ਖਾਸ ਖਬਰਾਂ » ਵਿਦੇਸ਼ » ਸਿਆਸੀ ਖਬਰਾਂ

ਕਿਸਾਨੀ ਸੰਘਰਸ਼ ਬਾਰੇ ਟਰੂਡੋ ਦੇ ਬਿਆਨ ਦਾ ਵਿਰੋਧ ਮੋਦੀ ਸਰਕਾਰ ਦੀ ਕੂਟਨੀਤਿਕ ਹਾਰ ਸਾਬਿਤ ਹੋਇਆ

December 5, 2020 | By

ਓਟਾਵਾ, ਕਨੇਡਾ: ਦਿੱਲੀ ਤਖਤ ਵੱਲੋਂ ਥੋਪੇ ਜਾ ਰਹੇ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਵਿੱਚ ਉੱਠਿਆ ਕਿਰਸਾਨੀ ਉਭਾਰ ਜਿੱਥੇ ਹੁਣ ਦਿੱਲੀ ਦੀਆਂ ਬਰੂਹਾਂ ਤੱਕ ਪਹੁੰਚ ਚੁੱਕਾ ਹੈ ਅਤੇ ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਮੱਧਪ੍ਰਦੇਸ਼ ਅਤੇ ਦੱਖਣੀ ਖੇਤਰਾਂ ਦੇ ਕਿਸਾਨ ਵੀ ਇਸ ਵਿੱਚ ਸ਼ਾਮਿਲ ਹੋ ਰਹੇ ਹਨ ਓਥੇ ਇਸ ਦੀ ਚਰਚਾ ਹੁਣ ਕੌਮਾਂਤਰੀ ਪੱਧਰ ਉੱਤੇ ਵੀ ਹੋ ਰਹੀ ਹੈ।

ਇਸੇ ਦੌਰਾਨ ਦਿੱਲੀ ਦੀ ਬਿਪਰਵਾਦੀ ਹਕੂਮਤ ਤੇ ਇਸ ਦੀ ਬੋਲੀ ਬੋਲਣ ਵਾਲਾ ਖਬਰਖਾਨਾ, ਜਿਸ ਨੂੰ ਅੱਜ-ਕੱਲ੍ਹ ‘ਗੋਦੀ-ਮੀਡੀਆ’ ਦਾ ਨਾਂ ਦਿੱਤਾ ਜਾਂਦਾ ਹੈ, ਇਸ ਸੰਘਰਸ਼ ਦਾ ਰੌਅ ਮੱਧਮ ਪਾਉਣ ਜਾਂ ਇਸ ਨੂੰ ਬਦਨਾਮ ਕਰਨ ਵਿੱਚ ਨਾਕਾਮ ਰਿਹਾ ਹੈ ਓਥੇ ਕੌਮਾਂਤਰੀ ਕੂਟਨੀਤੀ ਦੇ ਪੱਧਰ ਉੱਤੇ ਵੀ ਮੋਦੀ ਹਕੂਮਤ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਦੌਰਾਨ ਜਿੱਥੇ ਵੱਖ-ਵੱਖ ਦੇਸ਼ਾਂ ਦੇ ਰਾਜਸੀ ਆਗੂ ਤੇ ਚੁਣੇ ਹੋਏ ਨੁਮਾਇੰਦੇ ਆਪਣੇ ਹਲਕਿਆਂ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਦੀ ਤਰਫੋਂ ਕਿਸਾਨੀ ਸੰਘਰਸ਼ ਨੂੰ ਦਬਾਉਣ ਲਈ ਦਿੱਲੀ ਤਖਤ ਵੱਲੋਂ ਕੀਤੀ ਗਈ ਸਖਤੀ ਦੀ ਨਿਖੇਧੀ ਕਰ ਰਹੇ ਹਨ ਓਥੇ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਿਸਾਨਾਂ ਦੇ ਸ਼ਾਂਤਮਈ ਸੰਘਰਸ਼ ਕਰਨ ਦੇ ਹੱਕ ਵਿੱਚ ਦਿੱਤਾ ਬਿਆਨ ਕਿਸੇ ਵਿਦੇਸ਼ੀ ਸਰਕਾਰ ਦੇ ਮੁਖੀ ਵੱਲੋਂ ਜਾਰੀ ਕੀਤੇ ਗਏ ਬਿਆਨ ਵੱਜੋਂ ਖਾਸ ਅਹਿਮੀਅਤ ਰੱਖਦਾ ਹੈ।

