ਸਿੱਖ ਖਬਰਾਂ

ਨਫਰਤੀ ਹਨੇਰ ਦਾ ਸ਼ਿਕਾਰ ਹੋ ਰਹੇ ਕਸ਼ਮੀਰੀਆਂ ਨੂੰ ਸਿੱਖ ਸੰਸਥਾ ਵਲੋਂ ਆਸਰੇ ਦੀ ਪੇਸ਼ਕਸ਼

February 19, 2019 | By

ਚੰਡੀਗੜ੍ਹ: ਕਸ਼ਮੀਰ ਘਾਟੀ ਵਿਚ ਵਾਪਰੇ ਪੁਲਵਾਮਾ ਕਾਂਡ ਦੇ ਪਿੱਛੋਂ ਵਿੱਦਿਅਕ ਸੰਸਥਾਵਾਂ ਵਿਚ ਪੜ੍ਹਦੇ ਕਸ਼ਮੀਰੀ ਵਿਦਿਆਰਥੀਆਂ ਉਪਰ ਹਮਲੇ ਅਤੇ ਰਿਹਾਇਸ਼ਗਾਹਾਂ ਵਿਚੋਂ ਜ਼ਬਰੀ ਕੱਢਣ ਦੀਆਂ ਘਟਨਾਵਾਂ ਦੀ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਪੁਰਜ਼ੋਰ ਨਿਖੇਧੀ ਕੀਤੀ ਅਤੇਪੀੜਤ ਕਸ਼ਮੀਰੀ ਵਿਦਿਆਰਥੀਆਂ ਨੂੰ ਰਿਹਾਇਸ਼ ਤੇ ਲੰਗਰ ਦੀ ਪੇਸ਼ਕਸ਼ ਕੀਤੀ ਹੈ।

ਇਨ੍ਹਾਂ ਪੀੜਤ ਵਿਦਿਆਰਥੀਆਂ ਦੀ ਮੱਦਦ ਲਈ ਜੋ ਸਿੱਖ ਜਥੇਬੰਦੀਆਂ ਅਤੇ ਸੰਸਥਾਵਾਂ ਅੱਗੇ ਆਈਆਂ ਹਨ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕਰਦੀ ਹੈ ਅਤੇ ਉਨ੍ਹਾਂ ਦਾ ਸਨਮਾਨ ਵੀ ਕੀਤਾ ਜਾਵੇਗਾ। ਨਿਰਦੋਸ਼ ਕਸ਼ਮੀਰੀ ਵਿਦਿਆਰਥੀਆਂ ਨਾਲ ਉਸੇ ਤਰਜ਼ ‘ਤੇ ਜ਼ੁਲਮ ਅਤੇ ਧੱਕਾ ਹੋ ਰਿਹਾ ਹੈ, ਜਿਵੇਂ 1675 ਵਿਚ ਕਸ਼ਮੀਰੀ ਪੰਡਤਾਂ ਨਾਲ ਹੋਇਆ ਸੀ।

ਉਸ ਸਮੇਂ ਪੀੜਤ ਬ੍ਰਾਹਮਣ ਆਪਣੀ ਫਰਿਆਦ ਲੈ ਕੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿਚ ਆਏ ਸਨ। ਅਜੋਕੀਆਂ ਘਟਨਾਵਾਂ ਦੇ ਪ੍ਰਸੰਗ ਤੇ ਹਾਲਾਤ ਭਾਵੇਂ ਬਦਲੇ ਹੋਏ ਹਨ, ਪਰ ਹਾਕਮ ਜਮਾਤ ਨਾਲ ਜੁੜੇ ਵਰਗਾਂ ਦੀ ਧੱਕੇਸ਼ਾਹੀ ਦਾ ਵਰਤਾਰਾ ਉਸੇ ਤਰਜ਼ ‘ਤੇ ਹੋ ਰਿਹਾ ਹੈ,ਜਿਵੇਂ 350 ਸਾਲ ਪਹਿਲਾਂ ਵਾਪਰਦਾ ਰਿਹਾ ਸੀ। ਗੁਰੂ ਸਾਹਿਬ ਵੱਲੋਂ ਕਸ਼ਮੀਰੀਆਂ ਲਈ ਦਿੱਤੀ ਸ਼ਹਾਦਤ ਦੀ ਪ੍ਰੰਪਰਾ ਉਤੇ ਪਹਿਰਾ ਦੇਣ ਵਾਲੀਆਂ ਸਿੱਖ ਸੰਸਥਾਵਾਂ ਹੁਣ ਪੀੜਤ ਕਸ਼ਮੀਰੀ
ਵਿਦਿਆਰਥੀਆਂ ਦੀ ਮੱਦਦ ਕਰ ਕੇ ਆਪਣਾ ਫਰਜ਼ ਅਦਾ ਕਰ ਰਹੀਆਂ ਹਨ।

ਸਿੰਘ ਸਭਾ ਨੇ ਕੈਪਟਨ ਅਮਰਿੰਦਰ ਸਿੰਘ ਦੇ “ਅੱਖ ਬਦਲੇ ਅੱਖ ਕੱਢਣ” ਵਾਲੇਮੋਦੀਖ਼ਨੁਮਾ ਗੈਰਖ਼ਜ਼ਿੰਮੇਵਾਰਾਨਾ ਬਿਆਨ ਦੀ ਸਖਤ ਨਿਖੇਧੀ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਦੇ ਅਹੁਦੇ ਉਤੇ ਬੈਠ ਕੇ ਅਜਿਹੇ ਭੜਕਾਊ ਬਿਆਨ ਦੇਣਾ ਇਸ ਖਿੱਤੇ ਵਿਚ ਹਿੰਸਾ ਨੂੰ ਸੱਦਾ ਦੇਣਾ ਹੈ ਜੋ ਪੰਜਾਬ ਲਈ ਬੇਹੱਦ ਖਤਰਨਾਕ ਹੈ। ਕੈਪਟਨ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਦੀ ਜੰਗ ਲੱਗਦੀ ਹੈ ਤਾਂ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੋਵੇਗਾ।
ਕਸ਼ਮੀਰੀਆਂ ਵਿਰੁੱਧ ਮੁਹਿੰਮ ਚਲਾਉਣ ਵਾਲੇ ਹਿੰਦੂਤਵਾ ਗਰੁੱਪਾਂ ਨੂੰ ਸੁਚੇਤ ਕਰਦਿਆਂ ਸਿੰਘ ਸਭਾ ਨੇ ਕਿਹਾ ਕਿ ਉਹ ਨਿਰਦੋਸ਼ ਕਸ਼ਮੀਰੀਆਂ ਨੂੰ ਭਾਰਤ ਦੇ ਸੂਬਿਆਂ ਚੋਂ ਧੱਕੇ ਨਾਲ ਬਾਹਰ ਕੱਢ ਕੇ ਉਨ੍ਹਾਂ ਅੰਦਰ ਖੁਦ ਹੀ ਬੇਗਾਨਗੀ ਦੀਆਂ ਭਾਵਨਾਵਾਂ ਪੈਦਾ ਕਰ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,