ਕੌਮਾਂਤਰੀ ਖਬਰਾਂ » ਖਾਸ ਖਬਰਾਂ » ਵਿਦੇਸ਼ » ਸਿੱਖ ਖਬਰਾਂ

ਅਮਰੀਕਾ ਦੇ ਸੂਬੇ ਕੋਨੈਕਟੀਕਟ ਨੇ 1984 ਵਿਚ ਭਾਰਤ ਅੰਦਰ ਹੋਏ ਸਿੱਖ ਕਤਲੇਆਮ ਨੂੰ ‘ਨਸਲਕੁਸ਼ੀ’ ਐਲਾਨਿਆ

July 18, 2018 | By

ਚੰਡੀਗੜ੍ਹ: ਭਾਵੇਂ ਕਿ 1984 ਵਿਚ ਭਾਰਤ ਅੰਦਰ ਸਿੱਖਾਂ ਦੀ ਹੋਈ ਕਤਲੋਗਾਰਤ ਨੂੰ ਭਾਰਤੀ ਮੀਡੀਆ ਅਤੇ ਭਾਰਤੀ ਨੁਮਾਂਇੰਦੇ ਦੰਗੇ ਕਹਿ ਕੇ ਸਰਕਾਰੀ ਸ਼ਹਿ ਅਤੇ ਯੋਜਨਾਵੱਧ ਢੰਗ ਨਾਲ ਹੋਏ ਕਤਲੇਆਮ ‘ਤੇ ਪਰਦਾ ਪਾਉਣ ਦੀਆਂ ਕੋਸ਼ਿਸ਼ਾਂ ਕਰਦੇ ਰਹਿੰਦੇ ਹਨ ਪਰ ਵਿਦੇਸ਼ਾਂ ਵਿਚ ਸਰਕਾਰੀ ਨੁਮਾਂਇੰਦੇ ਅਤੇ ਅਦਾਰੇ ਇਸ ਗੱਲ ਨੂੰ ਲਗਤਾਰ ਮਾਨਤਾ ਦੇ ਰਹੇ ਹਨ ਕਿ 1984 ਵਿਚ ਭਾਰਤ ਅੰਦਰ ਸਿੱਖਾਂ ਦੀ ਹੋਈ ਕਤਲੋਗਾਰਤ ‘ਨਸਲਕੁਸ਼ੀ’ ਸੀ।

ਅਮਰੀਕਾ ਦੇ ਕੋਨੈਕਟੀਕਟ ਸੂਬੇ ਨੇ ਬੀਤੇ ਦਿਨੀਂ 1984 ਵਿਚ ਹੋਏ ਸਿੱਖ ਕਤਲੇਆਮ ਨੂੰ ‘ਨਸਲਕੁਸ਼ੀ’ ਐਲਾਨਦਾ ਇਕ ਬਿਲ ਪਾਸ ਕਰਦਿਆਂ ਹਰ ਸਾਲ 1 ਨਵੰਬਰ ਨੂੰ ‘ਸਿੱਖ ਨਸਲਕੁਸ਼ੀ ਯਾਦਗਾਰੀ ਦਿਨ’ ਵਜੋਂ ਯਾਦ ਕਰਨ ਦਾ ਐਲਾਨ ਕੀਤਾ।

ਸਿੱਖ ਸਿਆਸਤ ਨਿਊਜ਼ ਨੂੰ ਮਿਲੇ ਦਸਤਾਵੇਜਾਂ ਮੁਤਾਬਿਕ ਕੋਨੈਕਟੀਕਟ ਸੂਬੇ ਦੇ ਸੈਨੇਟਰ ਕੈਥੀ ਔਸਟੇਨ ਅਤੇ ਨੁਮਾਂਇੰਦੇ ਕੇਵਿਨ ਰਿਆਨ ਨੇ 1 ਨਵੰਬਰ ਨੂੰ ਸਿੱਖ ਨਸਲਕੁਸ਼ੀ ਯਾਦਗਾਰੀ ਦਿਨ ਵਜੋਂ ਮਨਾਉਣ ਲਈ ਬਿਲ ਪੇਸ਼ ਕੀਤਾ।

ਜਾਣਕਾਰੀ ਮੁਤਾਬਿਕ ਸੂਬੇ ਦਾ ਗਵਰਨਰ ਹਰ ਸਾਲ ਕੋਨੈਕਟੀਕਟ ਸੂਬੇ ਦੀ ਰਾਜਧਾਨੀ ਵਿਚ ਸਰਕਾਰੀ ਪੱਧਰ ‘ਤੇ ਇਸ ਦਿਨ ਦਾ ਐਲਾਨ ਕਰਿਆ ਕਰੂੰਗਾ।

