ਖਾਸ ਖਬਰਾਂ » ਮਨੁੱਖੀ ਅਧਿਕਾਰ

ਇੰਡੀਅਨ ਸਾਮਰਾਜ ਵੱਲੋਂ ਸੂਬਿਆਂ ਨੂੰ ਬਸਤੀਆਂ ਬਣਾਉਣ ਦਾ ਅਮਲ : ਸਾਂਝਾ ਪੱਖ

August 10, 2019 | By

 

ਚੰਡੀਗੜ੍ਹ: ਵੱਖ-ਵੱਖ ਖੇਤਰਾਂ ਵਿਚ ਵਿਚਰਦੇ 39 ਸਿੱਖ ਅਤੇ ਪੰਜਾਬੀ ਵਿਚਾਰਕਾਂ ਨੇ ਕਸ਼ਮੀਰ ਦੇ ਮੌਜੂਦਾ ਹਾਲਾਤ ਬਾਰੇ ਇਕ ਸਾਂਝਾ ਪੱਖ ਪੇਸ਼ ਕੀਤਾ ਹੈ।

ਅੱਜ ਜਾਰੀ ਕੀਤੇ ਗਏ ਇਸ ਪੱਖ ਨੂੰ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਲਈ ਹੇਠਾਂ ਇੰਨ ਬਿੰਨ ਸਾਂਝਾ ਕੀਤਾ ਜਾ ਰਿਹਾ ਹੈ:-

ਇੰਡੀਅਨ ਸਾਮਰਾਜ ਵੱਲੋਂ ਸੂਬਿਆਂ ਨੂੰ ਬਸਤੀਆਂ ਬਣਾਉਣ ਦਾ ਅਮਲ : ਸਾਂਝਾ ਪੱਖ

ਇਨਸਾਫ ਦਾ ਤਕਾਜਾ ਹੈ ਕਿ ਸੱਭਿਆਚਾਰਾਂ ਅਤੇ ਕੌਮਾਂ ਨਾਲ ਜੁੜੇ ਸਿਆਸੀ ਫੈਸਲੇ ਲੋਕਾਂ ਦੀ ਰਾਏ ਮੁਤਾਬਕ ਹੀ ਹੋਣੇ ਚਾਹੀਦੇ ਹਨ ਨਾ ਕਿ ਹਾਕਮ ਦੀ ਕਿਸੇ ਸਿਆਸੀ ਲੋੜ ਜਾਂ ਖਾਹਿਸ਼ ਦੇ ਅਨੁਸਾਰ। ਇੰਡੀਅਨ ਸਾਮਰਾਜ ਨੇ ਕਸ਼ਮੀਰੀਆਂ ਦੀ ਰਾਏ ਦੇ ਵਿਰੁਧ ਜਾ ਕੇ ਕਸ਼ਮੀਰ ਦਾ ਖਾਸ ਸਿਆਸੀ ਰੁਤਬਾ (ਧਾਰਾ 370 ਅਤੇ 35-ਏ) ਖਤਮ ਕਰਨ ਦੀ ਅਨੈਤਿਕ ਤੇ ਅਨਿਆਪੂਰਨ ਕਾਰਵਾਈ ਕਰਕੇ ਕਸ਼ਮੀਰੀਆਂ ਦੇ ਸਮੂਹਕ ਮਨ ਅਤੇ ਸੰਵੇਦਨਾ ਨੂੰ ਗਹਿਰਾ ਜਖਮ ਦਿੱਤਾ ਹੈ।

