January 21, 2023 | By ਖੇਤੀਬਾੜੀ ਅਤੇ ਵਾਤਾਵਰਨ ਜਾਗਰੁਕਤਾ ਕੇਂਦਰ
ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ।।
(ਵਾਰ ਆਸਾ-ਸਲੋਕ ਮਹਲਾ ੧-੪੭੨)
ਪਾਣੀ ਸਾਰੀ ਸ੍ਰਿਸ਼ਟੀ ਦਾ ਆਧਾਰ ਹੈ। ਪਾਣੀ ਦੇ ਆਸਰੇ ਹੀ ਸਾਰੀ ਪ੍ਰਕਿਰਤੀ ਦੀ ਕਾਰ ਸਦੀਵੀਂ ਚਲਦੀ ਰਹਿੰਦੀ ਹੈ। ਅਕਾਲ ਪੁਰਖ ਵੱਲੋਂ ਇਸ ਦੇ ਬਹੁਭਾਂਤੀ ਰੰਗੀਲੇ ਪੱਖ ਨੂੰ ਬਣਾਈ ਰੱਖਣ ਲਈ ਹਵਾਵਾਂ ਦੇ ਰਾਹੀਂ ਸਮੁੰਦਰਾਂ ਤੋਂ ਵਾਸ਼ਪੀਕਰਨ ਹੋ ਕੇ ਬੱਦਲਾਂ ਦੁਆਰਾ ਫਿਰ ਮੀਂਹ ਰੂਪ ਵਿੱਚ ਨਦੀਆਂ ਦਰਿਆਵਾਂ ਦੇ ਸਮੁੰਦਰ ਵਲ ਵਹਿਣ ਰਾਹੀਂ ਪਾਣੀ ਦੇ ਚੱਕਰ ਨੂੰ ਚਲਾਇਆ ਹੋਇਆ ਹੈ। ਇਹ ਸਭ ਕੁੱਝ ਅਕਾਲਪੁਰਖ ਦੇ ਹੁਕਮ ਅੰਦਰ ਵਾਪਰ ਰਿਹਾ ਹੈ ਅਤੇ ਉਸ ਵਲੋਂ ਪੈਦਾ ਕੀਤੇ ਜੀਵ-ਜੰਤੂਆਂ, ਬਨਸਮਪਤੀ ਆਦਿ ਦੇ ਮੌਲਣ ਵਿੱਚ ਸਹਾਇਕ ਬਣਦਾ ਹੈ।
ਆਓ ਗੱਲ ਕਰਦੇ ਹਾਂ ਮਾਨਸਾ ਜਿਲ੍ਹੇ ਵਿੱਚ ਪਾਣੀ ਦੀ ਸਥੀਤੀ ਦੀ :-
ਪਾਣੀ ਦੇ ਅਧਾਰ ਤੇ ਮਾਨਸਾ ਜ਼ਿਲੇ ਨੂੰ ਪੰਜ ਹਿੱਸਿਆਂ ਵਿੱਚ ਵੰਡਣ ਤੋਂ ਬਾਅਦ ਅੰਦਾਜ਼ਾ ਲੱਗਦਾ ਹੈ ਕਿ ਪੰਜੇ ਹਿੱਸੇ ਬਹੁਤ ਹੀ ਖਰਾਬ ਹਾਲਤ ਵਿਚ ਹਨ । ਅੰਕੜਿਆਂ ਤੇ ਨਿਗ੍ਹਾ ਮਾਰਦਿਆਂ ਸਹਿਜੇ ਹੀ ਇਸ ਸਥਿਤੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ 2017 ਨਾਲੋਂ 2020 ਵਿਚ ਜਮੀਨ ਹੇਠਲੇ ਪਾਣੀ ਦੀ ਸਥਿਤੀ ਹੋਰ ਗੰਭੀਰ ਹੋਈ ਹੈ ।
ਵੱਖ – ਵੱਖ ਬਲਾਕਾਂ ਵਿਚ ਪਾਣੀ ਕੱਢਣ ਦੀ ਦਰ ਇਸ ਤਰਾਂ ਹੈ :-
