ਸਿਆਸੀ ਖਬਰਾਂ

ਗੋਰਖਾਲੈਂਡ ਦੀ ਮੰਗ ਹੁਣ ਹਥਿਆਰਬੰਦ ਸੰਘਰਸ਼ ਵੱਲ ਨੂੰ ਤੁਰੀ: ਭਾਰਤੀ ਮੀਡੀਆ ਰਿਪੋਰਟਾਂ

July 24, 2017 | By

ਦਾਰਜੀਲਿੰਗ: ਭਾਰਤੀ ਖ਼ਬਰ ਏਜੰਸੀ ਪੀਟੀਆ ਦੀ ਖ਼ਬਰ ਮੁਤਾਬਕ ਗੋਰਖਾ ਜਨਮੁਕਤੀ ਮੋਰਚਾ (ਜੀਜੇਐਮ) ਵੱਲੋਂ ਵੱਖਰੇ ਰਾਜ ਲਈ ਲੰਬੇ ਸਮੇਂ ਤੋਂ ਗੁਪਤ ਤੌਰ ’ਤੇ ਹਥਿਆਰਬੰਦ ਲਹਿਰ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਉਸ ਵੱਲੋਂ ਆਪਣੇ ਕੇਡਰ ਨੂੰ ਸਿਖਲਾਈ ਵਾਸਤੇ ਗੁਆਂਢੀ ਮੁਲਕਾਂ ਦੇ ਮਾਓਵਾਦੀਆਂ ਦੀ ਮਦਦ ਲਈ ਗਈ ਹੈ। ਇਹ ਦਾਅਵਾ ਪੱਛਮੀ ਬੰਗਾਲ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਕੀਤਾ ਗਿਆ ਹੈ।

ਗੋਰਖਾਲੈਂਡ ਸਮਰਥਕ (ਫਾਈਲ ਫੋਟੋ)

ਗੋਰਖਾਲੈਂਡ ਸਮਰਥਕ (ਫਾਈਲ ਫੋਟੋ)

ਏਡੀਜੀ (ਕਾਨੂੰਨ ਤੇ ਵਿਵਸਥਾ) ਅਨੁਜ ਸ਼ਰਮਾ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘ਸਾਨੂੰ ਖੁਫੀਆ ਏਜੰਸੀਆਂ ਤੋਂ ਜਾਣਕਾਰੀ ਮਿਲੀ ਹੈ ਕਿ ਗੋਰਖਾ ਜਨਮੁਕਤੀ ਮੋਰਚਾ (ਜੀਜੇਐਮ) ਵੱਲੋਂ ਗੁਆਂਢੀ ਮੁਲਕਾਂ ਦੇ ਮਾਓਵਾਦੀ ਤੋਂ ਮਦਦ ਲਈ ਗਈ ਹੈ ਅਤੇ ਉਨ੍ਹਾਂ ਵੱਲੋਂ ਹਾਲਾਤ ਨੂੰ ਹੋਰ ਵਿਗਾੜਨ ਲਈ ਸਰਕਾਰੀ ਸੰਪਤੀਆਂ, ਸੀਨੀਅਰ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ।’ ਹਾਲਾਂਕਿ ਜੀਜੇਐਮ ਲੀਡਰਸ਼ਿਪ ਨੇ ਸਰਕਾਰ ਦੇ ਮਾਓਵਾਦੀਆਂ ਤੋਂ ਮਦਦ ਲੈਣ ਦੇ ਦਾਅਵੇ ਨੂੰ ਨਿਰਆਧਾਰ ਦੱਸਦਿਆਂ ਰੱਦ ਕਰ ਦਿੱਤਾ ਹੈ। ਗੋਰਖਾ ਜਨਮੁਕਤੀ ਮੋਰਚਾ ਦੇ ਜਨਰਲ ਸਕੱਤਰ ਰੌਸ਼ਨ ਗਿਰੀ ਨੇ ਕਿਹਾ, ‘ਇਹ ਬਿਲਕੁਲ ਨਿਰਆਧਾਰ ਬਿਆਨ ਹਨ। ਇਹ ਬਿਆਨ ਜਮਹੂਰੀ ਲਹਿਰ ਨੂੰ ਲੀਹੋਂ ਲਾਹੁਣ ਅਤੇ ਸਾਡਾ ਅਕਸ ਵਿਗਾੜ ਲਈ ਦਿੱਤੀ ਜਾ ਰਹੇ ਹਨ।’

