆ ਜਾ ਸਕਦਾ ਹੈ ਕਿ ਇਸਨੇ ਸਿਰਫ਼ ਸਾਲ ੨੦੨੦ ਵਿੱਚ ਹੁਣ ਤੱਕ ਹੀ ੧੦੦ ਤੋਂ ਵੱਧ ਲੋਕਾਂ ਨੂੰ ‘ਅੱਤਵਾਦੀ’ ਕਹਿ ਕੇ ਮਾਰ ਦਿੱਤਾ ਹੈ। ਪਿਛਲੇ ਕੁਝ ਮਹੀਨਿਆਂ ਤੋਂ ਭਾਰਤੀ ਸਟੇਟ ਪਿੰਡਾਂ ਤੋਂ ਦੂਰ ਅਜਿਹੀ ਜਗ੍ਹਾ ਨਵੇਂ ਕਬਰਸਤਾਨ ਬਣਾਏ ਹਨ ਜਿੱਥੇ ਜਲਸੇ ਜਲੂਸ ਇੱਥੋਂ ਤੱਕ ਕਿ ਨਮਾਜ਼ ਦੀ ਵੀ ਇਜਾਜ਼ਤ ਨਹੀਂ ਹੈ। ਬਾਗੀ ਜੁਝਾਰੂਆਂ ਨੂੰ ਜਾਂ ਤਾਂ ਅਣਦੱਸੀ ਥਾਂ ਤੇ ਦਫ਼ਨਾਇਆ ਜਾਂਦਾ ਹੈ ਜਾਂ ਫ਼ਿਰ ਬਹੁਤ ਘੱਟ ਪਰਿਵਾਰਾਂ ਨੂੰ ਹੀ ਇਜਾਜ਼ਤ ਦਿੱਤੀ ਜਾਂਦੀ ਹੈ। ਕਈਆਂ ਨੂੰ ਤਾਂ ਸ਼ਹੀਦ ਦੇ ਆਖ਼ਰੀ ਦਰਸ਼ਨ ਵੀ ਨਹੀਂ ਕਰਨ ਦਿੱਤੇ ਜਾਂਦੇ। ਸ਼ਹੀਦ ਕਸ਼ਮੀਰੀਆਂ ਨੂੰ ਵੀ ਉਹਨਾਂ ਦੇ ਜੱਦੀ ਕਬਰਸਤਾਨਾਂ ਵਿੱਚ ਵੀ ਦਫ਼ਨਾਉਣ ਨਹੀਂ ਦਿੱਤਾ ਜਾਂਦਾ । ਜਿੱਥੇ ਕਿ ਉਹਨਾਂ ਦੀਆਂ ਕਈ ਪੀੜ੍ਹੀਆਂ ਦੀਆਂ ਯਾਦਾਂ ਜੁੜੀਆਂ ਹੋਈਆਂ ਹੁੰਦੀਆਂ ਹਨ।

ਇਹ ਸਭ ਜਾਣ ਬੁੱਝ ਕੇ ਵਿਉਂਤਬੱਧ ਤਰੀਕੇ ਨਾਲ ਕੀਤਾ ਜਾਂਦਾ ਹੈ ਕਿਉਂਕਿ ਕਸ਼ਮੀਰੀ ਯਾਦ ਦੀ ਤਾਕਤ ਉਹਨਾਂ ਨੂੰ ਖ਼ਤਰਾ ਲੱਗਦੀ ਹੈ। ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਭਾਰਤੀ ਸਟੇਟ ਨੇ ਉਹਨਾਂ ਦੀ ਇਸ ਤਾਕਤ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੋ ਹੁਣ ਨਵਾਂ ਹੈ ਉਹ ਇਹ ਕਿ ਹੁਣ ਸ਼ਹੀਦ ਜੁਝਾਰੁਆਂ ਦੀਆਂ ਲਾਸ਼ਾਂ ਵਾਪਸ ਹੀ ਨਹੀਂ ਕੀਤੀਆਂ ਜਾਂਦੀਆਂ। ਚਾਹੇ ਉਹ ਪਛਾਣੇ ਵੀ ਜਾ ਚੁੱਕੇ ਹੋਣ ਸਟੇਟ ਉਹਨਾਂ ਨੂੰ ‘ਅਣਪਛਾਤੇ’ ਕਰਾਰ ਦੇਣ ਤੇ ਤੁਲੀ ਹੋਈ ਹੈ। ਇਹਨਾਂ ਦੇ ਵਾਰਸਾਂ ਨੂੰ ਅਫ਼ਸਰਸ਼ਾਹੀ ਦੀ ਘੁੰਮਣ ਘੇਰੀ ਫੌਜੀ ਬੇਰਹਿਮੀ ਤੇ ਡੀ.ਐੱਨ.ਏ ਦੇ ਟੈਸਟਾਂ ਦੇ ਅੜਿੱਕੇ ਡਾਹ ਕੇ ਹੈਰਾਨ ਕੀਤਾ ਜਾਂਦਾ ਹੈ।