2017(%) 2020(%)
ਭਿਖੀ 125 192
ਬੁਢਲਾਡਾ 188 144
ਝੁਨੀਰ 99 120
ਮਾਨਸਾ 123 163
ਸਰਦੂਲਗੜ੍ਹ 193 170
2019-20 ਬਲਾਕਾਂ ਦੀ ਸ਼ੋਸ਼ਣ ਦਰ:
ਸਾਰੇ ਮਾਨਸਾ ਜ਼ਿਲ੍ਹੇ ਵਿੱਚੋਂ ਬੇ-ਹਿਸਾਬਾ ਪਾਣੀ ਕੱਢਿਆ ਜਾ ਰਿਹਾ ਹੈ। ਭਾਵੇਂ ਕਿ ਇਸਦੇ ਦੋ ਹਿੱਸਿਆਂ ਵਿੱਚ ਪਾਣੀ ਕੱਢਣ ਦੀ ਦਰ ਵਿੱਚ ਥੋੜ੍ਹੀ ਜਿਹੀ ਗਿਰਾਵਟ ਆਈ ਹੈ ਪਰ ਫਿਰ ਵੀ ਚਿੰਤਾਜਨਕ ਸਥਿਤੀ ਬਣੀ ਹੋਈ ਹੈ। ਭਿਖੀ ਵਾਲੇ ਖੇਤਰ ਵਿੱਚ ਤਾਂ 192%, ਸਰਦੂਲਗੜ੍ਹ 170% ਅਤੇ ਮਾਨਸਾ ਵਿੱਚ 163% ਤੱਕ ਪਾਣੀ ਕੱਢਿਆ ਜਾ ਰਿਹਾ ਹੈ।
ਧਰਤੀ ਹੇਠਲੇ ਜਲ ਭੰਡਾਰ ਦੀ ਸਥਿਤੀ:
ਮਾਨਸਾ ਜ਼ਿਲ੍ਹੇ ਵਿੱਚ 2018 ਦੇ ਅੰਕੜਿਆਂ ਅਨੁਸਾਰ ਧਰਤੀ ਹੇਠਲੇ ਤਿੰਨਾਂ ਪੱਤਣਾਂ ਦਾ ਪਾਣੀ ਜੋ ਕਿ ਪੰਜਾਬ ਦੇ ਕਾਫੀ ਜ਼ਿਲ੍ਹਿਆਂ ਨਾਲੋਂ ਘੱਟ ਹੈ। ਇਸ ਦੇ ਪਹਿਲੇ ਪੱਤਣ ਵਿੱਚ 18.28 ਲੱਖ ਏਕੜ ਫੁੱਟ (ਲ਼ਅਢ), ਦੂਜੇ ਪੱਤਣ ਵਿੱਚ 0.73 ਲੱਖ ਏਕੜ ਫੁੱਟ (ਲ਼ਅਢ) ਅਤੇ ਤੀਜੇ ਪੱਤਣ ਵਿਚ ਬਿਲਕੁਲ ਵੀ ਪਾਣੀ ਨਹੀਂ ਹੈ (20 ਕੁ ਸਾਲ ਪਹਿਲਾਂ ਦੀ ਘਟਨਾ ਹੈ ਕੇ ਮਾਨਸਾ ਜਿਲ੍ਹੇ ਦੇ ਇਕ ਪਿੰਡ ਵਿਚ ਬੋਰ ਕਰਿਆ ਗਿਆ , ਪਰਿਵਾਰ ਨੇ ਕਿਹਾ ਕਿ ਸਾਨੂੰ ਡੂੰਘਾ ਬੋਰ ਕਰ ਦਿਓ ਤਾਂ ਕੇ ਆਉਂਦੇ ਸਾਲਾਂ ਵਿਚ ਜਲਦੀ ਕਿਤੇ ਵਧੀਆ ਮਿੱਠੇ ਪਾਣੀ ਦੀ ਘਾਟ ਦੀ ਕੋਈ ਸਮੱਸਿਆ ਨੇ ਆਵੇ, 800 ਫੁੱਟ ਤੱਕ ਬੋਰ ਕੀਤਾ ਗਿਆ ਪਰ ਪਹਿਲੇ ਪੱਤਣ ਵਰਗਾ ਮਿੱਠਾ ਤੇ ਵਧੀਆ ਪਾਣੀ ਨਹੀਂ ਮਿਲਿਆ ) । ਜਿਸ ਗਤੀ ਨਾਲ ਇਸ ਜ਼ਿਲ੍ਹੇ ਦਾ ਪਾਣੀ ਕੱਢਿਆ ਜਾ ਰਿਹਾ ਹੈ, ਉਸ ਅਨੁਸਾਰ ਆਉਣ ਵਾਲੇ ਸਮੇਂ ਵਿਚ ਇਸ ਜ਼ਿਲ੍ਹੇ ਵਿੱਚ ਪਾਣੀ ਦੀ ਗੰਭੀਰ ਸਮੱਸਿਆ ਪੈਦਾ ਹੋ ਜਾਵੇਗੀ। ਫਿਰ ਖੇਤੀ ਨਾਲੋ ਪੀਣ ਲਈ ਪਾਣੀ ਨੂੰ ਸੰਭਾਲ ਕੇ ਰੱਖਣ ਨੂੰ ਤਰਜੀਹ ਦੇਣੀ ਪਵੇਗੀ। ਦੂਜੇ ਪੱਤਣ ਵਿਚ ਪਾਣੀ ਪਹਿਲੇ ਪੱਤਣ ਨਾਲੋਂ ਕਾਫੀ ਘੱਟ ਹੈ। ਜਿੰਨਾ ਪਾਣੀ ਡੂੰਘਾ ਕੱਢਿਆ ਜਾਵੇਗਾ ਆਰਸੈਨਿਕ, ਨਾਈਟ੍ਰੇਟ ਆਦਿ ਭਾਰੀ ਤੱਤਾਂ ਦੀ ਮਾਤਰਾ ਵੱਧ ਆਉਣ ਦਾ ਖਤਰਾ ਵੀ ਓਨਾ ਜਿਆਦਾ ਬਣਿਆ ਰਹਿੰਦਾ ਹੈ। ਜਿਸ ਕਾਰਨ ਕੈਂਸਰ, ਕਾਲਾ ਪੀਲੀਆ ਆਦਿ ਵਰਗੀਆਂ ਬਿਮਾਰੀਆਂ ਦਾ ਡਰ ਬਣਿਆ ਰਹਿੰਦਾ ਹੈ ।
ਮਾਨਸਾ ਜ਼ਿਲ੍ਹੇ ਵਿੱਚ ਜੰਗਲਾਤ ਹੇਠ ਰਕਬਾ:
ਬਰਨਾਲਾ ਜ਼ਿਲ੍ਹੇ ਵਿੱਚ ਸਿਰਫ਼ 0.45% ਹੀ ਜੰਗਲਾਤ ਹੇਠ ਰਕਬਾ ਹੈ। ਮਾਹਿਰਾਂ ਅਨੁਸਾਰ ਲਗਪਗ 33% ਧਰਤੀ ਉੱਤੇ ਜੰਗਲ ਹੋਣਾ ਜ਼ਰੂਰੀ ਹੈ। ਇਸ ਤਰ੍ਹਾਂ ਮਾਨਸਾ ਜ਼ਿਲ੍ਹਾ ਜ਼ਰੂਰੀ ਅੰਕੜੇ ਤੋਂ ਬਹੁਤ ਜ਼ਿਆਦਾ ਦੂਰ ਹੈ, ਜੋ ਕਿ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ।
ਮਾਨਸਾ ਜ਼ਿਲ੍ਹੇ ਵਿੱਚ ਝੋਨੇ ਹੇਠ ਰਕਬਾ:
ਮਾਨਸਾ ਜਿਲ੍ਹੇ ਵਿੱਚ ਵੱਖ ਵੱਖ ਫਸਲਾਂ ਦੀ ਕਾਸ਼ਤ ਵੱਡੇ ਪੱਧਰ ਤੇ ਹੋ ਸਕਦੀ ਹੈ। ਪਰ ਇਹਨਾਂ ਫਸਲਾਂ ਦਾ ਕੋਈ ਪੱਕਾ ਭਾਅ ਨਾ ਹੋਣ ਕਰਕੇ ਝੋਨੇ ਹੇਠ ਰਕਬੇ ਵਿੱਚ ਕੋਈ ਘਾਟ ਆਉਦੀ ਨਜ਼ਰ ਨਹੀਂ ਆਉਂਦੀ । ਮੌਜੂਦਾ ਸਮੇਂ ਲੱਗਭੱਗ 64% ਰਕਬੇ ਵਿੱਚ ਝੋਨੇ ਦੀ ਕਾਸ਼ਤ ਕੀਤੀ ਜਾਂਦੀ ਹੈ।
ਸੰਭਾਵੀ ਹੱਲ ਲਈ ਕੀ ਕੀਤਾ ਜਾ ਸਕਦਾ ਹੈ:
੧. ਜਿਲ੍ਹੇ ਵਿਚ ਝੋਨੇ ਹੇਠ ਰਕਬਾ ਘਟਾਉਣਾ ਚਾਹੀਦਾ ਹੈ ਅਤੇ ਖੇਤੀਬਾੜੀ ਵਿੱਚ ਵਿੰਭਿੰਨਤਾ ਦੇ ਨਾਲ ਆਪਣੀਆਂ ਰਵਾਇਤੀ ਫ਼ਸਲਾਂ ਵੱਲ ਮੁੜਨਾ ਚਾਹੀਦਾ ਹੈ।
੨. ਖੇਤੀ ਲਈ ਜ਼ਮੀਨ ਹੇਠਲੇ ਪਾਣੀ ਦੀ ਜਗ੍ਹਾ ਨਹਿਰੀ ਪਾਣੀ ਤੇ ਨਿਰਭਰਤਾ ਵਧਾਉਣੀ ਚਾਹੀਦੀ ਹੈ।
੩. ਘੱਟ ਪਾਣੀ ਲੈਣ ਵਾਲੀਆਂ ਫ਼ਸਲਾਂ ਅਤੇ ਫੁਆਰਾ ਤੇ ਤੁਪਕਾ ਸਿੰਚਾਈ ਵਿਧੀ ਵਰਗੇ ਸੰਚਾਈ ਦੇ ਪ੍ਰਬੰਧ ਅਪਣਾਉਣੇ ਚਾਹੀਦੇ ਹਨ।
੪. ਮੀਂਹ ਦੇ ਪਾਣੀ ਦੀ ਸੰਭਾਲ ਅਤੇ ਯੋਗ ਵਰਤੋਂ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ।
੫. ਜੰਗਲਾਤ ਹੇਠ ਰਕਬਾ ਵਧਾਇਆ ਜਾਣਾ ਚਾਹੀਦਾ ਹੈ। ਇਸ ਵਾਸਤੇ ਨਿੱਜੀ ਅਤੇ ਸਮਾਜਿਕ ਪੱਧਰ ‘ਤੇ ਛੋਟੇ ਜੰਗਲ ਲਗਾਏ ਜਾ ਸਕਦੇ ਹਨ।
ਇੱਥੇ ਇਹ ਦੱਸਣ ਯੋਗ ਹੈ ਕਿ ਕਾਰਸੇਵਾ ਖਡੂਰ ਸਾਹਿਬ ਵੱਲੋਂ “ਗੁਰੂ ਨਾਨਕ ਯਾਦਗਾਰੀ ਜੰਗਲ” (ਝਿੜੀ) ਲਗਾਏ ਜਾਂਦੇ ਹਨ। ਇਹ ਛੋਟਾ ਜੰਗਲ ਲਾਉਣ ਲਈ ਘੱਟੋ-ਘੱਟ ਦਸ ਮਰਲੇ ਥਾਂ ਲੋੜੀਂਦੀ ਹੁੰਦੀ ਹੈ। ਇਹ ਜੰਗਲ ਕਾਰਸੇਵਾ ਖਡੂਰ ਸਾਹਬ ਵੱਲੋਂ ਬਿਨਾਂ ਕੋਈ ਖਰਚ ਲਏ ਲਗਾਇਆ ਜਾਂਦਾ ਹੈ। ਇਸ ਬਾਬਤ ਵਧੇਰੇ ਜਾਣਕਾਰੀ ਲਈ ਖੇਤੀਬਾੜੀ ਅਤੇ ਵਾਤਾਵਰਨ ਜਾਗਰੁਕਤਾ ਕੇਂਦਰ ਨਾਲ ਜਾਂ ਕਾਰਸੇਵਾ ਖਡੂਰ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Related Topics: Agriculture And Environment Awareness Center, Mansa, Punjab Water Crisis