ਟਰੂਡੋ ਦਾ ਬਿਆਨ:

ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਗੁਰੂ ਨਾਨਕ ਜੀ ਦੇ ਪ੍ਰਕਾਸ਼ ਗੁਰਪੁਰਬ ਸੰਬੰਧੀ ਇੱਕ ਅਰਸ਼ੀ (ਆਨ-ਲਾਈਨ) ਸਮਾਗਮ ਦੌਰਾਨ ਬੋਲਦਿਆਂ ਕਿਰਸਾਨੀ ਸੰਘਰਸ਼ ਬਾਰੇ ਆਈਆਂ ਖਬਰਾਂ ਤੇ ਹਾਲਾਤ ਬਾਰੇ ਚਿੰਤਾ ਦਾ ਪ੍ਰਗਟਾਵਾ ਕੀਤਾ ਸੀ ਅਤੇ ਕਿਹਾ ਸੀ ਕਿ ਕਨੇਡਾ ਸਾਂਤਮਈ ਸੰਘਰਸ਼ ਦੇ ਹੱਕ ਅਤੇ ਮਸਲੇ ਗੱਲਬਾਤ ਰਾਹੀਂ ਹੱਲ ਕਰਨ ਦੇ ਵਿਚਾਰ ਦਾ ਹਾਮੀ ਹੈ।

ਇੰਡੀਆ ਦੀ ਵਿਦੇਸ਼ ਵਜ਼ਾਰਤ ਦਾ ਬਿਆਨ:

ਜਸਟਿਨ ਟਰੂਡੋ ਦੇ ਬਿਆਨ ਉੱਤੇ ਪ੍ਰਤੀਕਰਮ ਕਰਦਿਆਂ ਇੰਡੀਆ ਦੀ ਵਿਦੇਸ਼ ਵਜ਼ਾਰਤ ਦੇ ਨੁਮਾਇੰਦੇ ਨੇ ਇਸ ਬਿਆਨ ਦੀ ਨਿਖੇਧੀ ਕੀਤੀ ਅਤੇ ਇਸ ਨੂੰ ਇੰਡੀਆ ਦੇ ਅੰਦਰੂਨੀ ਮਾਮਲੇ ਵਿੱਚ ਕਥਿਤ ਦਖਲਅੰਦਾਜ਼ੀ ਦੱਸਿਆ। ਇੰਡੀਆ ਦੇ ਵਿਦੇਸ਼ ਮਾਮਲਿਆ ਦੇ ਇਸ ਬੁਲਾਰੇ ਦੇ ਆਪਣੇ ਬਿਆਨ ਵਿੱਚ ਕੌਮਾਂਤਰੀ ਮਿਆਰਾਂ ਤੋਂ ਹੀਣੀ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਜਸਟਿਨ ਟਰੂਡੋ ਨੂੰ ‘ਅਣਜਾਣ’ (ਇਲ-ਇਨਫਾਰਮਡ) ਦੱਸਿਆ ਗਿਆ।

ਇੰਡੀਆ ਨੇ ਕਨੇਡਾ ਦਾ ਸਫੀਰ ਸੰਮਨ ਕੀਤਾ:

ਇਸ ਤੋਂ ਬਾਅਦ ਇੰਡੀਆ ਦੀ ਸਰਕਾਰ ਨੇ ਜਸਟਿਨ ਟਰੂਡੋ ਦੇ ਬਿਆਨ ਦੇ ਮਾਮਲੇ ਵਿੱਚ ਕਨੇਡਾ ਦੇ ਦਿੱਲੀ ਵਿਚਲੇ ਸਫੀਰ ਨੂੰ ਸੰਮਨ ਕਰਕੇ ਦੋਸ਼ ਲਾਇਆ ਕਿ ਕਨੇਡਾ ਦੇ ਪ੍ਰਧਾਨ ਮੰਤਰੀ ਦਾ ਕਿਸਾਨੀ ਸੰਘਰਸ਼ ਬਾਰੇ ਬਿਆਨ ਇੰਡੀਆ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਹੈ ਅਤੇ ਅਜਿਹੇ ਬਿਆਨਾਂ ਨਾਲ ਦੋਵਾਂ ਸਰਕਾਰਾਂ ਦੇ ਆਪਸੀ ਸੰਬੰਧ ਖਰਾਬ ਹੋਣ ਜਾਣਗੇ।