ਇਕ ਹੋਰ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜੀਜੇਐਮ ਨੇ ਆਪਣੇ ਕੇਡਰ ਦੀ ਸਿਖਲਾਈ ਵਾਸਤੇ 25-30 ਮਾਓਵਾਦੀਆਂ ਨੂੰ ਭਾੜੇ ਉਤੇ ਲਿਆਂਦਾ ਹੈ। ਇਸ ਅਧਿਕਾਰੀ ਨੇ ਕਿਹਾ, ‘ਜੀਜੇਐਮ ਕੋਲ ਭਾਰੀ ਮਾਤਰਾ ਵਿੱਚ ਹਥਿਆਰ ਤੇ ਗੋਲਾ-ਬਾਰੂਦ ਹੈ। ਉਨ੍ਹਾਂ ਵੱਲੋਂ ਪਿਛਲੇ ਤਿੰਨ ਸਾਲਾਂ ਦੌਰਾਨ ਹਥਿਆਰ ਇਕੱਠੇ ਕੀਤੇ ਗਏ ਹਨ। ਸਾਡੇ ਕੋਲ ਖੁਫੀਆ ਰਿਪੋਰਟਾਂ ਹਨ ਕਿ ਉਨ੍ਹਾਂ ਵੱਲੋਂ ਪਹਾੜਾਂ ਵਿੱਚ ਅੰਡਰਗਰਾਊਂਡ ਹਥਿਆਰਬੰਦ ਲਹਿਰ ਦੀ ਤਿਆਰੀ ਕੀਤੀ ਜਾ ਰਹੀ ਹੈ।’

gorkhaland map-763404

ਇਕ ਹੋਰ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਰਕਾਰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਹਥਿਆਰਬੰਦ ਸੰਘਰਸ਼ ਦੇ ਟਾਕਰੇ ਲਈ ਕਦਮ ਚੁੱਕੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਪਿਛਲੇ 38 ਦਿਨਾਂ ਤੋਂ ਅਣਮਿਥੇ ਸਮੇਂ ਲਈ ਬੰਦ ਦੇ ਸੱਦੇ ਦੌਰਾਨ ਥਾਣਿਆਂ ਅਤੇ ਪੁਲਿਸ ਚੌਂਕੀਆਂ ’ਤੇ ਹਮਲਿਆਂ ਦੀਆਂ ਕਈ ਘਟਨਾਵਾਂ ਹੋਈਆਂ ਹਨ। ਹਥਿਆਰ ਤੇ ਗੋਲਾ-ਬਾਰੂਦ ਵੀ ਲੁੱਟਿਆ ਗਿਆ ਹੈ, ਜੋ ਮਾਓਵਾਦੀ ਲਹਿਰ ਦਾ ਖਾਸਾ ਹੈ।

ਗੋਰਖਾ ਜਨਮੁਕਤੀ ਮੋਰਚਾ ਵੱਲੋਂ ਦਿੱਤੇ ਅਣਮਿਥੇ ਸਮੇਂ ਲਈ ਬੰਦ ਦੇ ਸੱਦੇ ਦੇ 39ਵੇਂ ਦਿਨ (ਐਤਵਾਰ, 23 ਜੁਲਾਈ) ਵੀ ਦਾਰਜੀਲਿੰਗ ’ਚ ਸਥਿਤੀ ਤਣਾਅਪੂਰਨ ਰਹੀ ਪਰ ਕਿਧਰੇ ਕੋਈ ਹਿੰਸਾ ਜਾਂ ਸਾੜ-ਫੂਕ ਨਹੀਂ ਹੋਈ। ਬੰਗਾਲ ਦੀ ਪੁਲਿਸ ਤੇ ਭਾਰਤੀ ਨੀਮ ਫੌਜੀ ਦਸਤਿਆਂ ਵੱਲੋਂ ਗਲੀਆਂ ’ਚ ਗਸ਼ਤ ਕੀਤੀ ਗਈ। ਮੈਡੀਕਲ ਸਟੋਰਾਂ ਨੂੰ ਛੱਡ ਕੇ ਦੁਕਾਨਾਂ, ਢਾਬੇ, ਹੋਟਲ, ਸਕੂਲ ਤੇ ਕਾਲਜ ਬੰਦ ਰਹੇ। ਗੋਰਖਾਲੈਂਡ ਦੇ ਹੱਕ ਵਿੱਚ ਜੀਜੇਐਮ ਵੱਲੋਂ ਵੱਖ-ਵੱਖ ਥਾਈਂ ਰੈਲੀਆਂ ਕੱਢੀਆਂ ਗਈਆਂ। ਸਵੇਰੇ ਰਾਜਸੀ ਕਾਰਕੁਨ, ਜੋ ਰਵਾਇਤੀ ਨੇਪਾਲੀ ਬਾਣੇ ਵਿੱਚ ਸਨ, ਨੇ ਰੈਲੀਆਂ ਦੌਰਾਨ ਗੋਰਖਾਲੈਂਡ ਦੇ ਹੱਕ ਵਿੱਚ ਨਾਅਰੇ ਬੁਲੰਦ ਕੀਤੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,