ਸਿਆਸੀ ਖਬਰਾਂ

ਸੁਖਦੇਵ ਸਿੰਘ ਢੀਂਡਸਾ ਦੇ ਕਰੀਬੀ ਮਾਸਟਰ ਹਰਕੀਰਤ ਸਿੰਘ ਦਾ ਕਤਲ, ਪਤਨੀ ਬਣੀ ਸੀ ਪਿਛਲੇ ਸਾਲ ਸਰਪੰਚ

October 31, 2017 | By

ਮਲੇਰਕੋਟਲਾ: ਬੀਤੇ ਕੱਲ੍ਹ (30 ਅਕਤੂਬਰ, 2017) ਸਵੇਰੇ ਮਲੇਰਕੋਟਲਾ ਦੇ ਨੇੜਲੇ ਪਿੰਡ ਬੁਰਜ ਵਿਖੇ ਅਧਿਆਪਕ ਦਲ ਦੇ ਆਗੂ ਅਤੇ ਸਰਪੰਚ ਮਨਪ੍ਰੀਤ ਕੌਰ ਮੁਬਾਰਕਪੁਰ ਚੂੰਘਾਂ ਦੇ ਪਤੀ ਹਰਕੀਰਤ ਸਿੰਘ ਚੂੰਘਾਂ ਦਾ ਕਾਰ ਸਵਾਰ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਹਮਲਾਵਰਾਂ ਨੇ ਮਾਸਟਰ ਹਰਕੀਰਤ ਸਿੰਘ ਦੇ ਪੰਜ ਗੋਲੀਆਂ ਮਾਰੀਆਂ ਅਤੇ ਉਹ ਮੌਕੇ ‘ਤੇ ਹੀ ਦਮ ਤੋੜ ਗਿਆ। ਮਾਸਟਰ ਹਰਕੀਰਤ ਸਿੰਘ ਪਿੱਛੇ ਸਰਪੰਚ ਪਤਨੀ, ਦੋ ਬੇਟੀਆਂ ਅਤੇ ਇਕ ਬੇਟੇ ਸਮੇਤ ਬਜ਼ੁਰਗ ਪਿਤਾ ਛੱਡ ਗਏ ਹਨ। ਘਟਨਾ ਦਾ ਪਤਾ ਲੱਗਦਿਆਂ ਹੀ ਐਸ.ਪੀ. ਮਲੇਰਕੋਟਲਾ ਰਾਜ ਕੁਮਾਰ ਅਤੇ ਡੀ.ਐਸ.ਪੀ. ਮਲੇਰਕੋਟਲਾ ਯੋਗੀ ਰਾਜ ਪੁਲਿਸ ਸਮੇਤ ਮੌਕੇ ‘ਤੇ ਪਹੁੰਚ ਗਏ।

ਮਾਸਟਰ ਹਰਕੀਰਤ ਸਿੰਘ ਦੇ ਪਿਤਾ ਲਾਲ ਸਿੰਘ ਪੁਲਿਸ ਅਧਿਕਾਰੀਆਂ ਨਾਲ, ਮਾਸਟਰ ਹਰਕੀਰਤ ਸਿੰਘ (ਇਨਸੈਟ)

ਮਾਸਟਰ ਹਰਕੀਰਤ ਸਿੰਘ ਦੇ ਪਿਤਾ ਲਾਲ ਸਿੰਘ ਪੁਲਿਸ ਅਧਿਕਾਰੀਆਂ ਨਾਲ, ਮਾਸਟਰ ਹਰਕੀਰਤ ਸਿੰਘ (ਇਨਸੈਟ)

ਡੀ.ਐਸ.ਪੀ. ਯੋਗੀ ਰਾਜ ਅਨੁਸਾਰ ਮ੍ਰਿਤਕ ਮਾਸਟਰ ਹਰਕੀਰਤ ਸਿੰਘ ਦੇ ਪਿਤਾ ਲਾਲ ਸਿੰਘ ਦੇ ਬਿਆਨਾਂ ‘ਤੇ ਪਿੰਡ ਮੁਬਾਰਕਪੁਰ ਚੂੰਘਾਂ ਵਾਸੀ ਹਰਪ੍ਰੀਤ ਸਿੰਘ ਹੈਰੀ ਅਤੇ ਉਸ ਦੇ ਇਕ ਅਣਪਛਾਤੇ ਸਾਥੀ ਖ਼ਿਲਾਫ਼ ਥਾਣਾ ਸੰਦੌੜ ਵਿਖੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਮਾਸਟਰ ਹਰਕੀਰਤ ਸਿੰਘ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਮੁਬਾਰਕਪੁਰ ਚੂੰਘਾਂ ਦੇ ਮੁੱਖ ਅਧਿਆਪਕ ਰਜਿੰਦਰ ਸਿੰਘ ਮੋਟਰਸਾਈਕਲ ‘ਤੇ ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਵਿਖੇ ਛੱਡਣ ਲਈ ਜਾ ਰਹੇ ਸਨ। ਜਿਉਂ ਹੀ ਉਹ ਪਿੰਡ ਬੁਰਜ ਦੇ ਸਕੂਲ ਨੇੜੇ ਪਹੁੰਚੇ ਤਾਂ ਪਿੱਛਿਓਂ ਆਈ ਇਕ ਚਿੱਟੇ ਰੰਗ ਦੀ ਕਾਰ ‘ਚੋਂ ਹਮਲਾਵਰ ਨੇ ਮਾਸਟਰ ਹਰਕੀਰਤ ਸਿੰਘ ਦੀ ਵੱਖੀ ‘ਚ ਗੋਲੀ ਮਾਰ ਦਿੱਤੀ। ਅਚਾਨਕ ਚੱਲੀ ਗੋਲੀ ਕਾਰਨ ਮੋਟਰਸਾਈਕਲ ਸੜਕ ਦੇ ਖੱਬੇ ਪਾਸੇ ਖੇਤ ‘ਚ ਜਾ ਡਿੱਗਿਆ। ਹਮਲਾਵਰਾਂ ਨੇ ਕਾਰ ‘ਚੋਂ ਉਤਰ ਕੇ ਡਿੱਗੇ ਪਏ ਮਾਸਟਰ ਹਰਕੀਰਤ ਸਿੰਘ ਦੇ ਸਿਰ ‘ਚ ਨੇੜਿਉਂ ਹੋਰ ਗੋਲੀਆਂ ਮਾਰ ਦਿੱਤੀਆਂ।