ਇਸ ਸਬੰਧੀ ਕੋਨੈਕਟੀਕਟ ਸੂਬੇ ਦੀ ਰਾਜਧਾਨੀ ਵਿਚ ਇਕ ਇਕੱਤਰਤਾ ਹੋਈ ਜਿਸ ਵਿਚ ਪੂਰਬੀ ਤੱਟ ਤੋਂ ਸਾਰੇ ਸਿੱਖ ਨੁਮਾਂਇੰਦਿਆਂ ਨੇ ਸ਼ਮੂਲੀਅਤ ਕੀਤੀ ਅਤੇ ਕਮੇਟੀ ਨਾਲ ਇਸ ਘਟਨਾ ਸਬੰਧੀ ਆਪਣੀਆਂ ਯਾਦਾਂ ਅਤੇ ਤਜ਼ਰਬੇ ਸਾਂਝੇ ਕੀਤੇ।

ਇਸ ਮੌਕੇ ਨੋਰਵਿਚ ਕਮਿਸ਼ਨ ਆਫ ਸਿਟੀ ਪਲੈਨ ਦੇ ਮੈਂਬਰ, ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰ ਅਤੇ ਪੂਰਬੀ ਤੱਟ ਦੀ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਬੁਲਾਰੇ ਸਵਰਨਜੀਤ ਸਿੰਘ ਖਾਲਸਾ ਨੇ ਬੋਲਦਿਆਂ ਕਿਹਾ ਕਿ ਇਹ ਘਟਨਾ ਦੁਨੀਆ ਦੇ ਇਤਿਹਾਸ ‘ਤੇ ਇਕ ਕਾਲਾ ਦਾਗ ਹੈ ਜਦੋਂ ਚੁਣੇ ਹੋਏ ਨੁਮਾਂਇੰਦਿਆਂ ਨੇ, ਜਿਹਨਾਂ ਦੇਸ਼ ਦੇ ਲੋਕਾਂ ਦੀ ਰਾਖੀ ਦੀ ਸੋਂਹ ਚੁੱਕੀ ਸੀ, ਉਹਨਾਂ ਇਸ ਨਸਲਕੁਸ਼ੀ ਲਈ ਹੁਕਮ ਦਿੱਤੇ।

ਉਹਨਾਂ ਕਿਹਾ ਕਿ ਇਸ ਬਿਲ ਨਾਲ ਅਮਰੀਕਾ ਵਿਚ ਰਹਿੰਦੇ ਹੋਰ ਲੋਕਾਂ ਨੂੰ ਇਹ ਵੀ ਪਤਾ ਲੱਗੇਗਾ ਕਿ ਸਿੱਖ ਪੰਜਾਬ ਤੋਂ ਹਨ, ਸਿੱਖ ਇਕ ਵੱਖਰਾ ਧਰਮ ਹੈ ਅਤੇ ਵੱਖਰੇ ਸਿੱਖ ਰਾਜ, ਖਾਲਿਸਤਾਨ, ਦੀ ਮੰਗ ਕਿਉਂ ਜਾਇਜ਼ ਹੈ।

ਇਸ ਬਿਲ ਉੱਤੇ ਹੁਣ ਗਵਰਨਰ ਦੀ ਮੋਹਰ ਲੱਗਣ ਤੋਂ ਬਾਅਦ ਇਸ ਨੂੰ ਕਾਨੂੰਨੀ ਮਾਨਤਾ ਮਿਲ ਗਈ ਹੈ। ਦੱਸਣਯੋਗ ਹੈ ਕਿ ਕੋਨੈਕਟੀਕਟ ਦੇ ਸਾਰੇ 36 ਸੈਨੇਟਰਾਂ ਨੇ ਇਸ ਬਿਲ ਦੀ ਹਮਾਇਤ ਵਿਚ ਵੋਟ ਪਾਈ।

ਇਸ ਤੋਂ ਪਹਿਲਾਂ ਸੂਬਾ ਪੱਧਰ ‘ਤੇ ਓਂਟਾਰੀਓ ਸੂਬਾ ਪਾਰਲੀਮੈਂਟ ਨੇ ਸਿੱਖ ਨਸਲਕੁਸ਼ੀ 1984 ਸਬੰਧੀ ਬਿਲ ਪਾਸ ਕੀਤਾ ਸੀ ਤੇ ਹੁਣ ਇਸ ਬਿਲ ਨੂੰ ਮਾਨਤਾ ਦੇਣ ਵਾਲਾ ਕੋਨੈਕਟੀਕਟ ਅਮਰੀਕਾ ਦਾ ਪਹਿਲਾ ਸੂਬਾ ਬਣ ਗਿਆ ਹੈ।

ਇਸ ਬਿਲ ਨੂੰ ਕਾਨੂੰਨੀ ਮਾਨਤਾ ਮਿਲਣ ਤੋਂ ਬਾਅਦ ਨਿਊਯਾਰਕ ਵਿਚ ਵਿਸ਼ਵ ਸਿੱਖ ਪਾਰਲੀਮੈਂਟ ਦੇ ਨੁਮਾਂਇੰਦਿਆਂ ਵਲੋਂ ਇਕ ਪੱਤਰਕਾਰ ਮਿਲਣੀ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਗਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,