ਕਸ਼ਮੀਰ ਦੇ ਖਾਸ ਸਿਆਸੀ ਰੁਤਬੇ ਨੂੰ ਖਤਮ ਕਰਨ ਦਾ ਜੋ ਵਿਚਾਰ ਸਿਆਮਾ ਪ੍ਰਸਾਦ ਮੁਖਰਜੀ ਨੇ ਦਿੱਤਾ ਸੀ ਉਸ ਪਿੱਛੇ ਬਿਪਰਵਾਦੀ ਮਨੋਬਿਰਤੀ ਕੰਮ ਕਰਦੀ ਹੈ ਜੋ ਕਿ ਬਿਪਰ ਤੋਂ ਵੱਖਰੀ ਹਰੇਕ ਹਸਤੀ ਨੂੰ ਤੁੱਛ ਸਮਝਦੀ ਹੈ ਤੇ ਉਨ੍ਹਾਂ ਉੱਤੇ ਗਲਬਾ ਪਾਈ ਰੱਖਣ ਦੀ ਚਾਹਵਾਨ ਹੈ। ਸੈਕੂਲਰ ਅਖਵਾਉਂਦੀ ਕਾਂਗਰਸ ਨੇ ਇਸ ਸਿਆਸੀ ਰੁਤਬੇ ਨੂੰ ਖਾਤਮੇ ਦੀ ਹੱਦ ਤੱਕ ਖੋਰ ਦਿੱਤਾ ਸੀ ਤੇ ਹੁਣ ਹਿੰਦੂਤਵੀ ਧਾਰਾ ਦੀ ਨੁਮਾਇੰਦਾ ਅਖਵਾਉਂਦੀ ਭਾਜਪਾ ਨੇ ਇਸ ਨੂੰ ਮੂਲੋਂ ਹੀ ਰੱਦ ਕਰਕੇ ਬਿਪਰ ਤੋਂ ਵੱਖਰੀਆਂ ਹਸਤੀਆਂ (ਧਾਰਮਿਕ, ਭਾਸ਼ਾਈ, ਸੱਭਿਆਚਾਰਕ ਤੇ ਨਸਲੀ ਘੱਟਗਿਣਤੀਆਂ ਅਤੇ ਬਹੁਜਨ ਸਮਾਜ) ਦੇ ਸਵੈਮਾਣ ਨੂੰ ਤਬਾਹ ਕਰਕੇ ਉਨ੍ਹਾਂ ਨੂੰ ਗਹਿਰੀ ਅਤੇ ਸਦੀਵੀ ਗੁਲਾਮੀ ਵਿੱਚ ਸੁੱਟਣ ਦੀ ਮਨਸ਼ਾ ਦਾ ਮੁਜਾਹਿਰਾ ਕੀਤਾ ਹੈ ਜਿਸ ਦੀ ਤੀਬਰਤਾ ਤੇ ਵਿਆਪਕਤਾ ਦਾ ਅੰਦਾਜਾ ਹਿੰਦੂਤਵੀਆਂ ਵੱਲੋਂ ਕਸ਼ਮੀਰੀ ਬੀਬੀਆਂ ਬਾਰੇ ਸੋਸ਼ਲ ਮੀਡੀਆ ਵਿਚ ਕੀਤੀਆਂ ਜਾ ਰਹੀਆਂ ਭੱਦੀਆਂ ਟਿੱਪਣੀਆਂ ਤੇ ਹਿੰਦੂਤਵੀਆਂ ਆਗੂਆਂ ਦੇ ਆ ਰਹੇ ਅਜਿਹੇ ਹੀ ਬਿਆਨਾਂ ਤੋਂ ਲਾਇਆ ਜਾ ਸਕਦਾ ਹੈ।