ਟਰੂਡੋ ਨੇ ਮੁੜ ਆਪਣੇ ਬਿਆਨ ਉੱਤੇ ਦ੍ਰਿੜਤਾ ਪ੍ਰਗਟਾਈ:

 

ਜ਼ਿਕਰਯੋਗ ਹੈ ਕਿ ਜਸਟਿਨ ਟਰੂਡੋ ਨੇ ਹੁਣ ਮੁੜ ਕਿਸਾਨੀ ਸੰਘਰਸ਼ ਬਾਰੇ ਪਹਿਲਾਂ ਦਿੱਤੇ ਆਪਣੇ ਬਿਆਨ ਉੱਤੇ ਦ੍ਰਿੜਤਾ ਪ੍ਰਗਟਾਈ ਹੈ। ਇੱਕ ਪੱਤਰਕਾਰ ਵੱਲੋਂ ਇਹ ਪੁੱਛੇ ਜਾਣ ਉੱਤੇ ਕਿ ਇੰਡੀਆ ਦਾ ਦੋਸ਼ ਹੈ ਕਿ ਤੁਹਾਡੇ ਬਿਆਨ ਨਾਲ ਇੰਡੀਆ ਅਤੇ ਕਨੇਡਾ ਦੇ ਆਪਸੀ ਸੰਬੰਧਾਂ ਉੱਤੇ ਮਾੜਾ ਅਸਰ ਪਵੇਗਾ ਜਸਟਿਨ ਟਰੂਡੋ ਨੇ ਕਿਹਾ ਕਿ ਕਨੇਡਾ ਹਮੇਸ਼ਾਂ ਸ਼ਾਂਤਮਈ ਸੰਘਰਸ਼ ਦੇ ਹੱਕ ਦਾ ਹਾਮੀ ਰਿਹਾ ਹੈ ਅਤੇ ਰਹੇਗਾ। ਪੱਤਰਕਾਰ ਵੱਲੋਂ ਇੰਡੀਆ-ਕਨੇਡਾ ਸੰਬੰਧਾਂ ਉੱਤੇ ਅਸਰ ਬਾਰੇ ਮੁੜ ਪੁੱਛਣ ਉੱਤੇ ਟਰੂਡੋ ਨੇ ਦਹੁਰਾਇਆ ਕਿ ਕਨੇਡਾ ਹਮੇਸ਼ਾਂ ਸ਼ਾਂਤਮਈ ਸੰਘਰਸ਼ ਦੇ ਹੱਕ ਅਤੇ ਮਨੁੱਖੀ ਹੱਕਾਂ ਦਾ ਹਾਮੀ ਰਿਹਾ ਹੈ ਅਤੇ ਰਹੇਗਾ।

ਇੰਡੀਆ ਸਰਕਾਰ ਦੀ ਕੂਟਨੀਤਿਕ ਹਾਰ:

ਕੂਟਨੀਤੀ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਮੋਦੀ ਸਰਕਾਰ ਵੱਲੋਂ ਜਿਸ ਤਰ੍ਹਾਂ ਦੀ ਪ੍ਰਤੀਕਿਰਿਆ ਜਸਟਿਨ ਟਰੂਡੋ ਬਿਆਨ ਬਾਰੇ ਕੀਤੀ ਗਈ ਉਹ ਹਕਲੇ ਪੱਧਰ ਦੀ ਸੀ ਅਤੇ ਹੁਣ ਜਦੋਂ ਟਰੂਡੋ ਨੇ ਮੁੜ ਆਪਣੇ ਬਿਆਨ ਉੱਤੇ ਦ੍ਰਿੜਤਾ ਪ੍ਰਗਟਾਅ ਦਿੱਤੀ ਹੈ ਤਾਂ ਇਸ ਨੂੰ ਮੋਦੀ ਸਰਕਾਰ ਦੀ ਕੂਟਨੀਤਿਕ ਨਾਕਾਮੀ ਮੰਨਿਆ ਜਾ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,