ਚਸਮਦੀਦਾਂ ਅਨੁਸਾਰ ਹਮਲਾਵਰ ਗੋਲੀਆਂ ਦਾਗਣ ਤੋਂ ਬਾਅਦ ਪਿੱਛੇ ਹੀ ਹਥਨ ਪਿੰਡ ਵੱਲ ਚਲੇ ਗਏ। ਮਾਸਟਰ ਹਰਕੀਰਤ ਸਿੰਘ ਨੂੰ ਰਾਜ ਸਭਾ ਮੈਂਬਰ ਅਤੇ ਬਾਦਲ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਪਰਿਵਾਰ ਦੇ ਕਰੀਬੀ ਵਜੋਂ ਜਾਣਿਆ ਜਾਂਦਾ ਸੀ। ਪਿਛਲੇ ਵਰ੍ਹੇ ਪਿੰਡ ਮੁਬਾਰਕਪੁਰ ਚੂੰਘਾਂ ਦੇ ਸਰਪੰਚ ਦੀ ਹੋਈ ਜ਼ਿਮਨੀ ਚੋਣ ‘ਚ ਉਨ੍ਹਾਂ ਦੀ ਧਰਮ ਪਤਨੀ ਬੀਬੀ ਮਨਪ੍ਰੀਤ ਕੌਰ ਸਰਪੰਚ ਚੁਣੇ ਗਏ ਸਨ।

ਪੁਲਿਸ ਕੋਲ ਦਰਜ ਕਰਵਾਏ ਬਿਆਨ ‘ਚ ਮ੍ਰਿਤਕ ਹਰਕੀਰਤ ਸਿੰਘ ਦੇ ਪਿਤਾ ਲਾਲ ਸਿੰਘ ਨੇ ਵੀ ਇਸ ਕਤਲ ‘ਚ ਉਸੇ ਹਰਪ੍ਰੀਤ ਸਿੰਘ ਹੈਰੀ ਦਾ ਨਾਂਅ ਮੁੱਖ ਮੁਲਜ਼ਮ ਵਜੋਂ ਲਿਆ ਹੈ। ਜਿਸ ਖ਼ਿਲਾਫ਼ ਮਾਸਟਰ ਹਰਕੀਰਤ ਸਿੰਘ ਵਲੋਂ ਮਈ 2013 ‘ਚ ਪਹਿਲਾਂ ਹੀ ਮਾਮਲਾ ਦਰਜ ਕਰਵਾਇਆ ਗਿਆ ਸੀ।

ਮਾਸਟਰ ਹਰਕੀਰਤ ਸਿੰਘ ਦੇ ਕਤਲ ਦਾ ਪਤਾ ਲੱਗਦਿਆਂ ਹੀ ਉਨ੍ਹਾਂ ਦੇ ਹਮਾਇਤੀ ਸਿਵਲ ਹਸਪਤਾਲ ਮਲੇਰਕੋਟਲਾ ਪਹੁੰਚ ਗਏ ਜਿੱਥੇ ਉਨ੍ਹਾਂ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਲਿਆਂਦਾ ਗਿਆ ਸੀ। ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ, ਬਾਦਲ ਦਲ ਦੇ ਮੀਤ ਪ੍ਰਧਾਨ ਹਾਜੀ ਮੁਹੰਮਦ ਤੁਫੈਲ ਮਲਿਕ, ਜਥੇਦਾਰ ਹਰਦੇਵ ਸਿੰਘ ਸੇਹਕੇ, ਸਾਬਕਾ ਚੇਅਰਮੈਨ ਐਡਵੋਕੇਟ ਹਰਦੀਪ ਸਿੰਘ ਖੱਟੜਾ, ਜਥੇਦਾਰ ਮੇਘ ਸਿੰਘ ਗੁਆਰਾ ਅਤੇ ਜ਼ਿਲ੍ਹਾ ਪ੍ਰੀਸ਼ਦ ਸੰਗਰੂਰ ਦੇ ਸਾਬਕਾ ਚੇਅਰਮੈਨ ਜਸਵੀਰ ਸਿੰਘ ਦਿਓਲ ਸਮੇਤ ਬਾਦਲ ਦਲ ਦੇ ਹੋਰ ਆਗੂਆਂ ਨੇ ਇਸ ਕਤਲ ਦੀ ਨਿੰਦਾ ਕਰਦਿਆਂ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,