ਸੱਤ ਲੱਖ ਫੌਜ ਨੂੰ ਖਿੱਤੇ ਦੇ ਚੱਪੇ-ਚੱਪੇ ਤੇ ਲਾ ਕੇ, ਸੰਚਾਰ ਤੇ ਜਾਣਕਾਰੀ ਦਾ ਹਰ ਸਾਧਨ ਬੰਦ ਕਰ ਕੇ, ਪੂਰੇ ਜੰਮੂ ਤੇ ਕਸ਼ਮੀਰ ਨੂੰ ਕੈਦਖਾਨੇ ਵਿਚ ਬਦਲ ਕੇ; ਆਪਣੇ ਹੀ ਸੰਵਿਧਾਨ ਦੇ ਨੇਮ, ਯੁਨਾਇਟਡ ਨੇਸ਼ਨਜ ਅਤੇ ਇੰਡੀਅਨ ਸੁਪਰੀਮ ਕੋਰਟ ਦੇ ਫੈਸਲਿਆਂ ਨੂੰ ਛਿੱਕੇ ਟੰਗ ਕੇ ਅਤੇ ਪਾਰਲੀਮਾਨੀ ਮਰਿਆਦਾ ਦਾ ਘਾਣ ਕਰਕੇ ਜਿਸ ਢੰਗ ਨਾਲ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ ਉਹ ਇਸ ਖਿੱਤੇ ਵਿਚ ਹਿੰਦੂਤਵੀ ਤਾਨਾਸ਼ਾਹੀ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ। ਇਹ ਨਿਰੋਲ ਦਮਨ ਹੈ। ਇੱਥੇ ਲੋਕਰਾਜ, ਸਾਂਝ, ਫੈਡਰਲਇਜ਼ਮ, ਅਨੇਕਤਾ ਵਿਚ ਏਕਤਾ ਸਭ ਛਲਾਵੇ ਬਣ ਗਏ ਹਨ। ਇਹ ਉਸੇ ਹਿੰਦੂ ਰਾਸ਼ਟਰ ਦੀ ਲਗਾਤਾਰਤਾ ਹੈ ਜਿਸ ਦੀ ਸ਼ੁਰੂਆਤ ਅੰਗਰੇਜ਼ਾਂ ਦੀ ਮਦਦ ਨਾਲ ਬੰਗਾਲ ਤੋਂ ਹੋਈ, ਜਿਸ ਕਰਕੇ ਬੰਗਾਲ ਤੇ ਪੰਜਾਬ ਦੀ ਵੰਡ ਦੇ ਦੁਖਾਂਤ ਵਾਪਰੇ, ਜਿਸ ਨੂੰ ਕਾਂਗਰਸ ਨੇ ਸੈਕੂਲਰਇਜ਼ਮ ਦੇ ਛਲ ਨਾਲ ਤਕੜਾ ਕੀਤਾ ਅਤੇ ਹੁਣ ਜਿਸ ਨੂੰ ਹਿੰਦੂਤਵੀ ਤਾਕਤਾਂ ਨੇ ਹਥਿਆ ਲਿਆ ਹੈ, ਜਿਸ ਵਿਚ ਹਿੰਦੂਤਵੀਆਂ, ਸੈਕੂਲਰਇਸਟਾਂ ਅਤੇ ਖੱਬੇ ਪੱਖੀਆਂ ਦੀਆਂ ਸਭ ਵੰਨਗੀਆਂ ਨੇ ਇੰਡੀਅਨ ਰਾਸ਼ਟਰਵਾਦ ਦਾ ਸਾਥ ਦਿੱਤਾ ਹੈ। ਇਹ ਕੋਈ ਇਕੱਲੀ ਅੱਜ ਦੀ ਕਾਰਵਾਈ ਹੈ, ਇਹ ਪਿਛਲੀ ਡੇਢ ਸਦੀ ਦਾ ਚੱਲ ਰਿਹਾ ਵਰਤਾਰਾ ਹੈ।

ਕਸ਼ਮੀਰ ਵਿੱਚ ਅਤੇ ਕਸ਼ਮੀਰ ਤੋਂ ਬਾਹਰ ਵੱਸਦੀ ਹਰ ਕਸ਼ਮੀਰੀ ਮੁਟਿਆਰ ਅਤੇ ਗੱਭਰੂ ਇਸ ਵਕਤ ਰੋਸ ਤੇ ਸਦਮੇ ਵਿੱਚ ਹੈ ਕਿਉੰਕਿ ਉਹਨਾਂ ਨਾਲ ਕੇਂਦਰ ਸਰਕਾਰ ਨੇ ਅਜਿਹਾ ਧੋਖਾ ਕੀਤਾ ਹੈ ਜੋ ਕਿਸੇ ਸਮੇਂ ਧਾੜਵੀ ਸਲਤਨਤਾਂ ਕਿਸੇ ਭੋਲੀ ਅਵਾਮ ਨਾਲ ਕਰਦੀਆਂ ਸਨ। ਇਹ ਵਰਗ ਆਪਣੇ ਅਤੇ ਆਪਣੀ ਮਿੱਟੀ ਦੇ ਭਵਿੱਖ ਬਾਰੇ ਚਿੰਤਤ ਹੈ। ਬੇਸ਼ੁਮਾਰ ਫ਼ੌਜ ਦੇ ਜਬਰ ਨੇ ਸੁਨਹਿਰੀ ਭਵਿੱਖ ਦੇ ਸੁਪਨਿਆਂ ਨੂੰ ਸਰਅੰਜਾਮ ਦੇਣ ਲਈ ਯਤਨਸ਼ੀਲ ਕਸ਼ਮੀਰੀ ਨੌਜਵਾਨ ਦੀ ਗੁਲਾਮੀ ਦੀ ਪੀੜ ਨੂੰ ਮੁੜ ਸੁਰਜੀਤ ਕਰ ਦਿੱਤਾ ਹੈ। ਕਸ਼ਮੀਰੀ ਨੌਜਵਾਨ ਲਈ ਇਹ ਸਿਰਫ਼ ਆਪਣੀ ਮਿੱਟੀ ਜਾਂ ਖੁਦਮੁਖਤਿਆਰੀ ਦਾ ਹੀ ਨਹੀਂ ਬਲਕਿ ਉਹਨਾਂ ਦੀ ਬੁਨਿਆਦੀ ਹੋਂਦ ਅਤੇ ਪਹਿਚਾਣ ਦਾ ਵੀ ਸਵਾਲ ਹੈ। ਕਸ਼ਮੀਰੀ ਨੌਜਵਾਨ ਲਈ 5 ਅਗਸਤ ਜਮਹੂਰੀਅਤ ਦਾ ਮੌਤ-ਦਿਵਸ ਹੈ ਜਿਸ ਦਿਨ ਜੰਮੂ-ਕਸ਼ਮੀਰ ਰਾਜ ਨੂੰ ਇੰਡੀਅਨ ਸਾਮਰਾਜ ਨੇ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਜਿਹਨਾਂ ਨੂੰ ਇਸ ਰਾਜ ਦੇ ਨਾਗਰਿਕਾਂ ਨੇ ਚੁਣਿਆ ਵੀ ਨਹੀਂ ਸੀ।