ਪਿਛਲੇ ਕੁਝ ਸਾਲਾਂ ਤੋਂ ਫੌਜ ਮੁਕਾਬਲੇ ਵਾਲੀ ਥਾਂ ਤੇ ਰਸਾਇਣਕ ਹਥਿਆਰਾਂ ਦੀ ਵਰਤੋਂ ਕਰ ਰਹੀ ਹੈ। ਦੁਵੱਲੀ ਫ਼ਾਇਰਿੰਗ ਵਿੱਚ ਨੁਕਸਾਨ ਕਹਿ ਕੇ ਇਹ ਇੱਕ ਸ਼ਾਤਰ ਤਰੀਕਾ ਹੈ ਤਾਂ ਕਿ ਜੁਝਾਰੂਆਂ ਦੇ ਸਰੀਰ ਇੰਨੇ ਨੁਕਸਾਨੇ ਜਾਣ ਕਿ ਉਹਨਾਂ ਦੀ ਪਛਾਣ ਨਾ ਹੋ ਸਕੇ। ਕਈ ਵਾਰ ਅਜਿਹਾ ਹੋਇਆ ਹੈ ਕਿ ਮੁਕਾਬਲੇ ਵਾਲੀ ਥਾਂ ਤੋਂ ਸਿਰਫ਼ ਕੁਝ ਕਿਲੋਗ੍ਰਾਮ ਸੜੇ ਹੋਏ ਮਾਸ ਦੇ ਚੀਥੜੇ ਹੀ ਬਰਾਮਦ ਹੋਏ ਹਨ। ਜੁਝਾਰੂਆਂ ਦੀਆਂ ਲਾਸ਼ਾਂ ਨੂੰ ਉਘੜ-ਦੁਘੜੇ ਰਾਹਾਂ ਵਿੱਚ ਕਈ ਕਿਲੋਮੀਟਰਾਂ ਤੱਕ ਘੜੀਸਿਆ ਜਾਂਦਾ ਹੈ ਤਾਂ ਕਿ ਉਹਨਾਂ ਦੇ ਚਿਹਰੇ ਬੇਪਛਾਣ ਹੋ ਜਾਣ ਤੇ ਉਸਦੀ ਸ਼ਹਾਦਤ ਤੇ ਹੋਣ ਵਾਲੇ ਇਕੱਠ ਨੂੰ ਰੋਕਿਆ ਜਾ ਸਕੇ। ਪਰ ਹੁਣ ਤਾਂ ਛੋਟੇ-ਮੋਟੇ ਇਕੱਠ ਵੀ ਨਹੀਂ ਹੋਣ ਦਿੱਤੇ ਜਾਂਦੇ ।

ਪਰ ਉਹਨਾਂ ਦੀਆਂ ਯਾਦਾਂ ਨੂੰ ਰੋਕਣਾ ਮੁਸ਼ਕਲ ਹੈ। ਯਾਦਾਂ ਹਰ ਇੱਕ ਜੁਝਾਰੂ ਦੀ ਇੱਕ ਵੱਖਰੀ ਤਸਵੀਰ ਪੇਸ਼ ਕਰਦੀਆਂ ਹਨ। ਉਹ ਦੱਸਦੀਆਂ ਹਨ ਕਿ ਉਹ ਕੀ ਸਨ ਉਹਨਾਂ ਨੇ ਕੀ ਕੀਤਾ ? ਜਦੋਂ ਜੁਝਾਰੂ ਸ਼ਹੀਦ ਹੋ ਜਾਂਦੇ ਹਨ ਉਹਨਾਂ ਦੀਆਂ ਲੁਕਣਗਾਹਾਂ ਵੀ ਤੀਰਥ ਦਾ ਰੂਪ ਲੈ ਲੈਂਦੀਆਂ ਹਨ। ਸ਼ਹੀਦਾਂ ਦਾ ਗੁਆਂਢ ਉਹਦੇ ਕਾਰਨਾਮੇ, ਮੁਕਾਬਲੇ ਦੀ ਜਗ੍ਹਾ ਤੇ ਸਮਾਰਕ ਭਾਰਤੀ ਧੌਂਸ ਨੂੰ ਰੱਦ ਕਰਦੀਆਂ ਹਨ। ਇਹ ਕਸ਼ਮੀਰ ਦੀ ਅਜ਼ਾਦੀ ਦੇ ਹਰਕਾਰੇ ਬਣ ਜਾਂਦੇ ਹਨ। ਜਦੋਂ ਲੋਕ ਆਪਣੇ ਸ਼ਹੀਦ ਦੀ ਬਾਤ ਪਾਉਂਦੇ ਹਨ ਤਾਂ ਬੱਚੇ ਇਸਨੂੰ ਯਾਦ ਰੱਖਣ ਦਾ ਅਹਿਦ ਕਰਦੇ ਹਨ । ਬੱਚੇ ਆਪਣੇ ਸ਼ਹੀਦ ਲਈ ਅਰਦਾਸ ਕਰਦੇ ਹਨ। ਆਪਣੇ ਨਾਂ ਨਾਲ ਪਛਾਣੇ ਜਾ ਸਕਣ ਦੀ ਬਜਾਏ ਲੋਕ ਸ਼ਹੀਦ ਦਾ ਭਰਾ ਸ਼ਹੀਦ ਦੀ ਮਾਤਾ ਵਗੈਰਾ ਨਾਲ ਪਛਾਣੇ ਜਾਂਦੇ ਹਨ। ਇਹ ਸ਼ਹੀਦ ਉਹਨਾਂ ਦੀ ਰੋਜ਼ ਮਰ੍ਹਾ ਦੀ ਜ਼ਿੰਦਗੀ ਦਾ ਹਿੱਸਾ ਬਣ ਗਏ ਹਨ। ਇਹ ਲੋਕ ਉਹਨਾਂ ਦੀਆਂ ਯਾਦਾਂ ਵਿੱਚ ‘ਕਸ਼ਮੀਰ ਦੇ ਰਾਖੇ’ ਦੇ ਤੌਰ ਤੇ ਸਾਂਭੇ ਪਏ ਹਨ।