ਹੁਣ ਜਦੋਂ ਧਾਰਾ 35-ਏ, ਜਿਸ ਰਾਹੀਂ ਜੰਮੂ ਅਤੇ ਕਸ਼ਮੀਰ ਦੇ ਪੱਕੇ ਵਸਨੀਕਾਂ ਨੂੰ ਹੀ ਇਸ ਸੂਬੇ ਵਿਚ ਰੁਜ਼ਗਾਰ ਅਤੇ ਜ਼ਮੀਨ ਦੀ ਮਾਲਕੀ ਦਾ ਹੱਕ ਹਾਸਲ ਸੀ, ਨੂੰ ਹਟਾ ਦਿੱਤਾ ਗਿਆ ਹੈ ਅਤੇ ਜਿਸ ਤਰੀਕੇ ਨਾਲ ਹਿੰਦੂਤਵੀਆਂ ਵੱਲੋਂ ਖਿੱਤੇ ਦੀ ਵਸੋਂ ਦੀ ਬਣਤਰ ਬਦਲ ਦੇਣ ਦੀਆਂ ਗੱਲਾਂ ਸ਼ਰੇਆਮ ਕੀਤੀਆਂ ਜਾ ਰਹੀਆਂ ਹਨ, ਉਸ ਤੋਂ ਇਹ ਖਦਸ਼ਾ ਹੈ ਕਿ ਇੰਡੀਅਨ ਸਾਮਰਾਜ ਫਲਸਤੀਨ ਵਾਙ ਫੌਜੀ ਸੰਗੀਨਾਂ ਦੇ ਜ਼ੋਰ ‘ਤੇ ਕਸ਼ਮੀਰ ਦੀ ਵਸੋਂ ਦੀ ਬਣਤਰ ਬਦਲਣ ਦਾ ਅਮਲ ਚਲਾਵੇਗਾ।

ਸਿੱਖ ਜਗਤ ਨੇ ਭਾਰਤੀ ਸਾਮਰਾਜ ਵੱਲੋਂ ਵਰਤਾਏ 1984 ਦੇ ਘੱਲੂਘਾਰੇ ਦੌਰਾਨ ਅਜਿਹੀਆਂ ਜਿਆਦਤੀਆਂ ਹੰਢਾਈਆਂ ਹਨ, ਇਸ ਲਈ ਹਰ ਸਿੱਖ ਨੂੰ ਚਾਹੀਦਾ ਹੈ ਕਿ ਉਹ ਕਸ਼ਮੀਰੀਆਂ ਦਾ ਹਮਦਰਦ ਬਣੇ ਅਤੇ ਮੋਢੇ ਨਾਲ ਮੋਢਾ ਮਿਲਾ ਕੇ ਇੱਕ ਹੋਰ ਨਸਲਕੁਸ਼ੀ ਨੂੰ ਰੋਕਣ ਲਈ ਤਾਣ ਲਗਾਵੇ।

ਭਾਵੇਂ ਕਿ ਹਿੰਦੂਤਵੀ ਧਿਰ ਮੁਸਲਮਾਨਾਂ ਵਿਰੁਧ ਨਫਰਤ ਦਾ ਮਹੌਲ ਬਣਾ ਕੇ ਚੋਣਾਂ ਜਿੱਤਣ ਦੀ ਫਿਰਾਕ ਵਿਚ ਰਹਿੰਦੀ ਹੈ ਪਰ ਇਸ ਵਾਰ ਇਸ ਕਾਰਵਾਈ ਦਾ ਸਮਾਂ ਅਫਗਾਨਿਸਤਾਨ ਵਿਚ ਅਮਰੀਕਾ ਦੇ ਤਾਲਿਬਾਨਾਂ ਨਾਲ ਹੋ ਰਹੇ ਸਮਝੌਤੇ ਦੇ ਸੰਭਾਵੀ ਅਸਰਾਂ ਅਤੇ ਕੌਮਾਂਤਰੀ ਤਾਕਤਾਂ ਦੀ ਇਸ ਖਿੱਤੇ ਵਿਚ ਦਖਲ ਦੇਣ ਦੀ ਤੀਬਰ ਇੱਛਾ ਦੇ ਮੱਦੇਨਜ਼ਰ ਚੁਣਿਆ ਗਿਆ ਹੈ।

ਕਸ਼ਮੀਰ ਦੇ ਖਾਸ ਸਿਆਸੀ ਰੁਤਬੇ ਨੂੰ ਕਸ਼ਮੀਰੀਆਂ ਦੀ ਰਾਏ ਤੋਂ ਬਿਨਾਂ ਖਤਮ ਕਰਨ ਤੋਂ ਬਾਅਦ ਜੰਮੂ ਤੇ ਕਸ਼ਮੀਰ ਨੂੰ ਦੋ ਟੋਟਿਆਂ ਵਿਚ ਵੰਡ ਕੇ ਕੇਂਦਰ ਦੇ ਸਿੱਧੇ ਕਬਜ਼ੇ ਹੇਠ ਲਿਆਉਣਾ ਇੰਡਅਨ ਖਿੱਤੇ ਵਿਚ ਪਹਿਲਾਂ ਤੋਂ ਹੀ ਜਰਜ਼ਰੇ ਕੀਤੇ ਜਾ ਚੁੱਕੇ ਫੈਡਰਲ ਢਾਂਚੇ ਦਾ ਮਜਾਕ ਉਡਾਉਣ ਵਾਲੀ ਕਾਰਵਾਈ ਹੈ ਜਿਸ ਨਾਲ ਕਿ ਇੰਡੀਅਨ ਸਾਮਰਾਜ ਨੇ ਸੂਬਿਆਂ ਨੂੰ ਬਸਤੀਆਂ ਬਣਾਉਣ ਦੇ ਅਮਲ ਦੇ ਇਕ ਅਗਲੇਰੇ ਪੜਾਅ ਦੀ ਸ਼ੁਰੂਆਤ ਕੀਤੀ ਹੈ; ਜੋ ਕਿ ਇਹ ਵੀ ਦਰਸਾਉਂਦੀ ਹੈ ਕਿ ਕਿਸੇ ਵੀ ਧਾਰਮਕ, ਰਾਜਸੀ ਜਾਂ ਸੱਭਿਆਚਾਰਕ ਸਮੂਹ, ਜਾਂ ਕਿਸੇ ਵੀ ਸੂਬੇ ਦੇ ਲੋਕਾਂ ਦੀਆਂ ਆਸਾਂ-ਉਮੰਗਾਂ ਨੂੰ ਕੇਂਦਰ ਆਪਣੇ ਇਕ ਪਾਸੜ ਫੈਸਲੇ ਨਾਲ ਕਿਸੇ ਵੇਲੇ ਵੀ ਲਤਾੜ ਸਕਦਾ ਹੈ। ਜਦੋਂ ਇੰਡੀਅਨ ਸਾਮਰਾਜ ਵੱਖਰੇ ਸੱਭਿਆਚਾਰਾਂ ਅਤੇ ਪਛਾਣਾਂ ਨੂੰ ਮੇਸਣ ਲਈ ਇੰਨਾ ਤੀਬਰ ਰੁਖ ਅਪਣਾਅ ਚੁੱਕਾ ਹੈ ਤਾਂ ਇਸ ਹਾਲਾਤ ਵਿੱਚ ਵੱਖਰੇ ਸੱਭਿਆਚਾਰਾਂ ਅਤੇ ਪਛਾਣਾਂ ਨੂੰ ਇਸ ਅਮਲ ਦੇ ਟਾਕਰੇ ਲਈ ਇਕਜੁਟ ਹੋਣਾ ਚਾਹੀਦਾ ਹੈ।