ਇਹ ਬਾਗੀ ਕਸ਼ਮੀਰੀ ਜੁਝਾਰੂ ਆਮ ਕਸ਼ਮੀਰੀਆਂ ਨਾਲ ਜੁੜੇ ਹੋਏ ਹਨ । ਸੱਭਿਆਚਾਰਕ ਕਦਰਾਂ ਕੀਮਤਾਂ ਇਹਨਾਂ ਦੀ ਅਹਿਮ ਕੜੀ ਹੈ। ਯਾਦ ਇੱਕ ਅਹਿਮ ਕੜੀ ਹੈ। ਇਹ ਸਭ ਭਾਰਤੀ ਦਾਬੇ ਦੇ ਖ਼ਿਲਾਫ਼ ਪੈਦਾ ਹੋਣ ਵਾਲੀ ਬਗਾਵਤ ਲਈ ਇੱਕ ਜ਼ਮੀਨ ਤਿਆਰ ਕਰਦਾ ਹੈ।

⁂⁂⁂

ਮੌਤ ਬਾਗੀ ਨੂੰ ਸ਼ਹਾਦਤ ਦੇ ਦਰਜੇ ਤੱਕ ਪਹੁੰਚਾ ਦਿੰਦੀ ਹੈ । ਉਹ ਕਸ਼ਮੀਰ ਦੇ ਦੁੱਖਾਂ ਦਾ ਗਵਾਹ ਹੈ । ਇਹ ਸਾਬਤ ਕਰਦਾ ਹੈ ਕਿ ਦੁਨੀਆਂ ਦੀ ਵੱਡੀ ਜਮਹੂਰੀਅਤ ਲੋਕਾਂ ਦੀ ਜਾਇਜ਼ ਮੰਗਾਂ ਤੋਂ ਕਿੰਨਾ ਡਰਦੀ ਹੈ।

ਪਰ ਕਸ਼ਮੀਰੀ ਕੀ ਚਾਹੁੰਦੇ ਹਨ? ਦੁਨੀਆਂ ਜਾਣਨਾ ਚਾਹੁੰਦੀ ਹੈ।

⁂⁂⁂

ਕਿਤੇ ਨਾ ਕਿਤੇ ਇੱਕ ਭਾਰਤੀ ਕਸ਼ਮੀਰ ਵਿੱਚ ਆਪਣੀ ਕਿਸੇ ਨਵੀਂ ਦਲੇਰਾਨਾ ਅਠਖੇਲੀ ਦੇ ਸੁਪਨੇ ਲੈਂਦਾ ਕਸ਼ਮੀਰੀ ਬਰਫ਼ ਵਿੱਚ ਕੀਤੇ ਕਲੋਲਾਂ ਨੂੰ ਉਹ ‘ਸ਼ਾਂਤੀ’ ਸਮਝਦਾ ਹੈ।

References:
1. Agamben, Giorgio (2009), “What is an Apparatus? and Other Essays”, Stanford University Press, Stanford, California
2. Mbembe, Achille (2003), “Necropolitics”, Public Culture, Volume 15 (1)
3. Junaid, Mohamad (2019), “Disobedient Bodies, Defiant Objects: Occupation, Necropolitics, and the Resistance in Kashmir”, The Funambulist, Issue 21

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,