ਮਜ਼ਲੂਮ ਦੀ ਰੱਖਿਆ ਅਤੇ ਜਰਵਾਣੇ ਦੀ ਭੱਖਿਆ ਗੁਰਮਤਿ ਪਰੰਪਰਾ ਦਾ ਬੁਨਿਆਦੀ ਅਸੂਲ ਹੈ ਤੇ ਅੱਜ ਜੋ ਸਿੱਖ ਅਖਵਾਉਂਦੇ ਵਿਅਕਤੀ ਅਤੇ ਧਿਰਾਂ ਮਜਲੂਮ ਕਸ਼ਮੀਰੀ ਧਿਰ ਦੀ ਬਜਾਏ ਜਰਵਾਣੀ ਇੰਡੀਅਨ ਸਾਮਰਾਜੀ ਧਿਰ ਵੱਲ ਖੜ੍ਹ ਰਹੇ ਹਨ ਉਹਨਾਂ ਦੀ ਇਸ ਭੂਮਿਕਾ ਉਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ।

ਯੁਨਾਇਟਡ ਨੇਸ਼ਨਜ਼ ਵੱਲੋਂ ਇੰਡੀਆ ਅਤੇ ਪਾਕਿਸਤਾਨ ਦਰਮਿਆਨ ਵਿਵਾਦਤ ਐਲਾਨੇ ਗਏ ਇਸ ਖਿੱਤੇ ਵਿਚ ਇੰਡੀਆ ਤੇ ਪਾਕਿਸਤਾਨ ਤੋਂ ਇਲਾਵਾ ਦੁਨੀਆਂ ਦੀਆਂ ਵੱਡੀਆਂ ਤਾਕਤਾਂ ਦੀਆਂ ਅਹਿਮ ਰਣਨੀਤਕ ਰੁਚੀਆਂ (ਸਟਰੈਟਿਜਿਕ ਇੰਨਟਰਸਟ) ਹਨ, ਤੇ ਇਸ ਖਿੱਤੇ ਦੀ ਜਿਉਂ ਦੀ ਤਿਉਂ ਵਾਲੀ ਹਾਲਤ ਨੂੰ ਤੋੜਨ ਦੀ ਇਹ ਕਾਰਵਾਈ ਪੂਰੇ ਖਿੱਤੇ ਨੂੰ ਪਰਮਾਣੂ ਜੰਗ ਵੱਲ ਵੀ ਲਿਜਾ ਸਕਦੀ ਹੈ।

ਇੰਡੀਅਨ ਸਾਮਰਾਜ ਦੀ ਇਸ ਇਕਪਾਸੜ ਕਾਰਵਾਈ ਨਾਲ ਇਸ ਖਿੱਤੇ ਵਿਚ ਸਦੀਵੀ ਅਮਨ ਤੇ ਸਾਂਝ ਲਈ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਰੂਪ ਵਿਚ ਗੁਰੂ ਨਾਨਕ ਪਾਤਿਸ਼ਾਹ ਦੇ ਦਰ ਰਾਹੀਂ ਖੁੱਲ੍ਹਣ ਜਾ ਰਹੇ ਰਾਹ ਲਈ ਅੜਿੱਕੇ ਖੜ੍ਹਨ ਦਾ ਖਦਸ਼ਾ ਹੋਰ ਵੀ ਵਧ ਗਿਆ ਹੈ। ਸਮੂਹ ਨਾਨਕ ਨਾਮ ਲੇਵਾ ਨੂੰ ਅਰਦਾਸ ਕਰਨੀ ਚਾਹੀਦੀ ਹੈ ਕਿ ਕਸ਼ਮੀਰੀਆਂ ਦਾ ਸਵੈਮਾਣ ਬਹਾਲ ਹੋਵੇ ਅਤੇ ਸਦੀਵੀ ਅਮਨ ਤੇ ਸਾਂਝ ਦੀ ਆਸ ਵਜੋਂ ਖੁੱਲ੍ਹਣ ਜਾ ਰਹੇ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਸਾਜਗਾਰ ਮਹੌਲ ਬਣਿਆ ਰਹੇ।

ਕਾਦਰ ਵੱਲੋਂ ਬਖਸ਼ੀ ਮੌਲਿਕਤਾ ਅਤੇ ਵੱਖਰੇਪਨ ਉੱਤੇ ਕਿਸੇ ਵੀ ਤਰਾਂ ਦੇ ਅਨੈਤਿਕ ਜ਼ੁਲਮ, ਧੱਕੇ ਤੇ ਜਬਰ ਖਿਲਾਫ ਖੜਣ ਲਈ ਗੁਰੂ ਤੇਗ ਬਹਾਦੁਰ ਸਾਹਿਬ ਦੀ ਦਿੱਤੀ ਸ਼ਹਾਦਤ ਸਾਡੇ ਲਈ ਚਾਨਣ ਮੁਨਾਰਾ ਬਣੀ ਰਹੇ।

1. ਅਜੈਪਾਲ ਸਿੰਘ ਬਰਾੜ

(ਲੇਖਕ, ਵਕਤਾ ਅਤੇ ਕਾਰੋਬਾਰੀ)

2. ਅਮਨਪ੍ਰੀਤ ਸਿੰਘ

(ਸੌਫਟਵੇਅਰ ਕੁਆਲਟੀ ਇੰਜੀਨੀਅਰ)

3. ਅਮਰਦੀਪ ਸਿੰਘ

(ਕਾਰੋਬਾਰੀ ਅਤੇ ਪੰਥ ਸੇਵਕ)

4. ਅਮਰਿੰਦਰ ਸਿੰਘ

(ਖੋਜਾਰਥੀ)

5. ਇਕਬਾਲ ਸਿੰਘ

(ਪੱਤਰਕਾਰ ਅਤੇ ਧਰਮ ਪ੍ਰਚਾਰਕ – ਦਿੱਲੀ)

6. ਇਕਰੂਪ ਕੌਰ

(ਜੈਵਿਕ ਖੇਤੀ ਕਾਰੋਬਾਰੀ ਅਤੇ ਸਾਬਕਾ ਸੁਧਾਰ ਅਫਸਰ, ਨਿਊਜ਼ੀਲੈਂਡ)

7. ਸਰਵਕਾਰ ਸਿੰਘ

(ਵਿਚਾਰਕ ਅਤੇ ਪੰਥ ਸੇਵਕ)

8. ਸੰਦੀਪ ਸਿੰਘ ਤੇਜਾ

(ਵਿਚਾਰਕ ਅਤੇ ਅਧਿਆਪਕ)

9. ਸੇਵਕ ਸਿੰਘ, ਡਾ.

(ਭਾਸ਼ਾ ਵਗਿਆਨੀ)

10. ਸਿਕੰਦਰ ਸਿੰਘ, ਡਾ.

(ਸਹਾਇਕ ਪ੍ਰੋਫੈਸਰ ਅਤੇ ਇਕ ਯੂਨੀਵਰਸਿਟੀ ਦੇ ਵਿਭਾਗ ਮੁਖੀ)

11. ਸੁਖਦੀਪ ਸਿੰਘ ਬਰਨਾਲਾ

(ਲੇਖਕ, ਕਵੀ ਅਤੇ ਦਸਤਾਵੇਜ਼ੀ ਫ਼ਿਲਮ ਨਿਰਮਾਤਾ ਨਿਰਦੇਸ਼ਕ)

12. ਸੁਖਦੀਪ ਸਿੰਘ ਮੀਕਾ

(ਧਰਮ ਪ੍ਰਚਾਰਕ ਤੇ ਪੰਥ ਸੇਵਕ)

13. ਸਿਮਰਨ ਸਿੰਘ

(ਪੰਥ ਸੇਵਕ – ਇੰਗਲੈਂਡ)

14. ਹਰਮੀਤ ਸਿੰਘ ਫਤਹਿ

(ਵਿਚਾਰਕ ਅਤੇ ਵਕਤਾ )

15. ਹਰਬੀਰ ਕੌਰ

(ਲੇਖਕ ਅਤੇ ਸਾਹਇਕ ਪ੍ਰੋਫੈਸਰ)

16. ਹਰਬਖਸ਼ ਸਿੰਘ

(ਸੌਫਟਵੇਅਰ ਕੁਆਲਟੀ ਇੰਜੀਨੀਅਰ)

17. ਹਰਪ੍ਰੀਤ ਸਿੰਘ

(ਸੌਫਟਵੇਅਰ ਕੁਆਲਟੀ ਇੰਜੀਨੀਅਰ)

18. ਹਰਵਿੰਦਰ ਸਿੰਘ

(ਪੰਥ ਸੇਵਕ – ਦਿੱਲੀ)

19. ਹਰਵਿੰਦਰ ਸਿੰਘ

(ਸੰਪਾਦਕ ਅਤੇ ਲੇਖਕ – ਇੰਗਲੈਂਡ)

20. ਕੰਵਲਜੀਤ ਸਿੰਘ, ਡਾ.

(ਇਕ ਡਿਗਰੀ ਕਾਲਜ ਦੇ ਪ੍ਰਿੰਸੀਪਲ)

21. ਗੰਗਵੀਰ ਸਿੰਘ

(ਵਿਚਾਰਕ ਤੇ ਪੰਜਾਬ ਦਰਦੀ)

22. ਗੁਰਤੇਜ ਸਿੰਘ

(ਰੇਡੀਓ ਪੇਸ਼ਕਾਰ – ਆਸਟ੍ਰੇਲੀਆ)

23. ਜਸਜੀਤ ਸਿੰਘ

(ਫਿਲਮ ਨਿਰਮਾਤਾ ਅਤੇ ਕਾਰੋਬਾਰੀ – ਅਮਰੀਕਾ)

24. ਜਸਪਾਲ ਸਿੰਘ ਮੰਝਪੁਰ

(ਵਕੀਲ ਅਤੇ ਮਨੁੱਖੀ ਹੱਕ ਅਲੰਬਰਦਾਰ)

25. ਜਗਮੋਹਨ ਸਿੰਘ

(ਸੰਪਾਦਕ ਅਤੇ ਵਿਚਾਰਕ ਮਨੁੱਖੀ ਹੱਕ ਅਲੰਬਰਦਾਰ)

26. ਜਸਪ੍ਰੀਤ ਸਿੰਘ

(ਰੇਡੀਓ ਪੇਸ਼ਕਾਰ ਅਤੇ ਪ੍ਰਬੰਧਕ – ਆਸਟ੍ਰੇਲੀਆ)

27. ਦਵਿੰਦਰ ਸਿੰਘ ਸੇਖੋਂ

(ਵਿਚਾਰਕ)

28. ਪਰਮਜੀਤ ਸਿੰਘ

(ਸੰਪਾਦਕ ਤੇ ਵਕਤਾ)

29. ਪਰਦੀਪ ਸਿੰਘ

(ਲੇਖਕ ਅਤੇ ਫਿਲਮ ਨਿਰਦੇਸ਼ਕ)

30. ਪਰਮ ਸਿੰਘ

(ਸਿੱਖ ਚਿੱਤਰਕਾਰ – ਕਨੇਡਾ)

31. ਬਿਕਰਮਜੀਤ ਸਿੰਘ

(ਸੌਫਟਵੇਅਰ ਕੁਆਲਟੀ ਇੰਜੀਨੀਅਰ – ਜੰਮੂ ਤੇ ਕਸ਼ਮੀਰ)

32. ਬਲਜੀਤ ਸਿੰਘ

(ਪੈਟਰੋਲੀਅਮ ਇੰਜੀਨੀਅਰ)

33. ਭਵਨੀਤ ਸਿੰਘ

(ਕਾਰੋਬਾਰੀ ਅਤੇ ਪੰਥ ਸੇਵਕ)

34. ਮੱਖਣ ਸਿੰਘ ਗੰਢੂਆਂ

(ਖੋਜਾਰਥੀ ਅਤੇ ਪੰਥ ਸੇਵਕ)

35. ਮਨਧੀਰ ਸਿੰਘ

(ਵਕਤਾ, ਕਿਸਾਨ ਅਤੇ ਪੰਥ ਸੇਵਕ)

36. ਮਲਕੀਤ ਸਿੰਘ ਭਵਾਨੀਗੜ੍ਹ

(ਵਿਚਾਰਕ ਅਤੇ ਸੌਫਟਵੇਅਰ ਕੁਆਲਟੀ ਇੰਜੀਨੀਅਰ)

37. ਰਮਣੀਕ ਸਿੰਘ ਟਿਵਾਣਾ

(ਵਕੀਲ ਅਤੇ ਜੈਵਿਕ ਖੇਤੀ ਮਾਹਰ)

38. ਰਣਜੋਧ ਸਿੰਘ

(ਸਾਰੰਦਾਵਾਦਕ)

39. ਰਾਜਪਾਲ ਸਿੰਘ ਸੰਧੂ

(ਵਿਚਾਰਕ ਅਤੇ ਕਾਰੋਬਾਰੀ)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , , , , ,